ਪਿਛਲੇ 5 ਸਾਲਾਂ 'ਚ ਭਾਰਤੀ ਵਿਦਿਆਰਥੀਆਂ ਦੀਆਂ ਸਭ ਤੋਂ ਵੱਧ ਮੌਤਾਂ ਕੈਨੇਡਾ ਵਿੱਚ ਹੋਈਆਂ, ਹੋਰਾਂ ਬਾਰੇ ਭਾਰਤ ਸਰਕਾਰ ਨੇ ਕੀ ਦੱਸਿਆ

ਪਿਛਲੇ ਪੰਜ ਸਾਲਾਂ ਦੌਰਾਨ 41 ਦੇਸਾਂ ਵਿੱਚ ਘੱਟੋ-ਘੱਟ 633 ਭਾਰਤੀ ਵਿਦਿਆਰਥੀਆਂ ਦੀ ਮੌਤ ਹੋਈ ਹੈ। ਇਨ੍ਹਾਂ ਵਿੱਚੋਂ ਸਭ ਤੋਂ ਜ਼ਿਆਦਾ 172 ਮੌਤਾਂ ਕੈਨੇਡਾ ਵਿੱਚ ਹੋਈਆਂ ਹਨ।

ਇਹ ਜਾਣਕਾਰੀ ਭਾਰਤੀ ਵਿਦੇਸ਼ ਮੰਤਰਾਲੇ ਨੇ ਕੇਰਲਾ ਤੋਂ ਲੋਕ ਸਭਾ ਮੈਂਬਰ ਕੋਡੀਕੁਨੀਲ ਸੁਰੇਸ਼ ਦੇ ਵੱਲੋਂ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਦਿੱਤੀ ਹੈ।

ਵਿਦੇਸ਼ਾਂ ਵਿੱਚ ਭਾਰਤੀ ਨਾਗਰਿਕਾਂ ਦੀ ਮੌਤ ਕਈ ਕਾਰਨਾਂ ਕਰਕੇ ਹੁੰਦੀ ਹੈ, ਜਿਸ ਵਿੱਚ ਨਸਲੀ ਹਮਲੇ, ਕੁਦਰਤੀ ਸੰਕਟ, ਸਿਹਤ ਸਮੱਸਿਆਵਾਂ ਅਤੇ ਹਿੰਸਕ ਤਣਾਅ ਵਰਗੇ ਕਾਰਨ ਸ਼ਾਮਲ ਹਨ।

ਹੁਣ ਗੱਲ ਕਰਦੇ ਹਾਂ ਲੋਕ ਸਭਾ ਦੇ ਬਜਟ ਇਜਲਾਸ ਵਿੱਚ ਵਿਦੇਸ਼ੀ ਧਰਤੀ ਉੱਤੇ ਹੋਣ ਵਾਲੀਆਂ ਭਾਰਤੀ ਵਿਦਿਆਰਥੀਆਂ ਬਾਰੇ ਸਰਕਾਰ ਨੇ ਕੀ ਜਾਣਕਾਰੀ ਸਾਂਝੀ ਕੀਤੀ ਹੈ।

ਤਿੰਨ ਸਾਲਾਂ ਦੌਰਾਨ ਕਿੰਨੇ ਭਾਰਤੀ ਵਿਦਿਆਰਥੀ ਵਿਦੇਸ਼ ਗਏ ?

ਭਾਰਤ ਸਰਕਾਰ ਨੇ ਇਸ ਸਵਾਲ ਦੇ ਜਵਾਬ ਵਿੱਚ ਕਿਹਾ ਹੈ ਕਿ ਮੌਜੂਦਾ ਜਾਣਕਾਰੀ ਮੁਤਾਬਕ ਪਿਛਲੇ ਤਿੰਨ ਸਾਲਾਂ ਦੌਰਾਨ ਵਿਦੇਸ਼ੀ ਯੂਨੀਵਰਸਿਟੀਆਂ ਅਤੇ ਹੋਰ ਉਚੇਰੀ ਸਿੱਖਿਆ ਸੰਸਥਾਵਾਂ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਦਾ ਵੇਰਵਾ ਇਸ ਪ੍ਰਕਾਰ ਹੈ—

ਸਾਲ 2022 ਵਿੱਚ 0.75 ਮਿਲੀਅਨ (7.5 ਲੱਖ)

ਸਾਲ 2023 ਵਿੱਚ 0.93 ਮਿਲੀਅਨ (9.3 ਲੱਖ)

ਅਤੇ ਸਾਲ 2024 ਵਿੱਚ 1.33 ਮਿਲੀਅਨ (13.30 ਲੱਖ)

ਸਭ ਤੋਂ ਜ਼ਿਆਦਾ ਭਾਰਤੀ ਵਿਦਿਆਰਥੀ ਕਿੱਥੇ ਹਨ?

ਪਹਿਲੀ ਜਨਵਰੀ, 2024 ਤੱਕ 101 ਦੇਸਾਂ ਵਿੱਚ 13,35,030 ਵਿਦਿਆਰਥੀ ਯੂਨੀਵਰਸਿਟੀ ਜਾਂ ਹੋਰ ਉਚੀਰੀ ਸਿੱਖਿਆ ਸੰਸਥਾਵਾਂ ਵਿੱਚ ਸਿੱਖਿਆ ਹਾਸਲ ਕਰ ਰਹੇ ਸਨ।

ਇਨ੍ਹਾਂ ਦੇਸਾਂ ਵਿੱਚੋਂ ਹੇਠ ਲਿਖੇ 10 ਦੇਸਾਂ ਵਿੱਚ ਸਭ ਤੋਂ ਜ਼ਿਆਦਾ ਭਾਰਤੀ ਵਿਦਿਆਰਥੀ ਸਨ—

1. ਕੈਨੇਡਾ- 4,27,000

2.ਅਮਰੀਕਾ-3,37,630

3. ਬ੍ਰਿਟੇਨ - 1,85,000

4. ਆਸਟ੍ਰੇਲੀਆ- 1,22,202

5. ਜਰਮਨੀ -42,997

6. ਸੰਯੁਕਤ ਅਰਬ ਅਮੀਰਾਤ- 25,000

7. ਰੂਸ -24,940

8. ਕਿਰਗਿਸਤਾਨ- 16,500

9. ਜੌਰਜੀਆ -16,093

10. ਕਜ਼ਾਕਿਸਤਾਨ- 9,785

2019 ਤੋਂ ਬਾਅਦ ਵਿਦੇਸ਼ਾਂ 'ਚ ਕਿੰਨੇ ਵਿਦਿਆਰਥੀਆਂ ਦੀ ਜਾਨ ਗਈ?

ਮੰਤਰਾਲੇ ਕੋਲ ਮੌਜੂਦ ਜਾਣਕਾਰੀ ਮੁਤਾਬਕ ਪਿਛਲੇ ਪੰਜ ਸਾਲਾਂ ਦੌਰਾਨ ਵਿਦੇਸ਼ਾਂ ਵਿੱਚ 633 ਭਾਰਤੀ ਵਿਦਿਆਰਥੀਆਂ ਦੀ ਜਾਨ ਗਈ ਹੈ।

ਵਿਦੇਸ਼ਾਂ ਵਿੱਚ ਭਾਰਤੀ ਨਾਗਰਿਕਾਂ ਦੀ ਮੌਤ ਕਈ ਕਾਰਨਾਂ ਕਰਕੇ ਹੁੰਦੀ ਹੈ, ਜਿਸ ਵਿੱਚ ਨਸਲੀ ਹਮਲੇ, ਕੁਦਰਤੀ ਸੰਕਟ, ਸਿਹਤ ਸਮੱਸਿਆਵਾਂ ਅਤੇ ਹਿੰਸਕ ਤਣਾਅ ਵਰਗੇ ਕਾਰਨ ਸ਼ਾਮਲ ਹਨ।

ਵਿਦੇਸ਼ਾਂ ਵਿੱਚ ਸਭ ਤੋਂ ਵੱਧ ਭਾਰਤੀ ਵਿਦਿਆਰਥੀਆਂ ਦੀ ਜਾਨ ਕੈਨੇਡਾ (172) ਵਿੱਚ ਗਈ ਹੈ।

ਉਸ ਤੋਂ ਬਾਅਦ ਅਮਰੀਕਾ- 108, ਬ੍ਰਿਟੇਨ- 58, ਆਸਟ੍ਰੇਲੀਆ- 57, ਅਤੇ ਰੂਸ ਵਿੱਚ 37 ਜਾਨਾਂ ਗਈਆਂ ਹਨ।

ਭਾਰਤੀ ਵਿਦਿਆਰਥੀਆਂ ਦੀ ਸੁਰੱਖਿਆ ਲਈ ਕੀ ਕਦਮ ਚੁੱਕੇ ਹਨ?

ਵਿਦੇਸ਼ਾਂ ਵਿੱਚ ਭਾਰਤੀ ਦੂਤਾਵਾਸ ਭਾਰਤੀ ਵਿਦਿਆਰਥੀਆਂ ਨਾਲ ਲਗਾਤਾਰ ਰਾਬਤੇ ਵਿੱਚ ਰਹਿੰਦੇ ਹਨ।

ਸਰਕਾਰ ਨੇ ਕਿਹਾ ਕਿ ਜਿਵੇਂ ਹੀ ਨਵੇਂ ਭਾਰਤੀ ਵਿਦਿਆਰਥੀ ਵਿਦੇਸ਼ੀ ਵਿਦਿਅਕ ਸੰਸਥਾਵਾਂ ਵਿੱਚ ਦਾਖਲੇ ਲਈ ਪਹੁੰਚਦੇ ਹਨ, ਉਨ੍ਹਾਂ ਨੂੰ ਉਸ ਦੇਸ ਵਿੱਚ ਭਾਰਤੀ ਦੂਤਾਵਾਸ ਵੱਲੋਂ ਰੱਖੇ ਸਵਾਗਤੀ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਜਾਂਦਾ ਹੈ।

ਇਸ ਪ੍ਰੋਗਰਾਮ ਵਿੱਚ ਵਿਦਿਆਰਥੀਆਂ ਨੂੰ ਉਸ ਦੇਸ ਵਿੱਚ ਦਰਪੇਸ਼ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਜਾਂਦਾ ਹੈ।

ਭਾਰਤੀ ਦੂਤਾਵਾਸ ਦੇ ਮੁਖੀ ਸੰਬੰਧਿਤ ਵਿਦਿਅਕ ਸੰਸਥਾਵਾਂ ਦਾ ਵੀ ਸਮੇਂ-ਸਮੇਂ ਉੱਤੇ ਦੌਰਾ ਕਰਦੇ ਹਨ ਅਤੇ ਭਾਰਤੀ ਵਿਦਿਆਰਥੀਆਂ ਨਾਲ ਵੀ ਮੁਲਾਕਾਤ ਕਰਦੇ ਹਨ।

ਭਾਰਤੀ ਸਫਾਰਤਖਾਨੇ ਅਤੇ ਮਿਸ਼ਨਾਂ ਵੱਲੋਂ ਉਚੇਰੀ ਸਿੱਖਿਆ ਲਈ ਵਿਦੇਸ਼ ਜਾ ਰਹੇ ਭਾਰਤੀ ਵਿਦਿਆਰਥੀਆਂ ਨੂੰ ਐੱਮਏਡੀਏਡੀ ਪੋਰਟਲ ਉੱਤੇ ਰਜਿਸਟਰ ਕਰਵਾਉਣ ਲਈ ਵੀ ਕਿਹਾ ਜਾਂਦਾ ਹੈ ਤਾਂ ਜੋ ਮੁਸੀਬਤ ਸਮੇਂ ਉਨ੍ਹਾਂ ਦੀ ਸਹਾਇਤਾ ਕੀਤੀ ਜਾ ਸਕੇ।

ਦੂਤਾਵਾਸ ਵੱਲੋਂ ਭਾਰਤੀ ਵਿਦਿਆਰਥੀਆਂ ਨਾਲ ਵਾਪਰੀ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਸੰਬੰਧਿਤ ਅਧਿਕਾਰੀਆਂ ਕੋਲ ਚੁੱਕਿਆ ਜਾਂਦਾ ਹੈ।

ਤਿੰਨ ਸਾਲਾਂ 'ਚ ਅਮਰੀਕਾ ਨੇ ਕਿੰਨੇ ਭਾਰਤੀ ਵਿਦਿਆਰਥੀ ਵਾਪਸ ਭੇਜੇ ?

ਭਾਰਤ ਸਰਕਾਰ ਮੁਤਾਬਕ ਪਿਛਲੇ ਤਿੰਨ ਸਾਲਾਂ ਦੌਰਾਨ ਕੁੱਲ 48 ਭਾਰਤੀ ਵਿਦਿਆਰਥੀਆਂ ਨੂੰ ਅਮਰੀਕਾ ਨੇ ਵਾਪਸ ਭੇਜਿਆ ਹੈ (ਡਿਪੋਰਟ ਕੀਤਾ ਹੈ)।

ਸਰਕਾਰ ਨੇ ਕਿਹਾ ਹੈ ਕਿ ਡਿਪੋਰਟ ਕੀਤੇ ਭਾਰਤੀ ਵਿਦਿਆਰਥੀਆਂ ਬਾਰੇ ਕੋਈ ਵਿਸ਼ੇਸ਼ ਜਾਣਕਾਰੀ ਸਰਕਾਰ ਨਾਲ ਸਾਂਝੀ ਨਹੀਂ ਕੀਤੀ ਗਈ। ਲੇਕਿਨ ਅਣਅਧਿਕਾਰਿਤ ਰੋਜ਼ਗਾਰ, ਬਿਨਾਂ ਆਗਿਆ ਕਲਾਸਾਂ ਤੋਂ ਗੈਰ-ਹਾਜ਼ਰ ਰਹਿਣਾ, ਵਿਦਿਆਕ ਸੰਸਥਾ ਵਿੱਚੋਂ ਨਾਮ ਕੱਟਿਆ ਜਾਣਾ ਜਾਂ ਮੁੱਅਤਲੀ, ਅਤੇ ਵਿਕਲਪਿਕ ਅਮਲੀ ਸਿਖਲਾਈ (ਓਪੀਟੀ) ਲੈਣ ਵਿੱਚ ਨਾਕਾਮ ਰਹਿਣਾ, ਇਸ ਦੇ ਕੁਝ ਸੰਭਾਵੀ ਕਾਰਨ ਹੋ ਸਕਦੇ ਹਨ।

ਸਰਕਾਰ ਨੇ ਕਿਹਾ ਹੈ ਕਿ ਪੂਰੀ ਦੁਨੀਆਂ ਵਿੱਚ ਕਿੰਨੇ ਭਾਰਤੀ ਗੈਰ-ਕਨੂੰਨੀ ਤੌਰ ਉੱਤੇ ਫੈਲੇ ਹੋਏ ਹਨ, ਇਸਦੀ ਕੋਈ ਜਾਣਕਾਰੀ ਸਰਕਾਰ ਕੋਲ ਨਹੀਂ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)