ਬ੍ਰਾਇਲਰ ਚਿਕਨ : ਗ੍ਰੋਥ ਹਾਰਮੋਨਜ਼ ਦੇ ਟੀਕਿਆਂ ਨਾਲ ਪਾਲ਼ੇ ਜਾਣ ਸਣੇ ਇਨ੍ਹਾਂ ਬਾਰੇ ਕੀ ਹਨ ਮਿੱਥਾਂ ਤੇ ਹਕੀਕਤ

    • ਲੇਖਕ, ਸੁਭਾਸ਼ ਚੰਦਰ ਬੋਸ
    • ਰੋਲ, ਬੀਬੀਸੀ ਪੱਤਰਕਾਰ

ਭਾਰਤ ਵਿੱਚ ਵੱਡੀ ਗਿਣਤੀ ਲੋਕ ਚਿਕਨ ਨੂੰ ਆਪਣੇ ਮੁੱਖ ਭੋਜਨ ਵਜੋਂ ਲੈਂਦੇ ਹਨ। ਪਰ ਉਨ੍ਹਾਂ ਨੂੰ ਇਹ ਕਿਵੇਂ ਪਤਾ ਲੱਗੇਗਾ ਕਿ ਉਹ ਜੋ ਚਿਕਨ ਖਾਂਦੇ ਹਨ, ਉਹ ਅਸਲ ਵਿੱਚ ਕਿਸੇ ਤਰ੍ਹਾਂ ਦੇ ਰਸਾਇਣਾਂ ਤੋਂ ਮੁਕਤ ਅਤੇ ਜ਼ਹਿਰੀਲਾ ਨਹੀਂ ਹੈ?

ਪੰਜਾਬ ਦੇ ਬਟਰ ਚਿਕਨ ਅਤੇ ਕੜਾਹੀ ਚਿਕਨ ਵਰਗੀਆਂ ਡਿਸ਼ਾਂ ਦੀ ਤਾਂ ਕੌਮਾਂਤਰੀ ਪੱਧਰ ਉੱਤੇ ਚਰਚਾ ਹੁੰਦੀ ਹੈ। ਸੂਬੇ ਵਿੱਚ ਚਿਕਨ ਖਾਣ ਵਾਲਿਆਂ ਦੀ ਗਿਣਤੀ ਅੱਛੀ ਖਾਸੀ ਹੈ ਭਾਵੇਂ ਕਿ ਉਤਾਪਦਨ ਪੱਖੋਂ ਇਹ ਦੇਸ ਦੇ ਕੁੱਲ ਉਤਪਾਦਨ ਦਾ ਮਹਿਜ਼ 3 ਫੀਸਦ ਦੀ ਪੈਦਾ ਕਰਦਾ ਹੈ।

ਕੇਂਦਰੀ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰਾਲੇ ਦੇ 2019 ਦੇ ਅੰਕੜਿਆਂ ਅਨੁਸਾਰ ਤਾਮਿਲਨਾਡੂ ਭਾਰਤ ਵਿੱਚ ਸਭ ਤੋਂ ਵੱਧ ਬ੍ਰਾਇਲਰ ਮੁਰਗਿਆਂ ਦਾ ਉਤਪਾਦਨ ਕਰਦਾ ਹੈ।

ਪੋਲਟਰੀ ਫਾਰਮਰਜ਼ ਰੈਗੂਲੇਟਰੀ ਕਮਿਸ਼ਨ (ਪੀਐੱਫਆਰਸੀ) ਦੀ ਵੈੱਬਸਾਈਟ ਅਨੁਸਾਰ ਭਾਰਤੀ ਪੋਲਟਰੀ ਸੈਕਟਰ 204,900 ਕਰੋੜ ਰੁਪਏ ਦਾ ਹੈ।

ਜਰਮਨ ਡੇਟਾ ਪ੍ਰੋਸੈਸਿੰਗ ਕੰਪਨੀ ‘ਸਟੇਟਿਸਟਾ’ ਅਨੁਸਾਰ 2023 ਵਿੱਚ ਇਕੱਲੇ ਭਾਰਤ ਵਿੱਚ 4,407.24 ਮੀਟਰਕ ਟਨ ਬ੍ਰਾਇਲਰ ਮੀਟ ਦਾ ਉਤਪਾਦਨ ਅਤੇ ਨਿਰਯਾਤ ਕੀਤਾ ਗਿਆ ਸੀ।

ਹਾਲਾਂਕਿ, ਪੰਜਾਬ ਸਣੇ ਭਾਰਤ ਦੇ ਹੋਰ ਸੂਬਿਆਂ ਵਿੱਚ ਇਸ ਬ੍ਰਾਇਲਰ ਚਿਕਨ ਬਾਰੇ ਕਈ ਸਾਲਾਂ ਤੋਂ ਕਈ ਤਰ੍ਹਾਂ ਦੀਆਂ ਅਫਵਾਹਾਂ ਹਨ। ਇਨ੍ਹਾਂ ਅਫ਼ਵਾਹਾਂ ਵਿੱਚ ਸ਼ਾਮਲ ਹੈ ਕਿ ਬ੍ਰਾਇਲਰ ਮੁਰਗਿਆਂ ਨੂੰ ਗਲਤ ਟੀਕੇ ਅਤੇ ਦਵਾਈਆਂ ਦਿੱਤੀਆਂ ਜਾਂਦੀਆਂ ਹਨ, ਜਿਸ ਨਾਲ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਪੈਦਾ ਹੁੰਦੀਆਂ ਹਨ।

ਪਰ ਬ੍ਰਾਇਲਰ ਚਿਕਨ ਅਸਲ ਵਿੱਚ ਕੀ ਹੈ? ਉਹ ਕਿਵੇਂ ਵੱਡੇ ਹੁੰਦੇ ਹਨ? ਇਹ ਲੇਖ ਇਸ ਦੀ ਜਾਂਚ ਕਰਦਾ ਹੈ ਕਿ ਕੀ ਇਨ੍ਹਾਂ ਨੂੰ ਖਾਣ ਨਾਲ ਸਰੀਰ ਨੂੰ ਕੋਈ ਨੁਕਸਾਨ ਹੋ ਸਕਦਾ ਹੈ।

ਬ੍ਰਾਇਲਰ ਚਿਕਨ ਕੀ ਹੈ?

ਬ੍ਰਾਇਲਰ ਕੁਦਰਤੀ ਰੂਪ ਨਾਲ ਪੈਦਾ ਹੋਣ ਵਾਲੇ ਮੁਰਗਿਆਂ ਦੀ ਇੱਕ ਕਿਸਮ ਨਹੀਂ ਹੈ। ਇਨ੍ਹਾਂ ਨੂੰ ਪਹਿਲੀ ਵਾਰ 1930 ਦੇ ਦਹਾਕੇ ਵਿੱਚ ਸੰਯੁਕਤ ਰਾਜ ਸਮੇਤ ਹੋਰ ਦੇਸ਼ਾਂ ਵਿੱਚ ਮੁਰਗਿਆਂ ਦੀਆਂ ਚੁਣੀਆਂ ਗਈਆਂ ਸਿਹਤਮੰਦ ਨਸਲਾਂ ਨੂੰ ਕਰਾਸ-ਫਰਟੀਲਾਈਜ਼ਿੰਗ ਕਰਕੇ ਵਿਕਸਤ ਕੀਤਾ ਗਿਆ ਸੀ।

ਬਾਅਦ ਵਿੱਚ 1960 ਦੇ ਦਹਾਕੇ ਵਿੱਚ ਬ੍ਰਾਇਲਰ ਚਿਕਨ ਜੋ ਦੁਨੀਆ ਭਰ ਵਿੱਚ ਫੈਲਣ ਲੱਗਿਆ, ਉਸ ਨੂੰ ਪੋਲਟਰੀ ਮੀਟ ਦੀ ਕਮੀ ਨੂੰ ਘੱਟ ਕਰਨ ਲਈ ਇੱਕ ਸਫਲਤਾ ਵਜੋਂ ਦੇਖਿਆ ਗਿਆ।

ਇਸ ਚਿਕਨ ਦੀ ਆਮਦ ਨੂੰ ਮਹੱਤਵਪੂਰਨ ਰੂਪ ਨਾਲ ਦੇਖਿਆ ਗਿਆ, ਖਾਸ ਤੌਰ 'ਤੇ ਕਈ ਦੇਸ਼ਾਂ ਵਿੱਚ ਜਿੱਥੇ ਪ੍ਰੋਟੀਨ ਦੀ ਕਮੀ ਸੀ।

ਇਸ ਦਾ ਮੁੱਖ ਕਾਰਨ ਇਨ੍ਹਾਂ ਦੇ ਵੱਡੇ ਹੋਣ ਨੂੰ ਲੱਗਦਾ ਘੱਟ ਸਮਾਂ, ਕਿਫਾਇਤੀ ਕੀਮਤ ਅਤੇ ਇਸ ਵਿੱਚ ਜ਼ਿਆਦਾ ਪ੍ਰੋਟੀਨ ਦੀ ਮਾਤਰਾ ਦਾ ਹੋਣਾ ਹੈ।

ਤੇਨਕਾਸੀ ਵਿੱਚ ਪੋਲਟਰੀ ਫਾਰਮ ਚਲਾਉਣ ਵਾਲੇ ਮੁਥੁਰਾਮਲਿੰਗਮ ਦਾ ਕਹਿਣਾ ਹੈ ਕਿ 1970 ਦੇ ਦਹਾਕੇ ਵਿੱਚ ਤਾਮਿਲਨਾਡੂ ਸਮੇਤ ਭਾਰਤ ਵਿੱਚ ਆਏ ਬ੍ਰਾਇਲਰ ਮੁਰਗੇ 1980-85 ਦੇ ਸਮੇਂ ਵਿੱਚ ਆਪਣੇ ਸਿਖਰ ’ਤੇ ਪਹੁੰਚ ਗਏ ਸਨ।

ਉਦੋਂ ਤੋਂ 30 ਸਾਲਾਂ ਵਿੱਚ ਬ੍ਰਾਇਲਰ ਮੁਰਗਿਆਂ ਨੇ ਦੇਸੀ ਮੁਰਗਿਆਂ ਨੂੰ ਪਿੱਛੇ ਛੱਡ ਦਿੱਤਾ ਹੈ ਅਤੇ ਇਹ ਸਰਵ-ਵਿਆਪੀ ਬਣ ਗਏ ਹਨ।

ਪੋਲਟਰੀ ਫਾਰਮਰਜ਼ ਰੈਗੂਲੇਟਰੀ ਕਮਿਸ਼ਨ ਦੇ ਅਨੁਸਾਰ, ‘‘ਜੋ ਆਂਡੇ ਪ੍ਰਾਪਤ ਕਰਨ ਲਈ ਲੰਬੇ ਦਿਨਾਂ ਤੱਕ ਪਾਲੇ ਜਾਂਦੇ ਹਨ, ਉਨ੍ਹਾਂ ਨੂੰ ‘ਲੇਯਰਜ਼’ ਕਿਹਾ ਜਾਂਦਾ ਹੈ ਅਤੇ ਮੀਟ ਪ੍ਰਾਪਤ ਕਰਨ ਲਈ ਘੱਟ ਦਿਨਾਂ ਵਿੱਚ ਪਾਲੇ ਜਾਣ ਵਾਲੇ ਮੁਰਗਿਆਂ ਨੂੰ ‘ਬ੍ਰਾਇਲਰ’ ਕਿਹਾ ਜਾਂਦਾ ਹੈ।’’

ਵੱਖ-ਵੱਖ ਨਸਲਾਂ

ਬਾਲ ਰੋਗਾਂ ਦੇ ਮਾਹਿਰ ਅਤੇ ਪੋਸ਼ਣ ਸਲਾਹਕਾਰ ਅਰੁਣ ਕੁਮਾਰ ਅਨੁਸਾਰ, “ਬ੍ਰਾਇਲਰ ਚਿਕਨ ਕੋਰਨਿਸ਼ ਕਰਾਸ ਦੀ ਇੱਕ ਵਿਲੱਖਣ ਨਸਲ ਹੈ। ਜਿਸ ਤਰ੍ਹਾਂ ਹਰ ਨਸਲ ਦੀਆਂ ਆਪਣੀਆਂ ਵਿਸ਼ੇਸ਼ਤਾਵਾਂ ਹੁੰਦੀਆਂ ਹਨ, ਉਸੇ ਤਰ੍ਹਾਂ ਇਸ ਕਿਸਮ ਦੇ ਮੁਰਗੇ ਵਿੱਚ ਤੇਜ਼ੀ ਨਾਲ ਵਧਣ ਦੀ ਸਮਰੱਥਾ ਹੁੰਦੀ ਹੈ। ਇਸ ਲਈ ਉਨ੍ਹਾਂ ਨੇ 1970 ਦੇ ਦਹਾਕੇ ਤੋਂ ਮੀਟ ਲਈ ਇਸ ਕਿਸਮ ਦੇ ਚਿਕਨ ਨੂੰ ਪਾਲਣਾ ਸ਼ੁਰੂ ਕੀਤਾ।

“ਇਸ ਉਦਯੋਗ ਵਿੱਚ ਹੌਲੀ-ਹੌਲੀ ਹੋਈਆਂ ਆਧੁਨਿਕ ਤਬਦੀਲੀਆਂ ਕਾਰਨ, ਬ੍ਰਾਇਲਰ ਮੁਰਗੇ ਜੋ ਪਹਿਲਾਂ 60 ਦਿਨਾਂ ਵਿੱਚ ਪਾਲ ਕੇ ਤਿਆਰ ਕੀਤੇ ਜਾਂਦੇ ਸਨ, ਹੁਣ 32 ਦਿਨਾਂ ਵਿੱਚ ਤਿਆਰ ਹੋਣ ਲੱਗ ਗਏ ਹਨ।

ਇਸ ਦਾ ਮੁੱਖ ਕਾਰਨ ਉਨ੍ਹਾਂ ਨੂੰ ਦਿੱਤੀ ਜਾਣ ਵਾਲੀ ਫੀਡ ਵਿੱਚ ਬਦਲਾਅ ਦੇ ਕਾਰਨ ਹੁੰਦਾ ਹੈ।’’

ਬ੍ਰਾਇਲਰ ਚਿਕਨ ਵਿਕਸਿਤ ਕਿਵੇਂ ਹੁੰਦਾ ਹੈ?

ਬ੍ਰਾਇਲਰ ਮੁਰਗਿਆਂ ਨੂੰ ਵਿਕਸਤ ਕਰਨ ਦਾ ਪੜਾਅ ਪ੍ਰਯੋਗਸ਼ਾਲਾ ਵਿੱਚ ਸ਼ੁਰੂ ਹੁੰਦੀ ਹੈ। ਮੁਥੁਰਾਮਲਿੰਗਮ ਦਾ ਕਹਿਣਾ ਹੈ ਕਿ ਪਹਿਲਾਂ ਪਿਓਰਲਾਈਨ ਨਾਮਕ ਜ਼ਰੂਰੀ ਹਾਈਬ੍ਰਿਡਾਈਜੇਸ਼ਨ ਕੀਤੀ ਜਾਂਦੀ ਹੈ ਅਤੇ ਫਿਰ ਇਸ ਤੋਂ ਉਨ੍ਹਾਂ ਦੇ ਜੋੜੇ (ਮਾਤਾ-ਪਿਤਾ) ਨੂੰ ਪੈਦਾ ਕੀਤਾ ਜਾਂਦਾ ਹੈ।

“ਇਸ ਜੋੜੇ ਤੋਂ ਪੈਦਾ ਹੋਏ ਆਂਡੇ ਨੂੰ ਸਹੀ ਤਾਪਮਾਨ ਅਤੇ ਨਮੀ ’ਤੇ ਹੈਚਰੀ ਨਾਮਕ ਖੇਤਰ ਵਿੱਚ 21 ਦਿਨਾਂ ਲਈ ਰੱਖਿਆ ਜਾਂਦਾ ਹੈ। ਇਹ ਆਂਡੇ ਫਿਰ ਇਸ ’ਤੇ ਹੀ ਫੁੱਟਦੇ/ਟੁੱਟਦੇ ਹਨ।

“ਉਥੋਂ, ਚੂਚੇ ਦੇ ਰੂਪ ਵਿੱਚ ਚਿਕਨ ਫਾਰਮਾਂ ਵਿੱਚ ਆਉਣ ਵਾਲੇ ਇਹ ਚੂਚੇ ਪਹਿਲੇ ਹਫ਼ਤੇ ਵਿੱਚ 220 ਗ੍ਰਾਮ ਤੱਕ ਵਧ ਜਾਂਦੇ ਹਨ। ਫਿਰ ਅਗਲੇ ਹਫ਼ਤਿਆਂ ਵਿੱਚ ਇਨ੍ਹਾਂ ਦੇ ਵਿਕਾਸ ਵਿੱਚ ਹੋਰ ਵਾਧਾ ਹੁੰਦਾ ਹੈ।”

ਮੁਥੁਰਾਮਲਿੰਗਮ ਨੇ ਦੱਸਿਆ ਕਿ ਜਿਨ੍ਹਾਂ ਬ੍ਰਾਇਲਰ ਮੁਰਗਿਆਂ ਨੂੰ 60 ਦਿਨਾਂ ਤੱਕ ਪਾਲ ਕੇ ਵੱਡਾ ਕੀਤਾ ਜਾਂਦਾ ਸੀ, ਉਹ ਹੁਣ 32 ਤੋਂ 40 ਦਿਨਾਂ ਵਿੱਚ 2.3 ਕਿਲੋਗ੍ਰਾਮ ਤੱਕ ਦੇ ਵਜ਼ਨ ਦੇ ਹੋ ਜਾਂਦੇ ਹਨ।

ਉਹ ਕਹਿੰਦੇ ਹਨ ਕਿ ਇਨ੍ਹਾਂ ਦਾ ਵਿਕਾਸ ਇਸ ਗੱਲ ’ਤੇ ਨਿਰਭਰ ਕਰਦਾ ਹੈ ਕਿ ਅਸੀਂ ਇਨ੍ਹਾਂ ਨੂੰ ਕੀ ਭੋਜਨ ਦਿੰਦੇ ਹਾਂ।

ਬ੍ਰਾਇਲਰ ਚਿਕਨ ਅਤੇ ਘਰੇਲੂ ਮੁਰਗੇ ਵਿੱਚ ਕੀ ਅੰਤਰ ਹੈ?

ਮੁਥੁਰਾਮਾਲਿੰਗਮ ਦਾ ਕਹਿਣਾ ਹੈ ਕਿ ਦੇਸੀ ਮੁਰਗੇ ਨੂੰ ਵਿਕਸਤ ਹੋਣ ਲਈ ਆਮ ਤੌਰ ’ਤੇ 6 ਮਹੀਨੇ ਜਾਂ ਇਸ ਤੋਂ ਵੱਧ ਦਾ ਸਮਾਂ ਲੱਗਦਾ ਹੈ, ਪਰ ਜੇਕਰ ਇਹ ਬ੍ਰਾਇਲਰ ਚਿਕਨ ਹੈ, ਤਾਂ ਇਹ 32 ਤੋਂ 60 ਦਿਨਾਂ ਦੇ ਅੰਦਰ ਵੱਡਾ ਹੋ ਜਾਂਦਾ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਇਸ ਦੇ ਇਲਾਵਾ ਬ੍ਰਾਇਲਰ ਮੁਰਗਿਆਂ ਵਿੱਚ ਘਰੇਲੂ ਮੁਰਗਿਆਂ ਜਿੰਨੀ ਪ੍ਰਤੀਰੋਧਕ ਸਮਰੱਥਾ ਨਹੀਂ ਹੁੰਦੀ।

ਪਰ ਇਸ ਦੇ ਨਾਲ ਹੀ, ਕਿਉਂਕਿ ਬ੍ਰਾਇਲਰ ਮੁਰਗਿਆਂ ਨੂੰ ਨਿਯਮਤ ਟੀਕਾਕਰਨ ਨਾਲ ਪਾਲਿਆ ਜਾਂਦਾ ਹੈ, ਇਸ ਲਈ ਉਨ੍ਹਾਂ ਵਿੱਚ ਘਰੇਲੂ ਮੁਰਗਿਆਂ ਵਾਂਗ ਬਰਡ ਫਲੂ ਫੈਲਣ ਦੀ ਸੰਭਾਵਨਾ ਘੱਟ ਹੁੰਦੀ ਹੈ।

ਬ੍ਰਾਇਲਰ ਮੁਰਗਿਆਂ ਨੂੰ ਪਾਲਣ ਲਈ ਨਿਯਮ

ਪੋਸ਼ਣ ਮਾਹਿਰ ਮੀਨਾਕਸ਼ੀ ਬਜਾਜ ਦਾ ਕਹਿਣਾ ਹੈ ਕਿ ਬ੍ਰਾਇਲਰ ਚਿਕਨ ਪਾਲਣ ਲਈ ਖਾਸ ਦਿਸ਼ਾ-ਨਿਰਦੇਸ਼ ਹਨ।

ਇਨ੍ਹਾਂ ਅਨੁਸਾਰ, ਭਾਰਤ ਵਿੱਚ ਪੋਲਟਰੀ ਫਾਰਮਰਜ਼ ਰੈਗੂਲੇਟਰੀ ਕਮਿਸ਼ਨ ਇਸ ਬਾਰੇ ਦਿਸ਼ਾ-ਨਿਰਦੇਸ਼ ਪ੍ਰਦਾਨ ਕਰਦਾ ਹੈ ਕਿ ਬ੍ਰਾਇਲਰ ਚਿਕਨ ਨੂੰ ਕਿਵੇਂ ਪਾਲਿਆ ਜਾਵੇ।

ਕਮਿਸ਼ਨ ਦੇ ਨਿਯਮਾਂ ਅਨੁਸਾਰ ਇੱਕ ਬ੍ਰਾਇਲਰ ਮੁਰਗੇ ਨੂੰ 6 ਤੋਂ 8 ਹਫ਼ਤਿਆਂ ਤੱਕ ਪਾਲਿਆ ਜਾਣਾ ਚਾਹੀਦਾ ਹੈ।

ਇਸ ਦੇ ਨਾਲ ਹੀ, ਇਸ ਕਮੇਟੀ ਨੇ ਇਨ੍ਹਾਂ ਮੁਰਗਿਆਂ ਲਈ ਭੋਜਨ, ਪਾਣੀ, ਵਾਤਾਵਰਣ, ਟੀਕਾਕਰਨ ਅਤੇ ਦਵਾਈਆਂ ਵਰਗੀ ਹਰ ਚੀਜ਼ ਲਈ ਮਿਆਰ ਤੈਅ ਕੀਤੇ ਹਨ।

ਇਸ ਅਨੁਸਾਰ, ਪੋਲਟਰੀ ਫਾਰਮਰਜ਼ ਰੈਗੂਲੇਟਰੀ ਕਮਿਸ਼ਨ ਦੀ ਸਿਫਾਰਸ਼ ਹੈ ਕਿ ਬ੍ਰਾਇਲਰ ਮੁਰਗੇ ਸਭ ਤੋਂ ਸਿਹਤਮੰਦ ਮੁਰਗੇ ਹਨ।

ਪਰ ਵਾਰ-ਵਾਰ ਇਹ ਕਿਉਂ ਮੰਨਿਆ ਜਾਂਦਾ ਹੈ ਕਿ ਬ੍ਰਾਇਲਰ ਮੁਰਗੇ ਬਹੁਤ ਸਾਰੀਆਂ ਬੀਮਾਰੀਆਂ ਦਾ ਕਾਰਨ ਬਣਦੇ ਹਨ?

ਕੀ ਬ੍ਰਾਇਲਰ ਮੁਰਗਿਆਂ ਨੂੰ ਹਾਰਮੋਨ ਦਾ ਟੀਕਾ ਲਗਾਇਆ ਜਾਂਦਾ ਹੈ?

ਆਮ ਤੌਰ 'ਤੇ ਅਜਿਹੀਆਂ ਕਈ ਰਿਪੋਰਟਾਂ ਹਨ ਕਿ ਬ੍ਰਾਇਲਰ ਮੁਰਗਿਆਂ ਨੂੰ ਹਾਰਮੋਨ ਦਾ ਟੀਕਾ ਲਗਾਇਆ ਜਾਂਦਾ ਹੈ, ਅਤੇ ਜੋ ਲੋਕ ਉਨ੍ਹਾਂ ਨੂੰ ਖਾਂਦੇ ਹਨ ਉਨ੍ਹਾਂ ਵਿੱਚ ਹਾਰਮੋਨ ਸਬੰਧੀ ਸਮੱਸਿਆਵਾਂ ਪੈਦਾ ਹੁੰਦੀਆਂ ਹਨ।

ਨਾਲ ਹੀ ਛੋਟੀ ਉਮਰ ਵਿੱਚ ਹੀ ਕੁੜੀਆਂ ਨੂੰ ਜਵਾਨੀ ਦੇ ਲੱਛਣਾਂ ਦੇ ਸਾਹਮਣੇ ਆਉਣ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਕੀ ਇਹ ਸਭ ਸੱਚ ਹੈ? ਕੀ ਇਨ੍ਹਾਂ ਮੁਰਗਿਆਂ ਨੂੰ ਸੱਚ ਵਿੱਚ ਹਾਰਮੋਨ ਦੇ ਟੀਕੇ ਲਗਾਏ ਜਾਂਦੇ ਹਨ?

ਮੁਥੁਰਾਮਲਿੰਗਮ ਨੂੰ ਯਕੀਨ ਹੈ ਕਿ ਅਜਿਹਾ ਕੁਝ ਨਹੀਂ ਹੁੰਦਾ ਹੋਵੇਗਾ।

ਉਨ੍ਹਾਂ ਨੇ ਕਿਹਾ, “ਜਦੋਂ ਮੁਰਗੇ ਆਪਣੀ ਉਮਰ ਦੇ ਹਰੇਕ ਪੜਾਅ ਵਿੱਚ ਪਹੁੰਚਦੇ ਹਨ, ਤਾਂ ਸਬੰਧਿਤ ਵਾਇਰਸ ਉਨ੍ਹਾਂ ’ਤੇ ਹਮਲਾ ਕਰਦਾ ਹੈ। ਜਿਵੇਂ ਮਨੁੱਖਾਂ ਨੂੰ ਟੀਕਾ ਲਗਾਇਆ ਜਾਂਦਾ ਹੈ ਤਾਂਕਿ ਉਹ ਵਾਇਰਸਾਂ ਤੋਂ ਪ੍ਰਭਾਵਿਤ ਨਾ ਹੋਣ, ਉਸ ਤਰ੍ਹਾਂ ਹੀ ਇਨ੍ਹਾਂ ਨੂੰ ਵੀ ਟੀਕਾ ਲਗਾਇਆ ਜਾਂਦਾ ਹੈ। ਉਨ੍ਹਾਂ ਨੂੰ ਕੋਈ ਹੋਰ ਦਵਾਈਆਂ ਨਹੀਂ ਦਿੱਤੀਆਂ ਜਾਂਦੀਆਂ।’’

ਪੋਲਟਰੀ ਫਾਰਮਰਜ਼ ਰੈਗੂਲੇਟਰੀ ਕਮੇਟੀ ਦੇ ਡਿਪਟੀ ਸੈਕਟਰੀ ਸਰਥ ਦਾ ਕਹਿਣਾ ਹੈ ਕਿ ਜੇਕਰ ਹਰ ਮੁਰਗੇ ਨੂੰ ਹਾਰਮੋਨ ਦਾ ਟੀਕਾ ਲਗਾਉਣਾ ਹੋਵੇ ਤਾਂ ਬ੍ਰਾਇਲਰ ਮੁਰਗੇ ਦੀ ਕੀਮਤ 700 ਤੋਂ 900 ਰੁਪਏ ਵਿੱਚ ਹੋਣੀ ਚਾਹੀਦੀ ਹੈ।

ਇਸ ਲਈ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਸਭ ਦੀ ਕੋਈ ਸੰਭਾਵਨਾ ਨਹੀਂ ਹੈ। ਉਹ ਕਹਿੰਦੇ ਹਨ ਕਿ ਜੇਕਰ ਕਿਸੇ ਮੁਰਗੇ ਨੂੰ ਵੀ ਕੋਈ ਬੀਮਾਰੀ ਹੋ ਜਾਂਦੀ ਹੈ ਤਾਂ ਉਸ ਨੂੰ ਵੀ ਐਂਟੀਬਾਇਓਟਿਕਸ ਦਿੱਤੀ ਜਾਂਦੀ ਹੈ।

ਅਸਲ ਵਿੱਚ ਐਂਟੀਬਾਇਓਟਿਕਸ ਮੁਹੱਈਆ ਕਰਵਾਉਣਾ ਪੋਲਟਰੀ ਫਾਰਮ ਮਾਲਕ ਲਈ ਇੱਕ ਵਾਧੂ ਦਾ ਖਰਚਾ ਹੈ।

ਉਹ ਕਹਿੰਦੇ ਹਨ, ‘‘ਬ੍ਰਾਇਲਰ ਚਿਕਨ ਇੱਕ ਛੋਟਾ ਜਿਹਾ ਮੁਰਗਾ ਹੁੰਦਾ ਹੈ ਜੋ 42 ਤੋਂ 45 ਦਿਨਾਂ ਵਿੱਚ ਵੱਡਾ ਹੋ ਜਾਂਦਾ ਹੈ। ਇਸ ਵਿੱਚ ਉਨ੍ਹਾਂ ਨੂੰ ਹਾਰਮੋਨ ਦੇਣ ਦੀ ਲੋੜ ਨਹੀਂ ਹੁੰਦੀ। ਇਹ ਮਾਸ ਪ੍ਰਾਪਤ ਕਰਨ ਵਾਲੀਆਂ ਹੋਰ ਨਸਲਾਂ ਵਾਂਗ ਕੋਈ ਵੱਡਾ ਜਾਨਵਰ ਨਹੀਂ ਹੈ।’’

‘ਗ੍ਰੋਥ ਹਾਰਮੋਨ ਵਰਗੀ ਕੋਈ ਚੀਜ਼ ਨਹੀਂ ਹੁੰਦੀ’

ਡਾ. ਅਰੁਣ ਕੁਮਾਰ ਨੇ ਕਿਹਾ, ‘‘ਬਹੁਤ ਸਾਰੇ ਲੋਕ ਸੋਚਦੇ ਹਨ ਕਿ ਇਨ੍ਹਾਂ ਮੁਰਗਿਆਂ ਨੂੰ ਗ੍ਰੋਥ ਹਾਰਮੋਨ ਦੇ ਕੇ ਪਾਲਿਆ ਜਾਂਦਾ ਹੈ। ਪਰ, ਅਜਿਹਾ ਕੋਈ ਹਾਰਮੋਨ ਨਹੀਂ ਹੈ।

‘‘ਗ੍ਰੋਥ ਹਾਰਮੋਨ ਉਨ੍ਹਾਂ ਬੱਚਿਆਂ ਲਈ ਹੁੰਦੇ ਹਨ ਜਿਨ੍ਹਾਂ ਦਾ ਵਿਕਾਸ ਰੁਕ ਜਾਂਦਾ ਹੈ। ਇਸ ਦੀ ਵਰਤੋਂ ਅਸੀਂ ਉਨ੍ਹਾਂ ਦੀ ਉਚਾਈ ਵਧਾਉਣ ਲਈ ਕਰਦੇ ਹਾਂ।’’

‘‘ਜੇਕਰ ਤੁਸੀਂ ਇਸ ਨੂੰ ਮੁਰਗਿਆਂ ਲਈ ਵਰਤਣਾ ਚਾਹੁੰਦੇ ਹੋ, ਤਾਂ ਤੁਹਾਨੂੰ ਇਸ ਨੂੰ 40 ਦਿਨਾਂ ਤੱਕ ਦਿਨ ਵਿੱਚ ਚਾਰ ਵਾਰ ਦੇਣਾ ਪਵੇਗਾ। ਇਸ ਲਈ ਇੱਕ ਮੁਰਗੇ ਦੀ ਕੀਮਤ 20 ਤੋਂ 25 ਹਜ਼ਾਰ ਰੁਪਏ ਬਣਦੀ ਹੈ।

‘‘ਇਹ ਸਾਬਤ ਕਰਨ ਲਈ ਮੁਰਗਿਆਂ ਨੂੰ ਇਹ ਹਾਰਮੋਨ ਦਿੱਤਾ ਗਿਆ ਹੈ। ਪਰ ਇਸ ਨਾਲ ਮੁਰਗੇ ਦਾ ਕਦੇ ਵਿਕਾਸ ਨਹੀਂ ਹੋਇਆ, ਇਸ ਲਈ ਇਹ ਸਿਰਫ਼ ਇੱਕ ਅਫ਼ਵਾਹ ਹੈ।’’

ਉਹ ਅੱਗੇ ਕਹਿੰਦੇ ਹਨ, ‘‘ਇਨ੍ਹਾਂ ਮੁਰਗਿਆਂ ਨੂੰ ਵਾਇਰਲ ਇਨਫੈਕਸ਼ਨਾਂ ਤੋਂ ਬਚਾਉਣ ਲਈ ਪ੍ਰਤੀ ਮੁਰਗਾ 5 ਟੀਕੇ ਲਗਾਏ ਜਾਂਦੇ ਹਨ। ਬਹੁਤ ਸਾਰੇ ਲੋਕ ਇਸ ਨੂੰ ਹਾਰਮੋਨ ਦੇ ਟੀਕੇ ਸਮਝਣ ਦੀ ਗਲਤੀ ਕਰਦੇ ਹਨ।’’

ਕੀ ਛੋਟੀ ਉਮਰ ਦੀਆਂ ਕੁੜੀਆਂ ਵਿੱਚ ਜਵਾਨੀ ਦੇ ਲੱਛਣ ਨਜ਼ਰ ਆਉਂਦੇ ਹਨ?

ਐੱਸਆਰਐੱਮ ਗਲੋਬਲ ਹਸਪਤਾਲ ਦੇ ਸੀਨੀਅਰ ਸਲਾਹਕਾਰ ਡਾਇਟੀਸ਼ੀਅਨ ਯਸ਼ੋਦਾ ਪੋਨੂਚਾਮੀ ਦਾ ਕਹਿਣਾ ਹੈ ਕਿ ਯੂਐੱਸ ਨੈਸ਼ਨਲ ਸੈਂਟਰ ਆਫ ਮੈਡੀਸਨ ਦੁਆਰਾ ਕੀਤੇ ਗਏ ਅਧਿਐਨ ਦੇ ਨਤੀਜਿਆਂ ਦੇ ਅਨੁਸਾਰ, ਬੱਚੇ ਆਮ ਨਾਲੋਂ ਪਹਿਲਾਂ ਜਵਾਨ ਹੋ ਰਹੇ ਹਨ।

ਉਹ ਕਹਿੰਦੇ ਹਨ, ਇਸੇ ਤਰ੍ਹਾਂ ਚਿਕਨ ਨੂੰ ਉਬਾਲ ਕੇ ਜਾਂ ਪਕਾ ਕੇ ਖਾਣ ਨਾਲ ਵੀ ਸਮੱਸਿਆ ਘੱਟ ਹੁੰਦੀ ਹੈ। ਪਰ ਜਦੋਂ ਇਸ ਨੂੰ ਪਕਾਇਆ ਜਾਂਦਾ ਹੈ ਅਤੇ ਬਿਰਿਆਨੀ ਜਾਂ ਹੋਰ ਤਰੀਕਿਆਂ ਨਾਲ ਖਾਧਾ ਜਾਂਦਾ ਹੈ, ਤਾਂ ਇਸ ਨਾਲ ਭਾਰ ਵਧਦਾ ਹੈ ਅਤੇ ਹੋਰ ਸਮੱਸਿਆਵਾਂ ਪੈਦਾ ਹੁੰਦੀਆਂ ਹਨ।

ਮਦੁਰਾਈ ਮੀਨਾਕਸ਼ੀ ਮਿਸ਼ਨ ਹਸਪਤਾਲ ਵਿੱਚ ਸੀਨੀਅਰ ਡਾਈਟੀਸ਼ੀਅਨ ਜੇਪੀ ਕਹਿੰਦੇ ਹਨ, ‘‘ਜਦੋਂ ਅਸੀਂ ਆਪਣੇ ਕੋਲ ਜਾਂਚ ਲਈ ਆਉਣ ਵਾਲੀਆਂ ਬਹੁਤ ਸਾਰੀਆਂ ਔਰਤਾਂ ਦੀ ਜਾਂਚ ਕੀਤੀ ਤਾਂ ਉਨ੍ਹਾਂ ਵਿੱਚੋਂ ਜ਼ਿਆਦਾਤਰ ਕਹਿੰਦੀਆਂ ਹਨ ਕਿ ਉਹ ਚਿਕਨ ਤੇ ਚਾਵਲ ਸਮੇਤ ਬਹੁਤ ਜ਼ਿਆਦਾ ਚਿਕਨ ਆਧਾਰਿਤ ਭੋਜਨ ਖਾਂਦੀਆਂ ਹਨ।

‘‘ਨਤੀਜੇ ਵਜੋਂ, ਉਹ ਮੋਟੀਆਂ ਹੋ ਜਾਂਦੀਆਂ ਹਨ ਅਤੇ ਸਮੇਂ ਤੋਂ ਪਹਿਲਾਂ ਹੀ ਮੀਨੋਪੌਜ਼ ਅਤੇ ਪੀਸੀਓਡੀ ਤੋਂ ਪੀੜਤ ਹੋ ਜਾਂਦੀਆਂ ਹਨ।’’

ਹਾਲਾਂਕਿ, ਡਾ. ਅਰੁਣ ਕੁਮਾਰ ਇਸ ਗੱਲ ਤੋਂ ਇਨਕਾਰ ਕਰਦੇ ਹਨ ਕਿ ਇਹ ਪੂਰੀ ਤਰ੍ਹਾਂ ਇੱਕ ਮਿੱਥ ਹੈ।

ਉਨ੍ਹਾਂ ਨੇ ਕਿਹਾ, ‘‘ਪਿਛਲੇ 100 ਸਾਲਾਂ ਵਿੱਚ ਜੋ ਬੱਚੇ ਸ਼ਾਕਾਹਾਰੀ ਅਤੇ ਮਾਸਾਹਾਰੀ ਦੋਵੇਂ ਤਰ੍ਹਾਂ ਦਾ ਭੋਜਨ ਖਾਂਦੇ ਹਨ, ਉਨ੍ਹਾਂ ਵਿੱਚ ਸਮੇਂ ਤੋਂ ਪਹਿਲਾਂ ਜਵਾਨੀ ਦੇ ਲੱਛਣ ਨਜ਼ਰ ਆਉਣ ਵਿੱਚ ਵਾਧਾ ਹੋਇਆ ਹੈ।

‘‘ਲੜਕੀਆਂ 11 ਅਤੇ 12 ਸਾਲ ਦੀ ਉਮਰ ਵਿੱਚ ਜਵਾਨੀ ਦੀ ਅਵਸਥਾ ਵਿੱਚ ਪਹੁੰਚ ਜਾਂਦੀਆਂ ਹਨ, ਜੋ ਪਹਿਲਾਂ 17 ਸਾਲ ਦੀ ਉਮਰ ਵਿੱਚ ਹੁੰਦਾ ਸੀ।’’

‘‘ਇਸ ਦਾ ਕਾਰਨ ਸਰੀਰ ਨੂੰ ਲੋੜੀਂਦੀ ਪ੍ਰੋਟੀਨ ਦੀ ਸਹੀ ਮਾਤਰਾ ਮਿਲਣਾ ਹੈ। ਸਮੇਂ ਤੋਂ ਪਹਿਲਾਂ ਜਵਾਨੀ ਦੇ ਲੱਛਣ ਉਦੋਂ ਪ੍ਰਗਟ ਹੁੰਦੇ ਹਨ ਜਦੋਂ ਬੱਚਾ 8 ਸਾਲ ਦੀ ਉਮਰ ਤੋਂ ਪਹਿਲਾਂ ਇਸ ਅਵਸਥਾ ਵਿੱਚ ਪਹੁੰਚ ਜਾਂਦਾ ਹੈ।

‘‘12 ਸਾਲ ਦੀ ਉਮਰ ਵਿੱਚ ਜਵਾਨੀ ਦੇ ਲੱਛਣ ਆਉਣ ਦਾ ਮਤਲਬ ਹੈ ਕਿ ਬੱਚਾ ਸਿਹਤਮੰਦ ਹੈ।’’

ਕੀ ਚਿਕਨ ਨਾਲ ਬਾਂਝਪਨ ਹੋ ਸਕਦਾ ਹੈ?

ਪੋਸ਼ਣ ਵਿਗਿਆਨੀ ਮੀਨਾਕਸ਼ੀ ਦਾ ਕਹਿਣਾ ਹੈ ਕਿ ਨਿਸ਼ਚਤ ਰੂਪ ਨਾਲ ਇਹ ਉਨ੍ਹਾਂ ਲੋਕਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਜੋ ਪੋਲਟਰੀ ਫਾਰਮਰਜ਼ ਰੈਗੂਲੇਟਰੀ ਕਮਿਸ਼ਨ ਦੇ ਨਿਯਮਾਂ ਦਾ ਪਾਲਣ ਕੀਤੇ ਬਿਨਾਂ ਸੰਚਾਲਿਤ ਕੀਤੇ ਪੋਲਟਰੀ ਫਾਰਮਾਂ ਵਿੱਚ ਪੈਦਾ ਹੋਏ ਚਿਕਨ ਨੂੰ ਖਾਂਦੇ ਹਨ।

ਇਸੇ ਰਾਇ ਦਾ ਸਮਰਥਨ ਕਰਦੇ ਹੋਏ, ਚੇਨਈ ਸਟੈਨਲੇ ਸਰਕਾਰੀ ਮੈਡੀਕਲ ਕਾਲਜ ਦੇ ਪ੍ਰੋਫੈਸਰ ਅਤੇ ਮੈਡੀਕਲ ਵਿਭਾਗ ਦੇ ਮੁਖੀ ਐੱਸ. ਚੰਦਰਸ਼ੇਖਰ ਕਹਿੰਦੇ ਹਨ ਕਿ ਇਸ ਕਿਸਮ ਦੇ ਚਿਕਨ ਵਿੱਚ ਰਸਾਇਣ ਅਤੇ ਵਾਧੂ ਐਂਟੀਬਾਇਓਟਿਕਸ ਮਿਲਾਉਣ ਨਾਲ ਇਸ ਨੂੰ ਖਾਣ ਵਾਲਿਆਂ ਦੀ ਸਿਹਤ ਨੂੰ ਨੁਕਸਾਨ ਪਹੁੰਚ ਸਕਦਾ ਹੈ।

ਉਨ੍ਹਾਂ ਨੇ ਕਿਹਾ, ‘‘ਕਦੇ-ਕਦੇ ਫੈਕਟਰੀਆਂ ਵਿੱਚ ਹਜ਼ਾਰਾਂ ਮੁਰਗੇ ਪੈਦਾ ਕੀਤੇ ਜਾਂਦੇ ਹਨ ਜਿੱਥੇ ਵਾਧੂ ਮੀਟ ਲਈ ਉਨ੍ਹਾਂ ਮੁਰਗਿਆਂ ਦੇ ਐਸਟ੍ਰੋਜਨ ਵਿੱਚ ਰਸਾਇਣ ਮਿਲਾਏ ਜਾਂਦੇ ਹਨ। ਉਹ ਕਿਸੇ ਵੀ ਹੋਰ ਵਾਇਰਸ ਨੂੰ ਹਮਲਾ ਕਰਨ ਤੋਂ ਰੋਕਣ ਲਈ ਉਨ੍ਹਾਂ ਨੂੰ ਭੋਜਨ ਵਿੱਚ ਐਂਟੀਬਾਇਓਟਿਕਸ ਦੀ ਉੱਚ ਮਾਤਰਾ ਦਿੰਦੇ ਹਨ।’’

ਇਨ੍ਹਾਂ ਰਸਾਇਣਾਂ ਨੂੰ ‘ਐਂਡੋਕਰੀਨ ਡਿਸਰਪਟਰਜ਼’ ਕਿਹਾ ਜਾਂਦਾ ਹੈ।

ਐੱਸ ਚੰਦਰਸ਼ੇਖਰ ਅਨੁਸਾਰ ਅਜਿਹੇ ਰਸਾਇਣਾਂ ਦਾ ਸੇਵਨ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਾਂਝਪਣ, ਟੈਸਟੀਕੂਲਰ ਟਿਊਮਰ ਅਤੇ ਸਮੇਂ ਤੋਂ ਪਹਿਲਾਂ ਮੀਨੋਪੌਜ਼ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ, ਚਾਹੇ ਉਹ ਪੁਰਸ਼ ਹੋਣ ਜਾਂ ਔਰਤਾਂ।

ਉਹ ਕਹਿੰਦੇ ਹਨ, ਹਾਲਾਂਕਿ ਇਹ ਨਹੀਂ ਕਿਹਾ ਜਾ ਸਕਦਾ ਹੈ ਕਿ ਰਸਾਇਣਾਂ ਨਾਲ ਭਰਪੂਰ ਬ੍ਰਾਇਲਰ ਹੀ ਇਨ੍ਹਾਂ ਬੀਮਾਰੀਆਂ ਦਾ ਇੱਕੋ ਇੱਕ ਕਾਰਨ ਹਨ, ਪਰ ਬਿਨਾਂ ਸ਼ੱਕ ਇਹ ਵੀ ਇੱਕ ਕਾਰਨ ਹੈ।

ਇਨਸਾਨ ’ਤੇ ਕੋਈ ਅਸਰ ਹੋਣ ਦੀ ਸੰਭਾਵਨਾ ਨਹੀਂ

ਪਰ ਡਾ. ਅਰੁਣ ਕੁਮਾਰ ਦਾ ਕਹਿਣਾ ਹੈ ਕਿ ਭਾਵੇਂ ਬ੍ਰਾਇਲਰ ਚਿਕਨ ਫਾਰਮਿੰਗ ਵਿੱਚ ਐਂਟੀਬਾਇਓਟਿਕਸ ਦੀ ਵਰਤੋਂ ਵੱਡੇ ਪੱਧਰ ’ਤੇ ਹੋ ਰਹੀ ਹੈ ਪਰ ਇਸ ਦਾ ਮਨੁੱਖਾਂ ’ਤੇ ਕੋਈ ਸਿੱਧਾ ਅਸਰ ਨਹੀਂ ਪੈਂਦਾ।

ਉਨ੍ਹਾਂ ਨੇ ਕਿਹਾ, ‘‘ਜੋ ਐਂਟੀਬਾਇਓਟਿਕਸ ਅਸੀਂ ਨਿਯਮਿਤ ਤੌਰ 'ਤੇ ਮਨੁੱਖਾਂ ਨੂੰ ਦਿੰਦੇ ਹਾਂ, ਉਹ ਹੀ ਨਿਯਮਤ ਤੌਰ ’ਤੇ ਮੁਰਗਿਆਂ ਵਿੱਚ ਵਰਤੇ ਜਾਂਦੇ ਹਨ। ਇਹੀ ਇਸ ਸੈਕਟਰ ਦੀ ਇੱਕ ਕਮਜ਼ੋਰੀ ਹੈ। ਹਾਲਾਂਕਿ, ਇਹ ਇਸ ਨੂੰ ਖਾਣ ਵਾਲੇ ਮਨੁੱਖ ’ਤੇ ਸਿੱਧੇ ਤੌਰ ’ਤੇ ਹਮਲਾ ਨਹੀਂ ਕਰਦਾ।’’

ਉਹ ਕਹਿੰਦੇ ਹਨ, ‘‘ਜਿਵੇਂ ਜਿਵੇਂ ਜ਼ਿਆਦਾ ਐਂਟੀਬਾਇਓਟਿਕਸ ਦਿੱਤੇ ਜਾਂਦੇ ਹਨ, ਉਨ੍ਹਾਂ ਦੇ ਸਰੀਰ ਵਿੱਚ ਪ੍ਰਤੀਰੋਧਕ ਸੂਖਮ ਜੀਵ ਵਿਕਸਤ ਹੋਣ ਦੀ ਸੰਭਾਵਨਾ ਹੁੰਦੀ ਹੈ। ਇਹ ਇਸ ਦੀ ਰਹਿੰਦ-ਖੂੰਹਦ ਦੇ ਰੂਪ ਵਿੱਚ ਸਾਹਮਣੇ ਆਉਣਗੇ।

‘‘ਬ੍ਰਾਇਲਰ ਮੁਰਗੇ ਖਾਣ ਵਾਲੇ ਲੋਕਾਂ ਨੂੰ ਸਿੱਧੇ ਤੌਰ 'ਤੇ ਕੋਈ ਨੁਕਸਾਨ ਹੋਣ ਦੀ ਸੰਭਾਵਨਾ ਨਹੀਂ ਹੈ, ਜਦੋਂ ਤੱਕ ਕਿ ਇਸ ਵਿੱਚ ਕੋਈ ਇਨਫੈਕਸ਼ਨ ਨਾ ਹੋਵੇ ਅਤੇ ਅਸਿੱਧੇ ਤੌਰ 'ਤੇ ਇਸ ਦਾ ਕੋਈ ਪ੍ਰਭਾਵ ਨਹੀਂ ਹੁੰਦਾ।’’

ਇਸ ਲਈ ਡਾ. ਅਰੁਣ ਕੁਮਾਰ ਨੂੰ ਯਕੀਨ ਹੈ ਕਿ ਬ੍ਰਾਇਲਰ ਚਿਕਨ ਖਾਣ ਨਾਲ ਇਨਸਾਨ ਨੂੰ ਕੋਈ ਨੁਕਸਾਨ ਨਹੀਂ ਹੁੰਦਾ।

ਸਾਰਥ ਕਹਿੰਦੇ ਹਨ, ‘‘ਬ੍ਰਾਇਲਰ ਮੁਰਗੇ ਬਹੁਤ ਸੰਵੇਦਨਸ਼ੀਲ ਹੁੰਦੇ ਹਨ। ਇਸ ਲਈ ਐਂਟੀਬਾਇਓਟਿਕ ਦੀ ਲੋੜ ਤੋਂ ਘੱਟ ਮਾਤਰਾ ਦਿੱਤੀ ਜਾਂਦੀ ਹੈ। ਇਹ ਪਸ਼ੂਆਂ ਦੇ ਡਾਕਟਰ ਦੇ ਨਿਰਦੇਸ਼ਾਂ ਅਨੁਸਾਰ ਵੀ ਦਿੱਤੀ ਜਾਂਦੀ ਹੈ।

‘‘ਇਸ ਵਿੱਚ ‘ਨਿਕਾਸੀ ਦੀ ਸੀਮਾ’ ਵੀ ਹੈ। ਜਦੋਂ ਤੱਕ ਇਹ ਵਿਸ਼ੇਸ਼ ਬੀਮਾਰੀ ਦਾ ਇਲਾਜ ਨਹੀਂ ਕਰਦਾ, ਉਦੋਂ ਤੱਕ ਇਸ ਦੇ ਫੈਲਣ ਅਤੇ ਮਨੁੱਖਾਂ ’ਤੇ ਹਮਲਾ ਕਰਨ ਦੀ ਕੋਈ ਸੰਭਾਵਨਾ ਨਹੀਂ ਹੈ। ਵਿਗਿਆਨਕ ਤੌਰ 'ਤੇ ਇਹ ਸੰਭਵ ਨਹੀਂ ਹੈ।’’

ਬਿਰਆਨੀ ਖਾਣ ਵਾਲੇ ਕੀ ਕਰ ਸਕਦੇ ਹਨ?

ਹਾਲ ਹੀ ਦੇ ਸਰਵੇਖਣਾਂ ਦੇ ਅਨੁਸਾਰ, ਪਿਛਲੇ ਸਾਲ ਭਾਰਤ ਵਿੱਚ ਫੂਡ ਡਿਲਿਵਰੀ ਕੰਪਨੀਆਂ ਦੁਆਰਾ ਖਰੀਦੀ ਗਈ ਬਿਰਿਆਨੀ ਨੰਬਰ ਇੱਕ ਭੋਜਨ ਸੀ। ਭਾਰਤੀ ਹਰ 2.25 ਸਕਿੰਟ ਵਿੱਚ ਇੱਕ ਬਿਰਆਨੀ ਦਾ ਆਰਡਰ ਦਿੰਦੇ ਹਨ।

ਇਨ੍ਹਾਂ ਵਿਚ ਚਿਕਨ ਬਿਰਆਨੀ ਸਭ ਤੋਂ ਵੱਧ ਹਰਮਨਪਿਆਰੀ ਹੈ।

ਪੋਸ਼ਣ ਵਿਗਿਆਨੀ ਮੀਨਾਕਸ਼ੀ ਕਹਿੰਦੇ ਹਨ, ‘‘ਹਾਲਾਂਕਿ, ਬਹੁਤ ਜ਼ਿਆਦਾ ਚਿਕਨ ਦਾ ਸੇਵਨ ਵੀ ਖਤਰਨਾਕ ਹੋ ਸਕਦਾ ਹੈ। ਪਰ ਜੇ ਤੁਸੀਂ ਇਸ ਨੂੰ ਸੰਜਮ ਵਿੱਚ ਲੈਂਦੇ ਹੋ, ਤਾਂ ਤੁਸੀਂ ਇਸ ਤੋਂ ਬਚ ਸਕਦੇ ਹੋ।’’

ਉਨ੍ਹਾਂ ਨੇ ਕਿਹਾ, ‘‘ਤੁਸੀਂ ਹਫ਼ਤੇ ਵਿੱਚ ਤਿੰਨ ਵਾਰ 100 ਗ੍ਰਾਮ ਚਿਕਨ ਲੈ ਸਕਦੇ ਹੋ। ਇਸ ਨੂੰ ਗਰਿੱਲ ਜਾਂ ਤਲਣ ਦੀ ਬਜਾਏ ਉਬਾਲ ਕੇ ਜਾਂ ਗ੍ਰੇਵੀ ਵਿੱਚ ਪਾ ਕੇ ਵੀ ਖਾਧਾ ਜਾ ਸਕਦਾ ਹੈ।

‘‘ਜੇਕਰ ਉਹ ਬਿਰਆਨੀ ਹੈ, ਤਾਂ ਤੁਸੀਂ ਉਸ ਨੂੰ ਇੱਕ ਨਿਸ਼ਚਤ ਮਾਤਰਾ ਵਿੱਚ ਮਹੀਨੇ ਵਿੱਚ ਦੋ ਵਾਰ ਖਾ ਸਕਦੇ ਹੋ। ਪਰ, ਸਾਨੂੰ ਇਹ ਘਰ ਵਿੱਚ ਬਣਾ ਕੇ ਹੀ ਖਾਣਾ ਚਾਹੀਦਾ ਹੈ।’’

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)