ਟੀ-20 ਵਿਸ਼ਵ ਕੱਪ ਸੈਮੀਫਾਈਨਲ: ਭਾਰਤੀ ਟੀਮ ਦੀਆਂ ਕਮਜ਼ੋਰੀਆਂ ਜੋ ਮੈਚ ਦੌਰਾਨ ਭਾਰੀ ਪੈ ਸਕਦੀਆਂ

ਰੋਹਿਤ ਸ਼ਰਮਾ

ਤਸਵੀਰ ਸਰੋਤ, Getty Images

ਟੀ-20 ਵਿਸ਼ਵ ਕੱਪ 2024 ਲਗਭਗ ਆਪਣੇ ਆਖਰੀ ਪੜ੍ਹਾਅ 'ਤੇ ਪਹੁੰਚ ਚੁਕਿਆ ਹੈ।

ਸੈਮੀਫਾਈਨਲ ਦਾ ਪਹਿਲਾ ਮੁਕਾਬਲਾ ਅਫ਼ਗਾਨਿਸਤਾਨ ਅਤੇ ਦੱਖਣੀ ਅਫ਼ਰੀਕਾ ਵਿਚਾਲੇ ਸੀ। ਅਫ਼ਗਾਨਿਸਤਾਨ ਦੱਖਣੀ ਅਫ਼ਰੀਕਾ ਸਾਹਮਣੇ ਬੁਰੀ ਤਰ੍ਹਾਂ ਬੇਵੱਸ ਨਜ਼ਰ ਆਇਆ। ਦੱਖਣੀ ਅਫ਼ਰੀਕਾ ਨੇ ਸਿਰਫ਼ 56 ਦੌੜਾਂ 'ਤੇ ਪੂਰੀ ਟੀਮ ਨੂੰ ਆਲ ਆਊਟ ਕਰ ਦਿੱਤਾ ਅਤੇ 9 ਵਿਕਟਾਂ ਨਾਲ ਇਹ ਮੈਚ ਆਪਣੇ ਨਾਮ ਕਰ ਲਿਆ।

ਇਸ ਜਿੱਤ ਨਾਲ ਦੱਖਣੀ ਅਫ਼ਰੀਕਾ ਨੇ ਟੀ-20 ਦੇ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ।

ਜੇਕਰ ਹੁਣ ਸੈਮੀਫਾਈਨਲ ਵਿੱਚ ਭਾਰਤ ਇੰਗਲੈਂਡ ਨੂੰ ਹਰ ਦਿੰਦਾ ਹੈ ਤਾਂ ਫਾਈਨਲ ਵਿੱਚ ਟੀਮ ਨੂੰ ਦੱਖਣੀ ਅਫ਼ਰੀਕਾ ਦਾ ਸਾਹਮਣਾ ਕਰਨਾ ਪਵੇਗਾ।

ਇੰਗਲੈਂਡ ਉਹ ਟੀਮ ਹੈ, ਜੋ 2 ਵਾਰ ਟੀ-20 ਵਿਸ਼ਵ ਕੱਪ ਦੇ ਖ਼ਿਤਾਬ 'ਤੇ ਕਬਜ਼ਾ ਕਰ ਚੁਕੀ ਹੈ।

ਇੰਗਲਿਸ਼ ਟੀਮ 2010 ਅਤੇ ਇਸ ਤੋਂ ਪਿਛਲੇ ਟੀ-20 ਵਿਸ਼ਵ ਕੱਪ ਯਾਨੀ 2022-23 ਦਾ ਖ਼ਿਤਾਬ ਜਿੱਤ ਚੁਕੀ ਹੈ। ਉਥੇ ਹੀ ਭਾਰਤ ਨੇ ਇਸ ਫਾਰਮੈਟ ਦੇ ਸਭ ਤੋਂ ਪਹਿਲੇ ਵਿਸ਼ਵ ਕੱਪ ਦੇ ਖ਼ਿਤਾਬ 'ਤੇ 2007 ਵਿੱਚ ਕਬਜ਼ਾ ਕੀਤਾ ਸੀ।

ਪਰ ਮੌਜੂਦਾ ਟੂਰਨਾਮੈਂਟ ਦੀ ਗੱਲ ਕਰੀਏ ਤਾਂ ਹੁਣ ਤੱਕ ਭਾਰਤੀ ਟੀਮ ਖ਼ਿਤਾਬ ਦੀ ਮਜ਼ਬੂਤ ਦਾਅਵੇਦਾਰ ਵਜੋਂ ਨਜ਼ਰ ਨਹੀਂ ਆ ਰਹੀ।

ਇਸ ਟੂਰਨਾਮੈਂਟ ਵਿੱਚ ਭਾਰਤ ਹੁਣ ਤੱਕ ਅਜਿੱਤ ਰਿਹਾ ਹੈ। ਗਰੁੱਪ ਟੀਮ ਵਿਚ ਮਹਿਜ਼ ਪਾਕਿਸਤਾਨ ਹੀ ਇੱਕ ਟੀਮ ਸੀ, ਜਿਸ ਨੂੰ ਭਾਰਤ ਖਿਲਾਫ਼ ਇੱਕ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਸੀ।

ਹਾਲਾਂਕਿ ਪਾਕਿਸਤਾਨ ਦੇ ਖਿਲਾਫ਼ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਵੇਂ ਭਾਰਤ ਡਗਮਗਾਉਂਦਾ ਨਜ਼ਰ ਆ ਰਿਹਾ ਸੀ ਪਰ ਸ਼ਾਨਦਾਰ ਗੇਂਦਬਾਜ਼ੀ ਕਰਕੇ ਟੀਮ ਜਿੱਤਣ ਵਿੱਚ ਕਾਮਯਾਬ ਹੋਈ।

ਉਥੇ ਹੀ ਸੁਪਰ-8 ਮੁਕਾਬਲੇ ਵਿੱਚ ਵੀ ਭਾਰਤ ਦਾ ਸਾਹਮਣਾ ਆਸਟ੍ਰੇਲੀਆ ਦੇ ਤੌਰ 'ਤੇ ਇੱਕ ਖ਼ਤਰਨਾਕ ਟੀਮ ਨਾਲ ਹੋਇਆ ਸੀ।

ਇਹ ਉਹੀ ਆਸਟ੍ਰੇਲੀਆ ਟੀਮ ਹੈ, ਜਿਸ ਨੇ 19 ਨਵੰਬਰ 2023 ਵਿੱਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ 50 ਓਵਰਾਂ ਦੇ ਵਿਸ਼ਵ ਕੱਪ 'ਚ ਭਾਰਤ ਨੂੰ ਹਰਾ ਕੇ ਕਰੀਬ 1.5 ਲੱਖ ਦਰਸ਼ਕਾਂ ਨੂੰ ਚੁੱਪ ਕਰਵਾ ਦਿੱਤਾ ਅਤੇ ਖ਼ਿਤਾਬ 'ਤੇ ਕਬਜ਼ਾ ਕਰ ਲਿਆ ਸੀ।

ਪਰ ਭਾਰਤ ਨੇ ਟੀ-20 ਵਿਸ਼ਵ ਕੱਪ ਵਿੱਚ ਕਪਤਾਨ ਰੋਹਿਤ ਸ਼ਰਮਾ ਦੀ ਸ਼ਾਨਦਾਰ ਬੱਲੇਬਾਜ਼ੀ ਦੇ ਦਮ 'ਤੇ ਨਵੰਬਰ ਵਿੱਚ ਮਿਲੀ ਹਾਰ ਦਾ ਦੁੱਖ ਜ਼ਰੂਰ ਇੱਕ ਹੱਦ ਤੱਕ ਘਟਾ ਦਿੱਤਾ ਹੈ। ਭਾਰਤ ਨੇ ਆਸਟ੍ਰੇਲੀਆ ਨੂੰ ਹਰਾ ਕੇ ਸੈਮੀਫਾਈਨਲ ਵਿੱਚ ਆਪਣੀ ਥਾਂ ਪੱਕੀ ਕੀਤੀ।

ਗੇਂਦਬਾਜ਼ ਅਰਸ਼ਦੀਪ ਸਿੰਘ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਗੇਂਦਬਾਜ਼ ਅਰਸ਼ਦੀਪ ਸਿੰਘ

ਇੰਜ਼ਮਾਮ ਨੇ ਅਰਸ਼ਦੀਪ ਦੀ ਗੇਂਦਬਾਜ਼ੀ ’ਤੇ ਇਹ ਸਵਾਲ ਚੁੱਕੇ

ਸੈਮੀਫਾਈਨਲ ਤੋਂ ਪਹਿਲਾਂ ਅਰਸ਼ਦੀਪ ਨਾਲ ਜੁੜੀ ਇੱਕ ਚਰਚਾ ਨੇ ਜ਼ੋਰ ਫੜ੍ਹਿਆ। ਪਾਕਿਸਤਾਨ ਦੇ ਸਾਬਕਾ ਕਪਤਾਨ ਇੰਜ਼ਮਾਮ ਉਲ ਹੱਕ ਨੇ ਆਸਟਰੇਲੀਆ ਖਿਲਾਫ਼ ਹੋਈ ਅਰਸ਼ਦੀਪ ਦੀ ਰਿਵਰਸ ਸਵਿੰਗ ਉੱਤੇ ਸਵਾਲ ਚੁੱਕੇ। ਉਨ੍ਹਾਂ ਨੇ ਭਾਰਤੀ ਗੇਂਦਬਾਜ਼ਾਂ ਉੱਤੇ ਗੇਂਦ ਨਾਲ ਛੇੜਛਾੜ ਦੇ ਇਲਜ਼ਾਮ ਲਗਾਏ।

ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਇਸ ਬਾਰੇ ਪ੍ਰਤੀਕਿਰਿਆ ਦਿੱਤੀ ਹੈ।

ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਦੇ ਬਾਰੇ 'ਚ ਇਕ ਪੱਤਰਕਾਰ ਨੇ ਰੋਹਿਤ ਨੂੰ ਕਿਹਾ, ''ਪਾਕਿਸਤਾਨ ਦੇ ਸਾਬਕਾ ਕਪਤਾਨ ਇੰਜ਼ਮਾਮ ਉਲ ਹੱਕ ਨੇ ਬਿਆਨ ਦਿੱਤਾ ਹੈ। ਕਿ ਭਾਰਤੀ ਗੇਂਦਬਾਜ਼ਾਂ ਨੇ ਗੇਂਦ ਨਾਲ ਛੇੜਛਾੜ ਕੀਤੀ ਸੀ ਅਤੇ ਅਰਸ਼ਦੀਪ ਸਿੰਘ ਜੋ 15ਵੇਂ ਓਵਰ ਵਿੱਚ ਗੇਂਦਬਾਜ਼ੀ ਕਰ ਰਹੇ ਸਨ ਨੇ ਉਸ ਵਿੱਚ ਰਿਵਰਸ ਸਵਿੰਗ ਹੋ ਰਹੀ ਸੀ ਜੋ ਸੰਭਵ ਨਹੀਂ ਸੀ।

ਇਸ ਦੇ ਜਵਾਬ 'ਚ ਰੋਹਿਤ ਨੇ ਕਿਹਾ, ''ਮੈਂ ਹੁਣ ਇਸ ਦਾ ਕੀ ਜਵਾਬ ਦੇਵਾਂ?

ਹੁਣ ਤੁਸੀਂ ਇੰਨੀ ਧੁੱਪ ਵਿੱਚ ਖੇਡ ਰਹੇ ਹੋ… ਪਿੱਚ ਸੁੱਕੀ ਹੈ… ਗੇਂਦ ਆਪਣੇ ਆਪ ਉਲਟ ਜਾਂਦੀ ਹੈ… ਸਾਰੀਆਂ ਟੀਮਾਂ ਨਾਲ ਅਜਿਹਾ ਹੋ ਰਿਹਾ ਹੈ,ਸਾਡਾ ਕੀ ਕਿਉਂ?

"ਕਦੇ-ਕਦੇ ਆਪਣਾ ਦਿਮਾਗ ਖੋਲ੍ਹਣਾ ਵੀ ਜ਼ਰੂਰੀ ਹੁੰਦਾ ਹੈ ...ਇਹ ਸਮਝਣਾ ਵੀ ਜ਼ਰੂਰੀ ਹੈ ਕਿ ਅਸੀਂ ਕਿਸ ਹਾਲਾਤ 'ਚ ਖੇਡ ਰਹੇ ਹਾਂ। ਮੈਚ ਆਸਟ੍ਰੇਲੀਆ 'ਚ ਨਹੀਂ ਹੋ ਰਿਹਾ... ਇਸ ਲਈ ਮੈਂ ਕਹਾਂਗਾ, ਛੱਡੋ...।'

ਇਨ੍ਹਾਂ ਕਮਜ਼ੋਰੀਆਂ 'ਤੇ ਭਾਰਤ ਨੂੰ ਧਿਆਨ ਦੇਣ ਦੀ ਲੋੜ

ਟੀ20 ਵਿਸ਼ਵ ਕੱਪ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਸ ਟੂਰਨਾਮੈਂਟ ਦਾ ਫਾਈਨਲ ਮੈਚ 29 ਜੂਨ ਨੂੰ ਖੇਡਿਆ ਜਾਣਾ ਹੈ

ਭਾਵੇਂ ਹੀ ਉਸ 50 ਓਵਰਾਂ ਵਾਲੇ ਵਿਸ਼ਵ ਕੱਪ ਦੀ ਤਰ੍ਹਾਂ ਇਸ ਟੀ-20 ਵਿਸ਼ਵ ਕੱਪ ਵਿੱਚ ਵੀ ਭਾਰਤ ਅਜੇਤੂ ਪਾਰੀ ਲਗਾਤਾਰ ਜਾਰੀ ਹੈ। ਪਰ ਅਜੇ ਵੀ ਕੁੱਝ ਐਸੀਆਂ ਕਮਜ਼ੋਰੀਆਂ ਹਨ, ਜੋ ਸੈਮੀਫਾਈਨਲ ਮੁਕਾਬਲੇ ਵਿੱਚ ਭਾਰਤੀ ਟੀਮ ਲਈ ਵੱਡੀ ਮੁਸੀਬਤ ਸਾਬਿਤ ਹੋ ਸਕਦੀਆਂ ਹਨ।

ਇਸ ਵਿਸ਼ਵ ਕੱਪ ਵਿੱਚ ਭਾਰਤੀ ਟੀਮ ਲਈ ਓਪਨਿੰਗ ਹੁਣ ਤੱਕ ਸਭ ਤੋਂ ਵੱਡਾ ਸਿਰ ਦਰਦ ਸਾਬਿਤ ਹੋਈ ਹੈ।

ਓਪਨਰ ਦੇ ਤੌਰ 'ਤੇ ਟੀਮ ਦੇ 2 ਸਭ ਤੋਂ ਤਜ਼ੁਰਬੇਕਾਰ ਬੱਲੇਬਾਜ਼ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਆਪਣੇ ਕੱਦ ਦੇ ਹਿਸਾਬ ਨਾਲ ਹੁਣ ਤੱਕ ਕੋਈ ਖ਼ਾਸ ਛਾਪ ਨਹੀਂ ਛੱਡ ਪਾਏ ਹਨ।

ਇਸ ਪੂਰੇ ਟੂਰਨਾਮੈਂਟ ਵਿੱਚ ਰੋਹਿਤ ਸ਼ਰਮਾ ਦੇ ਬੱਲੇ ਤੋਂ ਸਿਰਫ਼ 2 ਅਰਧ ਸੈਂਕੜੇ ਹੀ ਨਿਕਲੇ। ਰੋਹਿਤ ਨੇ ਆਇਰਲੈਂਡ ਖਿਲਾਫ਼ ਭਾਰਤੀ ਟੀਮ ਦੇ ਪਹਿਲੇ ਮੈਚ ਵਿਚ 52 ਦੌੜਾਂ ਦੀ ਪਾਰੀ ਖੇਡੀ ਸੀ।

ਹਾਲਾਂਕਿ ਰੋਹਿਤ ਨੇ ਆਸਟ੍ਰੇਲੀਆ ਦੇ ਖਿਲਾਫ਼ 92 ਦੌੜਾਂ ਦੀ ਤਾਬੜਤੋੜ ਪਾਰੀ ਖੇਡ ਕੇ ਇੱਕ ਹੱਦ ਤੱਕ ਦਰਸ਼ਕਾਂ ਨੂੰ ਖੁਸ਼ ਹੋਣ ਦਾ ਮੌਕਾ ਜ਼ਰੂਰ ਦਿੱਤਾ ਹੈ।

ਪਰ ਸਭ ਤੋਂ ਵੱਡੀ ਚੁਣੌਤੀ ਵਿਰਾਟ ਕੋਹਲੀ ਦੇ ਸਾਹਮਣੇ ਦਿਖਾਈ ਦੇ ਰਹੀ ਹੈ। ਵਿਰਾਟ ਹੁਣ ਤੱਕ ਇਸ ਟੂਰਨਾਮੈਂਟ ਵਿੱਚ ਲੈਅ 'ਚ ਨਹੀਂ ਆ ਪਾਏ ਹਨ।

ਇਥੋਂ ਤੱਕ ਕਿ ਉਨ੍ਹਾਂ ਨੇ ਸਿਰਫ਼ ਬੰਗਲਾਦੇਸ਼ ਖਿਲਾਫ਼ ਮੈਚ ਵਿੱਚ 30 ਦੌੜਾਂ ਦਾ ਅੰਕੜਾ ਪਾਰ ਕੀਤਾ ਸੀ। ਇਸ ਤੋਂ ਇਲਾਵਾ ਵਿਰਾਟ ਕੋਹਲੀ ਇਸ ਟੂਰਨਾਮੈਂਟ ਵਿੱਚ 2 ਵਾਰ ਜ਼ੀਰੋ 'ਤੇ ਆਊਟ ਹੋ ਚੁਕੇ ਹਨ।

ਇਨ੍ਹਾਂ ਟੀਮਾਂ ਦੀ ਲਿਸਟ ਦੇਖੀਏ ਤਾਂ ਸਿਰਫ਼ ਪਾਕਿਸਤਾਨ, ਆਸਟ੍ਰੇਲੀਆ ਅਤੇ ਹੁਣ ਦੀ ਸਥਿਤੀ ਦੇ ਹਿਸਾਬ ਨਾਲ ਅਫ਼ਗਾਨਿਸਤਾਨ ਹੀ ਅਜਿਹੀਆਂ ਟੀਮਾਂ ਹਨ, ਜਿਨ੍ਹਾਂ ਨੂੰ ਮਜ਼ਬੂਤ ਟੀਮਾਂ ਕਿਹਾ ਜਾ ਸਕਦਾ ਹੈ। ਪਰ ਸਕੋਰਬੋਰਡ ਤੋਂ ਇਹ ਸਾਫ਼ ਹੈ ਕਿ ਆਇਰਲੈਂਡ, ਅਮਰੀਕਾ ਅਤੇ ਬੰਗਲਾਦੇਸ਼ ਵਰਗੀਆਂ ਟੀਮਾਂ ਦੇ ਖਿਲਾਫ਼ ਵੀ ਕੋਹਲੀ ਦਾ ਬੱਲਾ ਖਾਮੋਸ਼ ਰਿਹਾ।

ਵਟਐਪ ਚੈਨਲ ਦਾ ਇਨਵਾਈਟ ਪੋਸਟਰ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਕੋਹਲੀ ਅਤੇ ਰੋਹਿਤ ਦੇ ਵਿਚਕਾਰ ਇਸ ਟੂਰਨਾਮੈਂਟ ਵਿੱਚ ਹੁਣ ਤੱਕ ਕੋਈ ਢੰਗ ਦੀ ਸਾਂਝੇਦਾਰੀ ਵੀ ਦੇਖਣ ਨੂੰ ਨਹੀਂ ਮਿਲੀ ਹੈ।

ਭਾਰਤ ਦੀ ਬੱਲੇਬਾਜ਼ੀ ਵਿੱਚ ਮਸਲਾ ਸਿਰਫ਼ ਓਪਨਿੰਗ ਦਾ ਹੀ ਨਹੀਂ ਹੈ, ਬਲਕਿ ਮੱਧਕ੍ਰਮ 'ਤੇ ਵੀ ਭਾਰਤ ਨੂੰ ਧਿਆਨ ਦੇਣ ਦੀ ਲੋੜ ਹੈ।

ਹਾਲਾਂਕਿ ਵਿਡੰਬਨਾ ਇਹ ਹੈ ਕਿ, ਰਿਸ਼ਭ ਪੰਤ, ਹਾਰਦਿਕ ਪੰਡਯਾ ਅਤੇ ਸੁਰਿਆਕੁਮਾਰ ਯਾਦਵ ਦੀ ਇੱਕ-ਦੋ ਪਾਰੀਆਂ ਕਰਕੇ ਇਸ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ।

ਪਰ ਇਸ ਟੂਰਨਾਮੈਂਟ ਵਿੱਚ ਭਾਰਤੀ ਮੱਧਕ੍ਰਮ ਨੂੰ ਨਜ਼ਦੀਕ ਤੋਂ ਦੇਖੀਏ ਤਾਂ ਰਿਸ਼ਭ ਪੰਤ ਹੀ ਇੱਕ ਇੱਕਲੇ ਅਜਿਹੇ ਬੱਲੇਬਾਜ਼ ਹਨ, ਜਿਨ੍ਹਾਂ ਨੇ ਲਗਭਗ ਸਾਰੇ ਮੈਚਾਂ ਵਿੱਚ ਠੀਕ-ਠਾਕ ਜਾਂ ਪਾਰੀ ਨੂੰ ਗਤੀ ਦੇਣ ਵਾਲੀ ਬੱਲੇਬਾਜ਼ੀ ਕੀਤੀ ਹੈ।

ਉਥੇ ਹੀ ਸੁਰਿਆਕੁਮਾਰ ਯਾਦਵ ਦੇ ਬੱਲੇ ਤੋਂ ਦੋ ਅਤੇ ਹਾਰਦਿਕ ਪੰਡਯਾ ਦੇ ਬੱਲੇ ਤੋਂ ਹੁਣ ਤੱਕ ਇੱਕ ਅਰਧ ਸੈਂਕੜਾ ਆਇਆ ਹੈ।

ਮੱਧਕ੍ਰਮ ਵਿੱਚ, ਸ਼ਿਵਮ ਦੂਬੇ, ਅਕਸ਼ਰ ਪਟੇਲ ਅਤੇ ਰਵਿੰਦਰ ਜਡੇਜਾ ਮੈਚ ਨੂੰ ਸੰਭਾਲਣ ਵਾਲੀ ਪਾਰੀ ਖੇਡਣ ਵਿੱਚ ਕਾਫ਼ੀ ਹੱਦ ਤੱਕ ਨਾਕਾਮ ਰਹੇ ਹਨ। ਸ਼ਿਵਮ ਡੂਬੇ ਕੇਵਲ ਦੋ ਹੀ ਮੈਚਾਂ ਵਿੱਚ 30 ਤੋਂ ਉੱਪਰ ਸਕੋਰ ਬਣਾ ਪਾਏ ਹਨ।

ਭਾਵੇਂ ਹੀ ਜਡੇਜਾ ਨੂੰ ਇੱਕ ਗੇਂਦਬਾਜ਼ ਦੇ ਤੌਰ 'ਤੇ ਦੇਖਿਆ ਜਾਂਦਾ ਹੈ, ਪਰ ਟੀਮ ਵਿਚ ਉਨ੍ਹਾਂ ਦੀ ਭੂਮਿਕਾ ਆਲਰਾਉਂਡਰ ਦੀ ਮੰਨੀ ਜਾਂਦੀ ਹੈ। ਅਜਿਹੇ ਵਿੱਚ ਜਡੇਜਾ ਤੋਂ ਟੀਮ ਨੂੰ ਹਮੇਸ਼ਾ ਹੀ ਇਹ ਉਮੀਦਾਂ ਰਹਿੰਦੀਆਂ ਹਨ ਕਿ ਉਹ ਕਿਸੇ ਵੀ ਇੱਕ ਤਰੀਕੇ ਨਾਲ, ਗੇਂਦਬਾਜ਼ੀ ਜਾਂ ਬੱਲੇਬਾਜ਼ੀ ਰਾਹੀਂ ਮੈਚ ਵਿੱਚ ਆਪਣਾ ਯੋਗਦਾਨ ਪਾਉਣ।

ਹਾਲਾਂਕਿ ਜਡੇਜਾ ਅਜੇ ਤੱਕ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਦੋਵਾਂ ਨਾਲ ਹੀ ਪ੍ਰਭਾਵ ਪਾਉਣ ਵਿੱਚ ਨਾਕਾਮ ਰਹੇ ਹਨ। ਠੀਕ ਜਡੇਜਾ ਦੀ ਤਰ੍ਹਾਂ ਸ਼ਿਵਮ ਡੂਬੇ ਅਤੇ ਅਕਸ਼ਰ ਪਟੇਲ ਨੂੰ ਵੀ ਉਨ੍ਹਾਂ ਦੀ ਆਲਰਾਉਂਡਰ ਹੋਣ ਦੀ ਯੋਗਤਾ ਦੇ ਚਲਦੇ ਟੀਮ ਵਿੱਚ ਥਾਂ ਦਿੱਤੀ ਗਈ ਹੈ। ਪਰ ਹੁਣ ਤੱਕ ਇਨ੍ਹਾਂ ਦੋਵਾਂ ਖਿਡਾਰੀਆਂ ਨੇ ਦਰਸ਼ਕਾਂ ਦੀਆਂ ਉਮੀਦਾਂ 'ਤੇ ਖਰੇ ਉਤਰਨ ਵਾਲਾ ਪ੍ਰਦਰਸ਼ਨ ਨਹੀਂ ਕੀਤਾ ਹੈ।

ਕੀ ਓਪਨਿੰਗ ਲਈ ਵਿਰਾਟ ਕੋਹਲੀ ਨੂੰ ਚੁਣਨਾ ਗ਼ਲਤ ?

ਗਰਾਫਿਕਸ

ਪਿਛਲੇ ਕਈ ਸਾਲਾਂ ਤੋਂ ਵਿਰਾਟ ਕੋਹਲੀ ਭਾਰਤੀ ਟੀਮ ਦੀ ਬੱਲੇਬਾਜ਼ੀ ਦੇ ਧੂਰੇ ਵਜੋਂ ਦੇਖੇ ਜਾਂਦੇ ਰਹੇ ਹਨ। ਵਿਸ਼ਵ ਕੱਪ 2023 ਵਿੱਚ ਵੀ ਕੋਹਲੀ ਪੂਰੇ ਟੂਰਨਾਮੈਂਟ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਸਨ।

ਇਸੇ ਟੂਰਨਾਮੈਂਟ ਵਿੱਚ ਕੋਹਲੀ ਨੇ ਇੱਕ ਵਿਸ਼ਵ ਕੱਪ ਵਿੱਚ ਸਚਿਨ ਦੇ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਵੀ ਤੋੜਿਆ ਸੀ। ਇਸ ਤੋਂ ਬਾਅਦ ਖੇਡੇ ਗਏ ਆਈਪੀਐੱਲ ਵਿਚ ਵੀ ਕੋਹਲੀ ਨੇ ਸਭ ਤੋਂ ਵੱਧ ਦੌੜਾਂ ਬਣਾ ਕੇ ਆਰੇਂਜ ਕੈਪ 'ਤੇ ਕਬਜ਼ਾ ਕੀਤਾ ਸੀ।

ਪਰ ਟੀ-2ਓ ਵਿਸ਼ਵ ਕੱਪ 2024 ਵਿੱਚ ਕੋਹਲੀ ਲਗਾਤਾਰ ਫਲਾਪ ਹੁੰਦੇ ਨਜ਼ਰ ਆ ਰਹੇ ਹਨ। ਇਸ ਦਾ ਸਭ ਤੋਂ ਵੱਡਾ ਕਾਰਨ ਕੋਹਲੀ ਦਾ ਬੈਟਿੰਗ ਆਰਡਰ ਮੰਨਿਆ ਜਾ ਰਿਹਾ ਹੈ।

ਟੈਸਟ, ਵਨਡੇ ਅਤੇ ਟੀ-20, ਤਿੰਨਾਂ ਫਾਰਮੈਟਾਂ ਵਿੱਚ ਕੋਹਲੀ ਪਿਛਲੇ ਕਈ ਸਾਲਾਂ ਤੋਂ ਤੀਸਰੇ ਨੰਬਰ 'ਤੇ ਬੱਲੇਬਾਜ਼ੀ ਕਰਦੇ ਆ ਰਹੇ ਹਨ। ਇੱਕ ਤਰ੍ਹਾਂ ਨਾਲ ਲਗਭਗ 2010 ਤੋਂ ਹੀ ਕੋਹਲੀ ਦੀ ਥਾਂ ਤੀਸਰੇ ਨੰਬਰ 'ਤੇ ਪੱਕੀ ਹੋ ਗਈ ਹੈ।

ਇਨ੍ਹਾਂ ਹੀ ਨਹੀਂ ਕੋਹਲੀ ਨੇ ਸਭ ਤੋਂ ਵੱਧ ਦੌੜਾਂ ਵੀ ਇਸੇ ਪੋਜੀਸ਼ਨ 'ਤੇ ਰਹਿ ਕੇ ਬਣਾਈਆਂ ਹਨ ਅਤੇ ਸਭ ਤੋਂ ਵੱਧ ਮੈਚ ਜਿਤਾਉ ਪਾਰੀਆਂ ਵੀ ਇਸੇ ਪੋਜੀਸ਼ਨ ਤੋਂ ਖੇਡੀਆਂ ਹਨ।

ਕੋਹਲੀ ਦਾ ਤੀਸਰੇ ਨੰਬਰ 'ਤੇ ਆਉਣ ਦਾ ਇੱਕ ਫਾਇਦਾ ਇਹ ਵੀ ਹੁੰਦਾ ਸੀ ਕਿ ਇਸ ਨਾਲ ਭਾਰਤੀ ਬੈਟਿੰਗ ਲਾਈਨਅੱਪ ਨੂੰ ਜ਼ਿਆਦਾ ਮਜ਼ਬੂਤੀ ਮਿਲਦੀ ਸੀ।

ਜੇਕਰ ਓਪਨਰ ਜਲਦੀ ਆਊਟ ਹੋ ਜਾਂਦੇ ਸਨ ਤਾਂ ਮੱਧਕ੍ਰਮ ਵਿੱਚ ਕੋਹਲੀ ਦੂਸਰੇ ਬੱਲੇਬਾਜ਼ਾਂ ਦੇ ਨਾਲ ਪਾਰੀ ਨੂੰ ਸੰਭਾਲ ਲੈਂਦੇ ਸਨ।

ਇਸ ਵਿਸ਼ਵ ਕੱਪ ਵਿੱਚ ਕੋਹਲੀ ਨੂੰ ਓਪਨਿੰਗ ਦੀ ਜ਼ਿੰਮੇਦਾਰੀ ਸੌਂਪੀ ਗਈ ਹੈ। ਪਰ ਹੁਣ ਤੱਕ ਦੇ ਪ੍ਰਦਰਸ਼ਨ ਨੂੰ ਦੇਖੀਏ ਤਾਂ ਕੋਹਲੀ ਇਸ ਜ਼ਿੰਮੇਦਾਰੀ ਨੂੰ ਨਿਭਾਉਣ ਵਿੱਚ ਨਾਕਾਮ ਰਹੇ ਹਨ।

ਹਾਲਾਂਕਿ ਇਸ ਟੂਰਨਾਮੈਂਟ ਵਿੱਚ ਯਸ਼ਸਵੀ ਜੈਸਵਾਲ ਵੀ ਟੀਮ ਬੈਂਚ ਦਾ ਹਿੱਸਾ ਹਨ, ਪਰ ਸ਼ਿਵਮ ਦੂਬੇ ਨੂੰ ਥਾਂ ਮਿਲਣ ਮਗਰੋਂ ਫਿਲਹਾਲ ਉਹ ਪਲੇਇੰਗ ਇਲੈਵਨ 'ਚੋਂ ਬਾਹਰ ਹਨ।

ਪਰ ਯਸ਼ਸਵੀ ਦੀ ਕੀਮਤ 'ਤੇ ਦੂਬੇ ਵੀ ਆਪਣੀ ਥਾਂ ਨਾਲ ਪੂਰੀ ਤਰ੍ਹਾਂ ਇਨਸਾਫ਼ ਕਰਨ ਵਿੱਚ ਲਗਭਗ ਨਾਕਾਮ ਹੀ ਦੇਖੇ ਜਾ ਰਹੇ ਹਨ।

ਅਜਿਹੇ ਵਿੱਚ ਰੋਹਿਤ ਅਤੇ ਟੀਮ ਮੈਨੇਜਮੈਂਟ ਲਈ ਸੈਮੀਫਾਈਨਲ ਵਰਗੇ ਮੁਕਾਬਲੇ ਵਿੱਚ ਇੰਗਲੈਂਡ ਵਰਗੀ ਮਜ਼ਬੂਤ ਟੀਮ ਦੇ ਸਾਹਮਣੇ ਇਸ ਮੁਸ਼ਕਿਲ ਨੂੰ ਠੀਕ ਕਰਨਾ ਇੱਕ ਵੱਡੀ ਚੁਣੌਤੀ ਹੈ।

ਗੇਂਦਬਾਜ਼ੀ ਅਤੇ ਫੀਲਡਿੰਗ ਵਿੱਚ ਚੁਣੌਤੀਆਂ

ਭਾਰਤੀ ਗੇਂਦਬਾਜ਼

ਤਸਵੀਰ ਸਰੋਤ, Getty Images

ਇਹ ਟੀ-20 ਵਿਸ਼ਵ ਕੱਪ ਅਮਰੀਕਾ ਅਤੇ ਵੈਸਟਇੰਡੀਜ਼ ਦੀ ਜ਼ਮੀਨ 'ਤੇ ਖੇਡਿਆ ਜਾ ਰਿਹਾ ਹੈ। ਕੁੱਝ ਮੈਚਾਂ ਨੂੰ ਛੱਡ ਕੇ ਹੁਣ ਤੱਕ ਇਸ ਪੂਰੇ ਟੂਰਨਾਮੈਂਟ ਦੇ ਕਰੀਬ ਸਾਰੇ ਮੈਚ ਘੱਟ ਸਕੋਰ ਵਾਲੇ ਹੀ ਰਹੇ ਹਨ।

ਇਥੋਂ ਤੱਕ ਕਿ ਆਖਰੀ ਸੁਪਰ-8 ਮੁਕਾਬਲੇ ਵਿੱਚ ਅਫ਼ਗਾਨਿਸਤਾਨ ਟੀਮ ਨੇ ਮਹਿਜ਼ 114 ਦੌੜਾਂ ਦੇ ਟੀਚੇ ਦਾ ਬਚਾਅ ਕਰ ਲਿਆ ਸੀ।

ਟੂਰਨਾਮੈਂਟ ਦੇ ਲਗਭਗ ਮੈਚਾਂ ਨੂੰ ਦੇਖ ਕੇ ਇਹ ਤਾਂ ਸਾਫ਼ ਪਤਾ ਚੱਲਦਾ ਹੈ ਕਿ ਇਸ ਟੂਰਨਾਮੈਂਟ ਵਿੱਚ ਗੇਂਦਬਾਜ਼ਾਂ ਦਾ ਪ੍ਰਦਰਸ਼ਨ ਬੱਲੇਬਾਜ਼ਾਂ ਦੇ ਮੁਕਾਬਲੇ ਵੱਧ ਸ਼ਲਾਘਾਯੋਗ ਰਿਹਾ ਹੈ। ਪਰ ਭਾਰਤ ਦੇ ਮਾਮਲੇ ਵਿੱਚ ਇਹ ਗੱਲ ਪੂਰੀ ਤਰ੍ਹਾਂ ਸਹੀ ਸਾਬਿਤ ਨਹੀਂ ਹੁੰਦੀ।

ਬੁਮਰਾਹ ਨੂੰ ਛੱਡ ਕੇ ਲਗਭਗ ਸਾਰੇ ਭਾਰਤੀ ਗੇਂਦਬਾਜ਼ਾਂ ਨੇ ਇੱਕ ਜਾਂ ਦੋ ਮੈਚਾਂ ਵਿੱਚ ਹੀ ਠੀਕ-ਠਾਕ ਗੇਂਦਬਾਜ਼ੀ ਕੀਤੀ ਹੈ।

ਆਸਟ੍ਰੇਲੀਆ ਖਿਲਾਫ਼ ਮੈਚ ਵਿੱਚ ਹਾਰਦਿਕ ਨੇ 11 ਤੋਂ ਵੱਧ ਅਤੇ ਜਡੇਜਾ ਨੇ 17 ਤੋਂ ਵੱਧ ਦੀ ਇਕਾਨਮੀ ਨਾਲ ਰਨ ਲੁਟਾਏ ਸਨ।

ਉਥੇ ਹੀ ਅਕਸ਼ਰ ਪਟੇਲ ਵੀ ਇੱਕ ਜਾਂ ਦੋ ਮੈਚਾਂ ਨੂੰ ਛੱਡ ਕੇ 8 ਦੌੜਾਂ ਪ੍ਰਤੀ ਓਵਰ ਤੋਂ ਵੱਧ ਦੇ ਹਿਸਾਬ ਨਾਲ ਰਨ ਦੇ ਰਹੇ ਹਨ। ਅਰਸ਼ਦੀਪ ਸਿੰਘ ਨੇ ਭਾਵੇਂ ਹੀ ਵਿਕਟਾਂ ਝਟਕਾਈਆਂ ਹੋਣ ਪਰ ਉਹ ਵੀ ਮਹਿੰਗੇ ਸਾਬਿਤ ਹੋ ਰਹੇ ਹਨ।

ਸਿਰਾਜ ਨੂੰ ਸਿਰਫ਼ ਇੱਕ ਹੀ ਮੈਚ ਵਿੱਚ ਮੌਕਾ ਮਿਲ ਪਾਇਆ ਹੈ। ਸ਼ਿਵਮ ਦੂਬੇ ਲਗਾਤਾਰ ਪਲੇਇੰਗ ਇਲੈਵਨ ਦਾ ਹਿੱਸਾ ਹਨ ਪਰ ਇੱਕ ਮੈਚ ਤੋਂ ਇਲਾਵਾ ਹੁਣ ਤੱਕ ਉਨ੍ਹਾਂ ਨੂੰ ਵੀ ਗੇਂਦਬਾਜ਼ੀ ਕਰਨ ਦਾ ਮੌਕਾ ਨਹੀਂ ਮਿਲਿਆ ਹੈ। ਇਸ ਤੋਂ ਇਲਾਵਾ ਆਸਟ੍ਰੇਲੀਆ ਦੇ ਖਿਲਾਫ਼ ਪਿਛਲੇ ਮੈਚ ਵਿੱਚ ਭਾਰਤੀ ਫਿਲਡਰਾਂ ਨੇ ਕੈਚ ਵੀ ਛੱਡੇ ਸਨ।

ਆਸਟ੍ਰੇਲੀਅਨ ਕਪਤਾਨ ਮਿਸ਼ੇਲ ਮਾਰਸ਼ ਦਾ ਦੋ ਵਾਰ ਕੈਚ ਛੁੱਟਿਆ। ਹਾਲਾਂਕਿ ਭਾਵੇਂ ਹੀ ਮਾਰਸ਼ ਵੱਡਾ ਸਕੋਰ ਨਾ ਬਣਾ ਪਾਏ ਹੋਣ, ਪਰ ਖ਼ਰਾਬ ਫ਼ੀਲਡਿੰਗ ਅਹਿਮ ਮੌਕਿਆਂ 'ਤੇ ਖ਼ਤਰਨਾਕ ਸਾਬਿਤ ਜ਼ਰੂਰ ਹੋ ਸਕਦੀ ਹੈ।

ਨਾਕਆਊਟ ਮੈਚਾਂ ਦਾ ਦਬਾਅ

ਰੋਹਿਤ ਸ਼ਰਮਾ

ਤਸਵੀਰ ਸਰੋਤ, Getty Images

ਸਾਲ 2013 ਦੇ ਬਾਅਦ ਤੋਂ ਭਾਰਤ ਕੋਈ ਵੀ ਆਈਸੀਸੀ ਖ਼ਿਤਾਬ ਨਹੀਂ ਜਿੱਤ ਪਾਇਆ ਹੈ। ਖਾਸ ਤੌਰ 'ਤੇ ਵਿਸ਼ਵ ਕੱਪ ਵਰਗੇ ਟੂਰਨਾਮੈਂਟ ਵਿੱਚ ਭਾਰਤ ਲਗਾਤਾਰ ਚੋਕਰ ਸਾਬਿਤ ਹੁੰਦੀ ਆਈ ਹੈ।

ਪਿਛਲੀਆਂ ਕੁੱਝ ਉਦਾਹਰਨਾਂ ਨੂੰ ਦੇਖੀਏ ਤਾਂ ਇਸ ਤੋਂ ਠੀਕ ਪਹਿਲਾਂ 50 ਓਵਰਾਂ ਵਾਲੇ ਵਿਸ਼ਵ ਕੱਪ ਵਿੱਚ ਵੀ ਟੀਮ ਇੰਡੀਆ ਬਿਨਾਂ ਕੋਈ ਮੈਚ ਹਾਰੇ ਫਾਈਨਲ ਵਿੱਚ ਪਹੁੰਚੀ ਸੀ।

ਪਰ ਆਪਣੇ ਘਰ ਵਿੱਚ ਖੇਡਣ ਤੋਂ ਬਾਅਦ ਵੀ ਟੀਮ ਫਾਈਨਲ ਦੇ ਦਬਾਅ ਨੂੰ ਸਹੀ ਢੰਗ ਨਾਲ ਨਹੀਂ ਸੰਭਾਲ ਪਾਈ ਅਤੇ ਮੁਕਾਬਲਾ ਹਾਰ ਗਈ। ਉਸ ਤੋਂ ਠੀਕ ਪਹਿਲਾਂ ਭਾਰਤੀ ਟੀਮ ਨੇ ਆਸਟ੍ਰੇਲੀਆ ਵਿੱਚ ਖੇਡੇ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ਤੱਕ ਦਾ ਸਫ਼ਰ ਤੈਅ ਕੀਤਾ ਸੀ।

ਪਰ ਉਸ ਵਿੱਚ ਇੰਗਲੈਂਡ ਦੇ ਹੱਥੋਂ ਟੀਮ ਨੂੰ 10 ਵਿਕਟਾਂ ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਟੀ-20 ਵਿਸ਼ਵ ਕੱਪ ਵਿੱਚ ਵੀ ਭਾਰਤ ਆਪਣਾ ਸੈਮੀਫਾਈਨਲ ਮੁਕਾਬਲਾ ਇੰਗਲੈਂਡ ਨਾਲ ਹੀ ਖੇਡੇਗਾ।

2013 ਤੋਂ ਬਾਅਦ ਭਾਰਤੀ ਟੀਮ 9 ਵਾਰ ਆਈਸੀਸੀ ਟੂਰਨਾਮੈਂਟ ਦੇ ਨਾਕਆਊਟ ਮੈਚ ਖੇਡ ਚੁਕੀ ਹੈ, ਜਿਨ੍ਹਾਂ ਵਿੱਚ ਉਨ੍ਹਾਂ ਦਾ ਪ੍ਰਦਰਸ਼ਨ ਕੁੱਝ ਇਸ ਤਰ੍ਹਾਂ ਰਿਹਾ ਹੈ:

- 2014 ਟੀ-20 ਵਿਸ਼ਵ ਕੱਪ ਫਾਈਨਲ: ਸ਼੍ਰੀਲੰਕਾ ਦੇ ਖਿਲਾਫ਼ 6 ਵਿਕਟਾਂ ਤੋਂ ਹਾਰੇ

- 2015 ਵਨਡੇ ਵਿਸ਼ਵ ਕੱਪ ਸੈਮੀਫਾਈਨਲ: ਆਸਟ੍ਰੇਲੀਆ ਦੇ ਖਿਲਾਫ਼ 95 ਦੌੜਾਂ ਤੋਂ ਹਾਰੇ

- 2016 ਟੀ-20 ਵਿਸ਼ਵ ਕੱਪ ਸੈਮੀਫਾਈਨਲ: ਵੈਸਟਇੰਡੀਜ਼ ਦੇ ਖਿਲਾਫ਼ 7 ਵਿਕਟਾਂ ਤੋਂ ਹਾਰੇ

- 2017 ਚੈਂਪੀਅਨ ਟਰਾਫ਼ੀ ਫਾਈਨਲ: ਪਾਕਿਸਤਾਨ ਦੇ ਖਿਲਾਫ਼ 180 ਦੌੜਾਂ ਤੋਂ ਹਾਰੇ

- 2019 ਵਨਡੇ ਵਿਸ਼ਵ ਕੱਪ ਸੈਮੀਫਾਈਨਲ: ਨਿਊਜ਼ੀਲੈਂਡ ਦੇ ਖਿਲਾਫ਼ 18 ਦੌੜਾਂ ਤੋਂ ਹਾਰੇ

- 2021 ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ: ਨਿਊਜ਼ੀਲੈਂਡ ਦੇ ਖਿਲਾਫ਼ 8 ਵਿਕਟਾਂ ਤੋਂ ਹਾਰੇ

- 2022 ਟੀ-20 ਵਿਸ਼ਵ ਕੱਪ ਸੈਮੀਫਾਈਨਲ: ਇੰਗਲੈਂਡ ਦੇ ਖਿਲਾਫ਼ ਦੱਸ ਵਿਕੇਟਾਂ ਤੋਂ ਹਾਰੇ

- 2023 ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ: ਆਸਟ੍ਰੇਲੀਆ ਦੇ ਖਿਲਾਫ਼ 209 ਦੌੜਾਂ ਤੋਂ ਹਾਰੇ

- 2023 ਵਨਡੇ ਵਿਸ਼ਵ ਕੱਪ ਫਾਈਨਲ: ਆਸਟ੍ਰੇਲੀਆ ਦੇ ਖਿਲਾਫ਼ 6 ਵਿਕਟਾਂ ਤੋਂ ਹਾਰੇ

ਇਸ ਵਿਸ਼ਵ ਕੱਪ ਵਿੱਚ ਇੰਗਲੈਂਡ ਦਾ ਪ੍ਰਦਰਸ਼ਨ

ਇੰਗਲੈਂਡ ਟੀਮ

ਤਸਵੀਰ ਸਰੋਤ, Getty Images

ਇੰਗਲਿਸ਼ ਟੀਮ ਇਸ ਟੂਰਨਾਮੈਂਟ ਵਿੱਚ ਆਪਣੇ ਖ਼ਿਤਾਬ ਨੂੰ ਬਚਾਉਣ ਦੀ ਜੰਗ ਵਿੱਚ ਉਤਰੀ ਹੈ। ਹਾਲਾਂਕਿ ਇਸ ਟੂਰਨਾਮੈਂਟ ਵਿੱਚ ਉਨ੍ਹਾਂ ਦਾ ਪ੍ਰਦਰਸ਼ਨ ਮਿਲਿਆ-ਜੁਲਿਆ ਹੀ ਰਿਹਾ ਹੈ।

ਜਿਥੇ ਗਰੁੱਪ ਮੈਚ ਵਿੱਚ ਸਕਾਟਲੈਂਡ ਦੇ ਨਾਲ ਉਨ੍ਹਾਂ ਦਾ ਮੈਚ ਮੀਂਹ ਦੇ ਚਲਦੇ ਰੱਦ ਹੋ ਗਿਆ ਸੀ, ਉਥੇ ਹੀ ਦੂਸਰੇ ਮੈਚ ਵਿੱਚ ਟੀਮ ਨੂੰ ਆਸਟ੍ਰੇਲੀਆ ਦੇ ਖਿਲਾਫ਼ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਪਰ ਟੀਮ ਸੁਪਰ-8 'ਚ ਥਾਂ ਬਣਾਉਣ ਵਿੱਚ ਕਾਮਯਾਬ ਰਹੀ।

ਸੁਪਰ-8 ਵਿੱਚ ਵੀ ਇੰਗਲਿਸ਼ ਟੀਮ ਨੂੰ ਸਾਊਥ ਅਫ਼ਰੀਕਾ ਦੇ ਖਿਲਾਫ਼ ਹਾਰ ਦਾ ਸਾਹਮਣਾ ਕਰਨ ਪਿਆ। ਪਰ ਇੰਗਲਿਸ਼ ਟੀਮ ਨੇ ਅਮਰੀਕਾ ਅਤੇ ਵੈਸਟਇੰਡੀਜ਼ ਨੂੰ ਹਰਾਉਂਦੇ ਹੋਏ ਸੈਮੀਫਾਈਨਲ ਵਿਚ ਆਪਣੀ ਥਾਂ ਪੱਕੀ ਕਰ ਲਈ।

ਜੇਕਰ ਮੀਂਹ ਆਉਂਦਾ ਹੈ ਤਾਂ ਕੀ ਹੋਵੇਗਾ ?

ਟੀ20 ਵਿਸ਼ਵ ਕੱਪ

ਤਸਵੀਰ ਸਰੋਤ, Getty Images

ਇੰਗਲੈਂਡ ਅਤੇ ਭਾਰਤ ਦੇ ਵਿਚਕਾਰ ਮੈਚ 27 ਜੂਨ ਯਾਨੀ ਅੱਜ ਗੁਆਨਾ ਦੇ ਪ੍ਰੋਵਿਡੈਂਸ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਵਰਲਡ ਵੈਧਰ ਆਨਲਾਈਨ ਵੈੱਬਸਾਈਟ ਦੀ ਜਾਣਕਾਰੀ ਮੁਤਾਬਕ ਅੱਜ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ।

ਟੀਮ ਕੌਮਬੀਨੇਸ਼ਨ ਅਤੇ ਖਿਡਾਰੀਆਂ ਦੇ ਪ੍ਰਦਰਸ਼ਨ ਦੇ ਇਲਾਵਾ ਮੀਂਹ ਵੀ ਇੱਕ ਕਾਰਕ ਹੋ ਸਕਦਾ ਹੈ। ਅਜਿਹਾ ਕਈ ਮੈਚਾਂ ਵਿੱਚ ਦੇਖਿਆ ਗਿਆ ਹੈ ਕਿ ਮੀਂਹ ਦੇ ਚਲਦੇ ਮੈਚ ਵਿੱਚ ਆਈ ਰੁਕਾਵਟ ਦੇ ਬਾਅਦ ਭਾਰਤੀ ਟੀਮ ਦਾ ਪ੍ਰਦਰਸ਼ਨ ਅਚਾਨਕ ਖ਼ਰਾਬ ਹੋ ਜਾਂਦਾ ਹੈ।

ਇਸ ਦੀ ਸਭ ਤੋਂ ਵੱਡੀ ਮਿਸਾਲ 2019 ਦੇ ਵਿਸ਼ਵ ਕੱਪ ਸੈਮੀਫਾਈਨਲ ਮੈਚ ਵਿੱਚ ਵਿੱਚ ਦੇਖਣ ਨੂੰ ਮਿਲੀ ਸੀ। ਸੈਮੀਫਾਈਨਲ ਵਿੱਚ ਭਾਰਤ ਦਾ ਮੁਕਾਬਲਾ ਨਿਊਜ਼ੀਲੈਂਡ ਨਾਲ ਸੀ।

ਇਕ ਸਮੇਂ ਲਈ ਭਾਰਤੀ ਟੀਮ ਮੈਚ 'ਤੇ ਮਜ਼ਬੂਤ ਪਕੜ ਬਣਾ ਚੁਕੀ ਸੀ। ਪਹਿਲੀ ਪਾਰੀ ਵਿੱਚ ਭਾਰਤੀ ਗੇਂਦਬਾਜ਼ਾਂ ਨੇ ਨਿਊਜ਼ੀਲੈਂਡ ਦੀ ਟੀਮ ਨੂੰ 239 ਦੌੜਾਂ 'ਤੇ ਹੀ ਢੇਰ ਕਰ ਦਿੱਤਾ ਸੀ। ਪਰ ਮੀਂਹ ਦੇ ਚਲਦਿਆਂ ਖੇਡ ਨੂੰ ਰਿਜ਼ਰਵ ਦਿਨ ਤੱਕ ਵਧਾਉਣਾ ਪਿਆ।

ਰਿਜ਼ਰਵ ਦਿਨ ਵਿੱਚ ਭਾਰਤੀ ਟੀਮ ਦੀ ਬੱਲੇਬਾਜ਼ੀ ਕੀਵੀ ਗੇਂਦਬਾਜ਼ਾਂ ਅੱਗੇ ਢਲਦੀ ਚਲੀ ਗਈ। ਉਸ ਮੈਚ ਵਿੱਚ ਪੂਰੀ ਭਾਰਤੀ ਟੀਮ 221 ਦੌੜਾਂ ਹੀ ਬਣਾ ਪਾਈ ਅਤੇ ਭਾਰਤ ਦਾ ਵਿਸ਼ਵ ਕੱਪ ਜਿੱਤਣ ਦਾ ਸੁਪਨਾ ਅਧੂਰਾ ਹੀ ਰਹਿ ਗਿਆ।

ਭਾਰਤ ਦੇ ਨਜ਼ਰੀਏ ਤੋਂ ਇਹ ਵਿਸ਼ਵ ਕੱਪ ਕਈ ਮਾਇਨਿਆਂ ਵਿੱਚ ਅਹਿਮ ਵੀ ਹੈ। ਅਜਿਹਾ ਇਸ ਲਈ ਹੈ ਕਿਉਂਕਿ ਇਹ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਦਾ ਆਖ਼ਰੀ ਟੂਰਨਾਮੈਂਟ ਵੀ ਸਾਬਿਤ ਹੋ ਸਕਦਾ ਹੈ।

ਅਜਿਹੇ ਵਿੱਚ ਇਸ ਸੈਮੀਫਾਈਨਲ ਮੈਚ ਤੋਂ ਪਹਿਲਾਂ ਭਾਰਤੀ ਟੀਮ ਲਈ ਆਪਣੀਆਂ ਇਨ੍ਹਾਂ ਕਮਜ਼ੋਰੀਆਂ ਨਾਲ ਨਜਿੱਠਣਾ ਬੇਹੱਦ ਜ਼ਰੂਰੀ ਹੋ ਜਾਂਦਾ ਹੈ। ਇਸ ਤੋਂ ਠੀਕ ਪਿਛਲੇ ਟੀ-20 ਵਿਸ਼ਵ ਕੱਪ ਵਿੱਚ ਵੀ ਇੰਗਲੈਂਡ ਦੀ ਟੀਮ ਨੇ ਹੀ ਭਾਰਤੀ ਟੀਮ ਨੂੰ ਸੈਮੀਫਾਈਨਲ ਮੁਕਾਬਲੇ ਵਿੱਚ 10 ਵਿਕਟਾਂ ਨਾਲ ਕਰਾਰੀ ਹਾਰ ਦਿੱਤੀ ਸੀ।

ਅਜਿਹੇ ਵਿੱਚ ਇਹ ਨਾ ਹੋਵੇ ਕਿ ਆਈਸੀਸੀ ਖ਼ਿਤਾਬ 'ਤੇ ਕਬਜ਼ਾ ਕਰਨ ਦਾ ਖ਼ੁਆਬ ਕੁਝ ਹੋਰ ਸਾਲ ਅੱਗੇ ਖਿਸਕ ਜਾਵੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)