ਇਜ਼ਰਾਇਲ ਵਿਰੁੱਧ ਕਿਵੇਂ ਖੜ੍ਹੀ ਹੋਈ ਫ਼ਲਸਤੀਨੀ ਖਾੜਕੂਆਂ ਦੀ ਜਥੇਬੰਦੀ ‘ਸ਼ੇਰਾਂ ਦੀ ਗੁਫ਼ਾ’

ਇਸ ਸਾਲ ਦੀ ਸ਼ੁਰੂਆਤ ਤੋਂ ਹੀ ਇਜ਼ਰਾਇਲੀ ਕਬਜ਼ੇ ਵਾਲੇ ਵੈਸਟ ਬੈਂਕ ਅਤੇ ਪੂਰਬੀ ਯੇਰੂਸ਼ਲਮ ਇਲਾਕੇ ਵਿੱਚ ਇਜ਼ਰਾਇਲ ਅਤੇ ਫ਼ਲਸਤੀਨੀਆਂ ਵਿਚਕਾਰ ਤਣਾਅ ਅਤੇ ਹਿੰਸਾ ਵਧੀ ਹੈ। ਫ਼ਲਸਤੀਨੀਆਂ ਦਾ ਇੱਕ ਨਵਾਂ ਸਮੂਹ ਇਸ ਦੌਰਾਨ ਉੱਭਰਿਆ ਹੈ।

ਇਸ ਦਾ ਅਰਬੀ ਵਿੱਚ ਨਾਂ ਹੈ, ‘ਅਰੀਨ-ਅਲ-ਉਸੁਦੂ’ ਅਤੇ ਅੰਗਰੇਜ਼ੀ ਵਿੱਚ ਇਸ ਨੂੰ ਲਾਇਨਜ਼ ਡੈੱਨ ਜਾਂ ਹਿੰਦੀ ਵਿੱਚ ‘ਸ਼ੇਰਾਂ ਦੀ ਗੁਫ਼ਾ’ ਕਿਹਾ ਜਾ ਰਿਹਾ ਹੈ।

ਪੱਛਮੀ ਵੈਸਟ ਬੈਂਕ ਦੇ ਨਬਲੂਸ ਇਲਾਕੇ ਵਿੱਚ ਉੱਭਰੇ ਇਸ ਨਵੇਂ ਖਾੜਕੂਆਂ ਨੂੰ ਇਜ਼ਰਾਇਲ ਦੇ ਫੌਜੀਆਂ ਅਤੇ ਫ਼ਲਸਤੀਨੀ ਇਲਾਕੇ ’ਤੇ ਵਸੇ ਇਜ਼ਰਾਇਲੀ ਲੋਕਾਂ ’ਤੇ ਹਮਲਿਆਂ ਲਈ ਜਿੰਮੇਵਾਰ ਮੰਨਿਆ ਜਾਂਦਾ ਹੈ।

ਇਸ ਸਮੂਹ ਦੇ ਮੈਂਬਰ ਅਤੇ ਸਮਰਥਕ ਜ਼ਿਆਦਾਤਰ ਨੌਜਵਾਨ ਫ਼ਲਸਤੀਨੀ ਹਨ।

ਇਨ੍ਹਾਂ ਦਾ ਦਾਅਵਾ ਹੈ ਕਿ ਇਹ ਪਿਛਲੇ ਕਈ ਦਹਾਕਿਆਂ ਤੋਂ ਫ਼ਲਸਤੀਨੀ ਰਾਜਨੀਤੀ ਨੂੰ ਦਿਸ਼ਾ ਦੇਣ ਵਾਲੇ ਰਵਾਇਤੀ ਸਮੂਹਾਂ ਅਤੇ ਪੱਖਾਂ ਤੋਂ ਉੱਤੇ ਅਤੇ ਅਲੱਗ ਹਨ।

ਪਰ ਇਹ ਹੈ ਕੌਣ ਅਤੇ ਇਨ੍ਹਾਂ ਦੀ ਮੌਜੂਦਗੀ ਕਿੰਨੀ ਅਹਿਮ ਹੈ?

‘‘ਨੌਜਵਾਨ, ਅਸੰਤੁਸ਼ਟ ਫ਼ਲਸਤੀਨੀ’’

ਫ਼ਰਵਰੀ ਵਿੱਚ ਇਜ਼ਰਾਇਲੀ ਫੌਜਾਂ ਨੇ ਨੌਂ ਫ਼ਲਸਤੀਨੀਆਂ ਨੂੰ ਮਾਰ ਦਿੱਤਾ। ਇਨ੍ਹਾਂ ਵਿੱਚੋਂ ਛੇ ‘ਸ਼ੇਰਾਂ ਦੀ ਗੁਫਾ’ ਦੇ ਮੈਂਬਰ ਸਨ।

ਵੈਸਟ ਬੈਂਕ ਦੇ ਰੱਮਾਅੱਲ੍ਹਾ ਸ਼ਹਿਰ ਵਿੱਚ ਵਿਚਲੇ ਹੋਰਾਈਜ਼ਨ ਸੈਂਟਰ ਫਾਰ ਪੌਲੀਟੀਕਲ ਸਟੱਡੀਜ਼ ਦੇ ਕਾਰਜਕਾਰੀ ਨਿਰਦੇਸ਼ਕ ਜਿਬ੍ਰੀਲ ਦਲਾਲਸ਼ਾ ਕਹਿੰਦੇ ਹਨ, ‘‘ਸ਼ੇਰਾਂ ਦੀ ਗੁਫਾ, ਨੌਜਵਾਨ ਅਤੇ ਨਰਾਜ਼, ਰੋਹ ਭਰੇ ਫ਼ਲਸਤੀਨੀ ਨੌਜਵਾਨਾਂ ਦੀ ਜਥੇਬੰਦੀ ਹੈ, ਜਿਸ ਦੇ ਜ਼ਿਆਦਾਤਰ ਮੈਂਬਰ 20 ਤੋਂ 25 ਸਾਲ ਦੇ ਵਿਚਕਾਰ ਹਨ।’’

‘‘ਇਹ ਵੈਸਟ ਬੈਂਕ ਜਾਂ ਗਾਜ਼ਾ ਦੇ ਕਿਸੇ ਵੀ ਸਿਆਸੀ ਸੰਗਠਨ ਦਾ ਹਿੱਸਾ ਨਹੀਂ ਹਨ। ਇਹ ਇੱਕ ਅਜਿਹੀ ਜਥੇਬੰਦੀ ਹੈ, ਜਿਸ ਦਾ ਮਕਸਦ ਇਜ਼ਰਾਇਲੀ ਕਬਜ਼ੇ ਦੇ ਖਿਲਾਫ਼ ਲੜਨਾ ਹੈ।’’

ਇਹ ਹਥਿਆਰਬੰਦ ਜਥੇਬੰਦੀ ਜ਼ਿਆਦਾਤਰ ਨਬਲੂਸ ਸ਼ਹਿਰ ਵਿੱਚ ਸਰਗਰਮ ਹੈ ਅਤੇ ਖ਼ਾਸ ਤੌਰ ’ਤੇ ਇੱਥੋਂ ਦੇ ਅਲ-ਯਾਸਮੀਨ ਇਲਾਕੇ ਵਿੱਚ ਕੇਂਦਰਿਤ ਹੈ।

ਪਿਛਲੇ ਕੁਝ ਮਹੀਨਿਆਂ ਵਿੱਚ ਇਹ ਜਥੇਬੰਦੀ ਦਰਜਨਾਂ ਫ਼ਲਸਤੀਨੀ ਨੌਜਵਾਨਾਂ ਨੂੰ ਆਪਣੇ ਨਾਲ ਜੋੜਨ ਵਿੱਚ ਕਾਮਯਾਬ ਰਹੀ ਹੈ।

ਭਾਵੇਂਕਿ ਇਸ ਨਵੇਂ ਸਮੂਹ ਦਾ ਕਿਸੇ ਵੀ ਸਿਆਸ ਦਲ ਨਾਲ ਸਬੰਧ ਨਹੀਂ ਹੈ, ਪਰ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਇਸ ਵਿੱਚ ਸ਼ਾਮਲ ਹੋ ਰਹੇ ਕੁਝ ਲੋਕਾਂ ਦੇ ਪਹਿਲਾਂ ਤੋਂ ਕਿਸੇ ਨਾਲ ਕਿਸੇ ਸਿਆਸੀ ਧਿਰ ਨਾਲ ਸਬੰਧਤ ਹੋ ਸਕਦੇ ਹਨ।

ਅਮਰੀਕੀ ਯੂਨੀਵਰਸਿਟੀ ਆਫ ਰਿਚਮੰਡ ਵਿੱਚ ਰਾਜਨੀਤਕ ਵਿਗਿਆਨੀ ਦਾਨਾ ਅਲ ਕੁਰਦ ਕਹਿੰਦੀ ਹੈ, ‘‘ਇਹ ਇੱਕ ਅਜਿਹਾ ਸਮੂਹ ਹੈ, ਜੋ ਕਿਸੇ ਪੱਖ ਦੇ ਨਾਲ ਨਹੀਂ ਹੈ, ਉਹ ਇੱਕ ਹੀ ਖਾੜਕੂ ਜਥੇਬੰਦੀ ਲਈ ਕੰਮ ਕਰ ਰਹੇ ਹਨ।’’

‘‘ਹਾਲਾਂਕਿ, ‘ਸ਼ੇਰਾਂ ਦੀ ਗੁਫਾ’ ਦੇ ਕਈ ਮੈਂਬਰ ਪਹਿਲਾਂ ਦੂਜੇ ਸਮੂਹਾਂ ਦੇ ਨਾਲ ਵੀ ਰਹੇ ਹਨ, ਜਿਵੇਂ ਇਸਲਾਮਿਕ ਜੇਹਾਦ ਜਾਂ ਅਲ ਅਕਸ਼ਾ ਸ਼ਹੀਦ ਬ੍ਰਿਗੇਡ, ਹਮਾਸ ਜਾਂ ਫ਼ਤਿਹ।’’

ਇਹ ਕਿਵੇਂ ਸ਼ੁਰੂ ਹੋਇਆ?

ਫ਼ਰਵਰੀ 2022 ਵਿੱਚ ਇਸ ਜਥੇਬੰਦੀ ਦਾ ਨਾਂ ਨਬਲੂਸ ਬਟਾਲੀਅਨ ਸੀ, ਉਦੋਂ ਇਸ ਵਿੱਚ ਦਸ ਤੋਂ ਜ਼ਿਆਦਾ ਮੈਂਬਰ ਨਹੀਂ ਸਨ।

ਇਹ ਸਮੂਹ ਜੈਨਿਨ ਬਟਾਲੀਅਨ ਤੋਂ ਪ੍ਰਭਾਵਿਤ ਸੀ, ਜੋ ਜੈਨਿਨ ਸ਼ਰਨਾਰਥੀ ਕੈਂਪ ਵਿੱਚ ਸਰਗਰਮ ਇੱਕ ਖਾੜਕੂ ਜਥੇਬੰਦੀ ਸੀ।

ਅਗਸਤ 2022 ਵਿੱਚ ਸੀਨੀਅਰ ਖਾੜਕੂ ਆਗੂ ਇਬਰਾਹਿਮ-ਅਲ-ਨਬਲੂਸੀ ਨੂੰ ਦੋ ਹੋਰ ਲੜਾਕਿਆਂ ਨਾਲ ਇਜ਼ਰਾਇਲੀ ਫੌਜ ਨੇ ਮਾਰ ਦਿੱਤਾ ਸੀ। ਇਹ ਰੇਡ ਨਬਲੂਸ ਦੇ ਹੀ ਇੱਕ ਘਰ ਵਿੱਚ ਹੋਈ ਸੀ।

ਮੰਨਿਆ ਜਾਂਦਾ ਹੈ ਕਿ ਇਬਰਾਹਿਮ-ਅਲ-ਨਬਲੂਸੀ ਦੀ ਮੌਤ ਤੋਂ ਇਸ ਸੰਗਠਨ ਨਾਲ ਜੁੜਨ ਲਈ ਨੌਜਵਾਨ ਆਕਰਸ਼ਿਤ ਹੋਏ।

ਮੰਨਿਆ ਜਾਂਦਾ ਹੈ ਕਿ ਅਧਿਕਾਰਤ ਤੌਰ ’ਤੇ ‘ਸ਼ੇਰਾਂ ਦੀ ਗੁਫਾ’ ਜਥੇਬੰਦੀ ਸਭ ਤੋਂ ਪਹਿਲੀ ਵਾਰ ਪਿਛਲੇ ਸਾਲ ਗਰਮੀਆਂ ਵਿੱਚ ਨਬਲੂਸੀ ਅਤੇ ਉਨ੍ਹਾਂ ਨਾਲ ਮਾਰੇ ਗਏ ਲੜਾਕਿਆਂ ਦੀ ਯਾਦ ਵਿੱਚ ਹੋਏ, ਇੱਕ ਪ੍ਰੋਗਰਾਮ ਵਿੱਚ ਸਾਹਮਣੇ ਆਈ ਸੀ।

ਸਾਲ 2023 ਦੀ ਸ਼ੁਰੂਆਤ ਵਿੱਚ ਇਜ਼ਰਾਇਲੀ ਸੁਰੱਖਿਆ ਬਲਾਂ ਨੇ ਇਸ ਜਥੇਬੰਦੀ ਦੇ ਪ੍ਰਮੁੱਖ ਮੈਂਬਰਾਂ ਨੂੰ ਜਾਂ ਤਾਂ ਮਾਰ ਦਿੱਤਾ ਜਾਂ ਗ੍ਰਿਫ਼ਤਾਰ ਕਰ ਲਿਆ। ਇਨ੍ਹਾਂ ਸਾਰਿਆਂ ’ਤੇ ਇਜ਼ਰਾਇਲੀ ਲੋਕਾਂ ਅਤੇ ਟਿਕਾਣਿਆਂ ’ਤੇ ਹਮਲੇ ਕਰਨ ਦੇ ਇਲਜਾਮ ਸਨ।

ਇਨ੍ਹਾਂ ਲੜਾਕਿਆਂ ਦੀਆਂ ਤਸਵੀਰਾਂ ਅਤੇ ਵੀਡਿਓ ਸੋਸ਼ਲ ਮੀਡੀਆ, ਖ਼ਾਸ ਕਰਕੇ ਟਿਕਟਾਕ ’ਤੇ ਖ਼ੂਬ ਸ਼ੇਅਰ ਕੀਤੀਆਂ ਗਈਆਂ।

ਕੁਝ ਮਹੀਨੇ ਬਾਅਦ ਮਾਸਕ ਲਗਾਏ ਹੋਏ ਦਰਜਨਾਂ ਖਾੜਕੂਆਂ ਨੇ ਨਬਲੂਸ ਦੇ ਪੁਰਾਣੇ ਸ਼ਹਿਰ ਦੀਆਂ ਗਲੀਆਂ ਵਿੱਚ ਪਰੇਡ ਕੀਤੀ।

ਇਹ ਪਰੇਡ ਫ਼ਲਸਤੀਨੀ ਅਥਾਰਿਟੀ ਅਤੇ ਇਜ਼ਰਾਇਲੀ ਸੁਰੱਖਿਆ ਬਲਾਂ ਲਈ ਖ਼ਾਸ ਤੌਰ ’ਤੇ ਚਿੰਤਾਜਨਕ ਸੀ।

ਦਾਨਾ ਅਲ ਕੁਰਦ ਕਹਿੰਦੀ ਹੈ, ‘‘ਇਜ਼ਰਾਇਲ ਦਾ ਬੇਖ਼ੌਫ ਹੋਣਾ, ਫ਼ਲਸਤੀਨੀਆਂ ਦਾ ਵਧਦਾ ਦਮਨ, ਜ਼ਬਰਦਸਤੀ ਵੱਸੇ ਹੋਏ ਯਹੂਦੀਆਂ ਦੀਆਂ ਵਧਦੀਆਂ ਗਤੀਵਿਧੀਆਂ।’’

‘‘ਇਸ ਪ੍ਰਤੀ ਖੇਤਰੀ ਅਤੇ ਅੰਤਰਰਾਸ਼ਟਰੀ ਪ੍ਰਤੀਕਿਰਿਆ ਵਿੱਚ ਆਈ ਕਮੀ ਅਤੇ ਫ਼ਲਸਤੀਨੀ ਖੇਤਰਾਂ ਵਿੱਚ ਜਾਰੀ ਆਰਥਿਕ ਅਤੇ ਰਾਜਨੀਤਿਕ ਠਹਿਰਾਅ, ਇਹ ਸਾਰੇ ਅਜਿਹੇ ਕਾਰਨ ਹਨ, ਜਿਨ੍ਹਾਂ ਦੀ ਵਜ੍ਹਾ ਨਾਲ ਇਹ ਸਮੂਹ ਖੜ੍ਹਾ ਹੋਇਆ।’’

ਜਥੇਬੰਦੀ ਨੂੰ ਲੋਕਾਂ ਦਾ ਕਿੰਨਾ ਸਮਰਥਨ

ਦਾਨਾ ਅਲ ਕੁਰਦ ਮੰਨਦੀ ਹੈ ਕਿ ਇਸ ਜਥੇਬੰਦੀ ਵੱਲ ਉਹ ਨੌਜਵਾਨ ਫ਼ਲਸਤੀਨੀ ਆਕਰਸ਼ਿਤ ਹੋ ਰਹੇ ਹਨ ਜੋ ‘ਮੌਜੂਦਾ ਸਥਿਤੀ ਅਤੇ ਉਸ ਪੁਰਾਣੀ ਰਾਜਨੀਤੀ ਨੂੰ ਖਾਰਜ ਕਰ ਰਹੇ ਹਨ, ਜਿਸ ’ਤੇ ਫ਼ਤਹਿ ਅਤੇ ਹਮਾਸ ਚੱਲ ਰਹੇ ਹਨ।’’

ਦਾਨਾ ਮੰਨਦੀ ਹੈ ਕਿ ਇਸ ਗੱਲ ਦੇ ਸਬੂਤ ਹਨ ਕਿ ਇਸ ਸਮੂਹ ਨੂੰ ਫ਼ਲਸਤੀਨੀ ਲੋਕਾਂ ਦਾ ਵੀ ਕਾਫ਼ੀ ਸਮਰਥਨ ਮਿਲ ਰਿਹਾ ਹੈ।

ਫ਼ਲਸਤੀਨੀ ਸੈਂਟਰ ਫਾਰ ਪਾਲਿਸੀ ਐਂਡ ਸਰਵੇ ਰਿਸਰਚ ਦੇ ਦਸੰਬਰ ਵਿੱਚ ਕੀਤੇ ਗਏ ਇੱਕ ਅਧਿਐਨ ਦੇ ਮੁਤਾਬਿਕ ਵੈਸਟ ਬੈਂਕ ਅਤੇ ਗਜ਼ਾ ਪੱਟੀ ਵਿੱਚ ਰਹਿਣ ਵਾਲੇ 70 ਫੀਸਦੀ ਫ਼ਲਸਤੀਨੀ ‘ਸ਼ੇਰਾਂ ਦੀ ਗੁਫਾ’ ਜਾਂ ਕਿਸੇ ਹੋਰ ਨਵੇਂ ਹਥਿਆਰਬੰਦ ਸਮੂਹ ਦੇ ਗਠਨ ਦਾ ਸਮਰਥਨ ਕਰਦੇ ਹਨ।

ਹਾਲਾਤ ’ਤੇ ਨਜ਼ਰ ਰੱਖਣ ਵਾਲੇ ਵਿਸ਼ਲੇਸ਼ਕ ਮੰਨਦੇ ਹਨ ਕਿ ਫ਼ਲਸਤੀਨੀ ਲੀਡਰਸ਼ਿਪ ਬੁੱਢੀ ਹੋ ਰਹੀ ਹੈ। ਇਸ ਵਜ੍ਹਾ ਨਾਲ ਬਹੁਤ ਸਾਰੇ ਨੌਜਵਾਨ ਫ਼ਲਸਤੀਨੀ ਇਸ ਨਵੇਂ ਬਣੇ ਸਮੂਹ ਵੱਲ ਆਕਰਸ਼ਿਤ ਹੋ ਰਹੇ ਹਨ।

ਇਸ ਸਮੂਹ ਦੇ ਬਹੁਤ ਸਾਰੇ ਮੈਂਬਰਾਂ ਨੇ ਆਪਣੇ ਆਪ ਨੂੰ ਫ਼ਲਸਤੀਨੀ ਅਥਾਰਿਟੀ ਤੋਂ ਵੀ ਦੂਰ ਕਰ ਲਿਆ ਹੈ।

ਇਜ਼ਰਾਇਲ ਤੇ ਫ਼ਲਸਤੀਨ ਦੀ ਹੋਂਦ ਤੇ ਟਕਰਾਅ

  • ਇਜ਼ਰਾਈਲ ਮੁਲਕ ਦਾ ਐਲਾਨ 14 ਮਈ 1948 ਨੂੰ ਯਹੂਦੀ ਆਗੂ ਡੇਵਿਡ ਬੇਨ ਗੁਰੀਅਨ ਨੇ ਕੀਤਾ ਸੀ।
  • ਹਾਲਾਂਕਿ ਅਧਿਕਾਰਤ ਤੌਰ 'ਤੇ ਇਜ਼ਰਾਇਲ 15 ਮਈ 1948 ਨੂੰ ਹੋਂਦ 'ਚ ਆਇਆ ਜਦੋਂ ਬ੍ਰਿਟਿਸ਼ ਸਰਕਾਰ ਨੇ ਆਪਣੀ ਸੱਤਾ ਖ਼ਤਮ ਕੀਤੀ।
  • 1880 ਦੇ ਦਹਾਕੇ 'ਚ ਕੁਝ ਮਜਬੂਰ ਹੋਏ ਰੂਸੀ ਅਤੇ ਪੂਰਬੀ-ਯੂਰਪੀਅਨ ਯਹੂਦੀਆਂ ਨੇ ਫ਼ਲਸਤੀਨ ਜਾ ਕੇ ਵੱਸਣਾ ਸ਼ੁਰੂ ਕਰ ਦਿੱਤਾ
  • 1897 'ਚ ਪਹਿਲੀ ਯਹੂਦੀ ਕਾਂਗਰਸ ਵੇਲੇ ਇੱਕ ਦੂਰਦਰਸ਼ੀ ਆਸਟ੍ਰੀਅਨ-ਯਹੂਦੀ ਪੱਤਰਕਾਰ ਥਿਆਡੋਰ ਹੈਰਜ਼ਲ ਨੇ ਯਹੂਦੀਆਂ ਦੇ ਆਪਣੇ ਮੁਲਕ ਦੀ ਲੋੜ ਬਾਰੇ ਚਰਚਾ ਕੀਤੀ ਸੀ।
  • ਪਹਿਲੀ ਵਿਸ਼ਵ ਜੰਗ 'ਚ ਤੁਰਕੀ ਦੀ ਹਾਰ ਤੋਂ ਬਾਅਦ ਫ਼ਲਸਤੀਨ 'ਚ 1917 ਤੋਂ 1922 ਤੱਕ ਬ੍ਰਿਟੇਨ ਨੇ ਇੱਕ ਫੌਜੀ ਪ੍ਰਸ਼ਾਸਨ ਵੱਜੋਂ ਸੱਤਾ ਸੰਭਾਲੀ।
  • 1920 ਦੀ ਸ਼ੁਰੂਆਤ 'ਚ ਫ਼ਲਸਤੀਨ 'ਚ ਫਿਰਕੂ ਦੰਗੇ ਭੜਕ ਗਏ ਅਤੇ ਇਸ ਦੌਰਾਨ 60 ਧਾਰਮਿਕ ਯਹੂਦੀਆਂ ਦਾ ਕਤਲੇਆਮ ਹੋਇਆ।
  • ਪੂਰੇ ਯੂਰਪ ਵਿੱਚ 1930 'ਚ ਹਾਲਾਤ ਹੋਰ ਵਿਗੜਨੇ ਸ਼ੁਰੂ ਹੋ ਗਏ ਅਤੇ ਯਹੂਦੀਆਂ ਦਾ ਫ਼ਲਸਤੀਨ ਵੱਲ ਪਰਵਾਸ ਵੱਧਦਾ ਗਿਆ।

ਇਬਰਾਹਿਮ ਦਲਾਲਸ਼ਾ ਕਹਿੰਦੇ ਹਨ, ‘‘ਉਹ ਮੰਨਦੇ ਹਨ ਕਿ ਫ਼ਲਸਤੀਨੀ ਅਥਾਰਿਟੀ ਰਾਜਨੀਤਿਕ ਰੂਪ ਨਾਲ ਦਿਵਾਲੀਆ ਹੋ ਗਈ ਹੈ ਅਤੇ ਸ਼ਾਂਤੀਪੂਰਨ ਤਰੀਕੇ ਨਾਲ ਰਾਜਨੀਤਿਕ ਆਜ਼ਾਦੀ ਹਾਸਲ ਨਹੀਂ ਕਰ ਸਕਦੀ।’’

‘‘ਅਜਿਹੇ ਵਿੱਚ ਉਨ੍ਹਾਂ ਨੂੰ ਲੱਗਦਾ ਹੈ ਕਿ ਕਿਉਂ ਨਾ ਵਿਦਰੋਹ ਨਾਲ ਜੁੜ ਕੇ ਲੜਿਆ ਜਾਵੇ, ਜੋ ਇਸ ਸੰਘਰਸ਼ ਦਾ ਹੱਲ ਕੱਢ ਸਕਦਾ ਹੈ।’’

ਇਹ ਸਮੂਹ ਸੋਸ਼ਲ ਮੀਡੀਆ ’ਤੇ ਵੀ ਬਹੁਤ ਸਰਗਰਮ ਹੈ। ਸ਼ੇਰਾਂ ਦੀ ਗੁਫਾ ਦੇ ਟੈਲੀਗ੍ਰਾਮ ਚੈਨਲ ਤੋਂ ਜਦੋਂ ਸਮਰਥਨ ਦੀ ਅਪੀਲ ਕੀਤੀ ਗਈ ਤਾਂ ਸੈਂਕੜੇ ਫ਼ਲਸਤੀਨੀ ਸਾਹਮਣੇ ਆਏ।

ਇਸ ਚੈਨਲ ’ਤੇ 1 ਲੱਖ 30 ਹਜ਼ਾਰ ਤੋਂ ਜ਼ਿਆਦਾ ਫੌਲੋਅਰ ਹਨ।

ਇਸ ਚੈਨਲ ਨਾਲ ਜੁੜੇ ਲੋਕਾਂ ਨੂੰ ਕਿਹਾ ਗਿਆ ਸੀ ਕਿ ਉਹ ਇਜ਼ਰਾਇਲੀ ’ਤੇ ਹਮਲਾ ਕਰ ਰਹੇ ਖਾੜਕੂਆਂ ਦੇ ਸਮਰਥਨ ਵਿੱਚ ਆਪਣੀਆਂ ਛੱਤਾਂ ’ਤੇ ਜਾਣ ਅਤੇ ਅੱਲ੍ਹਾ-ਹੂ-ਅਕਬਰ ਦਾ ਨਾਅਰਾ ਲਗਾਉਣ।

ਕਬਜ਼ੇ ਵਾਲੇ ਵੈਸਟ ਬੈਂਕ ਅਤੇ ਪੂਰਬੀ ਯੇਰੂਸ਼ਲਮ ਦੇ ਸਾਰੇ ਇਲਾਕਿਆਂ ਵਿੱਚ ਨੌਜਵਾਨ ਆਪਣੀਆਂ ਛੱਤਾਂ ’ਤੇ ਆਏ ਅਤੇ ਨਾਅਰਾ ਲਗਾਇਆ, ‘‘ਲਾਇਨਜ਼ ਡੈੱਨ ਅਜਿੱਤ ਹੈ।’’

ਫ਼ਲਸਤੀਨੀ ਅਥਾਰਿਟੀ ਨਾਲ ਰਿਸ਼ਤੇ ਕਿਹੋ ਜਿਹੇ?

ਫ਼ਲਸਤੀਨੀ ਅਥਾਰਿਟੀ (ਪੀਏ) ਉਨ੍ਹਾਂ ਇਲਾਕਿਆਂ ’ਤੇ ਪ੍ਰਸ਼ਾਸਨ ਚਲਾਉਂਦਾ ਹੈ, ਜੋ ਇਜ਼ਰਾਇਲ ਅਤੇ ਫ਼ਲਸਤੀਨ ਲਿਬਰੇਸ਼ਨ ਆਰਗੇਨਾਈਜੇਸ਼ਨ (ਪੀਐੱਲਓ) ਦੇ ਵਿਚਕਾਰ ਹੋਏ ਓਸਲੋ ਸਮਝੌਤੇ ਤਹਿਤ ਵੈਸਟ ਬੈਂਕ ਵਿੱਚ ਖੁਦਮੁਖਤਿਆਰ ਫ਼ਲਸਤੀਨੀ ਇਲਾਕੇ ਐਲਾਨੇ ਹੋਏ ਸਨ।

ਜ਼ਿਆਦਾਤਰ ਫ਼ਲਸਤੀਨੀ ਕਸਬਿਆਂ ਅਤੇ ਪਿੰਡਾਂ ’ਤੇ ਪੀਏ ਹੀ ਸ਼ਾਸਨ ਕਰਦੀ ਹੈ, ਜਿਸ ’ਤੇ ਧਰਮ ਨਿਰੱਪਖ ਫ਼ਲਸਤੀਨੀ ਸਮੂਹ ਫ਼ਤਹਿ ਦਾ ਪ੍ਰਭਾਵ ਹੈ।

ਇੱਕ ਹੋਰ ਸਮੂਹ ਹਮਾਸ ਦਾ ਗਾਜ਼ਾ ਪੱਟੀ ’ਤੇ ਕੰਟਰੋਲ ਹੈ ਅਤੇ ਇਹ ਵੈਸਟ ਬੈਂਕ ਵਿੱਚ ਬਹੁਤ ਚਰਚਿਤ ਨਹੀਂ ਹੈ।

ਓਸਲੋ ਸਮਝੌਤਾ ਸਾਲ 1993 ਵਿੱਚ ਹੋਇਆ ਸੀ। ਹੁਣ ‘ਸ਼ੇਰਾਂ ਦੀ ਗੁਫਾ’ ਵਿੱਚ ਸ਼ਾਮਲ ਬਹੁਤ ਸਾਰੇ ਨੌਜਵਾਨ ਫ਼ਲਸਤੀਨੀ ਅਜਿਹੇ ਹਨ, ਜੋ ਉਸ ਸਮੇਂ ਪੈਦਾ ਵੀ ਨਹੀਂ ਹੋਏ ਸਨ।

ਦਲਾਲਸ਼ਾ ਕਹਿੰਦੇ ਹਨ, ‘‘ਅਜਿਹੇ ਕਈ ਕਾਰਨ ਹਨ. ਜਿਨ੍ਹਾਂ ਕਾਰਨ ਮੁੱਖ ਧਾਰਾ ਦੇ ਸਿਆਸਤਦਾਨ ਅਤੇ ਫ਼ਲਸਤੀਨੀ ਅਥਾਰਿਟੀ ਅਤੇ ਫਤਰ ਇਸ ਸਮੂਹ ਦੇ ਉਭਾਰ ਤੋਂ ਖੁਸ਼ ਨਹੀਂ ਹਨ।’’

ਉਹ ਕਹਿੰਦੇ ਹਨ, ‘‘ਮੈਨੂੰ ਲੱਗਦਾ ਹੈ ਕਿ ਇਸ ਸਮੂਹ ਨੂੰ ਖਤਮ ਕਰਨ ਦੀ ਬਜਾਏ ਇਸ ਦੇ ਨਾਲ ਸਹਿਯੋਗ ਕਰਨ ਦਾ ਰਣਨੀਤਕ ਫੈਸਲਾ ਲੈ ਲਿਆ ਗਿਆ ਹੈ।’’

ਕੁਝ ਨਿੱਜੀ ਸੂਤਰਾਂ ਦਾ ਕਹਿਣਾ ਹੈ ਕਿ ਫ਼ਲਸਤੀਨੀ ਅਥਾਰਿਟੀ ਇਸ ਸਮੂਹ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਹ ਹਥਿਆਰ ਛੱਡ ਦੇਣ ਅਤੇ ਫ਼ਲਸਤੀਨੀ ਸੁਰੱਖਿਆ ਸੇਵਾਵਾਂ ਵਿੱਚ ਸ਼ਾਮਲ ਹੋ ਜਾਣ।

ਫ਼ਲਸਤੀਨੀ ਅਥਾਰਿਟੀ ਸਮੂਹ ਦੇ ਕੁਝ ਮੈਂਬਰਾਂ ਨੂੰ ਆਪਣੇ ਵੱਲ ਕਰਨ ਵਿੱਚ ਕਾਮਯਾਬ ਰਿਹਾ ਹੈ, ਪਰ ਇਸ ਦੀ ਲੀਡਰਸ਼ਿਪ ਨੇ ਆਤਮਸਮਰਪਣ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

ਸਮੂਹ ਦੀ ਲੀਡਰਸ਼ਿਪ ਦਾ ਕਹਿਣਾ ਹੈ ਕਿ ਉਹ ਅੰਤ ਤੱਕ ਲੜਾਈ ਜਾਰੀ ਰੱਖਣਗੇ।

ਦਲਾਲਸ਼ਾ ਕਹਿੰਦੇ ਹਨ, ‘‘ਲਾਇਨਜ਼ ਡੈੱਨ ਦੇ ਕੁਝ ਮੈਂਬਰ ਫ਼ਲਸਤੀਨੀ ਅਥਾਰਿਟੀ ਦੀ ਆਲੋਚਨਾ ਤਾਂ ਕਰਦੇ ਹਨ, ਪਰ ਉਸ ਨਾਲ ਸਿੱਧੇ ਸੰਘਰਸ਼ ਦਾ ਵਿਰੋਧ ਕਰਦੇ ਹਨ।’’

‘‘ਜੇਕਰ ਤੁਸੀਂ ਸਿੱਧੇ ਤੌਰ ’ਤੇ ਫ਼ਲਸਤੀਨੀ ਅਥਾਰਿਟੀ ਦੇ ਖਿਲਾਫ਼ ਜਾਂਦੇ ਹੋ ਤਾਂ ਫਿਰ ਉਹ ਤੁਹਾਨੂੰ ਸਮੁੱਚੀ ਫ਼ਲਸਤੀਨੀ ਜਨਤਾ ਦੇ ਖਿਲਾਫ਼ ਬੇਸ਼ੱਕ ਨਾ ਸਹੀ, ਪਰ ਵੱਡੀ ਗਿਣਤੀ ਵਿੱਚ ਫ਼ਲਸਤੀਨੀ ਲੋਕਾਂ ਦੇ ਖਿਲਾਫ਼ ਸਿੱਧਾ ਖੜ੍ਹਾ ਕਰ ਦੇਵੇਗਾ।’’

‘‘ਮੈਨੂੰ ਅਜਿਹਾ ਲੱਗਦਾ ਹੈ ਕਿ ਉਹ ਇਸ ਸਥਿਤੀ ਤੋਂ ਬਚਣ ਦੀ ਕੋਸ਼ਿਸ਼ ਕਰ ਰਹੇ ਹਨ।’’

ਇਜ਼ਰਾਇਲ ਦਾ ਨਜ਼ਰੀਆ ਕੀ ਹੈ?

ਇਜ਼ਰਾਇਲ ਲਾਇਨਜ਼ ਡੈੱਨ ਨੂੰ ਇੱਕ ਅਤਿਵਾਦੀ ਸੰਗਠਨ ਦੇ ਰੂਪ ਵਿੱਚ ਦੇਖ ਰਿਹਾ ਹੈ।

ਇਸ ਸਾਲ ਫ਼ਰਵਰੀ ਵਿੱਚ ਇਸਰਾਇਲੀ ਸੁਰੱਖਿਆ ਬਲ ਨਬਲੂਸ ਵਿੱਚ ਦਾਖਲ ਹੋਏ ਅਤੇ ਕਾਰਵਾਈ ਵਿੱਚ 11 ਫਲਸਤੀਨੀਆਂ ਨੂੰ ਮਾਰ ਦਿੱਤਾ।

ਇਨ੍ਹਾਂ ਵਿੱਚੋਂ ਛੇ ਲਾਇਨਜ਼ ਡੈੱਨ ਦੇ ਮੈਂਬਰ ਸਨ। ਇਹ ਦਾਅਵਾ ਸਮੂਹ ਦੇ ਟੈਲੀਗ੍ਰਾਮ ਚੈਨਲ ਵਿੱਚ ਕੀਤਾ ਗਿਆ ਹੈ।

ਚਾਰ ਘੰਟੇ ਚੱਲੇ ਅਭਿਆਨ ਦੇ ਬਾਅਦ ਇਜ਼ਰਾਇਲੀ ਸੁਰੱਖਿਆ ਬਲਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਫਲਸਤੀਨੀ ਬੰਦੂਕਧਾਰੀਆਂ ਵੱਲੋਂ ਗੋਲੀ ਚੱਲਣ ਦੇ ਬਾਅਦ ਆਪਣੇ ਅਭਿਆਨ ਦੇ ਪੱਧਰ ਨੂੰ ਵਧਾ ਦਿੱਤਾ ਸੀ।

ਆਈਡੀਐੱਫ ਦੇ ਬੁਲਾਰੇ ਲੈਫਟੀਨੈਂਟ ਕਰਨਲ ਰਿਚਰਡ ਹੈਕਟ ਨੇ ਪੱਤਰਕਾਰਾਂ ਨਾਲ ਗੱਲਬਾਤ ਵਿੱਚ ਕਿਹਾ, ‘‘ਅਸੀਂ ਖ਼ਤਰਾ ਦੇਖਿਆ ਅਤੇ ਸਾਨੂੰ ਅੰਦਰ ਜਾ ਕੇ ਕੰਮ ਪੂਰਾ ਕਰਨਾ ਪਿਆ।’’

ਇਜ਼ਰਾਇਲੀ ਨੇ ਹਾਲ ਹੀ ਵਿੱਚ ਨਬਲੂਸ ਅਤੇ ਪੂਰਬੀ ਯੇਰੂਸ਼ਲਮ ਦੇ ਆਸ ਪਾਸ ਕਈ ਇਲਾਕਿਆਂ ਨੂੰ ਬੰਦ ਕੀਤਾ ਹੈ।

ਇਸ ਲਈ ਰੇਤ ਦੇ ਬੈਰੀਕੇਡ ਅਤੇ ਸੀਮਿੰਟ ਦੇ ਬਲਾਕ ਲਗਾਏ ਗਏ ਹਨ।

ਦਾਨਾ ਅਲ ਕੁਰਦ ਕਹਿੰਦੀ ਹੈ, ‘‘ਇਜ਼ਰਾਇਲੀ ਦੀ ਪ੍ਰਤੀਕਿਰਿਆ ਖਾਸੀ ਤੇਜ਼ ਹੈ, ਪਰ ਉਹ (ਲਾਇਨਜ਼ ਡੈੱਨ) ਅਜੇ ਵੀ ਪ੍ਰਭਾਵਸ਼ਾਲੀ ਬਣੇ ਹੋਏ ਹਨ।’’

‘‘ਉਨ੍ਹਾਂ ਦੀ ਨਕਲ ਕਰਦੇ ਹੋਏ ਨਵੇਂ ਸਮੂਹ ਖੜ੍ਹੇ ਹੋ ਸਕਦੇ ਹਨ ਜਾਂ ਉਨ੍ਹਾਂ ਨਾਲ ਜੁੜਨ ਵਿੱਚ ਦਿਲਚਸਪੀ ਵਧ ਸਕਦੀ ਹੈ।’’

ਇਬਰਾਹਿਮ ਦਲਾਲਸ਼ਾ ਮੰਨਦੇ ਹਨ ਕਿ ਇਸ ਸਮੂਹ ਦਾ ਫਲਸਤੀਨੀ ਰਾਜਨੀਤੀ ’ਤੇ ਵੀ ਅਸਰ ਹੋ ਸਕਦਾ ਹੈ।

ਉਹ ਕਹਿੰਦੇ ਹਨ, ‘‘ਆਪਣੇ ਵੱਡੇ ਮਕਸਦ ਨੂੰ ਹਾਸਲ ਕਰਨ ਦੀ ਦਿਸ਼ਾ ਵਿੱਚ ਅੱਗੇ ਵਧਣਾ ਉਨ੍ਹਾਂ ਲਈ ਆਸਾਨ ਨਹੀਂ ਹੋਵੇਗਾ। ਵੱਡਾ ਮਕਸਦ ਆਜ਼ਾਦੀ ਅਤੇ ਕਬਜ਼ਾ ਖ਼ਤਮ ਕਰਨਾ ਹੈ।’’

‘‘ਪਰ ਮੈਂ ਮੰਨਦਾ ਹਾਂ ਕਿ ਉਨ੍ਹਾਂ ਦੀ ਮੌਜੂਦਗੀ ਅਤੇ ਗਤੀਵਿਧੀਆਂ ਨੇ ਫਲਸਤੀਨੀ ਪ੍ਰਸ਼ਾਸਨ ਅਤੇ ਇਜ਼ਰਾਇਲੀ ਸੁਰੱਖਿਆ ਬਲਾਂ ਲਈ ਕਈ ਚੁਣੌਤੀਆਂ ਪੈਦਾ ਕੀਤੀਆਂ ਹਨ ਅਤੇ ਮੁਸ਼ਕਿਲਾਂ ਖੜ੍ਹੀਆਂ ਕੀਤੀਆਂ ਹਨ।’’

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ)