ਕੀ ਅੱਤ ਦੀ ਗਰਮੀ ਲੋਕਾਂ ਨੂੰ ਜਲਦੀ ਬੁੱਢਾ ਬਣਾ ਰਹੀ ਹੈ, ਜਾਣੋ ਇਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ

    • ਲੇਖਕ, ਐਂਜੇਲਾ ਹੈਨਸ਼ਾਲ
    • ਰੋਲ, ਬੀਬੀਸੀ ਵਰਲਡ ਸਰਵਿਸ

ਸੁਲੇਮਾਨ ਹਮੂਦਾਨ ਇੱਕ ਬਹੁਤ ਜ਼ਿਆਦਾ ਗਰਮ ਸ਼ਹਿਰ ਵਿੱਚ ਰਹਿਣ ਦੇ ਆਦੀ ਹੋ ਗਏ ਹਨ।

ਉਹ ਸੰਯੁਕਤ ਅਰਬ ਅਮੀਰਾਤ ਦੇ ਦੁਬਈ ਵਿੱਚ ਆਈਟੀ ਸੇਲਜ਼ ਵਿੱਚ ਕੰਮ ਕਰਦੇ ਹਨ, ਜਿੱਥੇ ਜੂਨ ਤੋਂ ਸਤੰਬਰ ਤੱਕ ਤਾਪਮਾਨ ਨਿਯਮਿਤ ਤੌਰ 'ਤੇ 45 ਸੈਲਸੀਅਸ (113 ਫਾਰਨਹਾਈਟ) ਤੋਂ ਵੀ ਉੱਪਰ ਚਲਾ ਜਾਂਦਾ ਹੈ।

ਉਹ ਕਹਿੰਦੇ ਹਨ, "ਜੇਕਰ ਤੁਸੀਂ ਦਿਨ ਵੇਲੇ ਬਾਹਰ ਜਾਓ ਤਾਂ ਅਜਿਹਾ ਲੱਗਦਾ ਹੈ ਜਿਵੇਂ ਤੁਸੀਂ ਮਾਰੂਥਲ ਵਿੱਚ ਹੋ। ਗਰਮੀ ਅਤੇ ਹੁਮਸ ਤੁਹਾਨੂੰ ਵਾਕਈ ਪਰੇਸ਼ਾਨ ਕਰ ਸਕਦੀ ਹੈ।''

"ਮੈਂ ਜ਼ਿਆਦਾਤਰ ਘਰੋਂ ਕੰਮ ਕਰਦਾ ਹਾਂ। ਜੇ ਮੈਂ ਬਾਹਰ ਵੀ ਜਾਂਦਾ ਹਾਂ ਤਾਂ ਸ਼ਾਮ 7 ਵਜੇ ਦੇ ਕਰੀਬ ਜਾਂਦਾ ਹਾਂ, ਜਦੋਂ ਸੂਰਜ ਡੁੱਬ ਜਾਂਦਾ ਹੈ, ਹਾਲਾਂਕਿ ਉਸ ਵੇਲੇ ਵੀ ਬਹੁਤ ਗਰਮੀ ਹੁੰਦੀ ਹੈ ਪਰ ਅਸਹਿਣਯੋਗ ਨਹੀਂ ਹੁੰਦੀ।"

ਸੁਲੇਮਾਨ ਕਹਿੰਦੇ ਹਨ ਕਿ ਗਰਮੀਆਂ ਦੌਰਾਨ ਬਹੁਤ ਘੱਟ ਲੋਕ ਸੜਕਾਂ 'ਤੇ ਹੁੰਦੇ ਹਨ ਜਾਂ ਪੈਦਲ ਤੁਰਦੇ ਹਨ, "ਇਸ ਲਈ ਜੇ ਕੰਮ 'ਤੇ ਜਾਣਾ ਪਵੇ ਤਾਂ ਮੈਂ ਘਰੋਂ ਕਾਰ 'ਚ ਬੈਠਦਾ ਹਾਂ ਤੇ ਫਿਰ ਦਫਤਰ ਜਾਂਦਾ ਹਾਂ।''

ਉਹ ਕਹਿੰਦੇ ਹਨ "ਹਰ ਥਾਂ ਏਅਰ ਕੰਡੀਸ਼ਨਿੰਗ ਹੈ, ਖਾਸ ਕਰਕੇ ਮਾਲ ਜਿੱਥੇ ਲੋਕ ਦਿਨ ਦੇ ਜ਼ਿਆਦਾਤਰ ਸਮੇਂ ਲਈ ਰਹਿਣਾ ਪਸੰਦ ਕਰਦੇ ਹਨ। ਮਾਲ ਤੁਹਾਡਾ ਦੂਜਾ ਘਰ ਹੈ!"

ਸਾਡੇ ਵਿੱਚੋਂ ਬਹੁਤਿਆਂ ਵਾਂਗ, ਸੁਲੇਮਾਨ ਆਪਣੀ ਆਧੁਨਿਕ ਰੋਜ਼ਾਨਾ ਜ਼ਿੰਦਗੀ ਨੂੰ ਅਜਿਹੇ ਤਾਪਮਾਨਾਂ ਦੇ ਅਨੁਸਾਰ ਢਾਲ ਰਹੇ ਹਨ ਜਿਨ੍ਹਾਂ ਬਾਰੇ ਪਹਿਲਾਂ ਕਦੇ ਸੋਚਿਆ ਵੀ ਨਹੀਂ ਸੀ।

ਵਿਗਿਆਨੀ ਇਸ ਗੱਲ ਦੀ ਖੋਜ ਕਰ ਰਹੇ ਹਨ ਕਿ ਜੇਕਰ ਤੁਹਾਡੇ ਸਰੀਰ ਨੂੰ ਇਸ ਤਰ੍ਹਾਂ ਦੀ ਗਰਮੀ ਵਾਰ-ਵਾਰ ਸਹਿਣੀ ਪੈਂਦੀ ਹੈ ਤਾਂ ਸਰੀਰ ਅੰਦਰ ਕੀ ਹੁੰਦਾ ਹੈ।

ਦੱਖਣੀ ਕੈਲੀਫੋਰਨੀਆ ਯੂਨੀਵਰਸਿਟੀ ਦੇ ਇੱਕ ਅਧਿਐਨ ਨੇ ਵਿਸ਼ਲੇਸ਼ਣ ਕੀਤਾ ਹੈ ਕਿ ਅਮਰੀਕਾ ਦੇ ਕਈ ਸੂਬਿਆਂ ਅਤੇ ਮੌਸਮਾਂ ਵਿੱਚ ਰਹਿਣ ਵਾਲੇ ਕਈ ਹਜ਼ਾਰ ਅਮਰੀਕੀਆਂ ਨਾਲ ਓਦੋਂ ਕੀ ਹੋਇਆ, ਜਦੋਂ ਰੋਜ਼ਾਨਾ ਤਾਪਮਾਨ 32 ਡਿਗਰੀ ਸੈਲਸੀਅਸ (90 ਫਾਰਨਹਾਈਟ) ਤੋਂ ਵਧ ਗਿਆ।

ਖੂਨ ਦੇ ਟੈਸਟਾਂ ਦੀ ਮਦਦ ਨਾਲ ਟੀਮ ਨੇ 3600 ਭਾਗੀਦਾਰਾਂ ਦੀ ਏਪੀਡੋਮੀਲਾਜਿਕਲ ਏਜ (ਜੋ ਕਿਸੇ ਭਾਈਚਾਰੇ ਵਿੱਚ ਰੋਗਾਂ ਦੇ ਕਾਰਨਾਂ ਅਤੇ ਹੋਣ ਦੇ ਜੋਖਮ ਆਦਿ ਬਾਰੇ ਦੱਸਦਾ ਹੈ) ਨੂੰ ਉਨ੍ਹਾਂ ਦੀ ਅਸਲ ਉਮਰ ਦੇ ਮੁਕਾਬਲੇ ਮਾਪਿਆ ਅਤੇ ਇਸਦੀ ਤੁਲਨਾ ਹੀਟ ਇੰਡੈਕਸ ਡੇਟਾ ਨਾਲ ਕੀਤੀ।

ਅਧਿਐਨ ਦੇ ਲੇਖਕ, ਪੋਸਟ-ਡਾਕਟੋਰਲ ਐਸੋਸੀਏਟ ਯੂਨਯੋਂਗ ਚੋਈ ਨੇ ਕਿਹਾ ਕਿ ਉਨ੍ਹਾਂ ਦੇ ਸਰੀਰ 'ਤੇ ਟੋਲ ਹੈਰਾਨ ਕਰਨ ਵਾਲੇ ਸਨ - ਉੱਚ ਤਾਪਮਾਨਾਂ ਦੇ ਸੰਪਰਕ ਵਿੱਚ ਆਉਣ ਵਾਲੇ ਲੋਕ ਤੇਜ਼ੀ ਨਾਲ ਬੁੱਢੇ ਹੋ ਰਹੇ ਸਨ।

ਕੀ ਤੁਹਾਡੇ ਸਰੀਰ 'ਤੇ ਕੋਈ ਸਥਾਈ ਪ੍ਰਭਾਵ ਹੈ?

ਵਿਗਿਆਨੀ ਪਹਿਲਾਂ ਹੀ ਜਾਣਦੇ ਹਨ ਕਿ ਗਰਮੀ ਬੋਧਾਤਮਕ ਕਾਰਜ, ਦਿਲ ਦੀ ਸਿਹਤ, ਅਤੇ ਗੁਰਦਿਆਂ ਦੇ ਚੰਗੀ ਤਰ੍ਹਾਂ ਕੰਮ ਕਰਨ 'ਤੇ ਪ੍ਰਭਾਵ ਪਾ ਸਕਦੀ ਹੈ।

ਹਾਲਾਂਕਿ, ਯੂਐਸਸੀ ਡੇਟਾ ਦਰਸਾਉਂਦਾ ਹੈ ਕਿ ਉੱਚ ਤਾਪਮਾਨਾਂ ਦਾ ਨਿਯਮਤ ਸੰਪਰਕ ਤੁਹਾਡੇ ਡੀਐਨਏ ਨੂੰ ਰਸਾਇਣਕ ਤੌਰ 'ਤੇ ਬਦਲ ਰਿਹਾ ਹੈ, ਇੱਕ ਪ੍ਰਕਿਰਿਆ ਜਿਸਨੂੰ ਮਿਥਾਈਲੇਸ਼ਨ ਕਿਹਾ ਜਾਂਦਾ ਹੈ।

ਦਿ ਹੀਟ ਵਿਲ ਕਿਲ ਯੂ ਫਸਟ - ਲਾਈਫ ਐਂਡ ਡੈਥ ਔਨ ਏ ਸਕੋਰਚਡ ਪਲੈਨੇਟ ਦੇ ਲੇਖਕ ਜੈਫ ਗੁਡੇਲ ਨੇ ਕਿਹਾ ਹੈ ਕਿ "ਜਿਵੇਂ-ਜਿਵੇਂ ਸਾਡੇ ਸਰੀਰ ਦਾ ਤਾਪਮਾਨ ਵਧਦਾ ਹੈ, ਅਸਲ ਲਿਪਿਡ - ਇਹ ਉਹ ਚਰਬੀ ਹੈ ਜੋ ਸੈੱਲਾਂ ਨੂੰ ਘੇਰਦੀ ਹੈ - ਉਸੇ ਵੇਲੇ ਵਿੱਚ ਡੀ-ਨੇਚਰ ਹੋਣਾ ਸ਼ੁਰੂ ਕਰ ਦਿੰਦੇ ਹਨ, ਇਸ ਲਈ ਇਹ ਸੁਲਝਦਾ ਹੈ।"

"ਸੈੱਲਾਂ ਦੀ ਬਣਤਰ ਵੱਖ ਹੋ ਜਾਂਦੀ ਹੈ, ਜਿਵੇਂ ਜਦੋਂ ਤੁਸੀਂ ਇੱਕ ਅੰਡੇ ਨੂੰ ਪਕਾਉਂਦੇ ਹੋ ਤਾਂ ਇਹੀ ਹੁੰਦਾ ਹੈ! ਅੰਡੇ ਦੀ ਝਿੱਲੀ ਡੀਨੇਚਰ ਹੋ ਜਾਂਦੀ ਹੈ।"

ਐਪੀਜੇਨੇਟਿਕ ਏਜਿੰਗ ਕੀ ਹੈ?

ਤਾਂ ਅਸੀਂ ਆਪਣੇ ਸੈੱਲਾਂ ਨੂੰ ਕਿੰਨੀ ਤੇਜ਼ੀ ਨਾਲ ਪਕਾ ਰਹੇ ਹਾਂ?

ਅਸੀਂ ਸਾਰੇ ਜਾਣਦੇ ਹਾਂ ਕਿ ਕੁਝ ਲੋਕ ਦੂਜਿਆਂ ਦੇ ਮੁਕਾਬਲੇ ਤੇਜ਼ੀ ਨਾਲ ਬੁੱਢੇ ਹੁੰਦੇ ਜਾਪਦੇ ਹਨ ਅਤੇ ਯੂਐਸਸੀ ਤੋਂ ਡਾਕਟਰ ਚੋਈ ਕਹਿੰਦੇ ਹਨ, ਸੌਖੇ ਸ਼ਬਦਾਂ ਵਿੱਚ, ਐਪੀਜੇਨੇਟਿਕ ਏਜਿੰਗ ਕਈ ਤਰੀਕਿਆਂ ਵਿੱਚੋਂ ਇੱਕ ਹੈ ਜਿਸ ਨਾਲ ਡਾਕਟਰ ਕਿਸੇ ਦੀ ਜੈਵਿਕ ਉਮਰ (ਬਾਇਓਲਾਜਿਕਲ ਏਜਿੰਗ) ਨੂੰ ਮਾਪ ਸਕਦੇ ਹਨ।

ਇਹ ਦਰਸਾਉਂਦਾ ਹੈ ਕਿ ਸਾਡਾ ਸਰੀਰ ਸੈਲੂਲਰ ਪੱਧਰ 'ਤੇ ਕਿੰਨੀ ਚੰਗੀ ਤਰ੍ਹਾਂ ਕੰਮ ਕਰ ਰਿਹਾ ਹੈ।

ਡਾਕਟਰ ਚੋਈ ਕਹਿੰਦੇ ਹਨ, "ਡੀਐਨਏ ਜਨਮ ਸਮੇਂ ਤੈਅ ਹੋ ਜਾਂਦਾ ਹੈ, ਅਸੀਂ ਇਸਨੂੰ ਕਦੇ ਨਹੀਂ ਬਦਲਦੇ, ਪਰ ਮਿਥਾਈਲੇਸ਼ਨ ਜੀਨਾਂ ਲਈ ਇੱਕ ਲਾਈਟ ਸਵਿੱਚ ਵਾਂਗ ਅਤੇ ਜੀਨ ਪ੍ਰਗਟਾਵੇ ਲਈ ਇੱਕ ਨਿਯੰਤਰਣ ਵਾਂਗ ਹੈ।''

ਡੀਐਨਏ ਮਿਥਾਈਲੇਸ਼ਨ (ਡੀਐਨਏਐਮ) ਵਿੱਚ ਇਨ੍ਹਾਂ ਤਬਦੀਲੀਆਂ ਦੀ ਜਾਂਚ ਕਰਨ ਲਈ ਖੂਨ ਦੀਆਂ ਜਾਂਚਾਂ ਕੀਤੀਆਂ ਜਾਂਦੀਆਂ ਹਨ।

ਡਾਕਟਰ ਚੋਈ ਕਹਿੰਦੇ ਹਨ, "ਤੁਸੀਂ ਡੀਐਨਏ ਨੂੰ ਸਾਡੇ ਬਲੂਪ੍ਰਿੰਟ ਵਜੋਂ ਸਮਝ ਸਕਦੇ ਹੋ ਜਦੋਂ ਕਿ ਮਿਥਾਈਲੇਸ਼ਨ ਸਵਿੱਚ ਬੋਰਡ ਹੈ ਜੋ ਕਿਰਿਆਸ਼ੀਲ ਹੁੰਦਾ ਹੈ ਜਾਂ ਨਹੀਂ ਹੁੰਦਾ।"

"ਇਸ ਪ੍ਰਕਿਰਿਆ ਨੂੰ ਸਮਝਣ ਵਿੱਚ ਮਹੱਤਵਪੂਰਨ ਗੱਲ ਇਹ ਹੈ ਕਿ ਅਸੀਂ ਵਾਤਾਵਰਣ ਕਾਰਨ ਹੋਣ ਵਾਲੇ ਕਿ ਤਣਾਅ, ਹਵਾ ਪ੍ਰਦੂਸ਼ਣ ਆਦਿ ਨੂੰ ਜਾਣਦੇ ਹਾਂ... ਅਤੇ ਹੁਣ ਗਰਮੀ ਵੀ ਉਨ੍ਹਾਂ ਸਵਿੱਚਾਂ ਨੂੰ ਛੇੜ ਸਕਦੀ ਹੈ।"

ਡਾਕਟਰ ਚੋਈ ਕਹਿੰਦੇ ਹਨ ਕਿ ਉਨ੍ਹਾਂ ਦੇ ਨਤੀਜੇ ਦਰਸਾਉਂਦੇ ਹਨ ਕਿ ਲੰਬੇ ਸਮੇਂ ਤੱਕ ਗਰਮੀ ਦੇ ਸੰਪਰਕ ਦਾ ਸਾਡੇ ਸਰੀਰਾਂ 'ਤੇ ਓਨਾ ਹੀ ਵੱਡਾ ਪ੍ਰਭਾਵ ਪੈਂਦਾ ਹੈ ਜਿੰਨਾ ਜੀਵਨ ਸ਼ੈਲੀ ਵਿੱਚ ਵੱਡੀਆਂ ਤਬਦੀਲੀਆਂ ਦਾ।

"ਇਸ ਦੀ ਤੁਲਣਾ ਸਿਗਰਟਨੋਸ਼ੀ ਅਤੇ ਜ਼ਿਆਦਾ ਸ਼ਰਾਬ ਪੀਣ ਦੇ ਪ੍ਰਭਾਵਾਂ ਨਾਲ ਕੀਤੀ ਜਾ ਸਕਦੀ ਹੈ, ਜੋ ਕਿ ਪਹਿਲਾਂ ਤੋਂ ਪ੍ਰਮਾਣਿਤ ਹਨ।"

ਹਾਲਾਂਕਿ ਬੁਢਾਪੇ ਦੀ ਇਹ ਤੇਜ਼ੀ ਛੋਟੀ ਜਾਪੁ ਸਕਦੀ ਹੈ - ਕੁਝ ਮਹੀਨੇ ਇੱਧਰ-ਉੱਧਰ - ਇਹ ਸਮਝਣਾ ਮਹੱਤਵਪੂਰਨ ਹੈ ਕਿ ਇਹ ਸਮੇਂ ਦੇ ਨਾਲ ਕਿਵੇਂ ਵਧਦਾ ਹੈ। ਸਾਲ-ਦਰ-ਸਾਲ ਜੈਵਿਕ ਉਮਰ ਵਿੱਚ ਥੋੜ੍ਹਾ ਜਿਹਾ ਵਾਧਾ ਵੀ ਕਈ ਸਾਲਾਂ ਤੱਕ ਤੇਜ਼ੀ ਨਾਲ ਵਧਦੀ ਉਮਰ ਦਾ ਕਾਰਨ ਬਣ ਸਕਦਾ ਹੈ।

ਇਸਦਾ ਮਤਲਬ ਇਹ ਹੋ ਸਕਦਾ ਹੈ ਕਿ ਤੁਹਾਨੂੰ ਸ਼ੂਗਰ, ਡਿਮੇਂਸ਼ੀਆ ਅਤੇ ਦਿਲ ਦੀ ਬਿਮਾਰੀ ਵਰਗੀਆਂ ਉਹ ਦਿੱਕਤਾਂ ਜੋ ਵਧਦੀ ਉਮਰ ਦੇ ਨਾਲ ਆਉਂਦੀਆਂ ਹਨ, ਸਮੇਂ ਤੋਂ ਪਹਿਲਾਂ ਹੀ ਪੇਸ਼ ਆ ਸਕਦੀਆਂ ਹਨ।

ਪਰ ਡਾਕਟਰ ਚੋਈ ਕਹਿੰਦੇ ਹਨ ਕਿ ਇਹ ਖੋਜ ਹੁਣ ਇੱਕ ਮੌਕਾ ਪੇਸ਼ ਕਰ ਰਹੀ ਹੈ ਕਿ "ਅਸੀਂ [ਇਸ] ਨੂੰ ਇੱਕ ਭਵਿੱਖਬਾਣੀ ਵਜੋਂ ਦੇਖਦੇ ਹਾਂ, ਜੋ [ਡਾਕਟਰਾਂ] ਲਈ ਉਹ 'ਸੁਨਹਿਰੀ ਸਮਾਂ' ਹੈ ਜਦੋਂ ਉਹ ਕਲੀਨਿਕਲ ਤੌਰ 'ਤੇ ਦਖਲ ਦੇ ਸਕਦੇ ਹਨ।"

ਚਿੱਟੇ ਵਾਲ ਅਤੇ ਝੁਰੜੀਆਂ

ਤਾਂ, ਕੀ ਗਰਮ ਤਾਪਮਾਨ ਵਾਲੀ ਜਗ੍ਹਾ 'ਤੇ ਰਹਿਣ ਨਾਲ ਤੁਹਾਡਾ ਰੰਗ-ਰੂਪ ਬਦਲ ਜਾਵੇਗਾ?

ਸੁਲੇਮਾਨ ਕਹਿੰਦੇ ਹਨ ਕਿ ਦੁਬਈ ਵਿੱਚ ਉਨ੍ਹਾਂ ਦਾ ਸਰੀਰ ਤੇਜ਼ੀ ਨਾਲ ਬੁੱਢਾ ਹੋ ਰਿਹਾ ਹੈ, ਉਨ੍ਹਾਂ ਦੇ ਚਿਹਰੇ 'ਤੇ ਹੋਰ ਝੁਰੜੀਆਂ ਅਤੇ ਰੇਖਾਵਾਂ ਦਿਖਾਈ ਦੇ ਰਹੀਆਂ ਹਨ।

ਉਨ੍ਹਾਂ ਕਿਹਾ, "ਪਿਛਲੀ ਗਰਮੀਆਂ ਵਿੱਚ ਮੈਨੂੰ ਡਾਕਟਰ ਕੋਲ ਜਾਣਾ ਪਿਆ ਕਿਉਂਕਿ ਮੈਨੂੰ ਬਹੁਤ ਜ਼ਿਆਦਾ ਧੁੱਪ ਲੱਗ ਗਈ ਸੀ। ਮੇਰੀ ਚਮੜੀ ਬਹੁਤ ਖਰਾਬ ਹੋ ਗਈ ਸੀ ਅਤੇ ਨਿਸ਼ਾਨ ਅਜੇ ਵੀ ਦਿਖਾਈ ਦੇ ਰਹੇ ਹਨ।"

ਉਹ ਅੱਗੇ ਕਹਿੰਦੇ ਹਨ ਕਿ ਉਨ੍ਹਾਂ ਨੂੰ ਸਨਸਕ੍ਰੀਨ ਬਾਰੇ ਬਹੁਤ ਰਿਸਰਚ ਕਰਨੀ ਪਈ, ਜਿਸ ਬਾਰੇ ਉਨ੍ਹਾਂ ਨੇ ਲੰਡਨ ਵਿੱਚ ਰਹਿੰਦੇ ਹੋਏ ਕਦੇ ਨਹੀਂ ਸੋਚਿਆ ਸੀ।

ਉਨ੍ਹਾਂ ਕਿਹਾ, "ਹੁਣ ਮੈਨੂੰ ਸਮਝ ਆਈ ਕਿ ਲੋਕ ਦਿਨ ਵੇਲੇ ਛਤਰੀਆਂ ਲੈ ਕੇ ਕਿਉਂ ਘੁੰਮਦੇ ਹਨ। ਜਦੋਂ ਤੁਸੀਂ ਘਰ ਪਹੁੰਚਦੇ ਹੋ ਤਾਂ ਤੁਹਾਨੂੰ ਆਪਣੀ ਚਮੜੀ 'ਤੇ ਲਗਾਤਾਰ ਸੂਰਜ ਦੇ ਪ੍ਰਭਾਵ ਦਾ ਅਹਿਸਾਸ ਹੁੰਦਾ ਹੈ।"

ਸੂਰਜ ਦੀਆਂ ਅਲਟਰਾਵਾਇਲਟ ਕਿਰਨਾਂ ਦੇ ਲਗਾਤਾਰ ਸੰਪਰਕ ਨਾਲ ਤੁਹਾਡੀ ਚਮੜੀ 'ਤੇ ਝੁਰੜੀਆਂ ਵਧਦੀਆਂ ਹਨ, ਜਿਸ ਨਾਲ ਤੁਸੀਂ ਬੁੱਢੇ ਦਿਖਾਈ ਦਿੰਦੇ ਹੋ।

ਹਾਲਾਂਕਿ, ਇਹ ਸਪਸ਼ਟ ਨਹੀਂ ਹੈ ਕਿ ਕੀ ਇਹ ਤੁਹਾਡੇ ਵਾਲਾਂ ਨੂੰ ਵੀ ਤੇਜ਼ੀ ਨਾਲ ਚਿੱਟਾ ਕਰਦੀ ਹੈ।

ਵਾਲਾਂ ਦਾ ਰੰਗ ਮੇਲਾਨੋਸਾਈਟਸ ਨਾਮਕ ਸੈੱਲਾਂ ਦੁਆਰਾ ਨਿਰਧਾਰਤ ਕੀਤਾ ਜਾਂਦਾ ਹੈ ਅਤੇ ਕੁਝ ਚਮੜੀ ਵਿਗਿਆਨੀ ਸੁਝਾਅ ਦਿੰਦੇ ਹਨ ਕਿ ਅਲਟਰਾਵਾਇਲਟ ਕਿਰਨਾਂ ਇਸ ਪ੍ਰਕਿਰਿਆ ਵਿੱਚ ਵੀ ਵਿਘਨ ਪਾਉਂਦੀਆਂ ਹਨ।

ਅਸੀਂ ਜਾਣਦੇ ਹਾਂ ਕਿ ਵਧੀ ਹੋਈ ਗਰਮੀ ਅਤੇ ਹੁਮਸ ਕਈ ਨਿਊਰੋਲਾਜਿਕਲ ਬਿਮਾਰੀਆਂ ਦੇ ਜੋਖਮ ਨੂੰ ਵਧਾਉਂਦੀ ਹੈ, ਜਿਵੇਂ - ਮਿਰਗੀ, ਸਟ੍ਰੋਕ, ਇਨਸੇਫਲਾਈਟਿਸ, ਮਲਟੀਪਲ ਸਕਲੇਰੋਸਿਸ ਅਤੇ ਮਾਈਗ੍ਰੇਨ ਆਦਿ। ਅਤੇ ਇਨ੍ਹਾਂ ਸਾਰੀਆਂ ਬਿਮਾਰੀਆਂ ਵਿੱਚ ਕਸਰਤ ਦੁਆਰਾ ਭਾਰ ਨੂੰ ਕੰਟਰੋਲ ਕਰਨਾ ਵਧੇਰੇ ਮੁਸ਼ਕਲ ਹੋ ਸਕਦਾ ਹੈ।

ਅੱਤ ਦੀ ਗਰਮੀ 'ਚ ਸਭ ਤੋਂ ਵੱਧ ਸੁਰੱਖਿਆ ਦੀ ਲੋੜ ਕਿਸਨੂੰ?

ਸਾਲ 2023 ਵਿੱਚ ਜਰਮਨੀ ਵਿੱਚ ਕੀਤੇ ਗਏ ਇੱਕ ਛੋਟੇ ਜਿਹੇ ਅਧਿਐਨ ਵਿੱਚ ਹਾਰਵਰਡ ਟੀ.ਐਚ.ਚੈਨ ਸਕੂਲ ਆਫ਼ ਪਬਲਿਕ ਹੈਲਥ ਵਿੱਚ ਇੱਕ ਵਾਤਾਵਰਣ ਸਿਹਤ ਖੋਜ ਫੈਲੋ, ਡਾਕਟਰ ਵੇਨਲੀ ਨੀ ਨੇ ਵੀ ਵਧੇਰੇ ਗਰਮ ਹਵਾਵਾਂ ਨੂੰ ਸੈੱਲਾਂ ਦੀ ਤੇਜ਼ੀ ਨਾਲ ਵਧਦੀ ਉਮਰ ਨਾਲ ਜੋੜਿਆ।

ਉਨ੍ਹਾਂ ਦੀ ਖੋਜ ਦਾ ਇੱਕ ਮੁੱਖ ਬਿੰਦੂ ਉਮਰ-ਸਬੰਧਤ ਬਿਮਾਰੀਆਂ ਦੇ ਸਬੰਧ ਵਿੱਚ ਡੀਐਨਏ ਮਿਥਾਈਲੇਸ਼ਨ ਪੈਟਰਨਾਂ ਦੀ ਵਿਆਖਿਆ ਕਰਨਾ ਵੀ ਸੀ।

ਉਹ ਕਹਿੰਦੇ ਹਨ, "ਇਸਨੇ ਦਿਖਾਇਆ ਕਿ ਸ਼ੂਗਰ ਅਤੇ ਮੋਟਾਪੇ ਵਾਲੇ ਲੋਕ ਬਹੁਤ ਤੇਜ਼ੀ ਨਾਲ ਉਮਰਦਰਾਜ਼ ਹੋ ਰਹੇ ਸਨ। ਅਸੀਂ ਲਗਾਤਾਰ ਪਾਇਆ ਕਿ ਸ਼ੂਗਰ ਦੇ ਮਰੀਜ਼ ਬਹੁਤ ਜ਼ਿਆਦਾ ਗਰਮੀ ਪ੍ਰਤੀ ਵਧੇਰੇ ਸੰਵੇਦਨਸ਼ੀਲ ਸਨ।"

ਡਾਕਟਰ ਵੇਨਲੀ ਨੀ ਕਹਿੰਦੇ ਹਨ ਕਿ ਜਦੋਂ ਖੂਨ ਦੀਆਂ ਜਾਂਚਾਂ ਸੈੱਲਾਂ ਵਿੱਚ ਤੇਜ਼ੀ ਨਾਲ ਬੁਢਾਪੇ ਦਾ ਸੰਕੇਤ ਦਿੰਦੀਆਂ ਹਨ, ਤਾਂ ਇਹ ਮੌਤ ਦਰ ਅਤੇ ਸ਼ੂਗਰ, ਦਿਲ ਦੀ ਬਿਮਾਰੀ, ਫੇਫੜਿਆਂ ਦੀ ਬਿਮਾਰੀ ਅਤੇ ਨਿਊਰੋਲੌਜੀਕਲ ਬਿਮਾਰੀਆਂ ਦੇ ਵਧੇ ਹੋਏ ਜੋਖਮ ਦਾ ਇੱਕ ਮਜ਼ਬੂਤ ਬਾਇਓਮਾਰਕਰ ਹੈ।

ਇਸ ਖੋਜ ਵਿੱਚ ਕੁਝ ਕਮੀਆਂ ਹਨ, ਪਰ ਫਿਰ ਵੀ ਹਾਲਾਂਕਿ ਐਪੀਜੇਨੇਟਿਕਸ ਤੇਜ਼ੀ ਨਾਲ ਆਉਂਦੇ ਬੁਢਾਪੇ ਨੂੰ ਸਮਝਣ ਵਿੱਚ ਮਦਦਗਾਰ ਹੈ। ਹਾਲਾਂਕਿ ਇਹ ਸਾਨੂੰ ਇਸ ਬਾਰੇ ਨਹੀਂ ਦੱਸਦਾ ਕਿ ਸਾਡੇ ਸਰੀਰ ਵਿੱਚ ਕਿਹੜੇ ਸਿਸਟਮ ਗਰਮੀ ਨਾਲ ਸਭ ਤੋਂ ਵੱਧ ਨੁਕਸਾਨੇ ਜਾਂਦੇ ਹਨ।

ਡਾਕਟਰ ਚੋਈ ਦੀ ਟੀਮ ਹੁਣ ਇਹ ਵਿਸ਼ਲੇਸ਼ਣ ਕਰਨ ਦੀ ਯੋਜਨਾ ਬਣਾ ਰਹੀ ਹੈ ਕਿ ਕੀ ਇਸ ਨਾਲ ਗੁਰਦੇ, ਦਿਮਾਗ ਜਾਂ ਦਿਲ ਦੀਆਂ ਪ੍ਰਣਾਲੀਆਂ ਸਭ ਤੋਂ ਵੱਧ ਪ੍ਰਭਾਵਿਤ ਹੁੰਦੀਆਂ ਹਨ।

'ਉਨ੍ਹਾਂ ਨੂੰ ਆਪਣੀ ਜ਼ਿੰਦਗੀ ਬਦਲਣੀ ਪਵੇਗੀ'

ਜੈਫ ਗੁਡੇਲ ਨੇ ਫੀਨਿਕਸ ਵਿੱਚ ਕੰਮ ਕਰਦੇ ਸਮੇਂ ਜਲਵਾਯੂ ਪਰਿਵਰਤਨ 'ਤੇ ਉਸ ਵੇਲੇ ਆਪਣੀ ਕਿਤਾਬ ਲਿਖਣ ਦਾ ਫੈਸਲਾ ਕੀਤਾ ਜਦੋਂ ਇੱਕ ਦਿਨ ਤਾਪਮਾਨ 46 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀ।

ਉਨ੍ਹਾਂ ਨੇ ਆਪਣੀ ਮੀਟਿੰਗ ਲਈ ਕਈ ਬਲਾਕ ਪੈਦਲ ਤੁਰਨਾ ਸ਼ੁਰੂ ਕਰ ਦਿੱਤਾ, ਪਰ ਭਿਆਨਕ ਲੂ ਕਾਰਨ ਰਸਤੇ ਵਿੱਚ ਹੀ ਡਿੱਗ ਪਏ।

ਗੁਡੇਲ ਇਹ ਸਮਝਣਾ ਚਾਹੁੰਦੇ ਸਨ ਕਿ ਕੀ ਇਹ ਸੰਭਵ ਹੈ ਕਿ ਇਸ ਤਰ੍ਹਾਂ ਦਾ ਇੱਕ ਅਨੁਭਵ ਮੈਟਾਬੋਲਿਜ਼ਮ ਨੂੰ ਬਦਲ ਸਕਦਾ ਹੈ।

ਚੂਹਿਆਂ 'ਤੇ ਹੋਏ ਇੱਕ ਹਾਲੀਆ ਅਧਿਐਨ ਵਿੱਚ ਦੇਖਿਆ ਗਿਆ ਹੈ ਕਿ ਅਤਿਅੰਤ ਗਰਮੀ ਦੇ ਸੰਪਰਕ ਨਾਲ ਉਸ ਚੂਹੇ ਦੇ ਮੈਟਾਬੋਲਿਜ਼ਮ 'ਤੇ ਸਥਾਈ ਪ੍ਰਭਾਵ ਪਿਆ।

ਦੇਸ਼ ਦੇ ਰਾਸ਼ਟਰੀ ਜਲਵਾਯੂ ਮੁਲਾਂਕਣ ਦੇ ਅਨੁਸਾਰ, ਜਿਵੇਂ-ਜਿਵੇਂ ਜਲਵਾਯੂ ਪਰਿਵਰਤਨ ਗਤੀ ਫੜ੍ਹਦਾ ਹੈ, ਸਦੀ ਦੇ ਮੱਧ ਤੱਕ ਅਮਰੀਕਾ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਅਤਿਅੰਤ ਗਰਮੀ ਦੇ ਦਿਨਾਂ ਦੀ ਗਿਣਤੀ ਸਾਲ ਵਿੱਚ 20 ਤੋਂ 30 ਦਿਨ ਤੱਕ ਵਧ ਸਕਦੀ ਹੈ।

ਅਮਰੀਕਾ ਦੇ ਦੱਖਣੀ ਸੂਬੇ ਪਹਿਲਾਂ ਹੀ ਲੰਬੇ ਗਰਮੀ ਦੇ ਮੌਸਮ ਝੱਲ ਰਹੇ ਹਨ ਅਤੇ ਇਹ ਗਰਮੀ ਹਰ ਸਾਲ ਸਮੇਂ ਤੋਂ ਪਹਿਲਾਂ ਆ ਰਹੀ ਹੈ।

ਗੁਡੇਲ ਕਹਿੰਦੇ ਹਨ, "ਟੈਕਸਾਸ ਵਰਗੀਆਂ ਥਾਵਾਂ 'ਤੇ ਲੋਕ ਹਰ ਸਮੇਂ [ਗਰਮੀ] ਬਾਰੇ ਸੋਚਦੇ ਹਨ।"

"ਉਹ ਪਿਛਲੀਆਂ ਦੋ ਗਰਮੀਆਂ ਤੋਂ ਜਾਣਦੇ ਹਨ ਕਿ ਉਨ੍ਹਾਂ ਨੂੰ ਆਪਣੇ ਜੀਵਨ ਵਿੱਚ ਬਦਲਾਅ ਲਿਆਉਣੇ ਪੈਣਗੇ ਅਤੇ ਆਪਣੇ ਕੰਮ ਕਰਨ ਅਤੇ ਘੁੰਮਣ-ਫਿਰਨ ਦੇ ਤਰੀਕੇ ਬਾਰੇ ਵੱਖਰੇ ਢੰਗ ਨਾਲ ਸੋਚਣਾ ਪਵੇਗਾ।"

ਗੁਡੇਲ ਕਹਿੰਦੇ ਹਨ, ਬਹੁਤ ਜ਼ਿਆਦਾ ਗਰਮੀ ਦੇ ਜੋਖਮਾਂ ਬਾਰੇ ਜਨਤਕ ਜਾਗਰੂਕਤਾ ਵਧਣ ਨਾਲ ਭਾਸ਼ਾ ਵਿੱਚ ਵੀ ਬਦਲਾਅ ਆਇਆ ਹੈ।

ਤੂਫਾਨਾਂ ਵਾਂਗ ਹੀ ਹੀਟਵੇਵ ਦੀ ਤੀਬਰਤਾ ਨੂੰ ਵੀ ਰੈਂਕ ਕਰਨ 'ਤੇ ਵਿਚਾਰ ਕੀਤਾ ਜਾ ਰਿਹਾ ਹੈ, ਹਾਲਾਂਕਿ ਨਮੀ ਦੇ ਮਾਪ ਦੀ ਵੀ ਲੋੜ ਹੋ ਸਕਦੀ ਹੈ।

ਉਹ ਕਹਿੰਦੇ ਹਨ, "ਟੀਵੀ ਖ਼ਬਰਾਂ ਸਾਨੂੰ ਹੀਟਵੇਵ ਵਿੱਚ ਬੀਚ ਵੱਲ ਜਾਣ ਵਾਲੀਆਂ ਕਾਰਾਂ ਦੀਆਂ ਲਾਈਨਾਂ ਦਿਖਾਉਂਦੀਆਂ ਸਨ।''

ਉਨ੍ਹਾਂ ਕਿਹਾ ਕਿ ਲੋਕ ਹੀਟਵੇਵ ਨੂੰ "ਇੱਕ ਖ਼ਤਰਨਾਕ ਸ਼ਕਤੀ" ਵਜੋਂ ਦੇਖਣ ਲੱਗੇ ਹਨ, ਜੋ ਉਨ੍ਹਾਂ ਲੋਕਾਂ ਲਈ ਵਧੇਰੇ ਖਤਰਨਾਕ ਹੈ ਜਿਨ੍ਹਾਂ ਨੂੰ ਬਾਹਰ ਕੰਮ ਕਰਨਾ ਪੈਂਦਾ ਹੈ ਅਤੇ ਜੋ ਬਿਨਾਂ-ਇੰਸੂਲੇਸ਼ਨ ਵਾਲਿਆਂ ਇਮਾਰਤਾਂ ਵਿੱਚ ਰਹਿੰਦੇ ਹਨ।''

ਗੁਡੇਲ ਲਈ, ਜਲਵਾਯੂ ਸੰਕਟ ਨੇ ਪਹਿਲਾਂ ਹੀ ਵੱਡਾ ਪਾੜ ਪਾ ਦਿੱਤਾ ਹੈ।

"ਅਸੀਂ ਇੱਕ ਦੋ-ਪੱਖੀ ਸੂਬੇ ਵਿੱਚ ਬਦਲ ਰਹੇ ਹਾਂ: ਠੰਡਾ ਅਤੇ ਭਖਦਾ ਹੋਇਆ।''

"ਇੱਕ ਪਾਸੇ ਪਾਣੀ, ਛਾਂ ਅਤੇ ਏਅਰ ਕੰਡੀਸ਼ਨਿੰਗ ਹੈ। ਦੂਜੇ ਪਾਸੇ ਪਸੀਨਾ, ਦੁੱਖ ਅਤੇ ਇੱਥੋਂ ਤੱਕ ਕਿ ਮੌਤ ਵੀ ਹੈ।"

ਉਨ੍ਹਾਂ ਦਾ ਮੰਨਣਾ ਹੈ ਕਿ ਹੁਣ ਸਾਰੇ ਟੈਕਸਾਸ ਵਾਸੀ ਗਰਮੀ ਬਾਰੇ ਸਭ ਤੋਂ ਮਹੱਤਵਪੂਰਨ ਗੱਲ ਜੋ ਜਾਣਦੇ ਹਨ, ਉਹ ਇਹ ਹੈ ਕਿ "ਇਹ ਇੱਕ ਹਿੰਸਕ ਸ਼ਕਤੀ ਹੈ ਅਤੇ ਪਹਿਲਾਂ ਕਮਜ਼ੋਰ ਲੋਕਾਂ 'ਤੇ ਹਮਲਾ ਕਰਦੀ ਹੈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)