'ਆਪ੍ਰੇਸ਼ਨ ਸਪਾਈਡਰਜ਼ ਵੈੱਬ' ਕੀ ਹੈ, ਯੂਕਰੇਨ ਨੇ ਕਿਵੇਂ ਰੂਸ ਅੰਦਰ ਜਾ ਕੇ 40 ਤੋਂ ਵੱਧ ਲੜਾਕੂ ਜਹਾਜ਼ ਤਬਾਹ ਕੀਤੇ

ਤਸਵੀਰ ਸਰੋਤ, Ukraine Presidential Press Service/EPA-EFE/Shutterstock
- ਲੇਖਕ, ਪਾਲ ਐਡਮਜ਼
- ਰੋਲ, ਕੂਟਨੀਤਿਕ ਪੱਤਰਕਾਰ
ਯੂਕਰੇਨ ਦਾ ਦਾਅਵਾ ਹੈ ਕਿ ਉਸਨੇ ਡਰੋਨ ਹਮਲਿਆਂ ਵਿੱਚ 40 ਤੋਂ ਵੱਧ ਰੂਸੀ ਬੰਬਾਰਾਂ ਜਾਂ ਬੰਬ ਵਰਸਾਉਣ ਵਾਲੇ ਲੜਾਕੂ ਜਹਾਜ਼ਾਂ ਨੂੰ ਤਬਾਹ ਕਰ ਦਿੱਤਾ ਹੈ।
ਇਸ ਨੂੰ ਰੂਸੀ ਹਵਾਈ ਫੌਜ 'ਤੇ ਹੁਣ ਤੱਕ ਦਾ ਸਭ ਤੋਂ ਵੱਡਾ ਹਮਲਾ ਮੰਨਿਆ ਜਾ ਰਿਹਾ ਹੈ। ਹਾਲਾਂਕਿ, ਇਹ ਕਹਿਣਾ ਮੁਸ਼ਕਲ ਹੈ ਕਿ ਇੰਨੇ ਵੱਡੇ ਪੱਧਰ 'ਤੇ ਰੂਸੀ ਹਵਾਈ ਫੌਜ 'ਤੇ ਹਮਲਾ ਕਰਨਾ ਯੂਕਰੇਨ ਲਈ ਕਿਵੇਂ ਸੰਭਵ ਹੋਇਆ।
ਬੀਬੀਸੀ ਯੂਕਰੇਨ ਦੇ ਇਨ੍ਹਾਂ ਦਾਅਵਿਆਂ ਦੀ ਪੁਸ਼ਟੀ ਨਹੀਂ ਕਰ ਸਕਦਾ ਹੈ ਕਿ ਇਨ੍ਹਾਂ ਹਮਲਿਆਂ ਨਾਲ 7 ਬਿਲੀਅਨ ਡਾਲਰ ਦਾ ਨੁਕਸਾਨ ਹੋਇਆ ਹੈ, ਹਾਲਾਂਕਿ ਇਹ ਸਪੱਸ਼ਟ ਹੈ ਕਿ 'ਆਪ੍ਰੇਸ਼ਨ ਸਪਾਈਡਰਜ਼ ਵੈੱਬ' ਘੱਟੋ-ਘੱਟ ਇੱਕ ਸ਼ਾਨਦਾਰ ਪ੍ਰਚਾਰ ਮੁਹਿੰਮ ਹੋ ਸਕਦੀ ਹੈ।
ਰੂਸ ਨੇ ਪੰਜ ਸੂਬਿਆਂ ਵਿੱਚ ਯੂਕਰੇਨੀ ਹਮਲਿਆਂ ਦੀ ਪੁਸ਼ਟੀ ਕੀਤੀ ਹੈ ਅਤੇ ਇਸਨੂੰ 'ਅੱਤਵਾਦੀ ਕਾਰਵਾਈ' ਕਿਹਾ ਹੈ।
ਰੂਸ ਵੱਲੋਂ ਪੂਰੀ ਤਰ੍ਹਾਂ ਜੰਗ ਸ਼ੁਰੂ ਕਰਨ ਤੋਂ ਬਾਅਦ, ਯੂਕਰੇਨੀ ਲੋਕ ਹੁਣ ਇਸਨੂੰ ਹੋਰ ਮਹੱਤਵਪੂਰਨ ਫੌਜੀ ਸਫਲਤਾਵਾਂ ਨਾਲ ਜੋੜ ਰਹੇ ਹਨ।
ਯੂਕਰੇਨ ਹੁਣ ਤੱਕ ਕਾਲੇ ਸਾਗਰ ਵਿੱਚ ਰੂਸ ਦੇ ਪ੍ਰਮੁੱਖ ਜੰਗੀ ਜਹਾਜ਼ ਮੋਸਕਵਾ ਦੇ ਡੋਬਣ, ਸਾਲ 2022 ਵਿੱਚ ਕਰਚ ਬ੍ਰਿਜ ਨੂੰ ਤਬਾਹ ਕਰਨ ਅਤੇ ਸੇਵਾਸਤੋਪੋਲ ਬੰਦਰਗਾਹ 'ਤੇ ਮਿਜ਼ਾਈਲ ਹਮਲੇ ਨੂੰ ਆਪਣੀਆਂ ਮਹੱਤਵਪੂਰਨ ਸਫਲਤਾਵਾਂ ਵਿੱਚ ਗਿਣਦਾ ਆਇਆ ਹੈ।
'ਆਪ੍ਰੇਸ਼ਨ ਸਪਾਈਡਰਜ਼ ਵੈੱਬ' ਕੀ ਹੈ?

ਤਸਵੀਰ ਸਰੋਤ, EPA-EFE/Shutterstock
ਯੂਕਰੇਨ ਦੀ ਫੌਜੀ ਖੁਫੀਆ ਏਜੰਸੀ ਐੱਸਬੀਯੂ ਨੇ ਮੀਡੀਆ ਨੂੰ ਜੋ ਜਾਣਕਾਰੀ ਲੀਕ ਕੀਤੀ ਹੀ, ਉਸ ਦੇ ਮੁਲਾਂਕਣ ਦੇ ਅਨੁਸਾਰ, ਇਹ ਤਾਜ਼ਾ ਕਾਰਵਾਈ ਯੂਕਰੇਨ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ।
ਇਸ ਆਪ੍ਰੇਸ਼ਨ ਲਈ ਕਿਹਾ ਜਾ ਰਿਹਾ ਹੈ ਕਿ ਯੂਕਰੇਨ ਨੇ 18 ਮਹੀਨਿਆਂ ਤੱਕ ਤਿਆਰੀ ਕੀਤੀ। ਇਸ ਵਿੱਚ, ਬਹੁਤ ਸਾਰੇ ਛੋਟੇ ਡਰੋਨ ਰੂਸ ਵਿੱਚ ਤਸਕਰੀ ਰਾਹੀਂ ਪਹੁੰਚਾਏ ਗਏ ਸਨ।
ਉਨ੍ਹਾਂ ਨੂੰ ਕਾਰਗੋ ਟਰੱਕਾਂ ਦੇ ਵਿਸ਼ੇਸ਼ ਕੰਪਰਾਟਮੈਂਟ ਵਿੱਚ ਰੱਖਿਆ ਗਿਆ ਸੀ। ਇਸ ਤੋਂ ਬਾਅਦ, ਉਨ੍ਹਾਂ ਨੂੰ ਹਜ਼ਾਰਾਂ ਮੀਲ ਦੂਰ ਚਾਰ ਵੱਖ-ਵੱਖ ਥਾਵਾਂ 'ਤੇ ਲਿਜਾਇਆ ਗਿਆ ਅਤੇ ਨੇੜਲੇ ਫੌਜੀ ਹਵਾਈ ਅੱਡਿਆਂ 'ਤੇ ਰਿਮੋਟਲੀ ਲਾਂਚ ਕੀਤਾ ਗਿਆ।
ਰੱਖਿਆ ਵਿਸ਼ਲੇਸ਼ਕ ਸਰਾਈ ਕੁਜ਼ਨ ਨੇ ਯੂਕਰੇਨੀ ਟੀਵੀ ਨੂੰ ਦੱਸਿਆ, "ਪੂਰੀ ਦੁਨੀਆਂ ਵਿੱਚ ਅਜਿਹਾ ਖੁਫੀਆ ਕਾਰਵਾਈ ਅੱਜ ਤੱਕ ਕਦੇ ਨਹੀਂ ਹੋਈ ਹੈ।"
ਉਨ੍ਹਾਂ ਕਿਹਾ, "ਇਹ ਰਣਨੀਤਕ ਬੰਬਾਰ ਸਾਡੇ 'ਤੇ ਲੰਬੀ ਦੂਰੀ ਦੇ ਹਮਲੇ ਕਰਨ ਦੇ ਸਮਰੱਥ ਸਨ। ਉਹ ਸਿਰਫ਼ 120 ਹਨ, ਜਿਨ੍ਹਾਂ ਵਿੱਚੋਂ ਅਸੀਂ 40 ਨੂੰ ਨਿਸ਼ਾਨਾ ਬਣਾ ਲਿਆ ਹੈ। ਇਹ ਇੱਕ ਬੇਮਿਸਾਲ ਅੰਕੜਾ ਹੈ।"
ਇਸ ਨੁਕਸਾਨ ਦਾ ਮੁਲਾਂਕਣ ਕਰਨਾ ਮੁਸ਼ਕਲ ਹੈ, ਪਰ ਯੂਕਰੇਨੀ ਫੌਜੀ ਬਲੌਗਰ ਓਲੇਕਸਾਂਦਰ ਕੋਵਾਲੇਂਕੋ ਕਹਿੰਦੇ ਹਨ ਕਿ ਭਾਵੇਂ ਬੰਬਾਰ ਅਤੇ ਕਮਾਂਡ ਅਤੇ ਕੰਟਰੋਲ ਜਹਾਜ਼ ਤਬਾਹ ਨਾ ਹੋਏ ਹੋਣ, ਪਰ ਇਸ ਦਾ ਪ੍ਰਭਾਵ ਬਹੁਤ ਵੱਡਾ ਹੈ।
ਉਨ੍ਹਾਂ ਨੇ ਆਪਣੇ ਟੈਲੀਗ੍ਰਾਮ ਚੈਨਲ 'ਤੇ ਲਿਖਿਆ, "ਇਹ ਨੁਕਸਾਨ ਇੰਨਾ ਵੱਡਾ ਹੈ ਕਿ ਮੌਜੂਦਾ ਸਥਿਤੀ ਵਿੱਚ ਰੂਸੀ ਫੌਜੀ-ਉਦਯੋਗਿਕ ਕੰਪਲੈਕਸ ਲਈ ਇਹ ਮੁਸ਼ਕਿਲ ਜਾਪਦਾ ਹੈ ਕਿ ਉਹ ਭਵਿੱਖ ਵਿੱਚ ਉਨ੍ਹਾਂ ਨੂੰ ਦੁਬਾਰਾ ਬਣਾਉਣ ਬਣਾ ਕੇ ਰੱਖ ਸਕਣ।''
ਰੂਸੀ ਰੱਖਿਆ ਮੰਤਰਾਲੇ ਨੇ ਐਤਵਾਰ ਨੂੰ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਵਿੱਚ ਦੇਸ਼ ਦੇ ਪੰਜ ਸੂਬਿਆਂ ਵਿੱਚ ਫੌਜੀ ਹਵਾਈ ਅੱਡਿਆਂ ਨੂੰ ਨਿਸ਼ਾਨਾ ਬਣਾਉਣ ਦੀ ਪੁਸ਼ਟੀ ਕੀਤੀ।
ਹਾਲਾਂਕਿ, ਇਸ ਦੇ ਨਾਲ ਹੀ ਮੰਤਰਾਲੇ ਨੇ ਦਾਅਵਾ ਕੀਤਾ ਕਿ ਇਸਨੇ ਆਈਵਾਨਵਾ, ਰਾਯਾਜ਼ਨ ਅਤੇ ਆਮਿਰ ਸੂਬਿਆਂ ਵਿੱਚ ਫੌਜੀ ਹਵਾਈ ਅੱਡਿਆਂ 'ਤੇ 'ਸਾਰੇ ਹਮਲਿਆਂ ਨੂੰ ਨਾਕਾਮ ਕਰ ਦਿੱਤਾ'।
ਮੰਤਰਾਲੇ ਨੇ ਇਹ ਵੀ ਕਿਹਾ ਕਿ ਮਿਰਮੰਸਕ ਅਤੇ ਇਰਕੁਤਸਕ ਸੂਬਿਆਂ ਵਿੱਚ ਨੇੜਲੇ ਖੇਤਰਾਂ ਉੱਤੇ ਡਰੋਨਾਂ ਦੇ ਉੱਡਣ ਤੋਂ ਬਾਅਦ 'ਕਈ ਜਹਾਜ਼ਾਂ ਨੇ ਅੱਗ ਫੜ੍ਹ ਲਈ'।
ਇਹ ਕਿਹਾ ਗਿਆ ਹੈ ਕਿ ਸਾਰੀਆਂ ਅੱਗਾਂ ਬੁਝਾ ਦਿੱਤੀਆਂ ਗਈਆਂ ਹਨ ਅਤੇ ਕੋਈ ਨੁਕਸਾਨ ਨਹੀਂ ਹੋਇਆ ਹੈ। ਨਾਲ ਹੀ ਇਹ ਦਾਅਵਾ ਵੀ ਕੀਤਾ ਗਿਆ ਹੈ ਕਿ 'ਇਨ੍ਹਾਂ ਅੱਤਵਾਦੀ ਹਮਲਿਆਂ ਵਿੱਚ ਸ਼ਾਮਲ ਕੁਝ ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ'।
ਕਿਹੜੇ ਜਹਾਜ਼ਾਂ ਨੂੰ ਨੁਕਸਾਨ ਹੋਣ ਦੀ ਹੈ ਚਰਚਾ

ਤਸਵੀਰ ਸਰੋਤ, Reuters
ਮਿਜ਼ਾਈਲ ਲੈ ਕੇ ਚੱਲਣ ਵਾਲੇ ਜਿਨ੍ਹਾਂ ਰਣਨੀਤਕ ਬੰਬਾਰਾਂ ਦੀ ਚਰਚਾ ਹੋ ਰਹੀ ਹੈ, ਉਹ ਹਨ - ਟੂ-95 (Tu-95), ਟੂ-22 (Tu-22) ਅਤੇ ਟੂ-160 (Tu-160)।
ਕੋਵਾਲੈਂਕੋ ਦਾ ਕਹਿਣਾ ਹੈ ਕਿ ਹੁਣ ਇਨ੍ਹਾਂ ਦਾ ਨਿਰਮਾਣ ਨਹੀਂ ਕੀਤਾ ਜਾ ਰਿਹਾ ਹੈ, ਇਨ੍ਹਾਂ ਨੂੰ ਠੀਕ ਕਰਨਾ ਮੁਸ਼ਕਲ ਹੋਵੇਗਾ ਅਤੇ ਇਨ੍ਹਾਂ ਨੂੰ ਬਦਲਣਾ ਅਸੰਭਵ ਹੈ।
ਸੁਪਰਸੋਨਿਕ ਟੂ-160 ਦਾ ਨੁਕਸਾਨ ਖਾਸ ਤੌਰ 'ਤੇ ਨਾਲ ਮਹਿਸੂਸ ਕੀਤਾ ਜਾਵੇਗਾ।
ਉਹ ਲਿਖਦੇ ਹਨ, "ਅੱਜ ਰੂਸੀ ਏਰੋਸਪੇਸ ਫੋਰਸੇਜ਼ ਨੇ ਆਪਣੇ ਦੋ ਦੁਰਲੱਭ ਜਹਾਜ਼ਾਂ ਨੂੰ ਹੀ ਨਹੀਂ ਗੁਆਏ ਹਨ, ਸਗੋਂ ਅਸਲ ਵਿੱਚ ਉਹ ਉਸ ਦੇ ਬੇੜੇ ਦੇ ਦੋ ਵੱਡੇ ਯੂਨੀਕੋਰਨ ਸਨ।"
ਰੂਸ ਨੂੰ ਹੋਏ ਨੁਕਸਾਨ ਦਾ ਅੰਦਾਜ਼ਾ ਭਾਵੇਂ ਵਿਸ਼ਲੇਸ਼ਕ ਲਗਾ ਰਹੇ ਹੋਣ ਜਾਂ ਨਾ ਲਗਾ ਰਹੇ ਹੋਣ, ਪਰ ਆਪ੍ਰੇਸ਼ਨ ਸਪਾਈਡਰਜ਼ ਵੈੱਬ ਨੇ ਨਾ ਸਿਰਫ਼ ਰੂਸ ਨੂੰ ਸਗੋਂ ਯੂਕਰੇਨ ਦੇ ਪੱਛਮੀ ਸਹਿਯੋਗੀਆਂ ਨੂੰ ਇੱਕ ਮਹੱਤਵਪੂਰਨ ਸੰਦੇਸ਼ ਜ਼ਰੂਰ ਦਿੱਤਾ ਹੈ।

ਮੇਰੇ ਸਹਿਯੋਗੀ ਸਵਾਯਾਤੋਸਲਵ ਖੋਮਨਕੋ ਨੇ ਬੀਬੀਸੀ ਯੂਕਰੇਨੀ ਸੇਵਾ ਦੀ ਵੈੱਬਸਾਈਟ 'ਤੇ ਕੀਵ ਵਿੱਚ ਇੱਕ ਸਰਕਾਰੀ ਅਧਿਕਾਰੀ ਨਾਲ ਹਾਲ ਹੀ ਵਿੱਚ ਹੋਈ ਮੁਲਾਕਾਤ ਬਾਰੇ ਲਿਖਿਆ ਹੈ।
ਉਹ ਅਧਿਕਾਰੀ ਝੁੰਝਲਾਏ ਹੋਏ ਸਨ।
ਉਸ ਅਧਿਕਾਰੀ ਨੇ ਖੋਮਨਕੋ ਨੂੰ ਕਿਹਾ, "ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਅਮਰੀਕੀ ਇਹ ਮੰਨ ਕੇ ਬੈਠ ਗਏ ਹਨ ਕਿ ਅਸੀਂ ਪਹਿਲਾਂ ਹੀ ਜੰਗ ਹਾਰ ਚੁੱਕੇ ਹਾਂ। ਅਤੇ ਇਸੇ ਧਾਰਨਾ ਨੂੰ ਬਾਕੀ ਸਾਰੇ ਮੰਨ ਲੈਂਦੇ ਹਨ।"
ਯੂਕਰੇਨ ਦੀ ਰੱਖਿਆ ਮਾਮਲਿਆਂ ਦੀ ਪੱਤਰਕਾਰ ਇਲਿਆ ਪੋਨੋਮਾਰੇਨਕੋ ਨੇ ਸੋਸ਼ਲ ਮੀਡੀਆ ਵੈੱਬਸਾਈਟ ਐਕਸ 'ਤੇ ਓਵਲ ਦਫ਼ਤਰ ਵਿੱਚ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਅਤੇ ਯੂਕਰੇਨੀ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਵਿਚਕਾਰ ਮਸ਼ਹੂਰ ਬਹਿਸ ਦਾ ਹਵਾਲਾ ਦਿੱਤਾ ਹੈ।
ਉਨ੍ਹਾਂ ਲਿਖਿਆ, "ਜਦੋਂ ਕੋਈ ਇੱਕ ਮਾਣਮੱਤਾ ਦੇਸ਼ ਜਿਸ 'ਤੇ ਹਮਲਾ ਹੋਇਆ ਹੈ, ਉਹ ਇਹ ਸਭ ਗੱਲਾਂ ਨਹੀਂ ਸੁਣਦਾ ਹੈ ਤਾਂ ਅਜਿਹਾ ਹੀ ਹੁੰਦਾ ਹੈ। ਕਿਹਾ ਗਿਆ ਸੀ ਕਿ 'ਯੂਕਰੇਨ ਕੋਲ ਸਿਰਫ਼ ਛੇ ਮਹੀਨੇ ਬਚੇ ਹਨ', 'ਤੁਹਾਡੇ ਕੋਲ ਹੁਣ ਪੱਤੇ ਨਹੀਂ ਬਚੇ ਹਨ', 'ਸ਼ਾਂਤੀ ਲਈ ਆਤਮ-ਸਮਰਪਣ ਕਰ ਦਿਓ, ਰੂਸ ਹਰਾ ਨਹੀਂ ਸਕਦਾ'।"
ਯੂਕਰੇਨ ਅਜੇ ਵੀ ਆਪਣੇ ਆਪ ਨੂੰ ਮੈਦਾਨ ਵਿੱਚ ਸਮਝਦਾ ਹੈ

ਤਸਵੀਰ ਸਰੋਤ, Reuters
ਬਿਜ਼ਨਸ ਯੂਕਰੇਨ ਨਾਮ ਦੇ ਜਰਨਲ ਨੇ ਵੀ ਐਕਸ 'ਤੇ ਇੱਕ ਛੋਟੀ ਪੋਸਟ 'ਚ ਲਿਖਿਆ, "ਇਹ ਦਰਸਾਉਂਦਾ ਹੈ ਕਿ ਆਖਿਰਕਾਰ ਯੂਕਰੇਨ ਕੋਲ ਕੁਝ ਪੱਤੇ ਬਚੇ ਹਨ। ਅੱਜ ਜ਼ੇਲੇਂਸਕੀ ਨੇ ਡਰੋਨਾਂ ਦੇ ਰਾਜੇ ਵਾਲੀ ਭੂਮਿਕਾ ਨਿਭਾਈ।'''
ਇਸ ਤਰ੍ਹਾਂ ਨਾਲ ਇਹ ਇੱਕ ਸੁਨੇਹਾ ਹੈ ਕਿ ਯੂਕਰੇਨ ਅਜੇ ਵੀ ਯੁੱਧ ਵਿੱਚ ਹੈ, ਅਤੇ ਯੂਕਰੇਨੀ ਪ੍ਰਤੀਨਿਧੀਮੰਡਲ ਜੋ ਜੰਗਬੰਦੀ 'ਤੇ ਗੱਲਬਾਤ ਕਰਨ ਲਈ ਰੂਸੀ ਪ੍ਰਤੀਨਿਧੀਆਂ ਨਾਲ ਗੱਲਬਾਤ ਕਰਨ ਲਈ ਇਸਤਾਂਬੁਲ ਜਾ ਰਿਹਾ ਹੈ, ਉਹ ਇਹ ਸੁਨੇਹਾ ਨਾਲ ਲੈ ਕੇ ਜਾਣਗੇ।
ਇੱਕ ਸਰਕਾਰੀ ਅਧਿਕਾਰੀ ਨੇ ਸਵਾਯਾਤੋਸਲਾਵ ਖੋਮਨਕੋ ਨੂੰ ਦੱਸਿਆ ਕਿ ''ਅਮਰੀਕੀ ਇਸ ਤਰ੍ਹਾਂ ਵਿਵਹਾਰ ਕਰਨ ਲੱਗੇ ਹਨ ਕਿ ਜਿਵੇਂ ਮੰਨੋ ਉਨ੍ਹਾਂ ਦੀ ਭੂਮਿਕਾ ਸਾਡੇ ਲਈ ਆਤਮ ਸਮਰਪਣ ਦੀਆਂ ਸਭ ਤੋਂ ਨਰਮ ਸ਼ਰਤਾਂ 'ਤੇ ਗੱਲਬਾਤ ਕਰਨਾ ਹੈ।"
"ਅਤੇ ਫਿਰ ਉਹ ਇਸ ਗੱਲ 'ਤੇ ਨਾਰਾਜ਼ ਹੋ ਜਾਂਦੇ ਹਨ ਕਿ ਅਸੀਂ ਉਨ੍ਹਾਂ ਦਾ ਧੰਨਵਾਦ ਨਹੀਂ ਕਰਦੇ। ਪਰ ਅਸੀਂ ਨਹੀਂ ਕਰਦੇ, ਕਿਉਂਕਿ ਅਸੀਂ ਨਹੀਂ ਮੰਨਦੇ ਕਿ ਅਸੀਂ ਹਾਰ ਚੁੱਕੇ ਹਾਂ।"
ਡੋਨਬਾਸ ਦੇ ਯੁੱਧ ਦੇ ਮੈਦਾਨ ਵਿੱਚ ਰੂਸ ਦੀ ਸੁਸਤ ਅਤੇ ਕਠੋਰ ਬੜ੍ਹਤ ਦੇ ਬਾਵਜੂਦ, ਯੂਕਰੇਨ ਰੂਸ ਅਤੇ ਟਰੰਪ ਪ੍ਰਸ਼ਾਸਨ ਨੂੰ ਸੰਦੇਸ਼ ਦੇ ਰਿਹਾ ਹੈ ਕਿ ਕੀਵ ਦੀਆਂ ਸੰਭਾਵਨਾਵਾਂ ਨੂੰ ਸੌਖਿਆਂ ਖਾਰਜ ਨਹੀਂ ਕੀਤਾ ਜਾ ਸਕਦਾ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












