ਬਾਰਡਰਲੈਂਡਜ਼: ਵੇਸਵਾਪੁਣੇ ਲਈ ਖਰੀਦ ਕੇ ਲਿਆਂਦੀ ਕੁੜੀ ਦੇ ਪਿਆਰ ਸਣੇ ਪੰਜ ਸਰਹੱਦੀ ਕਹਾਣੀਆਂ

    • ਲੇਖਕ, ਅਵਤਾਰ ਸਿੰਘ
    • ਰੋਲ, ਬੀਬੀਸੀ ਪੱਤਰਕਾਰ

ਗੁਰਦਾਸਪੁਰ ਦੇ ਦੀਨਾਨਗਰ ਦੀ ਰਹਿਣ ਵਾਲੀ ਰੇਖਾ ਨੇ ਆਪਣੀ ਜ਼ਿੰਦਗੀ ਦੇ ਪੰਜ ਦਹਾਕਿਆਂ ਵਿੱਚ ਇੱਕ ਵਾਰ ਵੀ ਵਾਹਗਾ ਬਾਰਡਰ ਨਹੀਂ ਦੇਖਿਆ ਸੀ।

ਜਦੋਂ ਉਸ ਨੇ ਪਹਿਲੀ ਵਾਰ ਆਪਣੇ ਜਵਾਨ ਪੁੱਤ ਨਾਲ ਝੰਡੇ ਦੀ ਰਸਮ ਦੇਖੀ ਤਾਂ ਉਸ ਦੇ ਮੂੰਹੋ ਸਹਿਜ ਹੀ ਨਿਕਲ ਗਿਆ ਕਿ, “ਜਵਾਨਾਂ ਦੀ ਊਰਜਾ ਨੂੰ ਬਚਾ ਕੇ ਰੱਖਣਾ ਚਾਹੀਦਾ ਹੈ। ਜੇ ਜੋਸ਼ ਦਿਖਾਉਣਾ ਹੀ ਹੈ ਤਾਂ ਮਹੀਨੇ ਵਿੱਚ ਇੱਕ-ਦੋ ਵਾਰ ਠੀਕ ਹੈ।”

ਨੂਰ ਦੀ ਤਸਕਰੀ ਹੋਈ ਪਰ ਕਵਿਤਾ ਦੂਜੀਆਂ ਕੁੜੀਆਂ ਨੂੰ ਤਸਕਰੀ ਤੋਂ ਬਚਾਉਣ ਲਈ ਕੰਮ ਕਰਦੀ ਹੈ।

ਕਵਿਤਾ ਨੇਪਾਲ ਬਾਰਡਰ ’ਤੇ ਅਤੇ ਨੂਰ ਬੰਗਲਾਦੇਸ਼ ਦੀ ਸਰਹੱਦ ਉੱਪਰ ਕੋਲਕਾਤਾ ਦੇ ਇੱਕ ਸ਼ੈਲਟਰ ਹੋਮ ਵਿੱਚ ਰਹਿੰਦੀ ਹੈ। ਪਰ ਦੋਵਾਂ ਵਿਚਕਾਰ ਇੱਕ ਸਬੰਧ ਹੈ, ਜੋ ਤਸਕਰੀ ਨਾਲ ਜੁੜਿਆ ਹੈ।

ਰਾਜਸਥਾਨ ਦੇ ਜੋਧਪੁਰ ਵਿੱਚ ਪਾਕਿਸਤਾਨ ਦੀ ਸਰਹੱਦ ’ਤੇ ਰਹਿੰਦੀ ਦੀਪਾ ਇੱਕ ਹਿੰਦੂ ਰਫ਼ਿਊਜੀ ਹੈ, ਜੋ ਪਾਕਿਸਤਾਨ ਤੋਂ ਆਈ ਹੈ ਅਤੇ ਨਰਸ ਬਣਨਾ ਚਾਹੁੰਦੀ ਹੈ ਪਰ ਉਸ ਨੂੰ ਸਿਰਫ਼ ਉਰਦੂ ਅਤੇ ਸਿੰਧੀ ਭਾਸ਼ਾ ਆਉਂਦੀ ਹੈ, ਉਸ ਲਈ ਹਿੰਦੀ ਸਿੱਖਣਾ ਬਹੁਤ ਔਖਾ ਕੰਮ ਹੈ, ਪਰ ਇਹ ਔਖਿਆਈ ਹੀ ਉਸ ਦਾ ਸੁਪਨਾ ਪੂਰਾ ਹੋਣ ਵਿੱਚ ਵੱਡੀ ਰੁਕਾਵਟ ਹੈ।

ਇਹ ਸਾਰੀਆਂ ਔਰਤਾਂ ‘ਬਾਰਡਰਲੈਂਡਜ਼’ (Borderlands) ਡਾਕੂਮੈਂਟਰੀ ਦੀਆਂ ਪਾਤਰ ਹਨ।

ਪੰਜਾਬ ਦੇ ਦੀਨਾਨਗਰ ਦੇ ਰਹਿਣ ਵਾਲੇ ਡਾਕੂਮੈਂਟਰੀ ਫਿਲਮਕਾਰ ਸਮਰੱਥ ਮਹਾਜਨ ਦੀ ਇਸ ਡਾਕੂਮੈਂਟਰੀ ਨੂੰ 2022 ਵਿੱਚ ਬੈਸਟ ਐਡਿਟਿੰਗ ਲਈ ਨੈਸ਼ਨਲ ਐਵਾਡਰ ਮਿਲਿਆ ਸੀ।

ਉਨ੍ਹਾਂ ਦੀ ਇਸ ਤੋਂ ਪਹਿਲਾਂ ਸਾਲ 2017 ਵਿੱਚ ਆਈ ਡਾਕੂਮੈਂਟਰੀ ‘ਦਿ ਅਨਰਿਜ਼ਰਵਡ’ (The Unreserved) ਨੂੰ ਵੀ ਬੈਸਟ ਆਨ ਲੋਕੇਸ਼ਨ ਸਾਊਂਡ ਲਈ ਨੈਸ਼ਨਲ ਐਵਾਰਡ ਮਿਲਿਆ ਸੀ।

ਸਿਆਸੀ ਤੇ ਸਮਾਜਿਕ ਸਰਹੱਦਾਂ ਦੇ ਪਾਰ ਸੁਪਨੇ

ਸਮਰੱਥ ਮਹਾਜਨ ਦੀ ਡਾਕੂਮੈਂਟਰੀ ‘ਬਾਰਡਰਲੈਂਡਜ਼’ ਦੇ ਛੇ ਪਾਤਰ ਹਨ, ਜਿਨ੍ਹਾਂ ਵਿੱਚੋਂ ਪੰਜ ਔਰਤਾਂ ਅਤੇ ਇੱਕ ਮਣੀਪੁਰ ਦੇ ਫ਼ਿਲਮਕਾਰ ਸੂਰਜਕਾਂਤਾ ਹਨ।

ਸੂਰਜਕਾਂਤਾ ਦੀਆਂ ਫਿਲਮਾਂ ’ਤੇ ਰੋਕ ਲੱਗੀ ਹੈ, ਪਰ ਉਹ ਆਪਣੇ ਸੂਬੇ ਦੀਆਂ ਕਹਾਣੀਆਂ ਫਿਲਮਾਂ ਰਾਹੀਂ ਕਹਿਣਾ ਚਾਹੁੰਦੇ ਹਨ।

ਇਸ ਡਾਕੂਮੈਂਟਰੀ ਦੀ ਸ਼ੂਟਿੰਗ ਭਾਰਤ-ਪਾਕਿਸਤਾਨ ਸਰਹੱਦ, ਮਣੀਪੁਰ, ਬੰਗਲਾਦੇਸ਼ ਅਤੇ ਨੇਪਾਲ ਵਿੱਚ ਕੀਤੀ ਗਈ ਹੈ।

ਬੀਬੀਸੀ ਪੰਜਾਬੀ ਨੇ ਸਮਰੱਥ ਮਹਾਜਨ ਨਾਲ ਖਾਸ ਗੱਲਬਾਤ ਕੀਤੀ ਅਤੇ ਉਨ੍ਹਾਂ ਦੀ ਫਿਲਮ ਦੇ ਪਾਤਰਾਂ ਦੀ ਕਹਾਣੀ ਦਾ ਪਿਛੋਕੜ ਅਤੇ ਫਿਲਮਕਾਰ ਵਜੋਂ ਉਨ੍ਹਾਂ ਦਾ ਤਜਰਬਾ ਜਾਣਿਆ।

ਸਮਰੱਥ ਕਹਿੰਦੇ ਹਨ, ‘‘ਸਰਹੱਦ ਦੀ ਖ਼ਬਰ ਹਮੇਸ਼ਾ ਅੱਤਵਾਦ ਜਾਂ ਫੌਜ ਦੇ ਹਵਾਲੇ ਨਾਲ ਹੀ ਆਉਂਦੀ ਹੈ, ਬਾਰਡਰ ’ਤੇ ਰਹਿੰਦੇ ਆਮ ਲੋਕਾਂ ਦੀ ਗੱਲ ਨਹੀਂ ਕੀਤੀ ਜਾਂਦੀ।’’

‘‘ਅਸੀਂ ਇੱਕ ਮਰਦਾਨਾ ਤਸਵੀਰ ਬਦਲ ਕੇ ਅੱਗੇ ਵਧਣਾ ਚਾਹੁੰਦੇ ਸੀ ਅਤੇ ਸਰਹੱਦ ’ਤੇ ਰਹਿੰਦੇ ਲੋਕਾਂ ਦੇ ਨਜ਼ਰੀਏ ਤੋਂ ਗੱਲ ਕਹਿਣਾ ਚਾਹੁੰਦੇ ਸੀ। ਜਿਸ ਲਈ ਇਹ ਡਾਕੂਮੈਂਟਰੀ ਬਣਾਉਣ ਦਾ ਫੈਸਲਾ ਕੀਤਾ ਗਿਆ।’’

ਇੰਜੀਨੀਅਰ ਤੋਂ ਦਸਤਾਵੇਜ਼ੀ ਫਿਲਮਕਾਰ ਬਣੇ ਸਮਰੱਥ ਮਹਾਜਨ ਕਹਿੰਦੇ ਹਨ ਕਿ ਸਾਡੇ ਸਮਾਜ ਵਿੱਚ ਵੀ ਕਈ ਸਰਹੱਦਾਂ ਹਨ।

ਸਮਰੱਥ ਦੱਸਦੇ ਹਨ, “ਹਰ ਕਹਾਣੀ ਵਿੱਚ ਸਾਡੀ ਕੋਸ਼ਿਸ਼ ਸੀ ਕਿ ਫ਼ਿਜ਼ੀਕਲ ਬਾਰਡਰ ਤੋਂ ਇਲਾਵਾ ਇੱਕ ਦੂਜਾ ਬਾਰਡਰ ਵੀ ਲੱਭਿਆ ਜਾਵੇ। ਕਿਸੇ ਕਹਾਣੀ ਵਿੱਚ ਸੈਕਸੂਐਲਟੀ ਹੈ, ਕਿਸੇ ਵਿੱਚ ਜੈਂਡਰ ਹੈ। ਮੇਰੀ ਅਤੇ ਮੰਮੀ ਦੀ ਕਹਾਣੀ ਵਿੱਚ ਸਾਡੇ ਵਿਚਕਾਰ ਜੋ ਭਾਵੁਕ ਬਾਰਡਰ ਹੈ, ਉਸ ਦੀ ਵੀ ਗੱਲ ਕੀਤੀ ਗਈ।”

ਸਮਰੱਥ ਅੱਜ-ਕੱਲ੍ਹ ਮੁੰਬਈ ਰਹਿੰਦੇ ਹਨ ਅਤੇ ਉਨ੍ਹਾਂ ਦੀ ਮਾਂ ਪੰਜਾਬ ਦੇ ਦੀਨਾਨਗਰ ਵਿੱਚ ਰਹਿੰਦੇ ਹਨ। ਇਸ ਡਾਕੂਮੈਂਟਰੀ ਵਿੱਚ ਉਨ੍ਹਾਂ ਨੇ ਆਪਣੀ ਮਾਂ ਦਾ ਪਾਤਰ ਵੀ ਲਿਆ ਹੈ ਜੋ ਅਧਿਆਪਕ ਬਣਨਾ ਚਾਹੁੰਦੇ ਸੀ ਪਰ ਉਨ੍ਹਾਂ ਨੂੰ ਨੌਕਰੀ ਨਹੀਂ ਕਰਨ ਦਿੱਤੀ ਗਈ।

‘ਬਾਰਡਰ ਦੇ ਪਾਰ ਜ਼ਿੰਦਗੀ ਬਦਲ ਜਾਂਦੀ ਹੈ’

ਰਾਜਸਥਾਨ ਦੇ ਜੋਧਪੁਰ ਵਿੱਚ ਪਾਕਿਸਤਾਨ ਤੋਂ ਆਏ ਹਿੰਦੂਆਂ ਦੀ ਕਾਫ਼ੀ ਗਿਣਤੀ ਹੈ।

ਫ਼ਿਲਮ ਦੀ ਇੱਕ ਪਾਤਰ ਦੀਪਾ ਜੋ ਜੋਧਪੁਰ ਵਿੱਚ ਰਹਿ ਰਹੀ ਹੈ, ਉਹ ਭਾਰਤ ਦੀ ਨਾਗਰਿਕਤਾ ਲੈਣ ਆਈ ਹੈ।

ਸਮਰੱਥ ਮਹਾਜਨ ਕਹਿੰਦੇ ਹਨ ਕਿ ਪਾਕਿਸਤਾਨੀ ਹਿੰਦੂ ਪਛਾਣ ’ਤੇ ਹੁਣ ਤੱਕ ਬਹੁਤ ਸਿਆਸਤ ਹੋਈ ਹੈ। ਪਰ ਪਾਕਿਸਤਾਨੀ ਹਿੰਦੂ ਭਾਰਤ ਵਿੱਚ ਆ ਕੇ ਕਿਸ ਤਰ੍ਹਾਂ ਰਹਿੰਦੇ ਹਨ, ਇਸ ਬਾਰੇ ਜ਼ਿਆਦਾ ਗੱਲ ਨਹੀਂ ਹੁੰਦੀ ਹੈ।

ਉਹ ਕਹਿੰਦੇ ਹਨ, “ਦੀਪਾ ਲਈ ਹਿੰਦੀ ਸਿੱਖਣਾ ਬਹੁਤ ਔਖਾ ਕੰਮ ਹੈ। ਇਸ ਦੇ ਨਾਲ ਹੀ ਉਹ ਪਾਕਿਸਤਾਨ ਵਿੱਚ ਆਪਣੇ ਦੋਸਤਾਂ ਨੂੰ ਯਾਦ ਕਰਦੀ ਹੈ। ਉਸ ਨੂੰ ਤਾਂਘ ਹੈ ਕਿ ਉਹ ਪਾਕਿਸਤਾਨ ਜਾ ਕੇ ਆਪਣੇ ਦੋਸਤਾਂ ਨੂੰ ਮਿਲ ਆਵੇ ਪਰ ਹੁਣ ਉਹ ਇਸ ਸਥਿਤੀ ਵਿੱਚ ਨਹੀਂ ਹੈ।”

ਤਸਕਰੀ ਦਾ ਸ਼ਿਕਾਰ ਹੋਈ ਨੂਰ ਸ਼ੈਲਟਰ ਹੋਮ ਵਿੱਚ ਰਹਿੰਦੇ ਹੋਏ ਕਹਿੰਦੀ ਹੈ , “ਆਪਣੇ ਦੇਸ਼ ਨੂੰ ਛੱਡ ਹੋਰ ਕੋਈ ਦੇਸ਼ ਕਿਵੇਂ ਚੰਗਾ ਲੱਗ ਸਕਦਾ ਹੈ?”

ਧੌਲੀ ਨਾਂ ਦੀ ਇੱਕ ਔਰਤ ਬੰਗਲਾਦੇਸ਼ ਦੀ ਰਹਿਣ ਵਾਲੀ ਹੈ ਪਰ ਉਸ ਨੇ ਭਾਰਤੀ ਬੰਦੇ ਨਾਲ ਵਿਆਹ ਕਰਵਾਇਆ ਹੈ।

ਉਸ ਨੂੰ ਸਾਲ ਵਿੱਚ ਇੱਕ ਵਾਰ ਹੀ ਆਪਣੇ ਪਰਿਵਾਰ ਨੂੰ ਮਿਲਣ ਦਾ ਮੌਕਾ ਮਿਲਦਾ ਹੈ, ਜਦੋਂ ਦੋਵਾਂ ਦੇਸ਼ਾਂ ਵੱਲੋਂ ਸਰਹੱਦ ਦੇ ਆਰ-ਪਾਰ ਰਹਿਣ ਵਾਲੇ ਲੋਕਾਂ ਨੂੰ ਕੰਡਿਆਲੀ ਤਾਰ ਸਾਹਮਣੇ ਮਿਲਣ ਦਾ ਮੌਕਾ ਦਿੱਤਾ ਜਾਂਦਾ ਹੈ।

ਭਾਰਤ ਬੰਗਲਾਦੇਸ਼ ਨਾਲ ਇੱਕ ਵੰਡ ਦਾ ਪੱਖ ਵੀ ਸਾਹਮਣੇ ਆਉਂਦਾ ਹੈ। ਇੱਥੇ ਭਾਈਚਾਰੇ ਵੰਡੇ ਹੋਏ ਹਨ। ਧੌਲੀ ਦੀ ਕਹਾਣੀ ਵਿੱਚ ਦੂਰੀ ਤੇ ਵਿਛੋੜਾ ਦੋਵੇਂ ਹਨ।

ਸਮਰੱਥ ਕਹਿੰਦੇ ਹਨ ਕਿ ਉਹ ਦੱਸਣਾ ਚਾਹੁੰਦੇ ਹਨ ਕਿ ਇਹ ਕਹਾਣੀਆਂ ਪਰਵਾਸ ਦੀਆਂ ਹਨ, ਜੋ ਦਰਸਾਉਂਦੀਆਂ ਹਨ ਕਿ ਬਾਰਡਰ ਪਾਰ ਕਰਨ ਤੋਂ ਬਾਅਦ ਕਿਵੇਂ ਜ਼ਿੰਦਗੀ ਬਦਲ ਜਾਂਦੀ ਹੈ।

ਹਰ ਬਾਰਡਰ ਦੀ ਆਪਣੀ ਸਮੱਸਿਆ

ਸਰਹੱਦ ਦੀਆਂ ਇਹ ਕਹਾਣੀਆਂ ਵੱਖ-ਵੱਖ ਬਾਰਡਰਾਂ ਦੀਆਂ ਵੱਖੋ-ਵੱਖਰੀਆਂ ਸਮੱਸਿਆਵਾਂ ਨੂੰ ਪੇਸ਼ ਕਰਦੀਆਂ ਹਨ।

ਮਣੀਪੁਰ ਦੀ ਵੱਖਰੀ ਸਮੱਸਿਆ ਹੈ, ਜੋ ਅਸਲੋਂ ਸਿਆਸੀ ਮਸਲਾ ਹੈ।

ਸਮਰੱਥ ਕਹਿੰਦੇ ਹਨ, “ਨੇਪਾਲ ਸਾਡਾ ਦੋਸਤ ਹੈ ਅਤੇ ਸ਼ਾਂਤ ਹੈ ਪਰ ਇਸੇ ਬਾਰਡਰ ’ਤੇ ਤਸਕਰੀ ਹੁੰਦੀ ਹੈ। ਤਸਕਰੀ ਵਾਲੀ ਹਿੰਸਾ ਦਿਖਾਈ ਨਹੀਂ ਦਿੰਦੀ ਪਰ ਹੁੰਦੀ ਰਹਿੰਦੀ ਹੈ।''

''ਹਰ ਬਾਰਡਰ ਦੀ ਆਪਣੀ ਸਮੱਸਿਆ ਹੁੰਦੀ ਹੈ ਤੇ ਇਸ ਫਿਲਮ ਵਿੱਚ ਉਸੇ ਤਰ੍ਹਾਂ ਦੇ ਮੁੱਦੇ ਚੁੱਕੇ ਗਏ ਹਨ। ਇਸ ਵਿੱਚ ਵੰਡ ਦਾ ਮੁੱਦਾ ਹੈ, ਤਸਕਰੀ ਹੈ, ਯੂਨੀਅਨ ਅਤੇ ਇੱਕ ਥਾਂ ਤੋਂ ਦੂਜੀ ਥਾਂ ਵਸਣ ਦਾ ਮੁੱਦਾ ਹੈ ਕਿ ਇੱਕ ਰਫ਼ਿਊਜੀ ਦੀ ਜ਼ਿੰਦਗੀ ਕੀ ਹੁੰਦੀ ਹੈ।”

ਪਿਆਰ ਤੇ ਜੇਲ੍ਹ

ਨੂਰ ਨੂੰ ਉਸ ਦੀ ਮਾਸੀ ਨੇ ਵੇਚ ਦਿੱਤਾ ਸੀ ਪਰ ਜਦੋਂ ਉਸ ਨੂੰ ਸ਼ੈਲਟਰ ਹੋਮ ਲਿਆਂਦਾ ਗਿਆ ਜੋ ਕਿ ਖ਼ੁਦ ਇੱਕ ਜੇਲ੍ਹ ਵਾਂਗ ਸੀ, ਉਸ ਨੂੰ ਉੱਥੇ ਇੱਕ ਕੁੜੀ ਨਾਲ ਪਿਆਰ ਹੋ ਗਿਆ।

‘ਜੇਲ੍ਹ ਵਰਗੀ ਜ਼ਿੰਦਗੀ’ ਵਿੱਚ ਉਸ ਨੂੰ ਮੁਹੱਬਤ ਮਿਲੀ।

ਤਸਕਰੀ ਦੀਆਂ ਸ਼ਿਕਾਰ ਔਰਤਾਂ ਨੂੰ ਸਿੱਧਾ ਬੰਗਲਾਦੇਸ਼ ਨਹੀਂ ਭੇਜਿਆ ਜਾਂਦਾ, ਉਸ ਲਈ ਇੱਕ ਪ੍ਰੀਕਿਰਿਆ ਹੈ, ਜਿਸ ਵਿੱਚ ਕਈ ਵਾਰ ਤਿੰਨ ਚਾਰ ਸਾਲ ਲੱਗ ਜਾਂਦੇ ਹਨ।

ਸਮਰੱਥ ਕਹਿੰਦੇ ਹਨ, “ਸ਼ੈਲਟਰ ਹੋਮ ਵੀ ਇੱਕ ਗਲੋਰੀਫਾਇਡ ਜੇਲ੍ਹ ਹੀ ਹੈ। ਇਹ ਮਾਨਸਿਕ ਸਿਹਤ ਲਈ ਵੀ ਚੰਗਾ ਨਹੀਂ ਹੈ ਅਤੇ ਮਨੁੱਖੀ ਅਧਿਕਾਰਾਂ ਦੇ ਪੱਖ ਤੋਂ ਵੀ ਠੀਕ ਨਹੀਂ ਹੈ। ਜਦੋਂ ਪਹਿਲਾਂ ਹੀ ਉਸ ਨੇ ਬਹੁਤ ਕੁਝ ਮਾੜਾ ਝੱਲਿਆ ਹੈ। ਪਰ ਨੂਰ ਨਾਲ ਸ਼ੈਲਟਰ ਹੋਮ ਵਿੱਚ ਇੱਕ ਕੰਮ ਚੰਗਾ ਹੋਇਆ ਕਿ ਉਸ ਨੂੰ ਇੱਥੇ ਉਸਦਾ ਜ਼ਿੰਦਗੀ ਦਾ ਪਿਆਰ ਮਿਲ ਗਿਆ।”

ਮਣੀਪੁਰ: ਫ਼ਿਲਮ ਅੰਦਰ ਫ਼ਿਲਮ

ਸੂਰਜਕਾਂਤਾ ਦੀਆਂ ਫ਼ਿਲਮਾਂ ’ਤੇ ਰੋਕ ਲੱਗੀ ਸੀ ਪਰ ਉਨ੍ਹਾਂ ਦੀ ਫ਼ਿਲਮ ਦੇ ਜੋ ਦ੍ਰਿਸ਼ ਡਾਕੂਮੈਂਟਰੀ ਵਿੱਚ ਦਿਖਾਈ ਗਏ ਹਨ ਉਨ੍ਹਾਂ ਵਿੱਚ ਇੱਕ ਭਰਾ ਕ੍ਰਾਂਤੀਕਾਰੀ ਹੈ ਅਤੇ ਦੂਜਾ ਮਣੀਪੁਰ ਪੁਲਿਸ ਵਿੱਚ ਹੈ।

ਇਸੇ ਤਰ੍ਹਾਂ ਸਮਰੱਥ ਮਹਾਜਨ ਦੀ ਬਣਾਈ ‘ਦਿ ਅਨਰਿਜ਼ਰਵਡ ਡਾਕੂਮੈਂਟਰੀ’ ਵਿੱਚ ਵੀ ਇੱਕ ਭਰਾ ਭਾਰਤੀ ਫੌਜ ਵਿੱਚ ਹੈ ਅਤੇ ਦੂਜੇ ਨੂੰ ਪਾਕਿਸਤਾਨ ਪਸੰਦ ਹੈ।

ਬਾਰਡਰਲੈਂਡਜ਼ ਸਵਾਲ ਕਰਦੀ ਹੈ ਕਿ ਵਿਵਾਦਤ ਖੇਤਰ ਵਿੱਚ ਇੱਕ ਕਲਾਕਾਰ ਕਿਵੇਂ ਕੰਮ ਕਰ ਸਕਦਾ ਹੈ।

ਸੂਰਜਕਾਂਤਾ ਸਵਾਲ ਕਰਦੇ ਹਨ ਕਿ ਇਹ ਸਾਡੀਆਂ ਕਹਾਣੀਆਂ ਹਨ, ਜੇਕਰ ਅਸੀਂ ਇਹ ਨਹੀਂ ਦੱਸਾਂਗੇ ਤਾਂ ਹੋਰ ਕੌਣ ਦੱਸੇਗਾ?

ਸਮਰੱਥ ਕਹਿੰਦੇ ਹਨ, “ਮੇਰੀ ਫ਼ਿਲਮ ਵੀ ਇਸੇ ਨਜ਼ਰੀਏ ਤੋਂ ਬਣੀ ਹੈ ਕਿ ਮੈਂ ਸਰਹੱਦ ’ਤੇ ਰਹਿਣ ਵਾਲਾ ਹਾਂ ਅਤੇ ਸ਼ਾਇਦ ਮੈਂ ਬਾਰਡਰ ਦੇ ਇਲਾਕੇ ਦੇ ਲੋਕਾਂ ਦੀਆਂ ਕਹਾਣੀਆਂ ਦੱਸ ਸਕਦਾ ਹਾਂ।”

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)