You’re viewing a text-only version of this website that uses less data. View the main version of the website including all images and videos.
ਪੰਜਾਬ: ਸੰਗਤਰੀ ਪਰਨੇ ਨੇ ਕਿਵੇਂ ਫੜਾਇਆ 11 ਕਤਲਾਂ ਦਾ ਮੁਲਜ਼ਮ, ਰੋਪੜ ਪੁਲਿਸ ਨੇ ਦੱਸੀ ਇਹ ਕਹਾਣੀ
- ਲੇਖਕ, ਬਿਮਲ ਸੈਣੀ
- ਰੋਲ, ਬੀਬੀਸੀ ਸਹਿਯੋਗੀ
"ਦਸਵੀਂ ਚੋਂ ਇੱਕ ਵਾਰ ਫੇਲ੍ਹ ਹੋਣ ʼਤੇ ਦੂਸਰੀ ਵਾਰ ਇਮਤਿਹਾਨ ਦੇ ਕੇ ਪਾਸ ਹੋਣ ਮਗਰੋਂ ਪਾਸਪੋਰਟ ਬਣਾ ਕੇ ਉਸ ਨੂੰ ਵਿਦੇਸ਼ ਦੁਬਈ ਭੇਜ ਦਿੱਤਾ ਗਿਆ, ਪਰ ਉੱਥੇ ਵੀ ਉਸ ਦਾ ਕੰਮ ਠੀਕ ਨਾ ਹੋਇਆ ਤੇ ਉਹ 15-20 ਦਿਨਾਂ ਵਿੱਚ ਵਾਪਸ ਆ ਗਿਆ।"
"ਦੁਬਾਰਾ ਫਿਰ ਉਸ ਦਾ ਵੀਜ਼ਾ ਲਗਵਾ ਕੇ ਉਸ ਨੂੰ ਦੁਬਈ ਭੇਜਿਆ ਅਤੇ ਉਸ ਨੇ 3-4 ਸਾਲ ਕੰਮ ਕੀਤਾ ਅਤੇ ਫਿਰ ਵਾਪਸ ਆ ਗਿਆ। ਵਾਪਸ ਆ ਕੇ ਉਸ ਨੇ ਵਿਆਹ ਕਰਵਾਇਆ ਤੇ ਫਿਰ ਉਸ ਦਾ ਕਤਰ ਦੇਸ ਦਾ ਕੰਮ ਬਣ ਗਿਆ।"
"ਕਤਰ ਵਿੱਚ ਉਸ ਨੇ ਕਾਫ਼ੀ ਮਿਹਨਤ ਕੀਤੀ, ਆਪਣਾ ਘਰ ਬਣਵਾਇਆ ਅਤੇ ਰਿਸ਼ਤੇਦਾਰਾਂ ਦਾ ਵੀ ਕਰਜ਼ਾ ਵੀ ਮੋੜਿਆ। ਉਹ ਆਪਣੇ ਵੱਖ ਘਰ ਵਿੱਚ ਰਹਿੰਦਾ ਸੀ ਅਤੇ ਅਸੀਂ ਕਦੇ ਵੀ ਉਸ ਦੇ ਲੜਾਈ ਝਗੜੇ ਬਾਰੇ ਨਹੀਂ ਸੁਣਿਆ।"
"ਅਤੇ ਹੁਣ ਵੀ ਜਿਸ ਤਰ੍ਹਾਂ ਦੀਆਂ ਗੱਲਾਂ ਉਸ ਬਾਰੇ ਹੋ ਰਹੀਆਂ, ਅਸੀਂ ਕਦੇ ਨਹੀਂ ਸੁਣੀਆਂ ਸੀ, ਸਾਨੂੰ ਯਕੀਨ ਨਹੀਂ ਆਉਂਦਾ।"
ਇਹ ਸ਼ਬਦ ਰੋਪੜ ਪੁਲਿਸ ਵੱਲੋਂ 11 ਕਤਲ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਦੇ ਇਲਜ਼ਾਮਾਂ ਤਹਿਤ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਰਾਮ ਸਰੂਪ ਸੋਢੀ ਦੇ ਪਿਤਾ ਕੇਸਰ ਰਾਮ ਦੇ ਹਨ।
ਰਾਮ ਸਰੂਪ ਹੁਸ਼ਿਆਰਪੁਰ ਦੇ ਗੜਸ਼ੰਕਰ ਨੇੜਲੇ ਪਿੰਡ ਚੌੜਾ ਦਾ ਵਸਨੀਕ ਹੈ ਅਤੇ ਬੀਬੀਸੀ ਪੰਜਾਬੀ ਦੀ ਟੀਮ ਨੇ ਉਸ ਦੇ ਪਿੰਡ ਦਾ ਦੌਰਾ ਕੀਤਾ ਅਤੇ ਉਸ ਦੇ ਪਿਤਾ ਅਤੇ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ।
ਰਾਮ ਸਰੂਪ ਨੇ ਅੱਗੇ ਦੱਸਿਆ ਜਦੋਂ ਦਾ ਕਤਰ ਤੋਂ ਵਾਪਸ ਆਇਆ ਹੈ ਤਾਂ ਉਹ ਇੱਥੇ ਪਿੰਡ ਵਿੱਚ ਹੀ ਮਜ਼ਦੂਰੀ ਕਰਦਾ ਰਿਹਾ ਹੈ ਅਤੇ ਬਾਅਦ ਦੇ ਵਿੱਚ ਉਹ ਸ਼ਰਾਬ ਪੀਣ ਲੱਗ ਪਿਆ ਸੀ।
ਉਨ੍ਹਾਂ ਦਾ ਕਹਿਣਾ ਹੈ, "ਕਈ ਵਾਰ ਆਪਣੇ ਪੁੱਤਰ ਨੂੰ ਸ਼ਰਾਬ ਛੱਡਣ ਬਾਰੇ ਵੀ ਸਮਝਾਇਆ ਸੀ।"
ਉਨ੍ਹਾਂ ਮੁਤਾਬਕ ਇੱਕ ਵਾਰ ਤਾਂ ਉਨ੍ਹਾਂ ਨੇ ਰਾਮ ਸਰੂਪ ਸੋਢੀ ਨੂੰ ਬੰਨ੍ਹ ਕੇ ਘਰੇ ਕੁੱਟਿਆ ਵੀ ਸੀ ਕਿ ਉਹ ਸ਼ਰਾਬ ਪੀਣੀ ਛੱਡ ਦੇਵੇ ਅਤੇ ਆਪਣੇ ਪਰਿਵਾਰ ਨੂੰ ਸੰਭਾਲੇ।
ਰਾਮ ਸਰੂਪ ਦੇ ਪਰਿਵਾਰ ਵਿੱਚ ਉਸ ਦੀ ਪਤਨੀ, ਦੋ ਧੀਆਂ ਅਤੇ ਇੱਕ ਪੁੱਤਰ ਹੈ।
ʻਕਦੇ ਕਿਸੇ ਨਾਲ ਲੜਾਈ-ਝਗੜਾ ਨਹੀਂ ਕਰਦਾ ਸੀʼ
ਰਾਮ ਸਰੂਪ ਦੇ ਪਿਤਾ ਕੇਸਰ ਰਾਮ ਅੱਗੇ ਦੱਸਦੇ ਹਨ, "ਉਸ ਦੀ ਕਦੇ ਵੀ ਕਿਸੇ ਵਿਅਕਤੀ ਨਾਲ ਲੜਾਈ ਝਗੜਾ ਜਾਂ ਕੁੱਟ ਮਾਰ ਦੀ ਘਟਨਾ ਸਾਹਮਣੇ ਨਹੀਂ ਆਈ ਹੈ। ਰਾਮ ਸਰੂਪ ਆਪਣੀ ਪਤਨੀ ਅਤੇ ਆਪਣੇ ਬੱਚਿਆਂ ਦੇ ਨਾਲ ਬਹੁਤ ਹੀ ਵਧੀਆ ਰਹਿੰਦਾ ਸੀ।"
ਉਹ ਆਖਦੇ ਹਨ ਕਿ ਉਸ ਦੀ ਇੱਕ ਹੀ ਆਦਤ ਮਾੜੀ ਸੀ ਕਿ ਉਹ ਸ਼ਰਾਬ ਪੀਣ ਲੱਗ ਪਿਆ ਸੀ ਅਤੇ ਘਰ ਨਹੀਂ ਆਉਂਦਾ ਸੀ,ਜਿਸ ਨੂੰ ਲੈ ਕੇ ਉਹ ਬਹੁਤ ਪਰੇਸ਼ਾਨ ਸਨ।
ਕਈ ਵਾਰ ਤਾਂ ਉਨ੍ਹਾਂ ਨੇ ਸੋਚਿਆ ਕਿ ਉਹ ਰਾਮ ਸਰੂਪ ਨੂੰ ਬੇਦਖ਼ਲ ਕਰ ਦੇਵੇ ਪਰ ਉਸ ਨੇ ਇੰਝ ਨਹੀਂ ਕੀਤਾ ਕਿਉਂਕਿ ਉਨ੍ਹਾਂ ਨੂੰ ਲੱਗਦਾ ਸੀ ਕਿ ਰਾਮ ਸਰੂਪ ਉਨ੍ਹਾਂ ਨੂੰ ਇਹ ਪੁੱਛੇਗਾ ਕਿ ਉਸ ਦਾ ਕੀ ਕਸੂਰ ਸੀ।
ਉਨ੍ਹਾਂ ਅੱਗੇ ਦੱਸਿਆ ਕਿ ਜੋ ਪੁਲਿਸ ਵੱਲੋਂ ਹੁਣ ਖੁਲਾਸੇ ਕੀਤੇ ਗਏ ਹਨ ਕਿ ਉਹ ਗੇਅ (ਸਮਲਿੰਗੀ) ਸੀ। ਉਸ ਦੀ ਪਿੰਡ ਦੇ ਵਿੱਚ ਰਹਿੰਦਿਆਂ ਹੋਇਆਂ ਕਦੇ ਵੀ ਇਸ ਤਰ੍ਹਾਂ ਦੀ ਕੋਈ ਵੀ ਗੱਲ ਨਹੀਂ ਸੁਣੀ ਸੀ।
ਪਿੰਡ ਚੌੜਾ ਦੇ ਪਾਲਾ ਸਿੰਘ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਹੋਇਆ ਦੱਸਿਆ ਕਿ ਰਾਮ ਸਰੂਪ ਸੋਢੀ ਪਿੰਡ ਦੇ ਹਰੇਕ ਵਿਅਕਤੀ ਨੂੰ ਪਿਆਰ ਤੇ ਸਤਿਕਾਰ ਨਾਲ ਬੁਲਾਉਂਦਾ ਸੀ।
ਉਨ੍ਹਾਂ ਨੇ ਦੱਸਿਆ, "ਉਹ ਆਪਣੀ ਮਾਤਾ ਅਤੇ ਆਪਣੀ ਪਤਨੀ ਨਾਲ ਘਰ ਦੇ ਕੰਮਾਂ ਦੇ ਵਿੱਚ ਹੱਥ ਵੀ ਵਟਾਉਂਦਾ ਹੁੰਦਾ ਸੀ। ਉਸ ਨੇ ਤਾਂ ਕਦੇ ਕੁੱਤੇ ਨੂੰ ਪੱਥਰ ਨਹੀਂ ਮਾਰਿਆ ਤਾਂ ਲੜਾਈ ਝਗੜੇ ਦੀ ਗੱਲ ਤਾਂ ਦੂਰ ਦੀ ਗੱਲ ਹੈ।"
ਪਰ ਜਦੋਂ ਦੀ ਉਨ੍ਹਾਂ ਨੇ ਇਹ ਗੱਲ ਸੁਣੀ ਹੈ ਤਾਂ ਉਨ੍ਹਾਂ ਨੂੰ ਹੈਰਾਨਗੀ ਮਹਿਸੂਸ ਹੋ ਰਹੀ ਹੈ ਕਿ ਇਸ ਤਰ੍ਹਾਂ ਕਿਵੇਂ ਹੋ ਸਕਦਾ ਹੈ।
ਉਥੇ ਹੀ ਉਨ੍ਹਾਂ ਨੇ ਰਾਮ ਸਰੂਪ ਦੀ ਸੈਕਸੂਐਲਿਟੀ ਦੀਆਂ ਘਟਨਾਵਾਂ ਤੇ ਬੋਲਦਿਆਂ ਹੋਇਆ ਦੱਸਿਆ ਕਿ ਜਦੋਂ ਰਾਮ ਸਰੂਪ ਪਿੰਡ ਦੇ ਵਿੱਚ ਰਹਿੰਦਾ ਸੀ ਤਾਂ ਕਦੇ ਵੀ ਉਸ ਦੇ ਚਾਲ-ਚੱਲਣ ਜਾਂ ਅਜਿਹੀ ਕੋਈ ਵੀ ਛੋਟੀ ਤੋਂ ਛੋਟੀ ਘਟਨਾ ਸਾਹਮਣੇ ਨਹੀਂ ਆਈ ਹੈ।
ਪੁਲਿਸ ਨੇ ਕੀ ਜਾਣਕਾਰੀ ਦਿੱਤੀ
ਮਾਮਲੇ ਦੇ ਜਾਂਚ ਅਧਿਕਾਰੀ ਅਤੇ ਸ੍ਰੀ ਕਰਤਾਰਪੁਰ ਸਾਹਿਬ ਦੇ ਐੱਸਐੱਚਓ ਜਤਿਨ ਕਪੂਰ ਨੇ ਦੱਸਿਆ ਹੈ ਕਿ 18 ਅਗਸਤ 2024 ਨੂੰ ਸ੍ਰੀ ਕੀਰਤਪੁਰ ਸਾਹਿਬ ਦੇ ਰਹਿਣ ਵਾਲੇ ਮਨਿੰਦਰ ਸਿੰਘ ਦਾ ਕਤਲ ਹੋਇਆ ਸੀ।
ਉਸ ਦੀ ਲਾਸ਼ ਥਾਣਾ ਕੀਰਤਪੁਰ ਸਾਹਿਬ ਵਿੱਚ ਮਨਾਲੀ ਰੋਡ ʼਤੇ ਝਾੜੀਆਂ ਦੇ ਵਿੱਚ ਮਿਲੀ ਸੀ । ਮ੍ਰਿਤਕ ਦੇ ਭਰਾ ਮਨਜੀਤ ਸਿੰਘ ਦੇ ਬਿਆਨਾਂ ʼਤੇ ਅਣਪਛਾਤੇ ਵਿਅਕਤੀ ਦੇ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ ਸੀ।
ਉਨ੍ਹਾਂ ਨੇ ਅੱਗੇ ਕਿਹਾ, "ਇਸ ਮਾਮਲੇ ਦੇ ਕਾਤਲ ਨੂੰ ਫੜਨ ਦੇ ਲਈ ਸਾਡੀ ਤਫਤੀਸ਼ ਕਾਫੀ ਲੰਬੀ ਰਹੀ ਹੈ ਕਿਉਂਕਿ ਇਹ ਸਾਡੇ ਜ਼ਿਲ੍ਹੇ ਦਾ ਤਕਰੀਬਨ ਤੀਜਾ ਅੰਨ੍ਹਾ ਕਤਲ ਕੇਸ ਸੀ, ਜਿਸ ਬਾਰੇ ਕੋਈ ਜਾਣਕਾਰੀ ਨਹੀਂ ਸੀ ਤੇ ਨਾ ਹੀ ਕੋਈ ਸਬੂਤ।"
"ਸਾਨੂੰ ਅਗਸਤ ਵਿੱਚ ਅਖ਼ੀਰਲੇ ਕਤਲ ਕੇਸ ਵਿੱਚ ਇੱਕ ਸੰਗਤਰੀ ਰੰਗ ਦਾ ਪਰਨਾ ਮਿਲਿਆ ਸੀ, ਜਿਸ ਨਾਲ ਵਿਅਕਤੀ ਦਾ ਗਲ਼ਾ ਘੁੱਟ ਕੇ ਕਤਲ ਗਿਆ ਸੀ। ਅਸੀਂ ਤਫ਼ਤੀਸ਼ ਸ਼ੁਰੂ ਕੀਤੀ ਆਪਣੇ ਜ਼ਿਲ੍ਹੇ ਦੇ ਨਾਲ ਲੱਗਦੇ ਜ਼ਿਲ੍ਹਿਆਂ ਦੇ ਬਲਾਈਂਡ ਮਰਡਰ ਬਾਰੇ ਜਾਣਕਾਰੀ ਇਕੱਠੀ ਕੀਤੀ। ਉਨ੍ਹਾਂ ਦੇ ਕਤਲ ਕਰਨ ਦੇ ਤਰੀਕੇ ਸਮਝੇ।"
"ਉਨ੍ਹਾਂ ਵਿਚਲੀਆਂ ਸਮਾਨਤਾਵਾਂ ਨੂੰ ਫੜ੍ਹਿਆ ਅਤੇ ਸਬੂਤ ਇਕੱਠੇ ਕਰ ਕੇ ਆਖ਼ਰਾਕਾਰ ਮੁਲਜ਼ਮ ਤੱਕ ਪਹੁੰਚੇ ਅਤੇ ਉਸ ਨੂੰ ਕਾਬੂ ਕੀਤਾ।"
ਇੰਸਪੈਕਟਰ ਜਤਿਨ ਅੱਗੇ ਦੱਸਦੇ ਹਨ, "ਸਬੂਤਾਂ ਤੋਂ ਇਹ ਪਤਾ ਲੱਗ ਰਿਹਾ ਸੀ ਕਿ ਕਤਲ ਕਰਨ ਵਾਲਾ ਕੋਈ ਕਿੰਨਰ ਜਾਂ ਕੋਈ ਗੇ ਟਾਈਪ ਇਨਸਾਨ ਹੈ। ਇਸੇ ਦੇ ਤਹਿਤ ਕੰਮ ਕਰਦੇ ਹੋਏ ਸਾਨੂੰ ਕੁਝ ਚਸ਼ਮਦੀਦ ਮਿਲੇ, ਜਿਨ੍ਹਾਂ ਨੂੰ ਉਸ ਨੂੰ ਦੇਖਿਆ ਸੀ।"
"ਉਨ੍ਹਾਂ ਵਿੱਚੋਂ ਇੱਕ ਨੇ ਉਸ ਦਾ ਸਕੈਚ ਬਣਵਾਉਣ ਵਿੱਚ ਮਦਦ ਕੀਤੀ। ਸਕੈਚ ਤਿਆਰ ਕਰਵਾਕੇ ਅਸੀਂ ਢਾਬਿਆਂ ਤੇ ਸ਼ਰਾਬ ਲਗਵਾ ਦਿੱਤੇ। ਉਸ ਤੋਂ ਬਾਅਦ ਕਾਫੀ ਸੋਰਸਿਸ ਕਾਇਮ ਹੋਏ ਅਤੇ ਸੋਰਸਿਸ ਤੋਂ ਅੱਗੇ ਜਾਣਕਾਰੀ ਮਿਲਦੀ ਰਹੀ ਅਸੀਂ ਕਈ ਲੋਕ ਰਾਊਂਡਅਪ ਵੀ ਕੀਤੇ ਸੀ। ਹਾਲਾਂਕਿ, ਉਹ ਮੁਲਜ਼ਮ ਨਹੀਂ ਜਾਪੇ।"
"ਉਨ੍ਹਾਂ ਕੋਲੋਂ ਅਸੀਂ ਪੁੱਛਗਿੱਛ ਕਰਕੇ ਛੱਡ ਦਿੱਤਾ ਸੀ ਅਤੇ ਜਦੋਂ ਪਤਾ ਲੱਗਾ ਕੀ ਇਹ ਵਿਅਕਤੀ ਸੜਕ ਤੇ ਆਉਂਦਾ ਹੈ ਤਾਂ ਅਸੀਂ 22 ਦਸੰਬਰ ਨੂੰ ਟਰੈਪ ਲਗਾ ਕੇ ਇਸ ਵਿਅਕਤੀ ਨੂੰ ਭਰਤਗੜ੍ਹ ਦੇ ਨਜ਼ਦੀਕ ਤੋਂ ਕਾਬੂ ਕੀਤਾ।"
"ਪੁੱਛਗਿਛ ਤੋਂ ਬਾਅਦ ਜੋ ਸਾਹਮਣੇ ਆਇਆ ਅਤੇ ਜੋ ਸਾਡਾ ਸ਼ੱਕ ਸੀ ਉਹ ਸਹੀ ਸਾਬਤ ਹੋਇਆ ਕਿ ਇਸ ਇਨਸਾਨ ਨੇ ਬਾਕੀ ਸਾਰੇ ਕਤਲਾਂ ਨੂੰ ਅੰਜ਼ਾਮ ਦਿੱਤਾ ਹੈ।"
ਜਤਿਨ ਅੱਗੇ ਦੱਸਦੇ ਹਨ, "ਮੁਲਜ਼ਮ ਸੈਕਸ ਵਰਕਰ ਸੀ ਅਤੇ ਆਪਣੇ ਗਾਹਕਾਂ ਨੂੰ ਰਾਤ ਨੂੰ 9 ਵਜੇ ਤੋਂ ਬਾਅਦ ਸੜਕ ਉੱਤੇ ਲੱਭਦਾ ਰਹਿੰਦਾ ਸੀ। ਉਹ ਅਕਸਰ ਹੀ ਸ਼ਰਾਬ ਪੀਂਦਾ ਸੀ, ਕਿਸੇ ਵੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਅਤੇ ਜ਼ਿਆਦਾਤਰ ਉਹ ਆਪਣੇ ਗਾਹਕ ਨਾਲ ਹੀ ਸ਼ਰਾਬ ਪੀਂਦਾ ਹੁੰਦਾ ਸੀ।"
"ਗ਼ਲਤ ਕੰਮ ਕਰਨ ਦੇ ਬਦਲੇ ਤੈਅ ਕੀਤੇ ਗਏ ਪੈਸੇ ਨੂੰ ਲੈ ਕੇ ਝਗੜੇ ਜਾਂ ਫਿਰ ਗਾਹਕ ਵੱਲੋਂ ਕੋਈ ਅਜਿਹੀ ਗੱਲ ਕਹਿਣੀ ਜੋ ਇਸ ਨੂੰ ਠੇਸ ਪਹੁੰਚਾਉਂਦੀ ਸੀ ਤਾਂ ਉਹ ਆਪਣਾ ਆਪਾ ਖੋ ਕੇ ਉਸ ਦਾ ਕਤਲ ਕਰ ਦਿੰਦਾ ਸੀ।"
ਉਹ ਦੱਸਦੇ ਹਨ, "ਇਹ ਆਪਣੇ ਕੋਲ ਵੈਪਨ ਜਾਂ ਕੋਈ ਹਥਿਆਰ ਨਹੀਂ ਰੱਖਦਾ ਸੀ। ਸੰਤਰੀ ਪਰਨਾ ਹੀ ਇਸ ਦੀ ਅਲੱਗ ਪਛਾਣ ਹੁੰਦੀ ਸੀ ਅਤੇ ਉਹ ਹਮੇਸ਼ਾ ਹੀ ਆਪਣੇ ਨਾਲ ਰੱਖਦਾ ਸੀ। ਉਸ ਸੰਤਰੀ ਪਰਨੇ ਨਾਲ ਹੀ ਗਾਹਕ ਦਾ ਗਲ਼ਾ ਘੁੱਟ ਦਿੰਦਾ ਸੀ ਜਾਂ ਫਿਰ ਮੌਕੇ ਤੇ ਕੋਈ ਪੱਥਰ, ਡੰਡਾ ਜਾਂ ਫਿਰ ਇੱਕ ਵਾਰਦਾਤ ਦੇ ਵਿੱਚ ਇਹ ਵੀ ਦੇਖਣ ਨੂੰ ਆਇਆ ਕਿ ਗਾਹਕ ਦੇ ਮਫ਼ਰਲ ਨਾਲ ਹੀ ਉਸ ਦਾ ਗਲ਼ਾ ਘੁੱਟ ਕੇ ਮਾਰ ਦਿੱਤਾ ਸੀ।"
11 ਕਤਲ ਵਾਰਦਾਤਾਂ ਮੰਨੀਆਂ ਹਨ
ਜਾਂਚ ਅਧਿਕਾਰੀ ਇੰਸਪੈਕਟਰ ਜਤਿਨ ਕਪੂਰ ਅੱਗੇ ਦੱਸਦੇ ਹਨ, ਕਿ ਮੁਲਜ਼ਮ ਵਲੋਂ ਹੁਣ ਤੱਕ 11 ਕਤਲ ਦੀਆਂ ਵਾਰਦਾਤਾਂ ਨੂੰ ਮੰਨਿਆ ਲਿਆ ਗਿਆ ਅਤੇ ਉਨ੍ਹਾਂ ਵਿੱਚੋਂ ਤਿੰਨ ਤਾਂ ਰੋਪੜ ਜ਼ਿਲ੍ਹੇ ਨਾਲ ਸਬੰਧ ਰੱਖਦੀਆਂ ਹਨ।
ਜਤਿਨ ਕਪੂਰ ਦੱਸਦੇ ਹਨ ਇੱਕ ਵਿਅਕਤੀ ਨੂੰ ਮਾਰ ਕੇ ਉਸਦੀ ਪਿੱਠ ʼਤੇ ਪੈੱਨ ਨਾਲ ਧੋਖੇਬਾਜ਼ ਲਿਖ ਦਿੱਤਾ ਸੀ ਤਾਂ ਉਸ ਨੇ ਇਹ ਵੀ ਕਿਹਾ ਕਿ ਉਹ ਮਾਰਨ ਤੋਂ ਬਾਅਦ ਲੋਕਾਂ ਦਾ ਪੈਰੀਂ ਹੱਥ ਲਗਾ ਕੇ ਮੁਆਫ਼ੀ ਵੀ ਮੰਗਦਾ ਸੀ।
ਜਾਂਚ ਅਧਿਕਾਰੀ ਇੰਸਪੈਕਟਰ ਜਤਿਨ ਕਪੂਰ ਦੱਸਦੇ ਹਨ ਮੁਲਜ਼ਮ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ ਅਤੇ 23 ਦਸੰਬਰ ਨੂੰ ਅਦਾਲਤ ਦੇ ਵਿੱਚ ਪੇਸ਼ ਕਰ ਕੇ 27 ਦਸੰਬਰ ਤੱਕ ਪੁਲਿਸ ਰਿਮਾਂਡ ਸੀ।
ਹੁਣ ਦੋ ਜਨਵਰੀ ਤੱਕ ਮੁਲਜ਼ਮ ਪੁਲਿਸ ਰਿਮਾਂਡ ਉੱਤੇ ਹੈ।
ਪੁਲਿਸ ਟੀਮ ਜਾਂਚ ਕਰ ਰਹੀ ਹੈ ਅਤੇ ਮੁਲਜ਼ਮ ਤੋਂ ਵਾਰਦਾਤ ਵਾਲੀ ਥਾਂ ਉੱਤੇ ਲਿਜਾ ਕੇ ਕਰਾਈਮ ਸੀਂਨ ਰੀਕ੍ਰੀਏਟ ਕੀਤਾ ਜਾ ਰਿਹਾ ਹੈ।
ਇਸ ਮੁਲਜ਼ਮ ਨਾਲ ਕੀ ਕੋਈ ਹੋਰ ਵਿਅਕਤੀ ਵੀ ਅਪਰਾਧ ਵਿੱਚ ਸ਼ਾਮਲ ਹੈ ਜਾਂ ਕੀ ਇਹ ਹੋਰ ਕਿਸੇ ਵਾਰਦਾਤਾਂ ਵਿੱਚ ਸ਼ਾਮਲ ਸੀ। ਅਜਿਹੇ ਸਾਰੇ ਸਵਾਲਾਂ ਦੇ ਜਵਾਬ ਪੁਲਿਸ ਟੀਮ ਲੱਭਣ ਵਿੱਚ ਲੱਗੀ ਹੋਈ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ