ਜਲੰਧਰ 'ਚ ਗੈਸ ਗੀਜ਼ਰ ਨੇ ਲਈ ਦੋ ਭੈਣਾਂ ਦੀ ਜਾਨ, ਖ਼ਤਰੇ ਨੂੰ ਕਿਵੇਂ ਟਾਲਿਆ ਜਾਵੇ

    • ਲੇਖਕ, ਰਵਦੀਪ ਸਿੰਘ
    • ਰੋਲ, ਬੀਬੀਸੀ ਪੱਤਰਕਾਰ

ਪੰਜਾਬ ਦੇ ਜ਼ਿਲ੍ਹੇ ਜਲੰਧਰ ਦੇ ਪਿੰਡ ਲੜੋਈ ਵਿੱਚ ਇੱਕ ਘਰ ਵਿੱਚ ਗੀਜ਼ਰ ਗੈਸ ਲੀਕ ਹੋਣ ਕਾਰਨ ਦੋ ਸਕੀਆਂ ਭੈਣਾਂ ਦੀ ਮੌਤ ਹੋ ਗਈ।

ਇਹ ਹਾਦਸਾ ਬੀਤੇ ਸੋਮਵਾਰ ਨੂੰ ਉਦੋਂ ਵਾਪਰਿਆ ਜਦੋਂ ਦੋਵੇਂ ਲੜਕੀਆਂ ਬਾਥਰੂਮ ਵਿੱਚ ਨਹਾਉਣ ਲਈ ਗਈਆਂ ਸਨ। ਜਾਣਕਾਰੀ ਮੁਤਾਬਕ ਬਾਥਰੂਮ ਵਿੱਚ ਗੈਸ ਚੜ੍ਹਨ ਕਾਰਨ ਦੋਵਾਂ ਭੈਣਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਬੀਬੀਸੀ ਸਹਿਯੋਗੀ ਪਰਦੀਪ ਸ਼ਰਮਾ ਨੂੰ ਲੜਕੀਆਂ ਦੇ ਦਾਦਾ ਮੰਗਤ ਰਾਮ ਨੇ ਦੱਸਿਆ,"ਬੱਚੀਆਂ ਨਹਾਉਣ ਗਈਆਂ ਸਨ ਤੇ ਹਾਦਸਾ ਹੋਣ ਸਮੇਂ ਦੋਵੇਂ ਬੱਚੀਆਂ ਤੇ ਇੱਕ ਛੋਟਾ ਲੜਕਾ ਹੀ ਘਰ ਵਿੱਚ ਮੌਜੂਦ ਸੀ। ਪਹਿਲਾ ਛੋਟੇ ਲੜਕੇ ਨੇ ਬਾਥਰੂਮ ਵਿੱਚ ਬੇਹੋਸ਼ ਪਈਆ ਬੱਚੀਆਂ ਨੂੰ ਵੇਖਿਆ। ਜਿਸ ਮਗਰੋਂ ਉਹ ਪਿੰਡ ਕਿਸੇ ਕੰਮ ਲਈ ਗਏ ਦਾਦੀ ਨੂੰ ਬੁਲਾ ਕੇ ਲੈ ਆਇਆ।"

ਇਸ ਮਗਰੋਂ ਪਿੰਡ ਵਾਸੀ ਇਕੱਠੇ ਹੋਏ ਅਤੇ ਪਿੰਡ ਦੇ ਇੱਕ ਡਾਕਟਰ ਨੂੰ ਬੁਲਾਇਆ ਗਿਆ।

ਡਾਕਟਰ ਨੇ ਦੋਵਾਂ ਕੁੜੀਆਂ ਦੀ ਮੌਤ ਹੋਣ ਦੀ ਪੁਸ਼ਟੀ ਕਰ ਦਿੱਤੀ।

ਦੋਵੇਂ ਕੁੜੀਆਂ ਪਿੰਡ ਦੇ ਹੀ ਸਰਕਾਰੀ ਸਕੂਲ ਵਿੱਚ ਪੜ੍ਹਦੀਆਂ ਸਨ। ਪ੍ਰਭਜੋਤ ਕੌਰ ਸੱਤਵੀ ਜਮਾਤ ਦੀ ਵਿਦਿਆਰਥਣ ਸੀ ਤੇ ਸ਼ਰਨਜੋਤ ਕੌਰ ਪੰਜਵੀਂ ਜਮਾਤ ਵਿੱਚ ਪੜ੍ਹਦੀ ਸੀ।

ਬੱਚੀਆਂ ਦੇ ਪਿਤਾ ਸੰਦੀਪ ਕੁਮਾਰ ਅਰਮੇਨੀਆ ਵਿੱਚ ਕੰਮ ਕਰਦੇ ਹਨ ਅਤੇ ਮਾਤਾ ਤਾਨੀਆ ਦੁਬਈ 'ਚ ਕੰਮ ਕਰਦੇ ਹਨ।

ਮ੍ਰਿਤਕ ਭੈਣਾਂ ਆਪਣੇ ਦਾਦਾ-ਦਾਦੀ ਨਾਲ ਰਹਿੰਦੀਆਂ ਸਨ। ਹਾਦਸੇ ਦੇ ਸਮੇਂ ਕੁੜੀਆਂ ਦੀ ਦਾਦੀ ਪਿੰਡ ਵਿੱਚ ਕਿਸੇ ਕੰਮ ਗਏ ਹੋਏ ਸਨ।

ਗੈਸ ਗੀਜ਼ਰ ਕਰਕੇ ਪਹਿਲਾਂ ਵੀ ਕਈ ਵਾਰ ਹਾਦਸਿਆਂ ਦੀਆਂ ਖ਼ਬਰਾਂ ਆਈਆਂ ਹਨ।

ਬੀਬੀਸੀ ਪੰਜਾਬੀ ਨੇ ਗੈਸ ਗੀਜ਼ਰ ਕਰਕੇ ਹੋਣ ਵਾਲੇ ਸੰਭਾਵਿਤ ਖਤਰਿਆਂ ਅਤੇ ਸਾਵਧਾਨੀਆਂ ਬਾਰੇ ਜਾਨਣ ਲਈ ਮਾਹਰਾਂ ਨਾਲ ਗੱਲਬਾਤ ਕੀਤੀ ਹੈ।

ਗੈਸ ਗੀਜ਼ਰ ਕੀ ਹੁੰਦਾ ਹੈ

ਗੈਸ ਗੀਜ਼ਰ ਦੀ ਵਰਤੋਂ ਸਮੇਂ ਕਿਹੜੀਆਂ ਸਾਵਧਾਨੀਆਂ ਵਰਤੀਆਂ ਜਾਣੀਆਂ ਚਾਹੀਦੀਆਂ ਹਨ, ਇਹ ਜਾਨਣ ਲਈ ਬੀਬੀਸੀ ਪੰਜਾਬੀ ਨੇ ਜਲੰਧਰ ਦੇ ਫਾਇਰ ਸੇਫਟੀ ਅਫ਼ਸਰ ਜਸਵੰਤ ਸਿੰਘ ਅਤੇ ਈਐੱਨਟੀ ਸਰਜਨ ਡਾ: ਅਰੁਣ ਮਿੱਤਰਾ ਨਾਲ ਗੱਲ ਕੀਤੀ।

ਗੈਸ ਗੀਜ਼ਰ ਵਿੱਚ ਪਾਣੀ ਨੂੰ ਗਰਮ ਕਰਨ ਲਈ ਐੱਲਪੀਜੀ ਗੈਸ (ਊਰਜਾ) ਦੀ ਵਰਤੋਂ ਹੁੰਦੀ ਹੈ। ਆਮ ਕਰਕੇ ਵਰਤੇ ਜਾਣ ਵਾਲੇ ਗੀਜ਼ਰ ਬਿਜਲੀ ਦੀ ਖ਼ਪਤ ਕਰਦੇ ਹਨ, ਜਿਸ ਨਾਲ ਵਧੇਰੇ ਬਿਜਲੀ ਖ਼ਰਚ ਹੁੰਦੀ ਹੈ ਪਰ ਇਸ ਦੇ ਮੁਕਾਬਲੇ ਗੈਸ ਗੀਜ਼ਰ ਨਾਲ ਬਿਜਲੀ ਦੀ ਬੱਚਤ ਸੰਭਵ ਹੁੰਦੀ ਹੈ।

ਇਸ ਦੀ ਕੀਮਤ ਵੀ ਆਮ ਗੀਜ਼ਰਾਂ ਦੇ ਮੁਕਾਬਲਤਨ ਘੱਟ ਹੁੰਦੀ ਹੈ। ਘੱਟ ਕੀਮਤ ਅਤੇ ਘੱਟ ਊਰਜਾ ਖ਼ਪਤ ਕਾਰਨ ਲੋਕ ਗੈਸ ਗੀਜ਼ਰਾਂ ਨੂੰ ਤਰਜੀਹ ਦਿੰਦੇ ਹਨ। ਪਰ ਇਸ ਦੀ ਵਰਤੋਂ ਦੇ ਨਾਲ ਕਈ ਜੋਖ਼ਮ ਵੀ ਆਉਂਦੇ ਹਨ।

ਜਲੰਧਰ ਦੇ ਫਾਇਰ ਸੇਫ਼ਟੀ ਅਫ਼ਸਰ ਜਸਵੰਤ ਸਿੰਘ ਦੱਸਦੇ ਹਨ ਕਿ ਸੁਰੱਖਿਅਤ ਵਰਤੋਂ ਲਈ ਗੈਸਾਂ ਨੂੰ ਇੱਕਠਾ ਹੋਣ ਤੋਂ ਰੋਕਣਾ ਬੇਹੱਦ ਜ਼ਰੂਰੀ ਹੈ।

ਉਹ ਸੁਝਾਅ ਦਿੰਦੇ ਹਨ, "ਗੀਜ਼ਰ ਨੂੰ ਬਾਥਰੂਮ ਤੋਂ ਬਾਹਰ ਲਗਾਉਣਾ ਅਤੇ ਸਿਲੰਡਰ ਨੂੰ ਵੀ ਬਾਹਰ ਸਹੀ ਥਾਂ 'ਤੇ ਰੱਖੋ, ਜਿਸ ਨਾਲ ਬਿਜਲੀ ਉਪਕਰਨ ਵਿੱਚ ਖ਼ਰਾਬੀ ਹੋਣ ਦੀ ਸਥਿਤੀ ਵਿੱਚ ਸਲੰਡਰ ਤੱਕ ਅੱਗ ਨਾ ਪਹੁੰਚੇ।"

"ਜ਼ਰੂਰਤ ਨਾ ਹੋਣ ਦੀ ਸੂਰਤ ਵਿੱਚ ਸਿੰਲਡਰ ਦੇ ਰੈਗੁਲੇਟਰ ਨੂੰ ਬੰਦ ਰੱਖਣਾ ਵੀ ਸੰਭਾਵਿਤ ਹਾਦਸਿਆਂ ਤੋਂ ਬਚਾਅ ਕਰ ਸਕਦਾ ਹੈ।"

ਡਾ. ਅਰੁਣ ਮਿੱਤਰਾ ਨੇ ਕਿਹਾ ਕਿ ,"ਲੋਕਾਂ ਵੱਲੋਂ ਗੈਸ ਗੀਜ਼ਰਾਂ ਨੂੰ ਘੱਟ ਕੀਮਤ ਹੋਣ ਕਾਰਨ ਵਧੇਰੇ ਵਰਤਿਆ ਜਾਂਦਾ ਹੈ ਪਰ ਇਸ ਦੀ ਵਰਤੋਂ ਸਮੇਂ ਸਾਵਧਾਨੀਆਂ ਦਾ ਵੀ ਖ਼ਾਸ ਖਿਆਲ ਰੱਖਣਾ ਚਾਹੀਦਾ ਹੈ,ਅਣਦੇਖੀ ਨੁਕਸਾਨ ਪਹੁੰਚਾ ਸਕਦੀ ਹੈ।"

ਗੈਸ ਗੀਜ਼ਰ ਵਰਤੋਂ ਲਈ ਸਾਵਧਾਨੀਆਂ

ਮੁਤਾਬਕ ਇਨ੍ਹਾਂ ਗੱਲਾਂ ਦਾ ਧਿਆਨ ਰੱਖ ਕੇ ਹਾਦਸਿਆਂ ਤੋਂ ਬਚਿਆ ਜਾ ਸਕਦਾ

  • ਸਭ ਤੋਂ ਜ਼ਰੂਰੀ ਸਾਵਧਾਨੀ ਹੈ ਕਿ ਗੈਸ ਗੀਜ਼ਰ ਅਤੇ ਸਿਲੰਡਰ ਨੂੰ ਬਾਥਰੂਮ ਦੇ ਬਾਹਰ ਹੀ ਲਗਾਉਣਾ ਚਾਹੀਦਾ ਹੈ ਅਤੇ ਪਾਈਪ ਰਾਹੀ ਗਰਮ ਪਾਣੀ ਨੂੰ ਬਾਥਰੂਮ ਅੰਦਰ ਲਿਜਾਇਆ ਜਾਣਾ ਚਾਹੀਦਾ ਹੈ। ਇਸ ਤਰ੍ਹਾਂ ਖ਼ਤਰਾ ਬਹੁਤ ਹੱਦ ਤੱਕ ਘੱਟ ਕੀਤਾ ਜਾ ਸਕਦਾ ਹੈ।
  • ਗੀਜ਼ਰ ਦੀ ਵਰਤੋਂ ਸਮੇਂ ਕਾਰਬਨ ਮੋਨੋਆਕਸਾਈਡ ਅਤੇ ਨਾਈਟਰੋਜਨ ਗੈਸਾਂ ਨਿਕਲਦੀਆਂ ਹਨ ਅਤੇ ਘੱਟ ਜਗ੍ਹਾ ਹੋਣ ਦੀ ਸੂਰਤ ਵਿੱਚ ਆਕਸੀਜਨ ਦੀ ਕਮੀ ਹੋ ਜਾਂਦੀ ਹੈ। ਇਸ ਦੇ ਨਤੀਜੇ ਵਜੋਂ ਇਨਸਾਨ ਨੂੰ ਜ਼ਰੂਰੀ ਆਕਸੀਜਨ ਨਹੀਂ ਮਿਲਦੀ।
  • ਬਾਥਰੂਮ ਦਾ ਹਵਾਦਾਰ ਹੋਣਾ ਬੇਹੱਦ ਜ਼ਰੂਰੀ ਹੈ,ਇਸ ਨਾਲ ਆਕਸੀਜਨ ਦੀ ਘਾਟ ਨਹੀਂ ਹੁੰਦੀ ਅਤੇ ਗੈਸਾਂ ਵੀ ਵਾਤਾਵਰਣ ਵਿੱਚ ਫੈਲ ਜਾਂਦੀਆਂ ਹਨ।
  • ਗੀਜ਼ਰ ਨੂੰ ਲੋੜ ਅਨੁਸਾਰ ਹੀ ਚਾਲੂ ਰੱਖਣਾ ਚਾਹੀਦਾ ਹੈ ਅਤੇ ਜ਼ਰਰੂਤ ਨਾ ਹੋਣ ਦੀ ਸੂਰਤ ਵਿੱਚ ਬੰਦ ਕਰ ਦੇਵੋ।
  • ਗੀਜ਼ਰ ਦੀ ਸਮੇਂ-ਸਮੇਂ 'ਤੇ ਜਾਂਚ ਕਰਦੇ ਰਹਿਣਾ ਚਾਹੀਦਾ ਹੈ ਅਤੇ ਜੇਕਰ ਕੋਈ ਖ਼ਰਾਬੀ ਹੋਵੇ ਤਾਂ ਤੁਰੰਤ ਸਹੀ ਕਰਵਾਉਣੀ ਚਾਹੀਦੀ ਹੈ।
  • ਗੈਸ ਗੀਜ਼ਰ ਖ਼ਰੀਦਣ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਕਰਨੀ ਚਾਹੀਦੀ ਹੈ ਅਤੇ ਖ਼ਰਾਬ ਗੁਣਵੱਤਾ ਦਾ ਗੀਜ਼ਰ ਲੈਣ ਤੋਂ ਬਚਣਾ ਚਾਹੀਦਾ ਹੈ।

ਦੁਰਘਟਨਾ ਹੋਣ ਦੀ ਸੂਰਤ ਵਿੱਚ ਕੀ ਕਰਨਾ ਹੈ

ਡਾਕਟਰ ਮਿੱਤਰਾ ਦੱਸਦੇ ਹਨ ਕਿ ਜੇਕਰ ਕੋਈ ਵਿਅਕਤੀ ਗੈਸ ਦੇ ਪ੍ਰਭਾਵ ਹੇਠ ਆ ਜਾਵੇ ਤਾਂ ਉਸਨੂੰ ਛੇਤੀ ਤੋਂ ਛੇਤੀ ਖੁੱਲ੍ਹੀ ਹਵਾ ਵਿੱਚ ਲਿਆਉਣ ਨਾਲ ਬਚਾਅ ਹੋ ਸਕਦਾ ਹੈ। ਹਵਾਦਾਰ ਵਾਤਾਵਰਣ ਵਿੱਚ ਬੇਹੋਸ਼ ਵਿਅਕਤੀ ਵੱਲ ਜ਼ਿਆਦਾ ਤੋਂ ਜ਼ਿਆਦਾ ਆਕਸੀਜਨ ਦਾ ਵਹਾਅ ਰੱਖਣਾ ਚਾਹੀਦਾ ਹੈ।

ਡਾਕਟਰ ਮਿੱਤਰਾ ਮੁਤਾਬਕ ਨਬਜ਼ ਕਮਜ਼ੋਰ ਹੋਣ ਦੀ ਸੂਰਤ ਵਿੱਚ ਸੀਪੀਆਰ ਵੀ ਮਦਦਗਾਰ ਹੋ ਸਕਦੀ ਹੈ।

ਸੀਪੀਆਰ ਬੇਹੋਸ਼ ਵਿਅਕਤੀ ਨੂੰ ਦਿੱਤੀ ਜਾਂਦੀ ਹੈ, ਇਸ ਵਿੱਚ ਮੂੰਹ ਰਾਹੀਂ ਬੇਹੋਸ਼ ਵਿਅਕਤੀ ਨੂੰ ਸਾਹ ਦਿੱਤਾ ਜਾਂਦਾ ਹੈ ਅਤੇ ਛਾਤੀ ਨੂੰ ਵਾਰ-ਵਾਰ ਦਬਾਇਆ ਜਾਂਦਾ ਹੈ।

ਡਾਕਟਰ ਮਿੱਤਰਾ ਦੱਸਦੇ ਹਨ ਅਜਿਹੇ ਹਾਲਾਤ ਵਿੱਚ ਬੇਹੋਸ਼ ਵਿਅਕਤੀ ਨੂੰ ਜਗਾ ਕੇ ਰੱਖਣਾ ਵੀ ਬੇਹੱਦ ਜ਼ਰੂਰੀ ਹੈ, ਇਸ ਲਈ ਇਨਸਾਨ ਨਾਲ ਗੱਲਾਂ ਕਰਦੇ ਰਹਿਣਾ ਫਾਇਦੇਮੰਦ ਹੋ ਸਕਦਾ ਹੈ। ਉਨ੍ਹਾਂ ਅਨੁਸਾਰ ਨੀਂਦ ਵਿੱਚ ਚਲੇ ਜਾਣ 'ਤੇ ਬੇਹੋਸ਼ ਵਿਅਕਤੀ ਖ਼ਤਰੇ ਵਿੱਚ ਮੰਨਿਆ ਜਾ ਸਕਦਾ ਹੈ।

ਇਸ ਦੇ ਨਾਲ ਹੀ ਵਿਅਕਤੀ ਨੂੰ ਫੌਰੀ ਤੌਰ 'ਤੇ ਐਮਰਜੈਂਸੀ ਹਸਪਤਾਲ ਵਿੱਚ ਲੈ ਕੇ ਜਾਓ। ਸਹੀ ਸਮੇਂ 'ਤੇ ਡਾਕਟਰੀ ਸਹਾਇਤਾ ਮਿਲਣ ਨਾਲ ਵਿਅਕਤੀ ਨੂੰ ਬਚਾਉਣਾ ਆਸਾਨ ਹੋ ਜਾਂਦਾ ਹੈ।

ਹੋਰ ਕੀ ਕੀਤਾ ਜਾਵੇ

ਡਾਕਟਰ ਮਿੱਤਰਾ ਮੁਤਾਬਕ ਗੈਸ ਚੜ੍ਹਨ ਦੀ ਸੂਰਤ ਵਿੱਚ ਵਿਅਕਤੀ 'ਤੇ ਲੰਬੇ ਸਮੇਂ ਲਈ ਵੀ ਪ੍ਰਭਾਵ ਪੈ ਸਕਦੇ ਹਨ।

ਉਨ੍ਹਾਂ ਮੁਤਾਬਕ, "ਅਜਿਹਾ ਹਾਦਸਾ ਹੋਣ 'ਤੇ ਵਿਅਕਤੀ ਦੇ ਫੇਫੜਿਆਂ 'ਤੇ ਮਾੜਾ ਪ੍ਰਭਾਵ ਪੈਦਾ ਹੈ। ਫੇਫੜੇ ਅਤੇ ਨਾੜੀਆਂ ਕਮਜ਼ੋਰ ਹੋ ਜਾਂਦੀਆਂ ਹਨ ਅਤੇ ਵਿਅਕਤੀ ਨੂੰ ਸਾਹ ਲੈਣ ਵਿੱਚ ਦਿੱਕਤ ਆ ਸਕਦੀ ਹੈ। ਸਾਹ ਸਬੰਧੀ ਦਿੱਕਤਾਂ ਕਾਰਨ ਹੋਰ ਬੀਮਾਰੀਆਂ ਦਾ ਖ਼ਤਰਾ ਵੀ ਪੈਦਾ ਹੋ ਜਾਂਦਾ ਹੈ।"

ਉਨ੍ਹਾਂ ਮੁਤਾਬਕ, "ਅਜਿਹੇ ਮਾਮਲਿਆਂ ਵਿੱਚ ਵਿਅਕਤੀ ਦਾ ਕੋਮਾ ਵਿੱਚ ਜਾਣਾ ਬਹੁਤ ਆਮ ਹੁੰਦਾ ਹੈ। ਅਰਧ ਕੋਮਾ ਵਿੱਚ ਗਏ ਵਿਅਕਤੀ ਨੂੰ ਬਚਾਇਆ ਜਾ ਸਕਦਾ ਹੈ ਪਰ ਕਈ ਕੇਸਾਂ ਵਿੱਚ ਵਿਅਕਤੀ ਦੀ ਦਿਮਾਗੀ ਸਥਿਤੀ 'ਤੇ ਨਕਰਾਤਮਕ ਪ੍ਰਭਾਵ ਪੈ ਸਕਦੇ ਹਨ।"

"ਭਾਵੇਂ ਕਿ ਵਿਅਕਤੀ ਦੀ ਦਿਮਾਗੀ ਸਥਿਤੀ 'ਤੇ ਅਸਰ ਹਾਦਸੇ ਦੀ ਗੰਭੀਰਤਾ ਤੇ ਵਧੇਰੇ ਨਿਰਭਰ ਕਰਦਾ ਹੈ।"

ਇਸ ਦੇ ਨਾਲ ਹੀ ਡਾਕਟਰ ਮਿੱਤਰਾ ਸੁਝਾਅ ਦਿੰਦੇ ਹਨ ਕਿ ਸਰਕਾਰ ਨੂੰ ਗੈਸ ਗੀਜ਼ਰਾਂ ਬਾਰੇ ਸੁਰੱਖਿਆ ਦਿਸ਼ਾ-ਨਿਰਦੇਸ਼ ਜਾਰੀ ਕਰਨੇ ਚਾਹੀਦੇ ਹਨ। ਜਿਸ ਨਾਲ ਬਜ਼ਾਰ ਵਿੱਚ ਘੱਟ ਗੁਣਵੱਤਾ ਅਤੇ ਬਗੈਰ ਜਾਂਚ ਪਰਖ਼ ਤੋਂ ਵੇਚੇ ਜਾਂਦੇ ਗੈਸ ਗੀਜ਼ਰਾਂ 'ਤੇ ਰੋਕ ਲੱਗ ਸਕੇ ਨਾਲ ਹੀ ਗੀਜ਼ਰ ਨਿਰਮਾਤਾ ਕੰਪਨੀਆਂ ਨੂੰ ਵੀ ਗੀਜ਼ਰਾਂ ਤੇ ਸੁਰੱਖਿਆ ਨਿਰਦੇਸ਼ ਲਿਖਣੇ ਚਾਹੀਦੇ ਹਨ।

ਉਹ ਸੁਝਾਉਂਦੇ ਹਨ ਕਿ ਇਨ੍ਹਾਂ ਮਸਲਿਆਂ 'ਤੇ ਜਾਗਰੂਕਤਾ ਵੀ ਹਾਦਸਿਆਂ ਨੂੰ ਘਟਾਉਣ ਵਿੱਚ ਮਦਦ ਕਰ ਸਕਦੀ ਹੈ। ਲੋਕਾਂ ਨੂੰ ਗੈਸ ਗੀਜ਼ਰ ਦੀ ਸੁਚੱਜੇ ਤਰੀਕੇ ਨਾਲ ਵਰਤੋਂ ਬਾਰੇ ਸੂਚਿਤ ਕੀਤਾ ਜਾਣਾ ਚਾਹੀਦਾ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)