ਟੈਨਿਸ ਖਿਡਾਰਨ ਰਾਧਿਕਾ ਯਾਦਵ ਦਾ ਉਸ ਦੇ ਹੀ ਪਿਤਾ ਵੱਲੋਂ ਕਤਲ ਆਖਿਰ ਕਿਉਂ ਕੀਤਾ ਗਿਆ, ਹੁਣ ਤੱਕ ਕੀ-ਕੀ ਪਤਾ ਹੈ

    • ਲੇਖਕ, ਆਸ਼ਯ ਯੇਡਗੇ
    • ਰੋਲ, ਬੀਬੀਸੀ ਪੱਤਰਕਾਰ

ਟੈਨਿਸ ਖਿਡਾਰਨ ਰਾਧਿਕਾ ਯਾਦਵ ਦੇ ਕਤਲ ਤੋਂ ਇੱਕ ਦਿਨ ਬਾਅਦ, ਗੁਰੂਗ੍ਰਾਮ ਵਿੱਚ ਉਨ੍ਹਾਂ ਦੇ ਘਰ ਦੇ ਬਾਹਰ ਚੁੱਪ ਪਸਰੀ ਹੈ। ਕੁਝ ਲੋਕ ਬੈਠੇ ਹਨ। ਸਾਰੇ ਪੁਰਸ਼ ਹਨ। ਜ਼ਿਆਦਾਤਰ ਖਾਮੋਸ਼। ਗੱਲ ਹੋ ਵੀ ਰਹੀ ਹੈ ਤਾਂ ਦਬੀ ਆਵਾਜ਼ ਵਿੱਚ। ਜੇ ਕੋਈ ਮੀਡੀਆ ਨਾਲ ਗੱਲ ਕਰਦਾ ਹੈ, ਉਹ ਆਪਣੀ ਪਛਾਣ ਜਨਤਕ ਕਰਨ ਤੋਂ ਝਿਜਕਦਾ ਹੈ।

ਰਾਧਿਕਾ ਦਾ ਕਤਲ, 10 ਜੁਲਾਈ ਦੀ ਸਵੇਰ ਨੂੰ ਦਿੱਲੀ ਦੇ ਨਾਲ ਲੱਗਦੇ ਹਰਿਆਣਾ ਦੇ ਗੁਰੂਗ੍ਰਾਮ ਦੇ ਸੈਕਟਰ 57 ਵਿੱਚ ਕੀਤਾ ਗਿਆ ਸੀ। ਇਸ ਕਤਲ ਦਾ ਇਲਜ਼ਾਮ ਉਨ੍ਹਾਂ ਦੇ ਪਿਤਾ 'ਤੇ ਲੱਗਿਆ ਹੈ।

ਗੁਰੂਗ੍ਰਾਮ ਪੁਲਿਸ ਦੇ ਅਨੁਸਾਰ, ਰਾਧਿਕਾ ਦੇ ਪਿਤਾ ਨੇ ਆਪਣੀ ਧੀ 'ਤੇ ਪਿੱਛੇ ਤੋਂ ਤਿੰਨ ਗੋਲੀਆਂ ਚਲਾਈਆਂ ਸਨ। ਪੁਲਿਸ ਨੇ ਇਹ ਵੀ ਦਾਅਵਾ ਕੀਤਾ ਕਿ ਉਨ੍ਹਾਂ ਨੇ ਆਪਣਾ ਅਪਰਾਧ ਕਬੂਲ ਕਰ ਲਿਆ ਹੈ।

ਰਾਧਿਕਾ ਦੇ ਚਾਚਾ ਕੁਲਦੀਪ ਯਾਦਵ ਦੀ ਸ਼ਿਕਾਇਤ ਦੇ ਆਧਾਰ 'ਤੇ ਗੁਰੂਗ੍ਰਾਮ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਗੁਰੂਗ੍ਰਾਮ ਦੀ ਇੱਕ ਅਦਾਲਤ ਨੇ ਰਾਧਿਕਾ ਦੇ ਪਿਤਾ ਦੀਪਕ ਯਾਦਵ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ।

ਬੀਬੀਸੀ ਹਿੰਦੀ ਦੀ ਟੀਮ ਘਟਨਾ ਨਾਲ ਜੁੜੇ ਪਹਿਲੂਆਂ ਬਾਰੇ ਜਾਣਕਾਰੀ ਹਾਸਲ ਕਰਨ ਲਈ 11 ਜੁਲਾਈ ਨੂੰ ਗੁਰੂਗ੍ਰਾਮ ਗਈ। ਅਸੀਂ ਜੋ ਦੇਖਿਆ ਅਤੇ ਲੋਕਾਂ ਨੇ ਸਾਨੂੰ ਜੋ ਦੱਸਿਆ, ਇਹ ਰਿਪੋਰਟ ਉਸ ਬਾਰੇ ਹੈ।

ਰਿਸ਼ਤੇਦਾਰ ਕੀ ਕਹਿ ਰਹੇ?

ਰਾਧਿਕਾ ਦੇ ਇੱਕ ਰਿਸ਼ਤੇਦਾਰ ਰਾਜ ਕੁਮਾਰ ਨੇ ਬੀਬੀਸੀ ਨੂੰ ਕਿਹਾ, "ਗਲਤ ਤਾਂ ਹੋਇਆ ਹੈ। ਸਾਨੂੰ ਸਾਰਿਆਂ ਨੂੰ ਅੰਦਰੋਂ ਹਿਲਾ ਕੇ ਰੱਖ ਦਿੱਤਾ ਹੈ। ਇੱਕ ਪਿਤਾ ਆਪਣੀ ਧੀ ਨੂੰ ਇੰਨਾ ਪਿਆਰ ਕਰਦਾ ਸੀ ਅਤੇ ਹੁਣ ਇਹ ਇਸ ਤਰ੍ਹਾਂ ਹੋ ਗਿਆ। ਸਾਨੂੰ ਨਹੀਂ ਪਤਾ ਕਿ ਉਨ੍ਹਾਂ ਵਿਚਕਾਰ ਕੀ ਗੱਲਬਾਤ ਹੋਈ।"

ਅਸੀਂ ਉੱਥੇ ਰਾਧਿਕਾ ਦੇ ਇੱਕ ਨਜ਼ਦੀਕੀ ਰਿਸ਼ਤੇਦਾਰ ਨੂੰ ਮਿਲੇ। ਉਨ੍ਹਾਂ ਨੇ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਸਾਡੇ ਨਾਲ ਗੱਲ ਕੀਤੀ। ਉਨ੍ਹਾਂ ਨੇ ਪੁਲਿਸ ਵੱਲੋਂ ਦਿੱਤੀ ਜਾਣਕਾਰੀ ਦਾ ਹੀ ਵਿਸਥਾਰ ਕੀਤਾ।

ਉਹ ਕਹਿੰਦੇ ਹਨ, "ਜੇ ਕਿਸੇ ਪਰਿਵਾਰ ਦੀ ਧੀ ਇੰਨਾ ਵੱਡਾ ਨਾਮ ਕਮਾਉਂਦੀ ਹੈ ਤਾਂ ਕਿਸਨੂੰ ਬੁਰਾ ਲੱਗੇਗਾ? ਉਹ ਇੱਕ ਟੈਨਿਸ ਅਕੈਡਮੀ ਚਲਾਉਂਦੀ ਸੀ ਅਤੇ ਉਸਦੇ ਪਿਤਾ ਨੂੰ ਇਸ ਕਾਰਨ ਤਾਅਨੇ ਸੁਣਨੇ ਪੈਂਦੇ ਸਨ। ਇਸ ਕਾਰਨ ਉਹ ਗੁੱਸੇ ਵਿੱਚ ਸਨ। ਉਨ੍ਹਾਂ ਨੇ ਆਪਣੀ ਧੀ ਨੂੰ ਗੋਲੀ ਮਾਰ ਦਿੱਤੀ। ਜੋ ਹੋਇਆ ਉਹ ਦੁਖਦਾਈ ਹੈ, ਪਰ ਹੁਣ ਅਸੀਂ ਕੀ ਕਰ ਸਕਦੇ ਹਾਂ?"

ਉਮੀਦ ਹੈ ਕਿ ਪੁਲਿਸ ਜਾਂਚ ਤੋਂ ਬਾਅਦ, ਇਸ ਮਾਮਲੇ ਦੀਆਂ ਹੋਰ ਪਰਤਾਂ ਖੁੱਲ੍ਹਣਗੀਆਂ। ਪਰ ਰਾਧਿਕਾ ਦੇ ਪਿਤਾ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨ ਵਿੱਚ ਲੋਕਾਂ ਦੇ ਤਾਅਨੇ ਮਾਰਨ ਬਾਰੇ ਜੋ ਕਿਹਾ ਹੈ, ਉਹ ਸਮਾਜ ਦੀ ਵਿਸ਼ੇਸ਼ ਕਿਸਮ ਦੀ ਮਾਨਸਿਕਤਾ ਨੂੰ ਹੀ ਦਰਸਾਉਂਦਾ ਹੈ।

ਕਦੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਖੇਡਣ ਵਾਲੇ ਰਾਧਿਕਾ ਦੇ ਕਤਲ ਨੇ ਸੋਸ਼ਲ ਮੀਡੀਆ ਦੇ ਨਾਲ-ਨਾਲ ਹੋਰ ਹਲਕਿਆਂ ਵਿੱਚ ਵੀ ਵਿਆਪਕ ਚਰਚਾ ਛੇੜ ਦਿੱਤੀ ਹੈ। ਬੀਬੀਸੀ ਨੇ ਮੌਕੇ ਦਾ ਦੌਰਾ ਕੀਤਾ ਅਤੇ ਸਥਿਤੀ ਨੂੰ ਸਮਝਣ ਦੀ ਕੋਸ਼ਿਸ਼ ਕੀਤੀ।

ਜਦੋਂ ਅਸੀਂ ਰਾਧਿਕਾ ਦੇ ਘਰ ਪਹੁੰਚੇ ਤਾਂ ਉਨ੍ਹਾਂ ਦੇ ਤਿੰਨ ਮੰਜ਼ਿਲਾ ਘਰ ਦੇ ਦਰਵਾਜ਼ੇ ਬੰਦ ਸਨ। ਰਾਧਿਕਾ ਅਤੇ ਉਨ੍ਹਾਂ ਦਾ ਪਰਿਵਾਰ ਘਰ ਦੀ ਦੂਜੀ ਮੰਜ਼ਿਲ 'ਤੇ ਰਹਿੰਦਾ ਸੀ। ਬਾਹਰ ਮੀਡੀਆ ਵਾਲੇ ਅਤੇ ਰਿਸ਼ਤੇਦਾਰ ਸਨ।

ਜ਼ਿਆਦਾਤਰ ਰਿਸ਼ਤੇਦਾਰ ਇਸ ਮਾਮਲੇ ਬਾਰੇ ਗੱਲ ਕਰਨ ਲਈ ਤਿਆਰ ਨਹੀਂ ਸਨ ਅਤੇ ਜਿਨ੍ਹਾਂ ਨੇ ਗੱਲ ਕੀਤੀ ਉਨ੍ਹਾਂ ਨੇ ਵੀ ਬਹੁਤ ਘੱਟ ਜਾਣਕਾਰੀ ਦਿੱਤੀ।

ਇੱਥੇ ਬਹੁਤ ਸਾਰੇ ਲੋਕ ਰਾਧਿਕਾ ਦੀ ਮੌਤ ਕਾਰਨ ਸਦਮੇ 'ਚ ਲੱਗ ਰਹੇ ਸਨ।

ਕੀ ਹੋਇਆ ਸੀ?

ਪੁਲਿਸ ਦੇ ਅਨੁਸਾਰ, ਇਹ ਕਤਲ 10 ਜੁਲਾਈ ਨੂੰ ਸਵੇਰੇ 10:30 ਵਜੇ ਦੇ ਕਰੀਬ ਹੋਇਆ ਸੀ।

ਪੁਲਿਸ ਦੁਆਰਾ ਦਰਜ ਕੀਤੀ ਗਈ ਐਫਆਈਆਰ ਦੇ ਅਨੁਸਾਰ, ਦੀਪਕ ਯਾਦਵ ਨੇ ਆਪਣਾ ਅਪਰਾਧ ਕਬੂਲ ਕਰ ਲਿਆ ਹੈ।

ਪੁਲਿਸ ਮੁਤਾਬਕ, ਦੀਪਕ ਯਾਦਵ ਨੇ ਕਿਹਾ, "ਮੇਰੀ ਧੀ ਇੱਕ ਰਾਸ਼ਟਰੀ ਚੈਂਪੀਅਨ ਸੀ। ਮੋਢੇ ਦੀ ਸੱਟ ਲੱਗਣ ਤੋਂ ਬਾਅਦ, ਉਸਨੇ ਆਪਣੀ ਅਕੈਡਮੀ ਸ਼ੁਰੂ ਕਰਨ ਦਾ ਫੈਸਲਾ ਕੀਤਾ। ਜਦੋਂ ਮੈਂ ਦੁੱਧ ਲੈਣ ਲਈ ਆਪਣੇ ਪਿੰਡ ਵਜ਼ੀਰਬਾਦ ਜਾਂਦਾ ਸੀ, ਤਾਂ ਲੋਕ ਮੈਨੂੰ ਤਾਅਨੇ ਮਾਰਦੇ ਸਨ।''

''ਲੋਕ ਕਹਿੰਦੇ ਸਨ, 'ਤੂੰ ਆਪਣੀ ਧੀ ਦੀ ਕਮਾਈ 'ਤੇ ਗੁਜ਼ਾਰਾ ਕਰਦਾ ਹੈਂ।' ਇਸ ਨਾਲ ਮੇਰੇ ਆਤਮ-ਸਨਮਾਨ ਨੂੰ ਠੇਸ ਪਹੁੰਚਦੀ ਸੀ। ਮੈਨੂੰ ਇਹ ਪਸੰਦ ਨਹੀਂ ਸੀ, ਇਸ ਲਈ ਮੈਂ ਉਸਨੂੰ ਕਿਹਾ ਕਿ ਅਕੈਡਮੀ ਬੰਦ ਕਰ ਦੇਵੇ। ਪਰ ਉਸਨੇ ਮੇਰੀ ਗੱਲ ਨਹੀਂ ਮੰਨੀ, ਇਸ ਲਈ ਮੈਂ ਉਸਨੂੰ ਗੋਲੀ ਮਾਰ ਦਿੱਤੀ।"

ਪੁਲਿਸ ਦਾ ਕਹਿਣਾ ਹੈ ਕਿ ਦੀਪਕ ਯਾਦਵ ਨੇ ਉਨ੍ਹਾਂ ਨੂੰ ਦੱਸਿਆ ਹੈ ਕਿ ਉਨ੍ਹਾਂ ਨੇ ਰਾਧਿਕਾ 'ਤੇ ਤਿੰਨ ਗੋਲੀਆਂ ਚਲਾਈਆਂ, ਜਿਸ ਨਾਲ ਉਸਦੀ ਮੌਤ ਹੋ ਗਈ।

ਦੀਪਕ ਯਾਦਵ ਦਾ ਦਾਅਵਾ ਹੈ ਕਿ ਉਹ ਲੋਕਾਂ ਦੇ ਤਾਅਨੇ ਬਰਦਾਸ਼ਤ ਨਹੀਂ ਕਰ ਸਕੇ, ਪਰ ਮੀਡੀਆ ਅਤੇ ਰਾਧਿਕਾ ਦਾ ਪਰਿਵਾਰ ਹੋਰ ਕਾਰਨਾਂ 'ਤੇ ਚਰਚਾ ਕਰ ਰਹੇ ਹਨ।

ਉਨ੍ਹਾਂ ਦੇ ਇੱਕ ਨਜ਼ਦੀਕੀ ਰਿਸ਼ਤੇਦਾਰ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਕਿਹਾ, "ਦੀਪਕ ਨੇ ਕਦੇ ਵੀ ਰਾਧਿਕਾ ਦੇ ਟੈਨਿਸ ਖੇਡਣ ਦਾ ਵਿਰੋਧ ਨਹੀਂ ਕੀਤਾ। ਸਗੋਂ, ਉਸਨੇ ਖੁਦ ਉਸਦੇ ਲਈ ਖੇਡ ਉਪਕਰਣਾਂ 'ਤੇ ਲੱਖਾਂ ਰੁਪਏ ਖਰਚ ਕੀਤੇ। ਉਹ ਬਹੁਤ ਸ਼ਾਂਤ ਸੁਭਾਅ ਵਾਲੇ ਵਿਅਕਤੀ ਸਨ। ਅਸੀਂ ਸਾਰੇ ਹੈਰਾਨ ਹਾਂ ਅਤੇ ਸਮਝ ਨਹੀਂ ਪਾ ਰਹੇ ਹਾਂ ਕਿ ਇਹ ਕਿਵੇਂ ਹੋਇਆ।"

ਪੁਲਿਸ ਨੇ ਦੱਸਿਆ ਕਿ ਰਾਧਿਕਾ ਦੀ ਮਾਂ ਮੰਜੂ ਯਾਦਵ ਨੇ ਕੋਈ ਲਿਖਤੀ ਬਿਆਨ ਨਹੀਂ ਦਿੱਤਾ ਹੈ, ਪਰ ਉਨ੍ਹਾਂ ਨੇ ਪੁਲਿਸ ਨੂੰ ਦੱਸਿਆ ਹੈ ਕਿ ਜਦੋਂ ਇਹ ਘਟਨਾ ਵਾਪਰੀ ਤਾਂ ਉਹ ਦੂਜੇ ਕਮਰੇ ਵਿੱਚ ਸੌਂ ਰਹੇ ਸਨ।

ਉਨ੍ਹਾਂ ਪੁਲਿਸ ਨੂੰ ਦੱਸਿਆ, "ਮੇਰੀ ਧੀ ਬਹੁਤ ਚੰਗੇ ਸੁਭਾਅ ਦੀ ਸੀ। ਮੈਨੂੰ ਸਮਝ ਨਹੀਂ ਆ ਰਿਹਾ ਕਿ ਦੀਪਕ ਨੇ ਉਸਨੂੰ ਕਿਉਂ ਮਾਰਿਆ।"

ਘਟਨਾ ਵਾਪਰਨ ਵੇਲੇ ਰਾਧਿਕਾ ਦਾ ਭਰਾ ਧੀਰਜ ਯਾਦਵ ਘਰ ਨਹੀਂ ਸੀ।

ਇੱਕ ਪਾਸੇ, ਪੁਲਿਸ ਦਾ ਕਹਿਣਾ ਹੈ ਕਿ ਪਿਤਾ ਨੇ ਰਾਧਿਕਾ ਨੂੰ ਮਾਰਨ ਦਾ ਦਾਅਵਾ ਕੀਤਾ ਹੈ ਕਿਉਂਕਿ ਉਨ੍ਹਾਂ ਨੇ ਅਕੈਡਮੀ ਬੰਦ ਨਹੀਂ ਕੀਤੀ ਸੀ। ਹਾਲਾਂਕਿ, ਇਸਦੇ ਉਲਟ ਰਾਧਿਕਾ ਯਾਦਵ ਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਦੀਪਕ ਯਾਦਵ ਨੇ ਹਮੇਸ਼ਾ ਆਪਣੀ ਧੀ ਨੂੰ ਟੈਨਿਸ ਖੇਡਣ ਵਿੱਚ ਸਮਰਥਨ ਦਿੱਤਾ ਹੈ।

ਪੁਲਿਸ ਦੇ ਅਨੁਸਾਰ, ਕਤਲ ਦੇ ਪਿੱਛੇ ਅਸਲ ਮਨੋਰਥ ਜਾਂਚ ਤੋਂ ਬਾਅਦ ਪਤਾ ਲੱਗ ਸਕਦਾ ਹੈ। ਉਦੋਂ ਤੱਕ, ਇਸ ਮਾਮਲੇ ਵਿੱਚ ਹੋਰ ਜਾਣਕਾਰੀ ਦਾ ਇੰਤਜ਼ਾਰ ਰਹੇਗਾ।

ਰਾਧਿਕਾ ਯਾਦਵ ਦੀ ਟੈਨਿਸ ਅਕੈਡਮੀ ਕਿਹੋ ਜਿਹੀ ਸੀ?

ਕੁਝ ਮਹੀਨੇ ਪਹਿਲਾਂ, ਰਾਧਿਕਾ ਨੇ ਗੁਰੂਗ੍ਰਾਮ ਦੇ ਸੈਕਟਰ 61 ਵਿੱਚ ਇੱਕ ਜਗ੍ਹਾ ਕਿਰਾਏ 'ਤੇ ਲਈ। ਇੱਥੇ ਉਨ੍ਹਾਂ ਨੇ ਇੱਕ ਟੈਨਿਸ ਅਕੈਡਮੀ ਸ਼ੁਰੂ ਕੀਤੀ।

ਅਕੈਡਮੀ ਪਰਿਸਰ ਦੀ ਦੇਖਭਾਲ ਕਰਨ ਵਾਲੇ ਤਨੂੰ ਨੇ ਦੱਸਿਆ, "ਰਾਧਿਕਾ ਮੈਡਮ ਹਰ ਸਵੇਰ ਅਤੇ ਸ਼ਾਮ ਇੱਥੇ ਆਉਂਦੇ ਸਨ। ਉਨ੍ਹਾਂ ਨੇ ਇੱਕ ਮਹੀਨਾ ਪਹਿਲਾਂ ਕਲਾਸਾਂ ਸ਼ੁਰੂ ਕੀਤੀਆਂ ਸਨ। ਦੋ-ਚਾਰ ਬੱਚੇ ਸਿੱਖਣ ਲਈ ਆਉਂਦੇ ਸਨ। ਉਹ ਬੱਚਿਆਂ ਨੂੰ ਬਹੁਤ ਲਗਨ ਨਾਲ ਸਿਖਾਉਂਦੇ ਸੀ। ਅਸੀਂ ਸਾਰੇ ਇਹੀ ਜਾਣਦੇ ਸੀ।"

ਰਾਧਿਕਾ ਦਾ ਟੈਨਿਸ ਕਰੀਅਰ

ਇੰਟਰਨੈਸ਼ਨਲ ਟੈਨਿਸ ਫੈਡਰੇਸ਼ਨ (ਆਈਟੀਐਫ) ਦੀ ਵੈੱਬਸਾਈਟ ਅਨੁਸਾਰ, ਰਾਧਿਕਾ ਨੇ ਆਈਟੀਐਫ ਦੇ ਤਹਿਤ 36 ਸਿੰਗਲਜ਼ ਅਤੇ ਸੱਤ ਡਬਲ ਮੈਚ ਖੇਡੇ।

ਉਨ੍ਹਾਂ ਨੇ ਮਾਰਚ 2024 ਵਿੱਚ ਆਪਣਾ ਆਖਰੀ ਸਿੰਗਲ ਮੈਚ ਖੇਡਿਆ ਸੀ। ਇਸ ਦੇ ਨਾਲ ਹੀ, ਉਨ੍ਹਾਂ ਨੇ ਜੂਨ 2023 ਵਿੱਚ ਆਪਣਾ ਆਖਰੀ ਡਬਲ ਮੈਚ ਖੇਡਿਆ। ਇਸ ਤੋਂ ਬਾਅਦ, ਮੋਢੇ ਦੀ ਸੱਟ ਤੋਂ ਬਾਅਦ ਉਨ੍ਹਾਂ ਨੇ ਗੁਰੂਗ੍ਰਾਮ ਵਿੱਚ ਆਪਣੀ ਟੈਨਿਸ ਅਕੈਡਮੀ ਸ਼ੁਰੂ ਕੀਤੀ।

ਉਨ੍ਹਾਂ ਨੇ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਟੂਰਨਾਮੈਂਟਾਂ ਵਿੱਚ ਹਿੱਸਾ ਲਿਆ। ਸਾਲ 2024 ਵਿੱਚ ਉਨ੍ਹਾਂ ਨੇ ਆਪਣੇ ਕਰੀਅਰ ਦੀ ਸਭ ਤੋਂ ਵਧੀਆ ਆਈਟੀਐਫ ਡਬਲਜ਼ ਰੈਂਕਿੰਗ 113 ਪ੍ਰਾਪਤ ਕੀਤੀ ਸੀ।

ਰਾਧਿਕਾ ਦੀ ਮੌਤ ਤੋਂ ਬਾਅਦ, ਬਹੁਤ ਸਾਰੇ ਖਿਡਾਰੀਆਂ ਨੇ ਸੋਸ਼ਲ ਮੀਡੀਆ 'ਤੇ ਸੋਗ ਪ੍ਰਗਟਾਇਆ।

ਰਾਸ਼ਟਰੀ ਟੈਨਿਸ ਖਿਡਾਰਨ ਸੌਜਨਿਆ ਬਾਵੀਸੇਟੀ ਨੇ ਲਿਖਿਆ, "ਇਹ ਦਿਲ ਤੋੜਨ ਵਾਲਾ ਹੈ। ਇੱਕ ਵਾਰ ਇੱਕ ਟੂਰਨਾਮੈਂਟ ਵਿੱਚ ਮੇਰੀ ਉਨ੍ਹਾਂ ਨਾਲ ਮੁਲਾਕਾਤ ਹੋਈ ਸੀ। ਉਨ੍ਹਾਂ ਦੀ ਮੁਸਕਰਾਹਟ ਬਹੁਤ ਪਿਆਰੀ ਸੀ। ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ ਉਨ੍ਹਾਂ ਦੇ ਪਿਤਾ ਨੇ ਇੰਨਾ ਭਿਆਨਕ ਅਪਰਾਧ ਕੀਤਾ। ਇੱਕ ਬੇਵਕੂਫੀ ਭਰੀ ਸੋਚ ਕਿ 'ਲੋਕ ਕੀ ਕਹਿਣਗੇ?' ਦੇ ਕਾਰਨ ਉਨ੍ਹਾਂ ਨੇ ਆਪਣੀ ਜਾਨ ਗੁਆ ਦਿੱਤੀ।"

ਟੈਨਿਸ ਖਿਡਾਰਨ ਸ਼ਰਮਦਾ ਬਾਲੂ ਨੇ ਲਿਖਿਆ, "ਇਹ ਖ਼ਬਰ ਦਿਲ ਤੋੜਨ ਵਾਲੀ ਅਤੇ ਬਹੁਤ ਪਰੇਸ਼ਾਨ ਕਰਨ ਵਾਲੀ ਹੈ।"

ਪੁਲਿਸ ਨੇ ਕੀ ਕਿਹਾ?

ਗੁਰੂਗ੍ਰਾਮ ਪੁਲਿਸ ਦੇ ਬੁਲਾਰੇ ਸੰਦੀਪ ਕੁਮਾਰ ਦੇ ਅਨੁਸਾਰ, "ਦੀਪਕ ਯਾਦਵ ਇਮਾਰਤਾਂ ਕਿਰਾਏ 'ਤੇ ਦਿੰਦੇ ਹਨ। ਉਹ ਆਪਣੀ ਧੀ ਦੀ ਅਕੈਡਮੀ ਤੋਂ ਖੁਸ਼ ਨਹੀਂ ਸਨ। ਉਨ੍ਹਾਂ ਨੂੰ ਲੱਗਦਾ ਸੀ ਕਿ ਉਨ੍ਹਾਂ ਦੀ ਵਿੱਤੀ ਹਾਲਤ ਚੰਗੀ ਸੀ ਇਸ ਲਈ ਉਨ੍ਹਾਂ ਦੀ ਧੀ ਨੂੰ ਕੰਮ ਕਰਨ ਦੀ ਜ਼ਰੂਰਤ ਨਹੀਂ ਹੈ। ਉਨ੍ਹਾਂ ਨੇ ਆਪਣੀ ਧੀ ਨੂੰ ਅਕੈਡਮੀ ਬੰਦ ਕਰਨ ਲਈ ਕਿਹਾ ਸੀ।"

ਸੰਦੀਪ ਕੁਮਾਰ ਕਹਿੰਦੇ ਹਨ, "ਰਾਧਿਕਾ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ, ਦੋਵਾਂ ਵਿਚਕਾਰ ਬਹੁਤ ਬਹਿਸ ਹੋਈ ਅਤੇ ਦੀਪਕ ਯਾਦਵ ਨੇ ਆਪਣੀ ਲਾਇਸੈਂਸ ਵਾਲੀ ਬੰਦੂਕ ਨਾਲ ਰਾਧਿਕਾ ਦਾ ਕਤਲ ਕਰ ਦਿੱਤਾ। ਅਸੀਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਹਥਿਆਰ ਵੀ ਜ਼ਬਤ ਕਰ ਲਿਆ ਹੈ।"

ਕੀ ਇੱਕ ਮਿਊਜ਼ਿਕ ਵੀਡੀਓ ਕਾਰਨ ਸੀ?

ਰਾਧਿਕਾ ਯਾਦਵ ਦੇ ਕਤਲ ਤੋਂ ਬਾਅਦ, ਅਜਿਹੀਆਂ ਅਫਵਾਹਾਂ ਫੈਲ ਗਈਆਂ ਕਿ ਇੱਕ ਸਾਲ ਪਹਿਲਾਂ ਇੰਸਟਾਗ੍ਰਾਮ 'ਤੇ ਪੋਸਟ ਕੀਤੀ ਗਈ ਇੱਕ ਰੀਲ ਜਾਂ ਇੱਕ ਮਿਊਜ਼ਿਕ ਵੀਡੀਓ ਉਨ੍ਹਾਂ ਦੀ ਹੱਤਿਆ ਦਾ ਕਾਰਨ ਹੋ ਸਕਦਾ ਹੈ।

ਪੁਲਿਸ ਨੇ ਇਸ ਤੋਂ ਇਨਕਾਰ ਕੀਤਾ ਹੈ।

ਸੰਦੀਪ ਕੁਮਾਰ ਕਹਿੰਦੇ ਹਨ, "ਹੁਣ ਤੱਕ ਸਾਡੀ ਜਾਂਚ ਵਿੱਚ, ਕਤਲ ਅਤੇ ਉਸ ਮਿਊਜ਼ਿਕ ਵੀਡੀਓ ਵਿਚਕਾਰ ਕੋਈ ਸਬੰਧ ਨਹੀਂ ਮਿਲਿਆ ਹੈ। ਇਹ ਸਿਰਫ਼ ਅਫਵਾਹਾਂ ਹਨ।"

ਮੀਡੀਆ ਇਸ ਮਾਮਲੇ ਨੂੰ ਵੱਖਰਾ ਐਂਗਲ ਨਾ ਦੇਵੇ - ਇਨਾਮ ਉਲ-ਹੱਕ

ਰਾਧਿਕਾ ਯਾਦਵ ਕਤਲ ਕੇਸ ਵਿੱਚ ਜਿਸ ਮਿਊਜ਼ਿਕ ਵੀਡੀਓ ਬਾਰੇ ਗੱਲ ਕੀਤੀ ਜਾ ਰਹੀ ਹੈ, ਉਹ ਅਸਲ ਵਿੱਚ ਇੱਕ ਸਾਲ ਪੁਰਾਣਾ ਵੀਡੀਓ ਹੈ।

ਇਨਾਮ ਉਲ ਹੱਕ ਨੇ ਉਸ ਵੀਡੀਓ ਵਿੱਚ ਕੰਮ ਕੀਤਾ ਸੀ। ਉਹ ਫਿਲਹਾਲ ਦੁਬਈ ਵਿੱਚ ਹਨ।

ਬੀਬੀਸੀ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ, "ਸਾਡੇ ਗਾਣੇ ਦੀ ਸ਼ੂਟਿੰਗ ਚਾਰ-ਪੰਜ ਘੰਟੇ ਚੱਲੀ ਸੀ। ਅਸੀਂ ਨੋਇਡਾ ਵਿੱਚ ਸ਼ੂਟਿੰਗ ਕੀਤੀ ਸੀ। ਸ਼ੂਟਿੰਗ ਦੌਰਾਨ ਰਾਧਿਕਾ ਦੀ ਮਾਂ ਸਾਡੇ ਨਾਲ ਸਨ। ਰਾਧਿਕਾ ਨੇ ਮੈਨੂੰ ਇਹ ਵੀ ਦੱਸਿਆ ਕਿ ਉਨ੍ਹਾਂ ਦੇ ਪਿਤਾ ਨੂੰ ਇਹ ਗਾਣਾ ਬਹੁਤ ਪਸੰਦ ਆਇਆ।"

ਇਨਾਮ ਉਲ ਹੱਕ ਦੱਸਦੇ ਹਨ, "ਉੱਥੇ ਬਹੁਤ ਸਾਰੇ ਲੋਕ ਮੌਜੂਦ ਸਨ। ਰਾਧਿਕਾ ਨਾਲ ਮੇਰਾ ਰਿਸ਼ਤਾ ਪੇਸ਼ੇਵਰ ਸੀ। ਜਦੋਂ ਮੈਂ ਪਹਿਲੀ ਵਾਰ ਉਨ੍ਹਾਂ (ਰਾਧਿਕਾ) ਨੂੰ ਦੇਖਿਆ ਸੀ, ਤਾਂ ਉਨ੍ਹਾਂ ਨੇ ਮੇਰੀ ਟੀਮ ਦੇ ਸਾਥੀਆਂ ਨੂੰ ਦੱਸਿਆ ਸੀ ਕਿ ਉਨ੍ਹਾਂ ਨੂੰ ਇਸ ਖੇਤਰ ਵਿੱਚ ਦਿਲਚਸਪੀ ਹੈ। ਉਹ ਇੱਕ ਅਦਾਕਾਰਾ ਬਣਨਾ ਚਾਹੁੰਦੇ ਸਨ।"

ਉਨ੍ਹਾਂ ਕਿਹਾ, "ਸ਼ੂਟਿੰਗ ਤੋਂ ਬਾਅਦ ਸਾਡੀ ਗੱਲ ਹੋਈ ਪਰ ਮੁਲਾਕਾਤ ਨਹੀਂ ਹੋਈ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਹੈਂਡਲਾਂ 'ਤੇ ਇਸ ਗਾਣੇ ਦਾ ਪ੍ਰਮੋਸ਼ਨ ਵੀ ਨਹੀਂ ਕੀਤਾ। ਸਾਡੇ ਬਹੁਤ ਸਾਰੇ ਦੋਸਤ ਹਨ ਜੋ ਆਪਣੇ ਸੋਸ਼ਲ ਮੀਡੀਆ ਅਕਾਊਂਟ ਐਕਟੀਵੇਟ ਅਤੇ ਡੀਐਕਟੀਵੇਟ ਕਰਦੇ ਰਹਿੰਦੇ ਹਨ। ਰਾਧਿਕਾ ਨੇ ਵੀ ਆਪਣਾ ਸੋਸ਼ਲ ਮੀਡੀਆ ਅਕਾਊਂਟ ਦੋ-ਤਿੰਨ ਵਾਰ ਡਿਲੀਟ ਕੀਤਾ ਸੀ।"

ਇਨਾਮ ਅੱਗੇ ਦੱਸਦੇ ਹਨ, "ਇਹ ਗਾਣਾ ਚੱਲਿਆ ਨਹੀਂ, ਇਸ ਲਈ ਮੈਂ ਸੋਚਿਆ ਕਿ ਇਸਨੂੰ ਸੋਸ਼ਲ ਮੀਡੀਆ ਤੋਂ ਹਟਾ ਦੇਵਾਂ। ਮੈਨੂੰ ਇਸ ਗਾਣੇ ਵਿੱਚ ਆਖਰੀ ਸਮੇਂ 'ਤੇ ਕਾਸਟ ਕੀਤਾ ਗਿਆ ਸੀ ਅਤੇ ਮੈਨੂੰ ਇਸ ਗਾਣੇ ਵਿੱਚ ਆਪਣਾ ਲੁੱਕ ਪਸੰਦ ਨਹੀਂ ਆਇਆ। ਜੇਕਰ ਇਹ ਹਾਦਸਾ ਨਾ ਹੋਇਆ ਹੁੰਦਾ, ਤਾਂ ਮੈਂ ਇਸ ਗਾਣੇ ਨੂੰ ਹਟਾ ਦਿੰਦਾ। ਇਸਨੂੰ ਅਜੇ ਹਟਾਉਣਾ ਸਹੀ ਨਹੀਂ ਰਹੇਗਾ।"

ਇਨਾਮ ਉਲ ਹੱਕ ਨੇ ਬੀਬੀਸੀ ਨੂੰ ਦੱਸਿਆ, "ਮੈਨੂੰ ਗੁਰੂਗ੍ਰਾਮ ਪੁਲਿਸ ਤੋਂ ਕੋਈ ਫੋਨ ਨਹੀਂ ਆਇਆ। ਜੇਕਰ ਮੈਨੂੰ ਫੋਨ ਆਉਂਦਾ ਹੈ, ਤਾਂ ਮੈਂ ਉਨ੍ਹਾਂ ਨੂੰ ਸਭ ਕੁਝ ਦੱਸਾਂਗਾ। ਇੱਕ ਇਨਸਾਨ ਹੋਣ ਦੇ ਨਾਤੇ, ਮੈਂ ਰਾਧਿਕਾ ਦੀ ਮੌਤ ਤੋਂ ਦੁਖੀ ਹਾਂ। ਮੈਂ ਇਸ ਇੰਟਰਵਿਊ ਵਿੱਚ ਜੋ ਕਿਹਾ ਹੈ, ਉਹ ਮੇਰਾ ਸੱਚ ਹੈ। ਮੈਂ ਬੇਨਤੀ ਕਰਦੀ ਹਾਂ ਕਿ ਇਸ ਨੂੰ ਕੋਈ ਵੀ ਐਂਗਲ ਨਾ ਦਿੱਤਾ ਜਾਵੇ। ਅਸੀਂ ਕਿਸੇ ਦੇ ਧਰਮ ਨੂੰ ਦੇਖ ਕੇ ਕੰਮ ਨਹੀਂ ਕਰਦੇ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)