ਟੀਨਾ ਟਰਨਰ : 8 ਗਰੈਮੀ ਐਵਾਰਡ ਜੇਤੂ ਗਾਇਕਾ ਜਿਸ ਨੇ ਪਤੀ ਨਾਲ ਰਿਸ਼ਤੇ ਨੂੰ 'ਬਲਾਤਕਾਰ' ਦੱਸਿਆ ਸੀ

ਟੀਨਾ ਟਰਨਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਟੀਨਾ ਟਰਨਰ ਨੇ ਔਖਾ ਬਚਪਨ ਤੇ ਔਖੀ ਵਿਆਹੁਤਾ ਜ਼ਿੰਦਗੀ ਜੀਵੀ ਪਰ ਸੰਗੀਤ ਨੇ ਦੁਨੀਆਂ ਉਨ੍ਹਾਂ ਦੀ ਦਿਵਾਨੀ ਬਣਾ ਦਿੱਤੀ

ਸਟੇਜ 'ਤੇ ਆਪਣੀ ਦਮਦਾਰ ਅਵਾਜ਼ ਅਤੇ ਜੋਸ਼ੀਲੀਆਂ ਹਰਕਤਾਂ ਨਾਲ ਟੀਨਾ ਟਰਨਰ ਨੇ ਅੱਧੀ ਦੁਨੀਆ ਦੇ ਦਰਸ਼ਕਾਂ ਦੇ ਦਿਲਾਂ ’ਤੇ ਰਾਜ ਕੀਤਾ।

80 ਅਤੇ 90 ਦੇ ਦਹਾਕੇ ਦੇ ਅਭੁੱਲ ਸਿਤਾਰਿਆਂ ਵਿੱਚੋਂ ਇੱਕ ਬਣ ਗਏ।

ਟਰਨਰ, ਜਿਨ੍ਹਾਂ ਨੂੰ ‘ਰਾਕ ਐਂਡ ਰੋਲ ਦੀ ਰਾਣੀ’ ਕਿਹਾ ਜਾਂਦਾ ਹੈ, ਦੀ ਬੁੱਧਵਾਰ ਨੂੰ 83 ਸਾਲ ਦੀ ਉਮਰ ਵਿੱਚ ਮੌਤ ਹੋ ਗਈ।

ਅਮਰੀਕੀ ਮੂਲ ਦੀ ਗਾਇਕਾ ਦੀ ਸਵਿਟਜ਼ਰਲੈਂਡ ਦੇ ਜ਼ਿਊਰਿਖ ਨੇੜੇ ਕੁਸਨਾਚਟ ਵਿੱਚ ਉਨ੍ਹਾਂ ਦੇ ਆਪਣੇ ਘਰ ਲੰਬੇ ਸਮੇਂ ਤੋਂ ਬਿਮਾਰੀ ਨਾਲ ਜੂਝ ਰਹੇ ਸਨ।

ਟਰਨਰ ਨੂੰ ਕੈਂਸਰ, ਸਟ੍ਰੋਕ ਅਤੇ ਗੁਰਦੇ ਫੇਲ੍ਹ ਹੋਣ ਸਮੇਤ ਕਈ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਸੀ।

ਉਨ੍ਹਾਂ ਦੇ ਏਜੰਟ ਦਾ ਬਿਆਨ ਆਇਆ, "ਉਸ ਦੇ ਜਾਣ ਨਾਲ, ਦੁਨੀਆਂ ਨੇ ਇੱਕ ਮਹਾਨ ਸੰਗੀਤ ਤੇ ਮਾਰਗ ਦਰਸ਼ਨ ਵਾਲੀ ਮਿਸਾਲ ਗਵਾ ਦਿੱਤੀ।"

ਟੀਨਾ ਟਰਨਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਟੀਨਾ ਤੇ ਆਈਕੇ 18 ਸਾਲ ਤੱਕ ਇਕੱਠਿਆਂ ਰਹੇ

ਟਰਨਰ ਦੀ ਸ਼ੁਰੂਆਤ

1978 ਵਿੱਚ, ਉਨ੍ਹਾਂ ਨੇ ਆਈਕੇ ਨੂੰ ਤਲਾਕ ਦੇ ਦਿੱਤਾ ਅਤੇ 1980 ਅਤੇ 1990 ਦੇ ਦਹਾਕੇ ਵਿੱਚ ਇੱਕ ਸੋਲੋ ਕਲਾਕਾਰ ਯਾਨੀ ਇਕੱਲਿਆਂ ਹੀ ਗਾਉਣਾ ਸ਼ੁਰੂ ਕੀਤਾ ਤੇ ਵੱਡੀ ਸਫਲਤਾ ਹਾਸਲ ਕੀਤੀ।

26 ਨਵੰਬਰ, 1939 ਨੂੰ ਟੈਨੇਸੀ ਦੇ ਛੋਟੇ ਜਿਹੇ ਕਸਬੇ ਨਟਬੁਸ਼ ਵਿੱਚ ਅੰਨਾ ਮਾਏ ਬਲੌਕ ਦਾ ਜਨਮ ਹੋਇਆ, ਉਨ੍ਹਾਂ ਦਾ ਬਚਪਨ ਔਕਰਾਂ ਭਰਿਆ ਸੀ।

ਮਾਪਿਆਂ ਦੀ ਮੌਤ ਤੋਂ ਬਾਅਦ ਸਖ਼ਤ ਧਾਰਮਿਕ ਰਿਵਾਇਆਂ ਨਾਲ ਦਾਦਾ-ਦਾਦੀ ਨੇ ਪਾਲਿਆ ਸੀ।

ਉਨ੍ਹਾਂ ਨੇ ਇੱਕ ਬੈਪਟਿਸਟ ਚਰਚ ਵਿੱਚ ਗਾਉਣਾ ਸ਼ੁਰੂ ਕੀਤਾ, ਅਤੇ ਹਾਈ ਸਕੂਲ ਦੀ ਪੜ੍ਹਾਈ ਕਰਨ ਤੋਂ ਬਾਅਦ, ਉਹ ਇੱਕ ਨਰਸ ਬਣਨ ਦੇ ਇਰਾਦੇ ਨਾਲ ਇੱਕ ਹਸਪਤਾਲ ਵਿੱਚ ਕੰਮ ਕਰਨ ਲਈ ਚਲੇ ਗਏ।

ਇਹ ਦਿਨ ਟਰਨਰ ਦੀ ਜ਼ਿੰਦਗੀ ਬਦਲਣ ਵਾਲਾ ਸੀ, ਉਹ ਇੱਕ ਨਾਈਟ ਕਲੱਬ ਵਿੱਚ ਇੱਕ ਵਿਅਕਤੀ ਨੂੰ ਮਿਲੀ, ਜਿਸ ਨਾਲ ਉਨ੍ਹਾਂ ਨੇ ਵਿਆਹ ਕਰਵਾਇਆ।

ਟੀਨਾ ਟਰਨਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਟਰਨਰ ’ਤੇ ਟੀਨਾ ਉੱਤੇ ਆਪਣੀ ਮਰਜ਼ੀ ਥੋਪਣ ਦੇ ਇਲਜ਼ਾਮ ਹਨ

ਇਸ ਕਲਾਕਾਰ ਨੇ 1960 ਦੇ ਦਹਾਕੇ ਵਿੱਚ ਆਪਣੇ ਪਤੀ ਆਈਕੇ ਟਰਨਰ ਨਾਲ ਪ੍ਰਾਉਡ ਮੈਰੀ ਅਤੇ ਰਿਵਰ ਡੀਪ, ਮਾਉਂਟੇਨ ਹਾਈ ਵਰਗੇ ਗੀਤਾਂ ਨਾਲ ਪ੍ਰਸਿੱਧੀ ਹਾਸਿਲ ਕੀਤੀ ਸੀ।

ਇਹ ਗਾਇਕਾ ਸਟੇਜ 'ਤੇ ਊਰਜਾ ਅਤੇ ਗਹਿਰੀ ਬੁਲੰਦ ਆਵਾਜ਼ ਨਾਲ ਗਾਉਣ ਲਈ ਮਸ਼ਹੂਰ ਸੀ।

ਉਨ੍ਹਾਂ ਨੇ 8 ਗ੍ਰੈਮੀ ਅਵਾਰਡ ਜਿੱਤੇ ਅਤੇ 2021 ਵਿੱਚ ਇੱਕ ਸੋਲੋ ਕਲਾਕਾਰ ਦੇ ਤੌਰ 'ਤੇ ਰੌਕ 'ਐਨ' ਰੋਲ ਅਤੇ ਹਾਲ ਆਫ਼ ਫ਼ੇਮ ਵਿੱਚ ਸ਼ਾਮਲ ਕੀਤਾ ਗਿਆ।

ਟੀਨਾ ਟਰਨਰ
ਤਸਵੀਰ ਕੈਪਸ਼ਨ, ਟੀਨਾ ਟਰਨਰ ਦਾ ਪਤੀ ਅਕਸਰ ਉਨ੍ਹਾਂ ਦੇ ਨੱਕ ’ਤੇ ਮਾਰਦਾ ਸੀ।

ਸਰੀਰਕ ਤੇ ਮਾਨਸਿਕ ਸੋਸ਼ਣ ਦਾ ਸ਼ਿਕਾਰ

ਆਈਕੇ ’ਤੇ ਇਲਜ਼ਾਮ ਹਨ ਕਿ ਉਨ੍ਹਾਂ ਨੇ ਟਰਨਰ ਦਾ ਸਾਲਾਂ ਤੱਕ ਸਰੀਰਕ ਅਤੇ ਮਨੋਵਿਗਿਆਨਕ ਸ਼ੋਸ਼ਣ ਕੀਤਾ ਸੀ।

ਉਨ੍ਹਾਂ ਨੇ ਸਭ ਤੋਂ ਪਹਿਲਾਂ ਆਈਕੇ ਟਰਨਰ ਦੇ ਬੈਂਡ, ਦਿ ਕਿੰਗਜ਼ ਆਫ਼ ਰਿਦਮ ਵਿੱਚ ਇੱਕ ਸਹਾਇਕ ਗਾਇਕ ਵਜੋਂ ਪ੍ਰਸਿੱਧੀ ਹਾਸਲ ਕੀਤੀ। ਪਰ ਉਹ ਜਲਦੀ ਹੀ ਸਮੂਹ ਦੀ ਅਗਵਾਈ ਕਰਨ ਲੱਗੇ।

ਇਸ ਜੋੜੇ ਨੇ ‘ਫੂਲ ਇਨ ਲਵ’ ਜਾਂ ‘ਇਟਸ ਗੋਨਾ ਵਰਕ ਆਊਟ ਫਾਈਨ’ ਵਰਗੇ ਗੀਤ ਰੀਲੀਜ਼ ਕੀਤੇ, ਜੋ 1960 ਦੇ ਦਹਾਕੇ ਦੇ ਸ਼ੁਰੂ ਵਿੱਚ ਅਮਰੀਕੀ ਮਿਊਜ਼ਿਕ ਚਾਰਟ ਵਿੱਚ ਦਾਖਲ ਹੋਏ।

ਉਨ੍ਹਾਂ ਸਾਰੇ ਸਾਲਾਂ ਵਿੱਚ, ਆਈਕੇ ਨੇ ਉਨ੍ਹਾਂ ਨੂੰ ਜਿਸ ਸਰੀਰਕ ਅਤੇ ਭਾਵਨਾਤਮਕ ਸ਼ੋਸ਼ਣ ਦਾ ਸ਼ਿਕਾਰ ਬਣਾਇਆ, ਉਹ ਉਸ ਉੱਤੇ ਆਪਣਾ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕਰ ਰਿਹਾ ਸੀ।

ਟੀਨਾ ਟਰਨਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਟੀਨਾ ਦੀ ਸ਼ੁਰੂਆਤ ਆਈਕੇ ਦੇ ਬੈਂਡ ਵਿੱਚ ਗਾਉਣ ਤੋਂ ਹੋਈ ਸੀ

ਬਲੌਕ ਦਾ ਨਾਂ ਵੀ ਉਨ੍ਹਾਂ ਦੇ ਪਤੀ ਨੇ ਬਿਨ੍ਹਾਂ ਦੱਸਿਆਂ ਹੀ ਟੀਨਾ ਟਰਨਰ ਰੱਖ ਦਿੱਤਾ ਸੀ।

ਟੀਨਾ ਨੇ 2018 ਵਿੱਚ ‘ਮਾਈ ਲਵ ਸਟੋਰੀ’ ਸਿਰਲੇਖ ਹੇਠ ਆਪਣੀ ਸਵੈ-ਜੀਵਨੀ ਲਿਖੀ।

ਗਾਇਕਾ ਨੇ ਉਸ ਸਦਮੇ ਨੂੰ ਯਾਦ ਕੀਤਾ ਜੋ ਉਨ੍ਹਾਂ ਨੇ ਆਪਣੇ ਰਿਸ਼ਤੇ ਦੌਰਾਨ ਝੱਲਿਆ ਸੀ।

ਕਿਤਾਬ ਵਿੱਚ, ਉਨ੍ਹਾਂ ਨੇ ਆਪਣੇ ਪਤੀ ਨਾਲ ਸੈਕਸ ਦੀ ਤੁਲਨਾ "ਇੱਕ ਕਿਸਮ ਦੇ ਬਲਾਤਕਾਰ" ਨਾਲ ਕੀਤੀ।

ਉਨ੍ਹਾਂ ਨੇ ਲਿਖਿਆ, "ਉਸਨੇ ਮੇਰੀ ਨੱਕ ਨੂੰ ਪੰਚਿੰਗ ਬੈਗ ਦੇ ਤੌਰ 'ਤੇ ਵਰਤਿਆ, ਕਈ ਵਾਰ ਅਜਿਹਾ ਹੋਇਆ, ਜਦੋਂ ਮੈਂ ਆਪਣੇ ਗਲ਼ੇ ਵਿੱਚ ਖੂਨ ਦਾ ਸੁਆਦ ਮਹਿਸੂਸ ਕੀਤਾ ਸੀ।"

1976 ਵਿੱਚ ਇੱਕ ਰਾਤ ਆਈਕੇ ਕੋਲ਼ੋ ਭੱਜਣ ਤੋਂ ਬਾਅਦ, ਉਨ੍ਹਾਂ ਨੇ ਆਪਣਾ ਕਰੀਅਰ ਦੁਬਾਰਾ ਬਣਾਇਆ।

ਉਹ 1980 ਅਤੇ 90 ਦੇ ਦਹਾਕੇ ਦੇ ਸਭ ਤੋਂ ਵੱਡੇ ਪੌਪ ਅਤੇ ਰੌਕ ਸਟਾਰਾਂ ਵਿੱਚੋਂ ਇੱਕ ਬਣ ਗਏ।

ਟੀਨਾ ਟਰਨਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਟੀਨਾ ਟਰਨਰ ਆਪਣੇ ਦੂਜੇ ਪਤੀ ਐਰਵਿਨ ਬਾਕ ਨਾਲ

ਦੂਜਾ ਵਿਆਹ ਤੇ ਖ਼ੁਸ਼ੀ ਦਾ ਮੁੜ ਆਗਾਜ਼

ਉਨ੍ਹਾਂ ਨੇ ਦੂਜਾ ਵਿਆਹ ਜਰਮਨ ਸੰਗੀਤਕਾਰ ਐਰਵਿਨ ਬਾਕ ਨਾਲ ਕਰਵਾਇਆ।

ਉਹ ਬਾਕ ਨੂੰ 1980 ਦੇ ਦਹਾਕੇ ਦੇ ਅੱਧ ਵਿੱਚ ਮਿਲੇ ਤੇ 2013 ਵਿੱਚ ਵਿਆਹ ਕਰਵਾ ਲਿਆ।

ਇਹ ਜੋੜਾ ਸਵਿਟਜ਼ਰਲੈਂਡ ਵਿੱਚ ਰਹਿਣ ਲੱਗਿਆ ਅਤੇ ਟਰਨਰ ਨੇ ਅਮਰੀਕੀ ਨਾਗਰਿਕਤਾ ਨੂੰ ਤਿਆਗ ਕੇ ਉਸ ਦੇਸ਼ ਦੀ ਨਾਗਰਿਕਤਾ ਲੈ ਲਈ ਸੀ।

ਜਦੋਂ 2017 ਵਿੱਚ ਟਰਨਰ ਗੁਰਦੇ ਦੀ ਬਿਮਾਰੀ ਤੋਂ ਪੀੜਤ ਸਨ ਤਾਂ ਬਾਕ ਨੇ ਉਨ੍ਹਾਂ ਨੂੰ ਆਪਣਾ ਇੱਕ ਗੁਰਦਾ ਦਾਨ ਕੀਤਾ ਸੀ।

2018 ਵਿੱਚ ਟਰਨਰ ਨੇ ਆਪਣੇ ਵੱਡੇ ਬੇਟੇ, ਕ੍ਰੇਗ ਦੀ ਖੁਦਕੁਸ਼ੀ ਦਾ ਦੁੱਖ ਝੱਲਿਆ ਸੀ।

ਉਨ੍ਹਾਂ ਦਾ ਇੱਕ ਹੋਰ ਪੁੱਤਰ ਜਿਸਦਾ ਪਿਤਾ ਆਈਕੇ ਸੀ, ਉਸ ਦੀ 2022 ਵਿੱਚ ਮੌਤ ਹੋ ਗਈ ਸੀ।

ਟੀਨਾ ਟਰਨਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਟਰਨਰ ਆਪਣੀ ਜ਼ਿੰਦਗੀ ਨੂੰ ਔਖਿਆਈਆਂ ਭਰੀ ਨਹੀ ਦੱਸਦੇ

ਟੀਨਾ ਟਰਨਰ ਦੀ ਜੀਵਨ ਕਹਾਣੀ ਨੂੰ 1993 ਦੀ ਫਿਲਮ ‘ਵਟਸ ਲਵ ਗੌਟ ਟੂ ਡੂ ਵਿਦ ਇਟ’ ਨਾਮ ਹੇਠ ਵੱਡੇ ਪਰਦੇ 'ਤੇ ਪ੍ਰਸਾਰਿਤ ਕੀਤਾ ਗਿਆ ਸੀ।

ਇਸ ਫ਼ਿਲਮ ਦੀ ਅਦਾਕਾਰ ਐਂਜੇਲਾ ਬਾਸੈਟ ਨੂੰ ਆਸਕਰ ਲਈ ਨਾਮਜ਼ਦ ਵੀ ਕੀਤਾ ਗਿਆ ਸੀ।

2018 ਵਿੱਚ ਇੱਕ ਇੰਟਰਵਿਊ ਵਿੱਚ ਟਰਨਰ ਨੇ ਕਿਹਾ, "ਲੋਕ ਸੋਚਦੇ ਹਨ ਕਿ ਮੇਰੀ ਜ਼ਿੰਦਗੀ ਬਹੁਤ ਔਖੀ ਰਹੀ ਹੈ, ਪਰ ਮੈਨੂੰ ਲੱਗਦਾ ਹੈ ਕਿ ਇਹ ਇੱਕ ਸ਼ਾਨਦਾਰ ਸਫ਼ਰ ਰਿਹਾ ਹੈ।”

“ਤੁਸੀਂ ਜਿੰਨੀ ਉਮਰ ਦੇ ਹੋਵੋਗੇ, ਓਨਾ ਹੀ ਤੁਹਾਨੂੰ ਇਹ ਅਹਿਸਾਸ ਹੋਵੇਗਾ ਕਿ ਤੁਸੀਂ ਇਸ ਨਾਲ ਕਿਵੇਂ ਨਜਿੱਠਦੇ ਰਹੇ ਹੋ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)