You’re viewing a text-only version of this website that uses less data. View the main version of the website including all images and videos.
ਆਈਪੀਐੱਲ ਦਾ ਹੋਵੇਗਾ ਆਗਾਜ਼, ਜਾਣੋ ਪੰਜਾਬ ਕਿੰਗਜ਼ ਦੇ ਮੁਕਾਬਲੇ ਕਦੋਂ ਅਤੇ ਕਿੱਥੇ ਹੋਣਗੇ
ਸੰਸਾਰ ਦੇ ਸਭ ਤੋਂ ਵੱਡੇ ਟੀ 20 ਮੁਕਾਬਲਿਆਂ ਵਿੱਚ ਸ਼ੁਮਾਰ ਇੰਡੀਅਨ ਪ੍ਰੀਮਿਅਰ ਲੀਗ ਦਾ 17ਵਾਂ ਅਧਿਆਏ ਆਉਂਦੇ ਸ਼ੁੱਕਰਵਾਰ ਨੂੰ ਸ਼ੁਰੂ ਹੋਵੇਗਾ।
ਇਸ ਵਿੱਚ ਸੰਸਾਰ ਭਰ ਦੇ ਕ੍ਰਿਕਟ ਸਿਤਾਰੇ ਸ਼ਾਮਲ ਹੋਣਗੇ।
ਪਹਿਲਾ ਮੈਚ ਸ਼ੁੱਕਰਵਾਰ 22 ਮਾਰਚ ਨੂੰ ਹੋਵੇਗਾ ਜਿਸ ਵਿੱਚ ਚੇਨਈ ਸੁਪਰ ਕਿੰਗਜ਼ ਅਤੇ ਰੋਇਲ ਚੈਲੰਜਰਜ਼ ਬੈਂਗਲੋਰ ਵਿਚਾਲੇ ਮੁਕਾਬਲਾ ਹੋਵੇਗਾ।
ਇਸ ਦੇ ਪਹਿਲੇ ਹੀ ਦਿਨ ਪ੍ਰਸ਼ੰਸਕ ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਅਤੇ ਵਿਰਾਟ ਕੋਹਲੀ ਨੂੰ ਮੈਦਾਨ ਉੱਤੇ ਦੇਖ ਸਕਦੇ ਹਨ।
23 ਮਾਰਚ ਨੂੰ ਪੀਸੀਏ ਦੇ ਨਵੇਂ ਸਟੇਡੀਅਮ ਵਿੱਚ ਪੰਜਾਬ ਕਿੰਗਜ਼ ਅਤੇ ਦਿੱਲੀ ਕੈਪੀਟਲਜ਼ ਦਾ ਮੈਚ ਹੋਵੇਗਾ।
ਭਾਰਤ ਵਿੱਚ ਲੋਕ ਸਭਾ ਚੋਣਾਂ 19 ਅਪ੍ਰੈਲ ਤੋਂ 1 ਜੂਨ ਤੱਕ ਹੋਣਗੀਆਂ, ਇਸ ਲਈ ਆਈਪੀਐੱਲ ਮੈਚਾਂ ਦੀ ਪੂਰੀ ਜਾਣਕਾਰੀ ਹਾਲੇ ਸਾਂਝੀ ਨਹੀਂ ਕੀਤੀ ਗਈ ਹੈ।
ਪਹਿਲੇ ਦੋ ਹਫ਼ਤਿਆਂ ਦੇ ਮੁਕਾਬਲਿਆਂ ਦੀਆਂ ਤਰੀਕਾਂ ਦਾ ਐਲਾਨ ਬੋਰਡ ਆਫ ਕੰਟ੍ਰੋਲ ਫਾਰ ਕ੍ਰਿਕਟ (ਬੀਸੀਸੀਆਈ) ਵੱਲੋਂ ਕਰ ਦਿੱਤਾ ਗਿਆ ਹੈ। ਬੀਸੀਸੀਆਈ ਦਾ ਕਹਿਣਾ ਹੈ ਕਿ ਰਹਿੰਦੀਆਂ ਤਰੀਕਾਂ ਆਉਂਦੇ ਸਮੇਂ ਵਿੱਚ ਐਲਾਨੀਆਂ ਜਾਣਗੀਆਂ।
ਫਾਈਨਲ ਮੈਚ ਦੀਆਂ ਤਰੀਕਾਂ ਹਾਲੇ ਨਹੀਂ ਆਈਆਂ ਹਨ ਪਰ ਸ਼ਾਇਦ ਇਹ ਮਈ ਦੇ ਆਖ਼ਰੀ ਹਫ਼ਤੇ ਹੋਵੇਗਾ।
ਪੰਜਾਬ ਕਿੰਗਜ਼ ਦੇ ਸ਼ੁਰੂਆਤੀ ਮੈਚ
ਦਿੱਲੀ ਕੈਪਿਟਲਜ਼ ਅਤੇ ਪੰਜਾਬ ਕਿੰਗਜ਼ ਵਿਚਾਲੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਨਵੇਂ ਸਟੇਡੀਅਮ ਵਿੱਚ 23 ਮਾਰਚ ਨੂੰ ਹੋਣ ਵਾਲੇ ਮੈਚ ਤੋਂ ਬਾਅਦ ਅਗਲਾ ਮੈਚ 25 ਮਾਰਚ ਨੂੰ ਹੋਵੇਗਾ।
25 ਮਾਰਚ ਨੂੰ ਪੰਜਾਬ ਕਿੰਗਜ਼ ਦਾ ਮੁਕਾਬਲਾ ਰੋਇਲ ਚੈਲੰਜਰਜ਼ ਬੈਂਗਲੋਰ ਨਾਲ ਹੋਵੇਗਾ। ਇਹ ਮੁਕਾਬਲਾ ਬੈਂਗਲੁਰੂ ਵਿਖੇ ਐੱਮ ਚਿਨਾਸਵਾਮੀ ਸਟੇਡੀਅਮ ਵਿੱਚ ਹੋਵੇਗਾ।
30 ਮਾਰਚ ਨੂੰ ਪੰਜਾਬ ਕਿੰਗਜ਼ ਅਤੇ ਲਖਨਊ ਸੂਪਰ ਜਾਇੰਟਸ ਵਿਚਾਲੇ ਮੁਕਾਬਲਾ ਹੋਵੇਗਾ। ਇਹ ਮੁਕਾਬਲਾ ਲਖਨਊ ਦੇ ਭਾਰਤ ਰਤਨ ਸ੍ਰੀ ਅਟਲ ਬਿਹਾਰੀ ਵਾਜਪਾਈ ਏਕਾਨਾ ਕ੍ਰਿਕਟ ਸਟੇਡੀਅਮ ਵਿੱਚ ਹੋਵੇਗਾ।
4 ਅਪ੍ਰੈਲ ਨੂੰ ਗੁਜਰਾਤ ਟਾਈਟਨਸ ਅਤੇ ਪੰਜਾਬ ਕਿੰਗਜ਼ ਵਿਚਾਲੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਮੈਚ ਹੋਵੇਗਾ।
ਆਈਪੀਐੱਲ ਵਿੱਚ ਕਿਹੜੀਆਂ ਕਿਹੜੀਆਂ ਟੀਮਾਂ ਅਤੇ ਕੀ ਹੋਵੇਗਾ ਫਾਰਮੈਟ
ਆਈਪੀਐੱਲ ਵਿੱਚ ਗਰੁੱਪ-ਏ ਵਿੱਚ ਮੁੰਬਈ ਇੰਡੀਅਨਜ਼, ਕੋਲਕਾਤਾ ਨਾਈਟ ਰਾਈਡਰਜ਼, ਰਾਜਸਥਾਨ ਰੋਇਲਜ਼, ਦਿੱਲੀ ਕੈਪੀਟਲਜ਼, ਲਖਨਊ ਸੂਪਰ ਜਾਇੰਟਸ ਦੇ ਨਾਲ-ਨਾਲ ਗਰੁੱਪ-ਬੀ ਵਿੱਚ ਚੇਨਈ ਸੁਪਰ ਕਿੰਗਜ਼, ਸਨਰਾਈਜ਼ਰ ਹੈਦਰਾਬਾਦ, ਗੁਜਰਾਤ ਟਾਈਟਨਜ਼, ਰੋਇਲ ਚੈਲੰਜਰਜ਼ ਬੈਂਗਲੌਰ ਅਤੇ ਪੰਜਾਬ ਕਿੰਗਜ਼ ਹੋਣਗੇ।
ਇਨ੍ਹਾਂ ਟੀਮਾਂ ਨੂੰ ਪੰਜ ਪੰਜ ਦੇ ਦੋ ਸਮੂਹਾਂ ਵਿੱਚ ਵੰਡਿਆ ਗਿਆ ਹੈ। ਇੱਕ ਟੀਮ 14 ਮੈਚ ਖੇਡਦੀ ਹੈ। ਟੀਮਾਂ ਆਪਣੇ ਗਰੁੱਪ ਵਿੱਚ ਇੱਕ ਵਾਰੀ ਖੇਡਦੀਆਂ ਅਤੇ ਦੂਜੇ ਗਰੁੱਪ ਵਿੱਚ ਦੋ ਮੈਚ ਖੇਡਦੀਆਂ ਹਨ।
ਸਾਰੇ ਨਤੀਜੇ ਇੱਕ ਟੇਬਲ ਵਿੱਚ ਦਰਜ ਹੁੰਦੇ ਹਨ।
ਲੀਗ ਮੈਚ ਤੋਂ ਬਾਅਦ ਵਾਲੇ ਪਲੇਅ ਆਫ ਮੁਕਾਬਲੇ ਵਿੱਚ ਪਹਿਲੇ ਅਤੇ ਦੂਜੇ ਨੰਬਰ ਉੱਤੇ ਰਹਿਣ ਵਾਲੀਆਂ ਟੀਮਾਂ ਵਿਚਕਾਰ ਫਾਈਨਲ ਲਈ ਮੁਕਾਬਲਾ ਹੁੰਦਾ ਹੈ।
ਫਿਰ ਤੀਜੇ ਅਤੇ ਚੌਥੇ ਨੰਬਰ ਉੱਤੇ ਆਉਣ ਵਾਲੀਆਂ ਟੀਮਾਂ ਵਿੱਚ ਮੁਕਾਬਲਾ ਹੁੰਦਾ ਹੈ। ਇਸ ਮੈਚ ਵਿੱਚ ਹਾਰਨ ਵਾਲੀ ਟੀਮ ਪਲੇਆਫ ਵਿੱਚੋਂ ਬਾਹਰ ਹੋ ਜਾਂਦੀ ਹੈ।
ਇਸ ਮੈਚ ਦੀ ਜੇਤੂ ਟੀਮ ਦਾ ਮੁਕਾਬਲਾ ਫਿਰ ਪਹਿਲੇ ਪਲੇਆਫ ਵਿੱਚ ਹਾਰਨ ਵਾਲੀ ਟੀਮ ਨਾਲ ਹੁੰਦਾ ਹੈ। ਜੇਤੂ ਟੀਮ ਫਾਈਨਲ ਮੈਚ ਵਿੱਚ ਖੇਡਦੀ ਹੈ।
ਕੀ ਨਵੇਂ ਨਿਯਮ ਆਏ ਹਨ?
ਇਸ ਵਾਰੀ ਸਿਰਫ਼ ਇੱਕ ਨਵਾਂ ਨਿਯਮ ਆਇਆ ਹੈ। ਖਿਡਾਰੀ ਹੁਣ ਇੱਕ ਓਵਰ ਵਿੱਚ ਇੱਕ ਦੀ ਥਾਂ ਦੋ ਬਾਊਂਸਰ ਗੇਂਦਾ ਪਾ ਸਕਦੇ ਹਨ।
ਵਾਈਡ ਅਤੇ ਨੋ ਬਾਲਜ਼ ਦਾ ਰਿਵਿਊ ਕੀਤਾ ਜਾ ਸਕਦਾ ਹੈ।
ਦੋਵੇਂ ਟੀਮਾਂ ਟਾਸ ਤੋਂ ਬਾਅਦ ਉਸ ਦਿਨ ਖੇਡਣ ਵਾਲੇ ਆਪੋ ਆਪਣੇ ਖਿਡਾਰੀਆਂ ਦੇ ਨਾਮ ਦੱਸਣਗੇ। ਇਸ ਦੇ ਨਾਲ ਹੀ ਉਹ ਪੰਜ ਵਾਧੂ ਖਿਡਾਰੀਆਂ ਦੇ ਨਾਮ ਵੀ ਦੱਸਣਗੇ।
‘ਇੰਪੈਕਟ ਪਲੇਅਰ’ ਨਿਯਮ ਵੀ ਲਾਗੂ ਰਹੇਗਾ ਇਸ ਨਿਯਮ ਤਹਿਤ ਟੀਮ ਪੰਜ ਵਾਧੂ ਖਿਡਾਰੀਆਂ ਵਿੱਚੋਂ ਇੱਕ ਨੂੰ ਖਿਡਾ ਸਕਦੀ ਹੈ।
ਇਹ ਖਿਡਾਰੀ ਭਾਰਤੀ ਹੋਣਾ ਚਾਹੀਦਾ ਹੈ। ਜੇਕਰ ਟੀਮ ਵਿੱਚ ਚਾਰ ਵਿਦੇਸ਼ੀ ਖਿਡਾਰੀ ਪਹਿਲਾਂ ਹੀ ਨਹੀਂ ਖੇਡ ਰਹੇ ਸੀ ਤਾਂ ਵਿਦੇਸ਼ੀ ਖਿਡਾਰੀ ਨੂੰ ਲਿਆਂਦਾ ਜਾ ਸਕਦਾ ਹੈ।
ਟੀਮਾਂ ਵਿੱਚ ਕੀ ਕੀ ਬਦਲਾਅ ਹੋਏ ਹਨ
ਗੁਜਰਾਤ ਦੀ ਟੀਮ ਵਿੱਚ ਰਹੇ ਹਾਰਦਿਕ ਪਾਂਡਿਆ ਮੁੰਬਈ ਇੰਡੀਅਨਜ਼ ਦੇ ਕੈਪਟਨ ਵਜੋਂ ਵਾਪਸੀ ਕਰ ਰਹੇ ਹਨ, ਉਹ ਰੋਹਿਤ ਸ਼ਰਮਾ ਦੀ ਥਾਂ ਕੈਪਟਨ ਬਣਨਗੇ।
ਆਸਟ੍ਰੇਲੀਆਈ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਮਿਚੇਲ ਸਟਾਰਕ ਨੂੰ ਕੋਲਕਾਤਾ ਨਾਈਟ ਰਾਈਡਰਜ਼ ਨੇ 24.75 ਕਰੋੜ ਰੁਪਏ ਵਿੱਚ ਖਰੀਦਿਆ ਸੀ।
ਆਸਟ੍ਰੇਲੀਆਈ ਖਿਡਾਰੀ ਪੈਟ ਕਮਿੰਨਸ ਸਨਰਾਈਜ਼ਰ ਹੈਦਰਾਬਾਦ ਦੇ ਕਪਤਾਨ ਬਣੇ ਹਨ।
ਇਹ ਵੀ ਉਮੀਦ ਕੀਤੀ ਜਾ ਰਹੀ ਹੈ ਕਿ ਭਾਰਤੀ ਵਿਕਟ ਕੀਪਰ ਰਿਸ਼ਭ ਪੰਤ ਆਪਣੇ ਨਾਲ ਦਸੰਬਰ 2022 ਵਿੱਚ ਹੋਈ ਕਾਰ ਦੁਰਘਟਨਾ ਤੋਂ ਬਾਅਦ ਪਹਿਲੀ ਵਾਰੀ ਖੇਡਣਗੇ ਅਤੇ ਉਹ ਦਿੱਲੀ ਕੈਪੀਟਲਜ਼ ਦੇ ਕੈਪਟਨ ਮੁਖੀ ਵੀ ਹੋ ਸਕਦੇ ਹਨ।
ਨਿਊਜ਼ੀਲੈਂਡ ਦੇ ਪਲੇਅਰ ਰਚਿਨ ਰਵਿੰਦਰ ਚੇਨਈ ਸੁਪਰ ਕਿੰਗਜ਼ ਵੱਲੋਂ ਖੇਡਣਗੇ ਅਤੇ ਸ੍ਰੀਲੰਕਾ ਦੇ ਤੇਜ਼ ਗੇਂਦਬਾਜ਼ ਦਿਲਸ਼ਾਨ ਮਦੂਸ਼ਾਂਕਾ ਮੁੰਬਈ ਦੀ ਟੀਮ ਵੱਲੋਂ ਖੇਡਣਗੇ। ਇਹ ਦੋਵੇਂ ਖਿਡਾਰੀ ਇੱਕ ਦਿਨਾ ਮੈਚ ਵਿੱਚ ਆਪਣ ਚੰਗੇ ਪ੍ਰਦਰਸ਼ਨ ਤੋਂ ਬਾਅਦ ਪਹਿਲੀ ਵਾਰੀ ਆਈਪੀਐੱਲ ਖੇਡ ਰਹੇ ਹਨ।
ਮੁੰਬਈ ਇੰਡੀਅਨਜ਼ ਅਤੇ ਚੇਨਈ ਸੁਪਰ ਕਿੰਗਜ਼ ਪੰਜ ਵਾਰ ਆਈਪੀਐੱਲ ਦੀ ਟ੍ਰੌਫੀ ਜਿੱਤ ਚੁੱਕੇ ਹਨ।
ਇਸ ਦੇ ਨਾਲ ਹੀ ਆਈਪੀਐੱਲ ਵਿੱਚ ਇੰਗਲੈਂਡ ਦੇ 13 ਖਿਡਾਰੀ ਖੇਡ ਰਹੇ ਹਨ।
ਇਨ੍ਹਾਂ ਖਿਡਾਰੀਆਂ ਵਿੱਚ ਲਿਊਕ ਵੁੱਡ, ਵਿੱਲ ਜੈਕਸ, ਟੌਮ ਕੋਹਲਰ ਕੈਡਮੋਰ ਵੀ ਸ਼ਾਮਲ ਹਨ।