ਇੱਕ ਬਜ਼ੁਰਗ ਔਰਤ ਕਾਰਨ 6 ਰੁਪਏ ਦੇ ਆਂਡੇ ਦੀ ਕੀਮਤ ਕਿਵੇਂ ਸਵਾ ਦੋ ਲੱਖ ਰੁਪਏ ਹੋ ਗਈ

ਆਂਡਾ

ਤਸਵੀਰ ਸਰੋਤ, Getty Images

    • ਲੇਖਕ, ਰਿਆਜ਼ ਮਸਰੂਰ
    • ਰੋਲ, ਬੀਬੀਸੀ ਪੱਤਰਕਾਰ

ਇਹ ਕੋਈ ਸੋਨੇ ਦਾ ਆਂਡਾ ਨਹੀਂ ਸੀ ਬਲਕਿ ਬਾਜ਼ਾਰ ਤੋਂ ਛੇ ਰੁਪਏ ਵਿੱਚ ਖਰੀਦਿਆ ਗਿਆ ਇੱਕ ਆਮ ਆਂਡਾ ਸੀ।

ਪਰ ਮਸਜਿਦ ਬਣਾਉਣ ਲਈ ਜਿਸ ਜਜ਼ਬੇ ਨਾਲ ਇੱਕ ਗਰੀਬ ਔਰਤ ਨੇ ਇਸ ਨੂੰ ਦਾਨ ਕੀਤਾ, ਉਸ ਨੇ ਇਸ ਆਂਡੇ ਦੀ ਕੀਮਤ ਸਵਾ ਦੋ ਲੱਖ ਰੁਪਏ ਤੋਂ ਵੀ ਵਧਾ ਦਿੱਤੀ।

ਭਾਰਤ-ਸ਼ਾਸਿਤ ਕਸ਼ਮੀਰ ਦੇ ਉੱਤਰੀ ਕਸਬੇ ਸੋਪੋਰ ਦੇ 'ਮਾਲ ਮਾਪਨਪੁਰਾ' ਪਿੰਡ 'ਚ ਕਈ ਮਹੀਨਿਆਂ ਤੋਂ ਇੱਕ ਮਸਜਿਦ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ।

ਈਦ ਦੇ ਮੌਕੇ 'ਤੇ ਮਸਜਿਦ ਕਮੇਟੀ ਨੇ ਘਰ-ਘਰ ਜਾ ਕੇ ਨਕਦੀ ਅਤੇ ਸਮਾਨ ਦਾ ਦਾਨ ਇਕੱਠਾ ਕਰਨ ਦਾ ਫ਼ੈਸਲਾ ਲਿਆ।

ਲੋਕਾਂ ਨੇ ਨਕਦੀ, ਭਾਂਡੇ, ਮੁਰਗੇ ਅਤੇ ਚੌਲ ਆਦਿ ਦਾਨ ਕੀਤੇ।

ਮਸਜਿਦ ਕਮੇਟੀ ਦੇ ਮੈਂਬਰ ਨਸੀਰ ਅਹਿਮਦ ਕਹਿੰਦੇ ਹਨ, "ਅਸੀਂ ਦਾਨ ਇਕੱਠਾ ਕਰ ਰਹੇ ਸੀ ਜਦੋਂ ਇੱਕ ਛੋਟੇ ਜਿਹੇ ਘਰ ਦੀ ਇੱਕ ਔਰਤ ਸਿਰ ਝੁਕਾ ਕੇ ਹੌਲੀ-ਹੌਲੀ ਮੇਰੇ ਕੋਲ ਆਈ ਅਤੇ ਉਸਨੇ ਮੈਨੂੰ ਇੱਕ ਆਂਡਾ ਫੜਾਇਆ ਤੇ ਕਹਿਣ ਲੱਗੀ ਕਿ ਮੇਰੇ ਵੱਲੋਂ ਇਸੇ ਨੂੰ ਦਾਨ ਵਜੋਂ ਸਵੀਕਾਰ ਕਰ ਲਓ।"

ਨਸੀਰ ਦਾ ਕਹਿਣਾ ਹੈ ਕਿ ਇਹ ਔਰਤ ਬਹੁਤ ਗਰੀਬ ਹੈ ਅਤੇ ਆਪਣੇ ਇਕਲੌਤੇ ਪੁੱਤ ਨਾਲ ਇੱਕ ਛੋਟੇ ਜਿਹੇ ਖਸਤਾ ਹਾਲਾਤ ਮਾਕਾਨ ਵਿੱਚ ਰਹਿੰਦੀ ਹੈ।

 ਦਾਨਿਸ਼ ਹਮੀਦ

ਤਸਵੀਰ ਸਰੋਤ, Danish Hamid

ਤਸਵੀਰ ਕੈਪਸ਼ਨ, ਦਾਨਿਸ਼ ਹਮੀਦ ਜਿਸ ਨੇ ਆਂਡੇ ਦੀ ਆਖਰੀ ਬੋਲੀ ਲਗਾਈ

ਉਹ ਕਹਿੰਦੇ ਹਨ, "ਸਾਨੂੰ ਜੋ ਕੁਝ ਦਾਨ ਵਿੱਚ ਮਿਲਿਆ ਸੀ ਉਹ ਚੀਜ਼ਾਂ ਤਾਂ ਅਸੀਂ ਵੇਚਣ ਲਈ ਦਿੱਤੀਆਂ ਸਨ, ਪਰ ਮੈਨੂੰ ਚਿੰਤਾ ਸੀ ਕਿ ਇਸ ਆਂਡੇ ਦਾ ਕੀ ਕੀਤਾ ਜਾਵੇ?"

ਨਸੀਰ ਦੱਸਦੇ ਹਨ ਕਿ ਇਹ ਛੇ ਰੁਪਏ ਦਾ ਇੱਕ ਸਾਧਾਰਨ ਆਂਡਾ ਸੀ, ਪਰ ਉਸ ਗਰੀਬ ਔਰਤ ਨੇ ਜਿਸ ਜਜ਼ਬੇ ਨਾਲ ਇਸ ਨੂੰ ਰੱਬ ਦੇ ਨਾਂ ਉੱਤੇ ਦਿੱਤਾ ਸੀ, ਉਸ ਨੇ ਇਸ ਨੂੰ ਬਹੁਤ ਕੀਮਤੀ ਬਣਾ ਦਿੱਤਾ ਸੀ।

ਨਸੀਰ ਕਹਿੰਦੇ ਹਨ, "ਮੈਂ ਕਮੇਟੀ ਦੇ ਬਾਕੀ ਮੈਂਬਰਾਂ ਨੂੰ ਸਲਾਹ ਦਿੱਤੀ ਕਿ ਆਂਡੇ ਦੀ ਬੋਲੀ ਲਗਾਈ।"

ਔਰਤ ਦੀ ਪਛਾਣ ਦੱਸੇ ਬਿਨਾਂ ਨਸੀਰ ਨੇ ਮਸਜਿਦ 'ਚ ਐਲਾਨ ਕੀਤਾ ਕਿ ਇਹ ਆਂਡਾ ਨਿਲਾਮ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੇ ਆਪਣੀ ਜੇਬ 'ਚੋਂ ਇਸ ਲਈ ਦਸ ਰੁਪਏ ਦੀ ਬੋਲੀ ਦਿੱਤੀ।

ਆਂਡਾ

ਤਸਵੀਰ ਸਰੋਤ, Getty Images

ਨਸੀਰ ਮੁਤਾਬਕ ਪਹਿਲੀ ਆਵਾਜ਼ 10 ਹਜ਼ਾਰ ਰੁਪਏ ਦੀ ਸੀ ਅਤੇ ਫਿਰ ਦੇਖਦੇ ਦੇਖਦੇ ਆਂਡੇ ਦੀ ਕੀਮਤ ਵਧਦੀ ਰਹੀ।

ਪਿੰਡ ਦੇ ਸਾਬਕਾ ਸਰਪੰਚ ਤਾਰਿਕ ਅਹਿਮਦ ਕਹਿੰਦੇ ਹਨ, “250 ਲੋਕਾਂ ਦੇ ਇਸ ਪਿੰਡ ਵਿੱਚ ਕੋਈ ਵੱਡੀ ਜਾਮਾ ਮਸਜਿਦ ਨਹੀਂ ਸੀ।''

ਇਸ ਲਈ ਜਾਮਾ ਮਸਜਿਦ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਸੀ ਪਰ ਫੰਡ ਨਾ ਹੋਣ ਕਾਰਨ ਛੱਤ ਤੱਕ ਪਹੁੰਚਣ ਤੋਂ ਬਾਅਦ ਕੰਮ ਰੁਕ ਗਿਆ।

"ਉਹ ਕਹਿੰਦੇ ਹਨ ਕਿ ਸਾਨੂੰ ਨਹੀਂ ਪਤਾ ਸੀ ਕਿ ਸਾਨੂੰ ਇੱਕ ਆਂਡੇ ਤੋਂ 2.25 ਲੱਖ ਰੁਪਏ ਮਿਲਣਗੇ।"

ਬੋਲੀ ਦੇ ਆਖਰੀ ਦਿਨ ਕੀ ਹੋਇਆ?

 ਦਾਨਿਸ਼ ਹਮੀਦ

ਤਸਵੀਰ ਸਰੋਤ, DANISH HAMID

ਤਸਵੀਰ ਕੈਪਸ਼ਨ, ਦਾਨਿਸ਼ ਹਮੀਦ ਇੱਕ ਕਾਰੋਬਾਰੀ ਹਨ

ਮਸਜਿਦ ਦੀ ਪ੍ਰਬੰਧਕ ਕਮੇਟੀ ਨੇ ਫ਼ੈਸਲਾ ਕੀਤਾ ਸੀ ਕਿ ਆਂਡੇ ਦੀ ਬੋਲੀ ਸਿਰਫ ਤਿੰਨ ਦਿਨ ਤੱਕ ਲੱਗੇਗੀ।

ਨਸੀਰ ਅਹਿਮਦ ਦਾ ਕਹਿਣਾ ਹੈ ਕਿ ਦੋ ਦਿਨਾਂ ਤੱਕ ਲੋਕਾਂ ਨੇ ਆਂਡੇ 'ਤੇ 10, 20, 30 ਅਤੇ 50 ਹਜ਼ਾਰ ਰੁਪਏ ਦੀ ਬੋਲੀ ਲਗਾਈ ਸੀ ਅਤੇ ਹਰ ਵਾਰ ਆਂਡਾ ਵਾਪਸ ਕਰ ਦਿੱਤਾ ਗਿਆ ਸੀ।

ਫਿਰ ਐਲਾਨ ਕੀਤਾ ਗਿਆ ਕਿ ਆਖਰੀ ਦਿਨ ਸ਼ਾਮ 7 ਵਜੇ ਬੋਲੀ ਬੰਦ ਹੋਵੇਗੀ ਅਤੇ ਆਂਡਾ ਆਖਰੀ ਬੋਲੀ ਲਾਉਣ ਵਾਲੇ ਦੇ ਸਪੁਰਦ ਕਰ ਦਿੱਤਾ ਜਾਵੇਗਾ।

ਸੋਪੋਰ ਦੇ ਨੌਜਵਾਨ ਕਾਰੋਬਾਰੀ ਦਾਨਿਸ਼ ਹਮੀਦ ਵੀ ਇਸ ਬੋਲੀ ਵਿੱਚ ਸ਼ਾਮਲ ਸਨ।

ਜਦੋਂ 54 ਹਜ਼ਾਰ ਰੁਪਏ ਦੀ ਬੋਲੀ ਦਾ ਦੋ ਵਾਰ ਐਲਾਨ ਹੋਇਆ ਤਾਂ ਪਿਛਲੀ ਕਤਾਰ ਵਿੱਚ ਬੈਠੇ ਦਾਨਿਸ਼ ਨੇ ਉੱਚੀ ਆਵਾਜ਼ ਵਿੱਚ ਕਿਹਾ, '70 ਹਜ਼ਾਰ’।

ਬੋਲੀ ਖ਼ਤਮ ਹੋਣ ਤੱਕ ਇਸ ਆਂਡੇ ਨੇ ਕੁੱਲ 2 ਲੱਖ 26 ਹਜ਼ਾਰ 350 ਰੁਪਏ ਦਾ ਨਗਦ ਦਾਨ ਇਕੱਠਾ ਕਰ ਲਿਆ ਸੀ।

ਦਾਨਿਸ਼ ਨੇ ਬੀਬੀਸੀ ਨੂੰ ਦੱਸਿਆ, "ਹਾਲਾਂਕਿ ਸਾਨੂੰ ਇਹ ਨਹੀਂ ਦੱਸਿਆ ਗਿਆ ਸੀ ਕਿ ਇਹ ਆਂਡਾ ਕਿਸ ਨੇ ਦਾਨ ਕੀਤਾ ਸੀ, ਪਰ ਅਸੀਂ ਸਾਰੇ ਜਾਣਦੇ ਸੀ ਕਿ ਕਿਸੇ ਗਰੀਬ ਔਰਤ ਨੇ ਆਂਡਾ ਦਾਨ ਕਰਕੇ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ ਸੀ। ਉਸ ਔਰਤ ਨੇ ਅਮੀਰ ਲੋਕਾਂ ਨੂੰ ਖੁੱਲ੍ਹੇ ਦਿਲ ਨਾਲ ਦਾਨ ਕਰਨ ਲਈ ਪ੍ਰੇਰਿਤ ਕੀਤਾ।"

ਉਹ ਕਹਿੰਦੇ ਹਨ, "ਜਦੋਂ ਮੈਂ 70 ਹਜ਼ਾਰ ਰੁਪਏ ਵਿੱਚ ਆਂਡਾ ਖਰੀਦਿਆ ਸੀ, ਉਸ ਸਮੇਂ ਮੇਰੀ ਸੋਚ ਵੀ ਇਹੀ ਸੀ।"

ਹੁਣ ਆਂਡਾ ਕਿੱਥੇ ਹੈ?

ਆਂਡਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇੱਕ ਦਾਨ ਦੇ ਆਂਡੇ ਦੀ ਕੀਮਤ ਸਵਾ ਦੋ ਲੱਖ ਤੋਂ ਵੀ ਵੱਧ ਗਈ

ਨਸੀਰ ਦਾ ਕਹਿਣਾ ਹੈ ਕਿ ਹੁਣ ਉਹ ਆਂਡਾ ਮਾਮੂਲੀ ਨਹੀਂ ਰਿਹਾ ਸਗੋਂ ਪ੍ਰਤੀਕਾਤਮਕ ਮਹੱਤਵ ਰੱਖਦਾ ਹੈ।

ਉਹ ਕਹਿੰਦੇ ਹਨ, "ਮੈਂ ਇਸ ਆਂਡੇ ਨੂੰ ਸੁਰੱਖਿਅਤ ਰੱਖਣ ਲਈ ਪ੍ਰਬੰਧ ਕਰ ਰਿਹਾ ਹਾਂ ਅਤੇ ਇਸ ਲਈ ਇੱਕ ਵਧੀਆ ਫਰੇਮ ਬਣਾ ਰਿਹਾ ਹਾਂ ਜਿਸ ਵਿੱਚ ਮੈਂ ਇਸਨੂੰ ਸੰਭਾਲ ਕੇ ਰੱਖਿਆ ਜਾ ਸਕੇ।"

ਨਸੀਰ ਚਾਹੁੰਦੇ ਹਨ ਕਿ ਇਹ ਆਂਡਾ ਖ਼ੁਦ ਉਨ੍ਹਾਂ ਨੂੰ, ਉਨ੍ਹਾਂ ਦੇ ਪਰਿਵਾਰ ਅਤੇ ਹਰ ਉਸ ਵਿਅਕਤੀ ਲਈ ਯਾਦਗਾਰ ਬਣਿਆ ਰਹੇ, ਜੋ ਇਹ ਸਮਝਦਾ ਹੈ ਕਿ ਕਿਵੇਂ ਇੱਕ ਔਰਤ ਨੇ ਇਸ ਦੀ ਕੀਮਤ ਬਾਰੇ ਸੋਚੇ ਬਿਨਾਂ ਰੱਬ ਦੇ ਨਾਮ 'ਤੇ ਆਂਡਾ ਦਿੱਤਾ। ਜਿਸ ਤੋਂ ਬਾਅਦ ਖ਼ੁਦਾ ਨੇ ਆਪਣਾ ਕੰਮ ਕੀਤਾ ਅਤੇ ਉਹ ਆਂਡਾ ਅਣਮੋਲ ਹੈ ਗਿਆ।

ਉਹ ਕਹਿੰਦੇ ਹਨ, "ਮੈਂ ਸਮਝਦਾ ਹਾਂ, ਸੱਚੀਆਂ ਭਾਵਨਾਵਾਂ ਦੀ ਕੋਈ ਕੀਮਤ ਨਹੀਂ ਹੁੰਦੀ, ਇਸ ਲਈ ਇਹ ਆਂਡਾ ਸਾਡੇ ਘਰ ਵਿੱਚ ਹਮੇਸ਼ਾ ਸੁਰੱਖਿਅਤ ਰਹੇਗਾ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)