ਕੈਨੇਡਾ, ਪਨਾਮਾ ਅਤੇ ਗ੍ਰੀਨਲੈਂਡ ਨੂੰ ਕਬਜ਼ੇ 'ਚ ਲੈਣ ਦੀਆਂ ਡੌਨਲਡ ਟਰੰਪ ਧਮਕੀਆਂ ਕਿਉਂ ਦੇ ਰਹੇ ਹਨ

ਅਮਰੀਕਾ ਦੇ ਨਵੇਂ-ਚੁਣੇ ਗਏ ਰਾਸ਼ਟਰਪਤੀ ਡੌਨਲਡ ਟਰੰਪ ਨੇ ਪਨਾਮਾ ਨਹਿਰ ਅਤੇ ਗ੍ਰੀਨਲੈਂਡ 'ਤੇ ਕਬਜ਼ਾ ਕਰਨ ਲਈ ਫ਼ੌਜੀ ਕਾਰਵਾਈ ਦੀ ਸੰਭਾਵਨਾ ਨੂੰ ਰੱਦ ਕਰ ਦਿੱਤਾ ਹੈ। ਪਰ ਉਨ੍ਹਾਂ ਦੇ ਪਨਾਮਾ ਨਹਿਰ ਅਤੇ ਗ੍ਰੀਨਲੈਂਡ ਨੂੰ ਕਬਜ਼ੇ ਹੇਠ ਕਰਨ ਦੇ ਬਿਆਨ ਨੇ ਵੱਡੀ ਗਿਣਤੀ ਲੋਕਾਂ ਨੂੰ ਫ਼ਿਕਰਮੰਦ ਕਰ ਦਿੱਤਾ ਹੈ।

ਗ੍ਰੀਨਲੈਂਡ ਡੈਨਮਾਰਕ ਦੀ ਖ਼ੁਦਮੁਖਤਿਆਰੀ ਵਾਲਾ ਖੇਤਰ ਹੈ।

ਟਰੰਪ ਨੇ ਦੋਵਾਂ (ਪਨਾਮਾ ਨਹਿਰ ਅਤੇ ਗ੍ਰੀਨਲੈਂਡ) ਨੂੰ ਅਮਰੀਕਾ ਦੀ ਆਰਥਿਕ ਸੁਰੱਖਿਆ ਲਈ ਰਣਨੀਤਕ ਤੌਰ 'ਤੇ ਮਹੱਤਵਪੂਰਨ ਦੱਸਿਆ।

ਅਜਿਹਾ ਪਹਿਲੀ ਵਾਰ ਹੋਇਆ ਜਦੋਂ ਟਰੰਪ ਨੇ ਜਨਤਕ ਤੌਰ 'ਤੇ ਅਮਰੀਕੀ ਫ਼ੌਜ ਦੀ ਇਸ ਤਰ੍ਹਾਂ ਵਰਤੋਂ ਕਰਨ ਬਾਰੇ ਕੋਈ ਟਿੱਪਣੀ ਕੀਤੀ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਉਹ ਕੈਨੇਡਾ ਨੂੰ ਅਮਰੀਕਾ ਦਾ ਹਿੱਸਾ ਬਣਾਉਣ ਲਈ ਆਰਥਿਕ ਦਬਾਅ ਦੀ ਵਰਤੋਂ ਕਰਨਗੇ।

ਪਨਾਮਾ, ਗ੍ਰੀਨਲੈਂਡ, ਡੈਨਮਾਰਕ ਅਤੇ ਕੈਨੇਡਾ ਨੇ ਇਨ੍ਹਾਂ ਟਿੱਪਣੀਆਂ 'ਤੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ।

ਪਨਾਮਾ ਨਹਿਰ

20ਵੀਂ ਸਦੀ ਦੇ ਸ਼ੁਰੂ ਵਿੱਚ ਨਹਿਰ ਦੇ ਨਿਰਮਾਣ ਦਾ ਜ਼ਿੰਮਾ ਲੈਣ ਤੋਂ ਬਾਅਦ ਅਤੇ ਦਹਾਕਿਆਂ ਦੀ ਗੱਲਬਾਤ ਤੋਂ ਬਾਅਦ, ਅਮਰੀਕਾ ਨੇ 1999 ਵਿੱਚ ਨਹਿਰ ਦਾ ਪੂਰਾ ਕੰਟਰੋਲ ਪਨਾਮਾ ਨੂੰ ਸੌਂਪ ਦਿੱਤਾ ਸੀ।

ਹੁਣ, ਟਰੰਪ ਕੌਮੀ ਸੁਰੱਖਿਆ ਦਾ ਹਵਾਲਾ ਦਿੰਦਿਆਂ ਨਹਿਰ ਨੂੰ ਵਾਪਸ ਅਮਰੀਕਾ ਦੇ ਕੰਟਰੋਲ ਵਿੱਚ ਲੈਣਾ ਚਾਹੁੰਦੇ ਹਨ।

ਟਰੰਪ ਨੇ ਕਿਹਾ, "ਪਨਾਮਾ ਨਹਿਰ ਸਾਡੇ ਦੇਸ਼ ਲਈ ਬਹੁਤ ਜ਼ਰੂਰੀ ਹੈ। ਇਹ ਚੀਨ ਵੱਲੋਂ ਚਲਾਈ ਜਾ ਰਹੀ ਹੈ। ਅਸੀਂ ਇਸ ਨਹਿਰ ਦਾ ਕੰਟਰੋਲ ਪਮਾਨਾ ਨੂੰ ਦਿੱਤਾ ਸੀ, ਨਾ ਕਿ ਚੀਨ ਨੂੰ ਅਤੇ ਹੁਣ ਚੀਨ ਇਸ ਦੀ ਦੁਰਵਰਤੋਂ ਕਰ ਰਿਹਾ ਹੈ।

"ਉਨ੍ਹਾਂ ਨੇ ਇਸ ਤੋਹਫ਼ੇ ਦੀ ਦੁਰਵਰਤੋਂ ਕੀਤੀ ਹੈ।"

ਹਾਲਾਂਕਿ ਅਧਿਕਾਰਤ ਅੰਕੜੇ ਟਰੰਪ ਦੇ ਦ੍ਰਿਸ਼ਟੀਕੋਣ ਨਾਲ ਮੇਲ ਨਹੀਂ ਖਾਂਦੇ। ਅਸਲ ਵਿੱਚ ਤਾਂ ਕੁੱਲ ਨਹਿਰੀ ਆਵਾਜਾਈ ਦਾ 72 ਫ਼ੀਸਦੀ ਹਿੱਸਾ ਅਮਰੀਕਾ ਕਾਰਗੋ ਕੋਲ ਹੈ।

ਪਨਾਮਾ ਕਨਾਲ ਅਥਾਰਟੀ ਮੁਤਾਬਕ ਚੀਨੀ ਕਾਰਗੋ ਤਕਰੀਬਨ 22 ਫ਼ੀਸਦੀ ਨਾਲ ਦੂਜੇ ਨੰਬਰ 'ਤੇ ਹੈ। ਚੀਨ ਨੇ ਵੀ ਪਨਾਮਾ ਵਿੱਚ ਵੱਡੇ ਪੱਧਰ 'ਤੇ ਆਰਥਿਕ ਨਿਵੇਸ਼ ਕੀਤਾ ਹੈ।

ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਪਨਾਮਾ ਨਹਿਰ ਨਾ ਸਿਰਫ਼ ਪ੍ਰਸ਼ਾਂਤ ਵਿੱਚ ਅਮਰੀਕੀ ਵਪਾਰ ਲਈ ਜ਼ਰੂਰੀ ਹੈ, ਇਹ ਚੀਨ ਨਾਲ ਭਵਿੱਖ ਵਿੱਚ ਕਿਸੇ ਵੀ ਕਿਸਮ ਦੇ ਫੌਜੀ ਸੰਘਰਸ਼ ਦੀ ਸਥਿਤੀ ਨਾਲ ਨਜਿੱਠਣ ਲਈ ਵੀ ਅਹਿਮ ਹੈ।

ਟਰੰਪ ਨੇ ਇਸ ਤੋਂ ਪਹਿਲਾਂ ਇਲਜ਼ਾਮ ਲਾਇਆ ਸੀ ਕਿ ਅਮਰੀਕੀ ਕਾਰਗੋ ਜਹਾਜ਼ਾਂ ਤੋਂ ਪਨਾਮਾ 'ਤੇ ਨਹਿਰ ਦੀ ਵਰਤੋਂ ਬਦਲੇ ਵੱਧ ਵਸੂਲੀ ਕੀਤੀ ਜਾਂਦੀ ਹੈ।

ਟਰੂਥ ਸੋਸ਼ਲ ਨੈੱਟਵਰਕ 'ਤੇ ਟਰੰਪ ਦੇ ਅਕਾਊਂਟ 'ਤੇ ਇੱਕ ਨਜ਼ਰ ਤਸਵੀਰ ਦੇਖੀ ਜਾ ਸਕਦੀ ਹੈ, ਜਿਸ ਵਿੱਚ ਪਨਾਮਾ ਨਹਿਰ ਦੇ ਮੱਧ 'ਚ ਅਮਰੀਕੀ ਝੰਡੇ ਦਿਖਾਈ ਦਿੰਦੇ ਹਨ।

ਪਨਾਮਾ ਸਿਟੀ ਵਿੱਚ ਇੱਕ ਨਿਊਜ਼ ਕਾਨਫਰੰਸ ਵਿੱਚ ਪਨਾਮਾ ਦੇ ਵਿਦੇਸ਼ ਮੰਤਰੀ, ਜੇਵੀਅਰ ਮਾਰਟੀਨੇਜ਼-ਅਚਾ ਨੇ ਟਰੰਪ ਦੀ ਇਸ ਟਿੱਪਣੀ ਉੱਤੇ ਜਵਾਬ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਪਨਾਮਾ ਨਹਿਰ ਦੀ ਪ੍ਰਭੂਸੱਤਾ ਗੈਰ-ਸਮਝੌਤਾਯੋਗ ਸੀ।

ਮਾਰਟੀਨੇਜ਼-ਅਚਾ ਨੇ ਕਿਹਾ, "ਨਹਿਰ ਦਾ ਨਿਯੰਤਰਨ ਮੁਕੰਮਲ ਤੌਰ 'ਤੇ ਪਨਾਮੇਨੀਅਨ ਹੱਥਾਂ ਵਿੱਚ ਹੈ ਅਤੇ ਇਹ ਇਸੇ ਤਰ੍ਹਾਂ ਜਾਰੀ ਰਹੇਗਾ।"

ਗ੍ਰੀਨਲੈਂਡ

ਗ੍ਰੀਨਲੈਂਡ ਡੈਨਮਾਰਕ ਦੇ ਅਧੀਨ ਇੱਕ ਖ਼ੁਦਮੁਖਤਿਆਰ ਖੇਤਰ ਹੈ ਅਤੇ ਦੁਨੀਆ ਦੇ ਸਭ ਤੋਂ ਘੱਟ ਆਬਾਦੀ ਵਾਲੇ ਖੇਤਰਾਂ ਵਿੱਚੋਂ ਇੱਕ ਹੈ।

ਟਰੰਪ ਨੇ ਰਾਸ਼ਟਰਪਤੀ ਵਜੋਂ ਆਪਣੇ ਪਹਿਲੇ ਕਾਰਜਕਾਲ ਦੌਰਾਨ 2019 ਵਿੱਚ ਗ੍ਰੀਨਲੈਂਡ ਨੂੰ ਖਰੀਦਣ ਦਾ ਵਿਚਾਰ ਸਾਹਮਣੇ ਰੱਖਿਆ ਸੀ।

ਡੈਨਮਾਰਕ ਦੇ ਪ੍ਰਧਾਨ ਮੰਤਰੀ ਮੇਟੇ ਫ੍ਰੈਡਰਿਕਸਨ ਨੇ ਆਉਣ ਵਾਲੇ ਟਰੰਪ ਪ੍ਰਸ਼ਾਸਨ ਨਾਲ ਕੰਮ ਕਰਨ ਦੀ ਆਪਣੀ ਇੱਛਾ ਜ਼ਾਹਰ ਕੀਤੀ ਹੈ ਪਰ ਜ਼ੋਰ ਦੇ ਕੇ ਕਿਹਾ ਕਿ ਗ੍ਰੀਨਲੈਂਡ ਇਸਦੇ ਲੋਕਾਂ ਦਾ ਹੈ।

"ਗ੍ਰੀਨਲੈਂਡ, ਗ੍ਰੀਨਲੈਂਡ ਵਿੱਚ ਰਹਿਣ ਵਾਲੇ ਲੋਕਾਂ ਲਈ ਹੈ।

ਫ੍ਰੈਡਰਿਕਸਨ ਨੇ ਕਿਹਾ, "ਇਹ ਮਾਣ ਨਾਲ ਭਰੇ ਲੋਕਾਂ ਦਾ ਹੈ, ਇਸ ਦੀ ਇੱਕ ਭਾਸ਼ਾ ਅਤੇ ਸੱਭਿਆਚਾਰ ਹੈ, ਜੋ ਉੱਥੇ ਰਹਿਣ ਵਾਲਿਆਂ ਦਾ ਹੈ। ਜਿਵੇਂ ਪਹਿਲਾਂ ਵੀ ਦੱਸਿਆ ਗਿਆ ਹੈ ਕਿ ਗ੍ਰੀਨਲੈਂਡ ਵਿਕਰੀ ਲਈ ਨਹੀਂ ਹੈ।"

ਜੋ ਉਹਨਾਂ ਦਾ ਆਪਣਾ ਹੈ।

ਟਰੰਪ ਦੀ ਇਸ ਇਲਾਕੇ ਵਿੱਚ ਦਿਲਚਸਪੀ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ। ਇਹ ਇਲਾਕਾ ਕੁਦਰਤੀ ਸਰੋਤਾਂ ਨਾਲ ਲਬਰੇਜ਼ ਹੈ।

ਡੈਨਮਾਰਕ ਦੇ ਭੂ-ਵਿਗਿਆਨਕ ਸਰਵੇਖਣ ਅਤੇ ਗ੍ਰੀਨਲੈਂਡ ਦੀ ਵੈੱਬਸਾਈਟ ਉੱਤੇ ਦਿੱਤੀ ਜਾਣਕਾਰੀ ਮੁਤਾਬਕ ਧਰਤੀ ਦੇ ਇਸ ਸਭ ਤੋਂ ਵੱਡੇ ਟਾਪੂ ਕੋਲ ਕੀਮਤੀ ਖਣਿਜਾਂ ਅਤੇ ਊਰਜਾ ਸਰੋਤਾਂ ਦਾ ਇੱਕ ਵੱਡਾ ਭੰਡਾਰ ਹੈ।

ਇਨ੍ਹਾਂ ਵਿੱਚ ਸੋਨੇ ਅਤੇ ਪਲੈਟੀਨਮ ਵਰਗੀਆਂ ਕੀਮਤੀ ਧਾਤਾਂ ਸ਼ਾਮਲ ਹਨ, ਲਿਥੀਅਮ, ਟਾਈਟੇਨੀਅਮ ਸਣੇ ਅੱਠ ਦੁਰਲੱਭ ਧਾਤਾਂ ਇਸ ਖੇਤਰ ਵਿੱਚ ਪਾਈਆਂ ਜਾਦੀਆਂ ਹਨ।

ਇਸ ਤੋਂ ਇਲਾਵਾ ਊਰਜਾ ਪਦਾਰਥ ਜਿਵੇਂ ਕੋਲਾ ਅਤੇ ਯੂਰੇਨੀਅਮ ਵੀ ਇੱਥੇ ਮੌਜੂਦ ਹਨ ਤੇ ਹੀਰੇ ਤੇ ਰੂਬੀ ਵਰਗੇ ਕੀਮਤੀ ਪੱਥਰ ਵੀ ਧਰਤੀ ਦੇ ਇਸ ਹਿੱਸੇ ਵਿੱਚ ਪਾਏ ਜਾਂਦੇ ਹਨ।

ਮੰਨਿਆ ਜਾ ਰਿਹਾ ਹੈ ਕਿ ਇਸ ਖੇਤਰ ਵਿੱਚ ਤੇਲ ਅਤੇ ਗੈਸ ਦੇ ਵੱਡੇ ਭੰਡਾਰਾਂ ਹੋਣ ਦੀ ਵੀ ਸੰਭਾਵਨਾ ਹੈ ਪਰ ਇਸ ਬਾਰੇ ਹਾਲੇ ਖੋਜ ਕੀਤੀ ਜਾਣੀ ਬਾਕੀ ਹੈ।

ਗ੍ਰੀਨਲੈਂਡ ਵਿੱਚ ਮੌਜੂਦ ਅਜਿਹੀਆਂ ਦੁਰਲੱਭ ਧਾਤਾਂ ਦੀ ਮੌਜੂਦਗੀ ਹੈ, ਜੋ ਬਹੁਤੇ ਬੈਟਰੀ ਉਤਪਾਦਾਂ ਵਿੱਚ ਵਰਤੀਆਂ ਜਾਂਦੀਆਂ ਹਨ, ਇਸ ਖੇਤਰ ਨੂੰ ਕੀਮਤੀ ਬਣਾਉਂਦੀ ਹੈ।

ਵਿਸ਼ਵ ਬੈਂਕ ਦੇ ਅੰਦਾਜ਼ਿਆਂ ਮੁਤਾਬਕ ਵਿਸ਼ਵਵਿਆਪੀ ਮੰਗ ਨੂੰ ਪੂਰਾ ਕਰਨ ਲਈ 2050 ਤੱਕ ਇਨ੍ਹਾਂ ਖਣਿਜਾਂ ਦੀ ਨਿਕਾਸੀ ਨੂੰ ਪੰਜ ਗੁਣਾ ਵਧਾਉਣ ਦੀ ਲੋੜ ਪਵੇਗੀ ਅਤੇ ਨਾ ਸਿਰਫ਼ ਅਮਰੀਕਾ ਦੁਆਰਾ ਬਲਕਿ ਚੀਨ ਵਿੱਚ ਵੀ ਇਨ੍ਹਾਂ ਧਾਤਾਂ ਦੀ ਵੱਡੇ ਪੱਧਰ ਉੱਤੇ ਮੰਗ ਕੀਤੀ ਜਾ ਰਹੀ ਹੈ।

ਇੱਕ ਹੋਰ ਪਹਿਲੂ ਵੀ ਇਸ ਨਾਲ ਜੁੜਿਆ ਹੋਇਆ ਹੈ। ਰੂਸ ਵੀ ਇਸ ਖੇਤਰ ਨੂੰ ਆਪਣੇ ਅਤੇ ਅਮਰੀਕਾ ਵਿਚਕਾਰ ਸਥਿਤ ਹੋਣ ਕਾਰਨ ਰਣਨੀਤਕ ਤੌਰ 'ਤੇ ਮਹੱਤਵਪੂਰਨ ਸਮਝਦਾ ਹੈ।

ਵਾਸ਼ਿੰਗਟਨ ਦਾ ਪਹਿਲਾਂ ਤੋਂ ਹੀ ਇਸ ਟਾਪੂ 'ਤੇ ਇੱਕ ਮਿਲਟਰੀ ਬੇਸ (ਫ਼ੌਜੀ ਅੱਡਾ) ਹੈ, ਜਿਸ ਵਿੱਚ ਪਹਿਲਾਂ ਤੋਂ ਚੇਤਾਵਨੀ ਦੇਣ ਵਾਲੀ ਬੈਲਿਸਟਿਕ ਮਿਜ਼ਾਈਲ ਪ੍ਰਣਾਲੀ ਮੌਜੂਦ ਹੈ।

ਗ੍ਰੀਨਲੈਂਡ ਦੀ ਅਗਵਾਈ ਹੁਣ ਸੁਤੰਤਰ ਪੱਖੀ ਪ੍ਰਧਾਨ ਮੰਤਰੀ ਮਿਊਟ ਬੋਰਪ ਏਗੇਡੇ ਕਰ ਰਹੇ ਹਨ।

ਉਨ੍ਹਾਂ ਨੇ ਸਪੱਸ਼ਟ ਕੀਤਾ ਹੈ ਕਿ ਇਹ ਟਾਪੂ ਵਿਕਰੀ ਲਈ ਨਹੀਂ ਹੈ ਅਤੇ ਅਪ੍ਰੈਲ ਵਿੱਚ ਸੰਸਦੀ ਚੋਣਾਂ ਦੇ ਨਾਲ ਇੱਕ ਸੁਤੰਤਰਤਾ ਰਾਏਸ਼ੁਮਾਰੀ ਹੋਣ ਦੀ ਸੰਭਾਵਨਾ ਪ੍ਰਗਟਾਈ ਹੈ।

ਕੈਨੇਡਾ

ਟਰੰਪ ਨੇ ਹਾਲ ਹੀ ਦੇ ਹਫ਼ਤਿਆਂ ਵਿੱਚ ਅਮਰੀਕਾ ਦੇ ਸਭ ਤੋਂ ਵੱਡੇ ਗੁਆਂਢੀ ਮੁਲਕ ਕੈਨੇਡਾ ਦੇ ਅਮਰੀਕਾ ਦਾ 51ਵਾਂ ਰਾਜ ਬਣਨ ਬਾਰੇ ਕਿਹਾ ਅਤੇ ਨਾਲ ਹੀ ਦੋਵਾਂ ਦੇਸ਼ਾਂ ਵਿੱਚਲੀ ਸਰਹੱਦ ਨੂੰ 'ਆਰਟੀਫ਼ੀਸ਼ੀਅਲ' (ਨਕਲੀ) ਦੱਸਿਆ ਹੈ।

ਅਮਰੀਕੀ ਰਾਸ਼ਟਰਪਤੀ ਨੇ ਕੈਨੇਡਾ ਦੀ ਸੁਰੱਖਿਆ ਲਈ ਅਰਬਾਂ ਡਾਲਰ ਖ਼ਰਚ ਕੀਤੇ ਜਾਣ ਦੀ ਆਲੋਚਨਾ ਕੀਤੀ ਹੈ ਅਤੇ ਕੈਨੇਡੀਅਨ ਕਾਰਾਂ, ਲੱਕੜ ਅਤੇ ਡੇਅਰੀ ਉਤਪਾਦਾਂ ਦੇ ਆਯਾਤ ਦਾ ਮੁੱਦਾ ਵੀ ਚੁੱਕਿਆ ਹੈ।

ਮੈਕਸੀਕੋ ਦੀ ਤਰ੍ਹਾਂ ਕੈਨੇਡਾ ਵੀ ਟਰੰਪ ਦੀ ਪ੍ਰਧਾਨਗੀ ਅਧੀਨ ਅਮਰੀਕਾ ਨੂੰ ਬਰਾਮਦ ਕੀਤੇ ਜਾਂਦੇ ਆਪਣੇ ਸਮਾਨ ਉੱਤੇ 25 ਫ਼ੀਸਦੀ ਟੈਰਿਫ ਕੀਤੇ ਜਾਣ ਦੀ ਧਮਕੀ ਦਾ ਸਾਹਮਣਾ ਕਰ ਰਿਹਾ ਹੈ।

ਟਰੰਪ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਮੈਕਸੀਕੋ ਅਤੇ ਕੈਨੇਡਾ ਦੀਆਂ ਸਰਹੱਦਾਂ ਜ਼ਰੀਏ ਅਮਰੀਕਾ ਵਿੱਚ ਡਰੱਗਜ਼ ਦੀ ਸਪਲਾਈ ਦੀ ਸੰਭਾਵਨਾ ਬਾਰੇ ਆਪਣੀਆਂ ਚਿੰਤਾਵਾਂ ਨੂੰ ਦੁਹਾਰਿਆ ਸਨ।

ਹਾਲਾਂਕਿ, ਅਮਰੀਕੀ ਅੰਕੜਿਆਂ ਮੁਤਾਬਕ ਅਮਰੀਕਾ-ਕੈਨੇਡਾ ਸਰਹੱਦ 'ਤੇ ਜ਼ਬਤ ਕੀਤੇ ਗਏ ਫੈਂਟਾਨਿਲ ਦੀ ਮਾਤਰਾ ਦੱਖਣੀ ਸਰਹੱਦ ਦੇ ਮੁਕਾਬਲੇ ਕਾਫ਼ੀ ਘੱਟ ਹੈ।

ਕੈਨੇਡਾ ਨੇ ਸਰਹੱਦ 'ਤੇ ਨਵੇਂ ਸੁਰੱਖਿਆ ਉਪਾਵਾਂ ਨੂੰ ਲਾਗੂ ਕਰਨ ਦਾ ਵਾਅਦਾ ਕੀਤਾ ਹੈ। ਜਿਸ ਵਿੱਚ ਨਿਗਰਾਨੀ ਨੂੰ ਮਜ਼ਬੂਤ ਕਰਨਾ ਅਤੇ ਕੌਮਾਂਤਰੀ ਸੰਗਠਿਤ ਅਪਰਾਧ ਨੂੰ ਨਿਸ਼ਾਨਾ ਬਣਾਉਣ ਲਈ ਇੱਕ ਸੰਯੁਕਤ ਸਟ੍ਰਾਈਕ ਫੋਰਸ ਸ਼ਾਮਲ ਕਰਨਾ ਸ਼ਾਮਲ ਹੈ।

ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਨੂੰ ਅਮਰੀਕਾ ਵੱਲੋਂ ਆਰਥਿਕ ਤਾਕਤ ਦੀ ਵਰਤੋਂ ਕਰਕੇ ਆਪਣਾ ਹਿੱਸਾ ਬਣਾ ਲਏ ਜਾਣ ਦੀ ਸੰਭਾਵਨਾ ਨੂੰ ਮੁੱਢੋਂ ਨਕਾਰਿਆ ਹੈ।

ਟਰੂਡੋ ਨੇ ਸੋਸ਼ਲ ਮੀਡੀਆ ਵੈੱਬਸਾਈਟ ਐਕਸ 'ਤੇ ਲਿਖਿਆ ਹੈ ਕਿ ਇਹ ਸੰਭਵ ਨਹੀਂ ਹੈ ਕਿ ਕੈਨੇਡਾ ਅਮਰੀਕਾ ਦਾ ਹਿੱਸਾ ਬਣ ਜਾਵੇ।

ਬਿਆਨਬਾਜ਼ੀ ਜਾਂ ਅਸਲੀਅਤ?

ਅਮਰੀਕਾ ਦੇ ਸਾਬਕਾ ਡਿਪਟੀ-ਰਾਸ਼ਟਰੀ ਸੁਰੱਖਿਆ ਸਲਾਹਕਾਰ ਜੇਮਜ਼ ਜੈਫ਼ਰੀ ਨੇ ਬੀਬੀਸੀ ਨੂੰ ਦੱਸਿਆ ਕਿ ਟਰੰਪ ਆਪਣੇ ਕੌਮਾਂਤਰੀ ਸਹਿਯੋਗੀਆਂ ਦੇ ਨਾਲ-ਨਾਲ ਆਪਣੇ ਘਰੇਲੂ ਸਮਰਥਕਾਂ ਨੂੰ ਵੀ ਸੰਕੇਤ ਦੇ ਰਹੇ ਹਨ।

ਉਹ ਕਹਿੰਦੇ ਹਨ ਕਿ ਸੰਯੁਕਤ ਰਾਜ ਅਮਰੀਕਾ ਵਿੱਚ ਨਿਰਾਸ਼ਾ ਹੈ ਕਿ ਅਮੀਰ ਯੂਰਪੀਅਨ ਸਹਿਯੋਗੀ ਕੌਮਾਂਤਰੀ ਸੁਰੱਖਿਆ ਦੀ ਰੱਖਿਆ ਲਈ ਲੋੜੀਂਦਾ ਕੰਮ ਨਹੀਂ ਕਰ ਰਹੇ ਹਨ।

ਜੈਫ਼ਰੀ ਨੇ ਫੌਜੀ ਦਖਲਅੰਦਾਜ਼ੀ ਦੀ ਸੰਭਾਵਨਾ ਨੂੰ ਖਾਰਜ ਕੀਤਾ ਹੈ।

ਉਨ੍ਹਾਂ ਕਿਹਾ, "ਅਸੀਂ ਗ੍ਰੀਨਲੈਂਡ ਵਿੱਚ ਮਾਰਚ ਨਹੀਂ ਕਰਨ ਜਾ ਰਹੇ ਹਾਂ, ਅਸੀਂ ਕੈਨੇਡਾ ਵਿੱਚ ਕੋਈ ਫ਼ੌਜੀ ਮਾਰਚ ਨਹੀਂ ਕਰ ਰਹੇ ਹਾਂ, ਅਸੀਂ ਪਨਾਮਾ ਨਹਿਰ ਨੂੰ ਜ਼ਬਤ ਕਰਨ ਲਈ ਨਹੀਂ ਜਾ ਰਹੇ ਹਾਂ।"

"ਪਰ ਇਸ ਨਾਲ ਕਿੰਨੀ ਗੜਬੜ ਪੈਦਾ ਹੋਵੇਗੀ ਇਹ ਇੱਕ ਵੱਖਰਾ ਸਵਾਲ ਹੈ।"

ਜੈਫ਼ਰੀ ਨੇ ਕਿਹਾ, "ਕੌਮਾਂਤਰੀ ਵਿਵਸਥਾ ਨੂੰ ਖ਼ਤਰਾ ਡੌਨਲਡ ਟਰੰਪ ਨਹੀਂ ਹੈ ਬਲਕਿ ਅਸਲ ਖ਼ਤਰਾ ਰੂਸ ਅਤੇ ਚੀਨ ਹੈ।"

ਲੰਡਨ ਵਿੱਚ ਦਿ ਇੰਡੀਪੈਂਡੈਂਟ ਦੇ ਸਿਆਸੀ ਸੰਪਾਦਕ ਡੇਵਿਡ ਮੈਡੌਕਸ ਦਾ ਮੰਨਣਾ ਹੈ ਕਿ ਟਰੰਪ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ।

ਉਹ ਕਹਿੰਦੇ ਹਨ, "ਇਹ ਇੱਕ ਤਰ੍ਹਾਂ ਦਾ ਸਾਮਰਾਜਵਾਦੀ ਟਰੰਪ ਹੈ। ਉਹ ਦੁਨੀਆ 'ਤੇ ਅਮਰੀਕਾ ਦੀ ਪੈੜ ਨੂੰ ਅਸਲੋਂ ਵਧਾਉਣਾ ਚਾਹੁੰਦਾ ਹੈ। ਇਹ ਗੰਭੀਰ ਧਮਕੀਆਂ ਹਨ।"

ਮੈਡੌਕਸ ਨੇ ਕਿਹਾ, "ਇਸ ਵਾਰ ਟਰੰਪ ਦੀ ਪਹੁੰਚ ਪਹਿਲੇ ਟਰੰਪ ਪ੍ਰਸ਼ਾਸਨ ਨਾਲੋਂ ਬਿਲਕੁਲ ਵੱਖਰੀ ਹੋਣ ਦੀ ਹੈ, ਜੋ ਬਾਕੀ ਦੁਨੀਆ ਲਈ ਬਹੁਤ ਅਸਥਿਰ ਹੋਣ ਵਾਲਾ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)