ਪੰਜਾਬ 'ਚ ਚੋਣਾਂ ਤੋਂ ਪਹਿਲਾਂ ਭਗਵੰਤ ਮਾਨ ਸਰਕਾਰ ਦੇ ਕੰਮਾਂ ਬਾਰੇ ਲੋਕਾਂ ਤੋਂ ਫੋਨ ਕਰਕੇ ਕਿਉਂ ਰਾਇ ਲਈ ਜਾ ਰਹੀ ਹੈ?

ਸੀਐੱਮ ਭਗਵੰਤ ਮਾਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜਾਣਕਾਰੀ ਮੁਤਾਬਕ ਫੋਨ ਕਾਲ ਦੌਰਾਨ ਸੀਐੱਮ ਦਫ਼ਤਰ ਦਾ ਹਵਾਲਾ ਦੇ ਕੇ ਲੋਕਾਂ ਤੋਂ ਸਰਕਾਰ ਦੇ ਕੰਮਾਂ ਅਤੇ ਉਹਨਾਂ ਦੀ ਸਤੁੰਸ਼ਟੀ ਬਾਰੇ ਪੁੱਛਿਆ ਜਾਂਦਾ ਹੈ।
    • ਲੇਖਕ, ਅਵਤਾਰ ਸਿੰਘ
    • ਰੋਲ, ਬੀਬੀਸੀ ਪੱਤਰਕਾਰ

ਪੰਜਾਬ ਵਿੱਚ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬੇ ਵਿੱਚ ਲੋਕਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਦੇ ਕੰਮਾਂ ਬਾਰੇ 'ਫੀਡਬੈਕ ਲੈਣ ਲਈ ਕਾਲਾਂ' ਆ ਰਹੀਆਂ ਹਨ।

ਜਾਣਕਾਰੀ ਮੁਤਾਬਕ ਫੋਨ ਕਾਲ ਦੌਰਾਨ ਸੀਐੱਮ ਦਫ਼ਤਰ ਦਾ ਹਵਾਲਾ ਦੇ ਕੇ ਲੋਕਾਂ ਤੋਂ ਸਰਕਾਰ ਦੇ ਕੰਮਾਂ ਅਤੇ ਉਹਨਾਂ ਦੀ ਸਤੁੰਸ਼ਟੀ ਬਾਰੇ ਪੁੱਛਿਆ ਜਾਂਦਾ ਹੈ।

ਆਮ ਆਦਮੀ ਪਾਰਟੀ ਦੇ ਕਈ ਆਗੂਆਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਸਰਕਾਰ ਲੋਕਾਂ ਤੋਂ ਆਪਣੇ ਕੀਤੇ ਕੰਮਾਂ ਲਈ ਫੀਡਬੈਕ ਲੈ ਰਹੀ ਹੈ।

ਸੀਐੱਮ ਭਗਵੰਤ ਮਾਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪੰਜਾਬ ਵਿੱਚ ਸਾਲ 2027 ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਹਨ।

ਪਟਿਆਲਾ ਵਿੱਚ ਸਿਹਤ ਵਿਭਾਗ ਤੋਂ ਸੇਵਾ ਮੁਕਤ ਜਗਵਿੰਦਰ ਸਿੰਘ ਨੂੰ ਵੀ ਅਜਿਹੀ ਫੋਨ ਕਾਲ ਆਈ ਸੀ।

ਉਹ ਦੱਸਦੇ ਹਨ, "ਇਹ ਕਈ ਦਿਨ ਪਹਿਲਾਂ ਦੀ ਗੱਲ ਹੈ। ਮੈਨੂੰ ਚੰਡੀਗੜ੍ਹ ਲੈਂਡਲਾਈਨ ਵਾਲੇ ਨੰਬਰ ਤੋਂ ਫੋਨ ਆਇਆ ਸੀ। ਉਹ ਪੁੱਛ ਰਹੀ ਸੀ ਕਿ ਕੀ ਤੁਸੀਂ ਮੁੱਖ ਮੰਤਰੀ ਵੱਲੋਂ ਕੀਤੇ ਕੰਮਾਂ ਤੋਂ ਖੁਸ਼ ਹੋ?"

ਜਗਵਿੰਦਰ ਸਿੰਘ ਕਹਿੰਦੇ ਹਨ, "ਮੈਂ ਕਿਹਾ ਅਸੀਂ ਮੁਲਾਜ਼ਮ ਪਰਿਵਾਰ ਵਿੱਚੋਂ ਆਉਂਦੇ ਹਾਂ ਅਤੇ ਸਰਕਾਰ ਨੇ ਮੁਲਾਜ਼ਮਾਂ ਲਈ ਕੁਝ ਨਹੀਂ ਕੀਤਾ। ਮੇਰਾ ਏਰੀਅਰ ਨਹੀਂ ਮਿਲਿਆ। ਸਾਨੂੰ ਇੱਕ ਸਾਲ ਤੋਂ ਡੀਏ ਦੀ ਕਿਸ਼ਤ ਨਹੀਂ ਦਿੱਤੀ ਗਈ। ਉਸ ਨੇ ਮੈਨੂੰ ਕਿਹਾ ਕਿ ਤੁਹਾਡੀ ਗੱਲ ਮੁੱਖ ਮੰਤਰੀ ਦਫ਼ਤਰ ਤੱਕ ਪਹੁੰਚਾ ਦਿੱਤੀ ਜਾਵੇਗੀ। "

ਇਸੇ ਤਰ੍ਹਾਂ ਪਟਿਆਲਾ ਦੇ ਇੱਕ ਨੌਜਵਾਨ ਨੇ ਬਿਨਾ ਨਾਂ ਛਾਪਣ ਦੀ ਸ਼ਰਤ 'ਤੇ ਆਪਣਾ ਫੋਨ ਕਾਲ ਦਾ ਤਜ਼ਰਬਾ ਸਾਂਝਾ ਕੀਤਾ।

ਚੋਣਾਂ ਨੇੜੇ ਮੁੱਖ ਮੰਤਰੀ ਦੇ ਕੰਮਾਂ ਬਾਰੇ ਪੁੱਛਣ ਦੇ ਕੀ ਮਾਇਨੇ ?

ਸੀਐੱਮ ਭਗਵੰਤ ਮਾਨ ਤੇ ਕੇਜਰੀਵਾਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਦਿੱਲੀ ਹਾਰਨ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਹੁਣ ਸਿਰਫ਼ ਪੰਜਾਬ ਵਿੱਚ ਹੈ।

ਗੁਰੂ ਨਾਨਕ ਦੇਵ ਯੂਨੀਵਸਿਟੀ, ਅੰਮ੍ਰਿਤਸਰ ਦੇ ਰਾਜਨੀਤੀ ਸਾਸ਼ਤਰ ਵਿਭਾਗ ਦੇ ਸਾਬਕਾ ਪ੍ਰੋਫੈਸਰ ਜਗਰੂਪ ਸੇਖੋਂ ਕਹਿੰਦੇ ਹਨ ਕਿ ਚੋਣਾਂ ਨੇੜੇ ਮੁੱਖ ਮੰਤਰੀ ਦੇ ਕੰਮਾਂ ਬਾਰੇ ਪਤਾ ਕਰਨ ਦਾ 'ਵਿਚਾਰ ਸਿਰਫ਼ ਦਿੱਲੀ ਵਾਲੀ ਟੀਮ' ਦਾ ਹੀ ਹੋ ਸਕਦਾ ਹੈ ਜੋ ਕਿ 'ਸਹੀ ਤਰੀਕਾ ਨਹੀਂ ਹੈ'।

ਜਗਰੂਪ ਸੇਖੋਂ ਮੁਤਾਬਕ, "ਇਹ ਕੋਈ ਤਰੀਕਾ ਨਹੀਂ ਹੁੰਦਾ ਕਿ ਲੋਕਾਂ ਨੂੰ ਪੁੱਛਿਆ ਜਾਵੇ ਕਿ ਮੁੱਖ ਮੰਤਰੀ ਕੰਮ ਕਰ ਰਿਹਾ ਹੈ ਜਾਂ ਨਹੀਂ। ਇਹ ਇੱਕ ਸਟੰਟ ਹੀ ਹੈ। ਜੇਕਰ ਸੀਐੱਮ ਦੇ ਕੰਮਾਂ ਬਾਰੇ ਪਤਾ ਕਰਨਾ ਹੈ ਤਾਂ ਇੱਕ ਨਿਰਪੱਖ ਅਧਿਐਨ ਕਰਵਾਇਆ ਜਾ ਸਕਦਾ ਹੈ। ਸਾਡੇ ਕੋਲ ਬਹੁਤ ਭਰੋਸੇਯੋਗ ਸੰਸਥਾਵਾਂ ਹਨ ਜੋ ਇਸ ਤਰ੍ਹਾਂ ਦੇ ਅਧਿਐਨ ਕਰਦੀਆਂ ਹਨ ਪਰ ਇਸ ਤਰ੍ਹਾਂ ਦੀਆਂ ਕਾਲਾਂ ਕਰਕੇ ਪੁੱਛਣਾ ਠੀਕ ਨਹੀਂ ਹੈ।"

ਉਹ ਕਹਿੰਦੇ ਹਨ, "ਇਸ ਤਰ੍ਹਾਂ ਦੇ ਸਰਵੇ ਵਿੱਚ ਸਿਰਫ਼ ਹਾਂ ਜਾਂ ਨਾਂ ਨਹੀਂ ਹੁੰਦੀ। ਤੁਸੀਂ ਲੋਕਾਂ ਦੀ ਮਾਨਸਿਕਤਾ ਅਤੇ ਹੋਰ ਬਹੁਤ ਸਾਰੇ ਪੱਖਾਂ ਨੂੰ ਸਮਝਣਾ ਹੁੰਦਾ ਹੈ। ਪਰ ਹੁਣ ਇਸ ਸਰਵੇ ਦਾ ਅਰਥ ਇਹ ਨਹੀਂ ਹੈ ਕਿ 'ਹਾਂ' ਕਹਿ ਕੇ ਲੋਕ ਵੋਟਾਂ ਪਾਉਣਗੇ ਅਤੇ 'ਨਾ' ਕਹਿਣ ਵਾਲੇ ਵੋਟਾਂ ਨਹੀਂ ਪਾਉਣਗੇ।"

ਸੀਨੀਅਰ ਪੱਤਰਕਾਰ ਜਸਪਾਲ ਸਿੱਧੂ ਕਹਿੰਦੇ ਹਨ, "ਆਮ ਆਦਮੀ ਪਾਰਟੀ ਦਾ ਇਹ ਸਿਰਫ਼ ਆਪਣੇ ਵਿਚਾਰ ਵੇਚਣ ਦਾ ਤਰੀਕਾ ਹੈ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਹੈ। ਦੁਨੀਆਂ ਭਰ ਦੇ ਲੋਕਤੰਤਰ ਵਿੱਚ ਭਰਮ ਵੇਚਿਆ ਜਾ ਰਿਹਾ ਹੈ' ਅਤੇ 'ਆਪ' ਵੀ ਇਹੋ ਕਰ ਰਹੀ ਹੈ।"

ਉਹ ਅੱਗੇ ਕਹਿੰਦੇ ਹਨ, "ਗੁਰੂ ਤੇਗ ਬਹਾਦਰ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਅਨੰਦਪੁਰ ਸਾਹਿਬ ਵਿੱਚ ਰੱਖਣਾ ਵੀ ਇੱਕ ਸਿਆਸੀ ਫੈਸਲਾ ਹੀ ਸੀ।"

ਆਪ

ਆਮ ਆਦਮੀ ਪਾਰਟੀ ਦਾ ਇਸ ਸਰਵੇ ਪਿੱਛੇ ਤਰਕ ਕੀ

ਕੁਲਦੀਪ ਧਾਲੀਵਾਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਾਬਕਾ ਮੰਤਰੀ ਕੁਲਦੀਪ ਧਾਲੀਵਾਲ ਕਹਿੰਦੇ ਹਨ ਕਿ ਲੋਕਾਂ ਦੀ ਬਹੁਤ ਵਧੀਆ ਫੀਡਬੈਕ ਹੈ।

ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਸਾਬਕਾ ਮੰਤਰੀ ਕੁਲਦੀਪ ਧਾਲੀਵਾਲ ਕਹਿੰਦੇ ਹਨ ਕਿ ਲੋਕਾਂ ਦੀ ਰਾਇ ਲੈਣ ਦਾ ਮਕਸਦ ਸਿਰਫ਼ ਇਹ ਦੇਖਣਾ ਹੈ ਕਿ ਲੋਕ ਕੀ ਸਮਝਦੇ ਹਨ।

ਕੁਲਦੀਪ ਧਾਲੀਵਾਲ ਮੁਤਾਬਕ, "ਅਸੀਂ ਰੋਡ ਬਣਾ ਰਹੇ ਹਾਂ, ਸਟੇਡੀਅਮ ਬਣਾ ਰਹੇ ਹਾਂ, ਇਸ ਤੋਂ ਇਲਾਵਾ ਬਹੁਤ ਸਾਰੀਆਂ ਚੀਜ਼ਾਂ ਬਣ ਰਹੀਆਂ ਹਨ, ਇਸ ਲਈ ਫੀਡਬੈਕ ਦਾ ਸਿਰਫ਼ ਇੰਨਾ ਮਤਲਬ ਹੈ ਕਿ ਇਹ ਜਾਣ ਸਕੀਏ ਕਿ ਲੋਕ ਕੀ ਸਮਝਦੇ ਹਨ। ਜਦੋਂ ਅਸੀਂ ਫੀਡਬੈਕ ਲੈਂਦੇ ਹਾਂ ਤਾਂ ਸਾਨੂੰ ਪਤਾ ਵੀ ਲੱਗ ਜਾਂਦਾ ਹੈ ਕਿ ਕਿਤੇ ਸਾਡੇ ਕੋਲੋਂ ਕੋਈ ਕਮੀ ਤਾਂ ਨਹੀਂ ਰਹਿ ਗਈ।"

ਧਾਲੀਵਾਲ ਕਹਿੰਦੇ ਹਨ, "ਲੋਕਾਂ ਦਾ ਬਹੁਤ ਵਧੀਆ ਫੀਡਬੈਕ ਹੈ।"

ਇਹ ਪੁੱਛੇ ਜਾਣ 'ਤੇ ਕਿ ਕੀ ਕਿਤੇ ਮੁੱਖ ਮੰਤਰੀ ਦੇ ਚਿਹਰੇ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ, ਤਾਂ ਧਾਲੀਵਾਲ ਨੇ ਕਿਹਾ, "ਨਹੀਂ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ। ਸਾਡਾ ਬਹੁਤ ਵਧੀਆ ਕੰਮ ਚੱਲ ਰਿਹਾ ਹੈ। ਲੋਕਾਂ ਦੀ ਰਾਇ ਲੈਣ ਦਾ ਮੰਤਵ ਪਿੰਡਾਂ ਵਿੱਚ ਹੋ ਰਹੇ ਕੰਮਾਂ ਅਤੇ ਵਿਕਾਸ ਬਾਰੇ ਜਾਣਕਾਰੀ ਲੈਣਾ ਹੀ ਹੈ।"

'ਆਪ' ਦੀ ਕੇਂਦਰੀ ਲੀਡਰਸ਼ਿਪ ਬਨਾਮ ਭਗਵੰਤ ਮਾਨ

ਭਗਵੰਤ ਮਾਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪਿਛਲੇ ਲੰਮੇ ਸਮੇਂ ਤੋਂ 'ਆਪ' ਦੇ ਨੈਸ਼ਨਲ ਕਨਵੀਨਰ ਅਰਵਿੰਦਰ ਕੇਜਰੀਵਾਲ ਅਤੇ ਦਿੱਲੀ ਦੇ ਸਾਬਕਾ ਮੰਤਰੀ ਮਨੀਸ਼ ਸਿਸੋਦੀਆ ਪੰਜਾਬ ਵਿੱਚ ਕਾਫ਼ੀ ਸਰਗਰਮ ਹਨ।

ਇਸ ਸਾਲ ਦਿੱਲੀ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਹਾਰ ਤੋਂ ਬਾਅਦ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਇਕੱਲੇ ਹੀ ਮੁੱਖ ਮੰਤਰੀ ਹਨ। ਇਸ ਤੋਂ ਪਹਿਲਾਂ 'ਆਪ' ਦੀ ਸਰਕਾਰ ਦੋ ਸੂਬਿਆਂ ਵਿੱਚ ਸੀ।

ਪਿਛਲੇ ਲੰਮੇ ਸਮੇਂ ਤੋਂ 'ਆਪ' ਦੇ ਨੈਸ਼ਨਲ ਕਨਵੀਨਰ ਅਰਵਿੰਦਰ ਕੇਜਰੀਵਾਲ ਅਤੇ ਦਿੱਲੀ ਦੇ ਸਾਬਕਾ ਮੰਤਰੀ ਮਨੀਸ਼ ਸਿਸੋਦੀਆ ਪੰਜਾਬ ਵਿੱਚ ਕਾਫ਼ੀ ਸਰਗਰਮ ਹਨ।

ਜਗਰੂਪ ਸੇਖੋਂ ਕਹਿੰਦੇ ਹਨ, "ਆਮ ਆਦਮੀ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਕਮਜ਼ੋਰ ਹੈ। ਜੇਕਰ ਦਿੱਲੀ ਵਿੱਚ ਉਹਨਾਂ ਦਾ ਢਾਂਚਾ ਮਜ਼ਬੂਤ ਹੁੰਦਾ ਤਾਂ ਉਹ ਅਗਲੀਆਂ ਚੋਣਾਂ ਵਿੱਚ ਮੁੱਖ ਮੰਤਰੀ ਦਾ ਚਿਹਰਾ ਬਦਲਣ ਬਾਰੇ ਸੋਚ ਸਕਦੇ ਸਨ ਪਰ ਹੁਣ ਉਹ ਇਸ ਹਾਲਾਤ ਵਿੱਚ ਨਹੀਂ ਹਨ। ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਸੂਬੇ ਦੀਆਂ ਸਮੱਸਿਆਵਾਂ ਨੂੰ ਲੈ ਕੇ ਗੰਭੀਰ ਹੋਣਾ ਚਾਹੀਦਾ ਹੈ ਜੋ ਮੌਜੂਦਾ ਮੁੱਖ ਮੰਤਰੀ ਵਿੱਚ ਨਹੀਂ ਝਲਕਦਾ।"

ਉੱਥੇ ਹੀ, ਸੀਨੀਅਰ ਪੱਤਰਕਾਰ ਜਸਪਾਲ ਸਿੱਧੂ ਕਹਿੰਦੇ ਹਨ, "ਫ਼ਿਲਹਾਲ ਭਗਵੰਤ ਮਾਨ ਦੇ ਕੱਦ ਦਾ ਪਾਰਟੀ ਕੋਲ ਹੋਰ ਕਈ ਆਗੂ ਨਹੀਂ ਹੈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)