ਇਸਰੋ ਨੇ ਸਪੈਡੇਕਸ ਲਾਂਚ ਕਰਕੇ ਰਚਿਆ ਇਤਿਹਾਸ, ਕੀ ਹਨ ਇਸ ਮਿਸ਼ਨ ਦੀਆਂ ਖ਼ਾਸ ਗੱਲਾਂ

ਭਾਰਤ ਦਾ ਸਪੈਡੇਕਸ ਮਿਸ਼ਨ 30 ਦਸੰਬਰ ਨੂੰ ਸ਼੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਭਾਰਤੀ ਸਮੇਂ ਅਨੁਸਾਰ ਰਾਤ 9 ਵਜ ਕੇ 58 ਮਿੰਟ ʼਤੇ ਲਾਂਚ ਹੋ ਗਿਆ।ਸਪੇਡੈਕਸ ਦਾ ਅਰਥ ਹੈ ਸਪੇਸ ਡੌਕਿੰਗ ਐਕਸਪੈਰੀਮੈਂਟ।

ਸਪੈਡੇਕਸ ਮਿਸ਼ਨ ਦਾ ਮਕਸਦ ਪੁਲਾੜ ਯਾਨਾਂ ਨੂੰ 'ਡੌਕ' ਅਤੇ 'ਅਨਡੌਕ' ਕਰਨ ਲਈ ਲੋੜੀਂਦੀ ਤਕਨਾਲੋਜੀ ਨੂੰ ਵਿਕਸਤ ਕਰਨਾ ਅਤੇ ਪ੍ਰਦਰਸ਼ਿਤ ਕਰਨਾ ਹੈ।

ਸੌਖੀ ਭਾਸ਼ਾ ਵਿੱਚ ਕਹਿਣਾ ਹੋਵੇ ਤਾਂ ਦੋ ਸੈਟੇਲਾਇਟਸ ਨੂੰ ਇਕੱਠੇ ਸਪੇਸ ਵਿੱਚ ਲਿਜਾਉਣਾ ਅਤੇ ਫੇਰ ਉਨ੍ਹਾਂ ਨੂੰ ਵੱਖ-ਵੱਖ ਕਰਨਾ ।

ਭਾਰਤੀ ਪੁਲਾੜ ਖੋਜ ਸੰਗਠਨ ਮੁਤਾਬਕ ਇਸ ਨੂੰ ਰਾਕੇਟ ਪੀਐੱਸਐੱਲਵੀ-ਸੀ60 ਰਾਹੀਂ ਲਾਂਚ ਕੀਤਾ ਗਿਆ ਹੈ।

21 ਦਸੰਬਰ ਨੂੰ ਲਾਂਚ ਵਾਹਨ ਨੂੰ ਲਾਂਚ ਪੈਡ 'ਤੇ ਪਹੁੰਚਾ ਦਿੱਤਾ ਗਿਆ ਸੀ। ਇਸਰੋ ਨੇ ਟਵਿੱਟਰ 'ਤੇ ਇਸ ਨਾਲ ਜੁੜਿਆ ਇੱਕ ਵੀਡੀਓ ਸ਼ੇਅਰ ਕੀਤਾ ਸੀ।

ਇਸਰੋ ਦੇ ਚੇਅਰਮੈਨ ਐਸ ਸੋਮਨਾਥ ਨੇ ਕਿਹਾ, "ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਇਹ 99ਵਾਂ ਲਾਂਚ ਹੈ। ਇਸ ਲਾਂਚ ਦੇ ਜ਼ਰੀਏ, PSLV-C60 ਨੇ ਸਪੇਡੈਕਸ ਉਪਗ੍ਰਹਿ ਨੂੰ 475 ਕਿਲੋਮੀਟਰ ਦੇ ਗੋਲ ਚੱਕਰ ਵਿੱਚ ਸਫ਼ਲਤਾਪੂਰਵਕ ਰੱਖਿਆ ਹੈ।"

ਉਨ੍ਹਾਂ ਕਿਹਾ, "ਇਸ ਮਿਸ਼ਨ ਦਾ ਲਾਂਚ ਪੜਾਅ ਸਫ਼ਲ ਰਿਹਾ। ਹੁਣ ਅਸੀਂ ਮਿਸ਼ਨ ਦੇ ਔਰਬਿਟ ਪੜਾਅ ਵਿੱਚੋਂ ਲੰਘਣਾ ਹੈ, ਜੋ ਕਿ ਡੌਕਿੰਗ ਪੜਾਅ ਹੈ। ਇਸ ਵਿੱਚ, ਸਪੇਡੈਕਸ ਘੁੰਮੇਗਾ ਅਤੇ ਅੰਤ ਵਿੱਚ ਡੌਕ 'ਤੇ ਵਾਪਸ ਆਵੇਗਾ। ਅਸੀਂ ਉਡੀਕ ਕਰ ਰਹੇ ਹਾਂ।"

ਇਸਰੋ ਦੇ ਇਸ ਮਿਸ਼ਨ ਦੇ ਪ੍ਰੋਜੈਕਟ ਡਾਇਰੈਕਟਰ ਸੁਰੇਂਦਰਨ ਐੱਨ ਨੇ ਨਿਊਜ਼ ਏਜੰਸੀ ਏਐਨਆਈ ਨੂੰ ਦੱਸਿਆ, "ਇਹ ਉਨ੍ਹਾਂ ਪ੍ਰਯੋਗਾਂ ਵਿੱਚੋਂ ਇੱਕ ਹੈ ਜੋ ਅਸੀਂ ਆਰਬਿਟ 'ਤੇ ਕਰਨ ਜਾ ਰਹੇ ਹਾਂ। ਇਹ ਭਾਰਤੀ ਪੁਲਾੜ ਸਟੇਸ਼ਨ ਅਤੇ ਚੰਦਰਯਾਨ-4 ਵਰਗੇ ਭਵਿੱਖ ਦੇ ਮਿਸ਼ਨਾਂ ਲਈ ਲਾਭਦਾਇਕ ਹੋਵੇਗਾ। ਇਹ ਇੱਕ ਨਮੂਨਾ ਵਾਪਸੀ ਮਿਸ਼ਨ ਹੋਵੇਗਾ।"

ਉਨ੍ਹਾਂ ਕਿਹਾ, "ਇਸ ਗੁੰਝਲਦਾਰ ਅਤੇ ਚੁਣੌਤੀਪੂਰਨ ਪ੍ਰੋਜੈਕਟ ਵਿੱਚ ਡੌਕਿੰਗ ਵਿਧੀ ਇੱਕ ਜ਼ਰੂਰੀ ਲੋੜ ਬਣ ਰਹੀ ਹੈ। ਇਹ ਚੰਦਰਮਾ ਤੋਂ ਵਾਪਸ ਆਉਣ ਵਾਲੇ ਪੁਲਾੜ ਯਾਨ ਨੂੰ ਸਟਾਕ ਕਰੇਗਾ ਅਤੇ ਉੱਥੋਂ ਨਮੂਨੇ ਵਾਪਸ ਲਿਆਏਗਾ, ਇਸ ਲਈ ਡੌਕਿੰਗ ਬਹੁਤ ਮਹੱਤਵਪੂਰਨ ਹੈ।"

ਇਸ ਰਿਪੋਰਟ ਵਿੱਚ ਆਓ ਜਾਣਦੇ ਹਾਂ ਇਸ ਮਿਸ਼ਨ ਨਾਲ ਜੁੜੀਆਂ ਖਾਸ ਗੱਲਾਂ।

ਸਪੇਡੈਕਸ ਮਿਸ਼ਨ ਕੀ ਹੈ?

ਸਪੈਡੇਕਸ ਮਿਸ਼ਨ ਵਿੱਚ ਦੋ ਛੋਟੇ ਪੁਲਾੜ ਯਾਨ ਸ਼ਾਮਲ ਹਨ। ਹਰੇਕ ਯਾਨ ਦਾ ਭਾਰ ਲਗਭਗ 220 ਕਿਲੋ ਹੈ। ਇਨ੍ਹਾਂ ਨੂੰ ਪੀਐੱਸਐੱਲਵੀ-ਸੀ60 ਰਾਕੇਟ ਰਾਹੀਂ ਲਾਂਚ ਕੀਤਾ ਗਿਆ।

ਇਹ ਧਰਤੀ ਤੋਂ 470 ਕਿਲੋਮੀਟਰ ਉੱਪਰ ਚੱਕਰ ਲਗਾਏਗਾ। ਇਨ੍ਹਾਂ ਵਿੱਚੋਂ ਇੱਕ ਚੇਜਰ (ਐੱਸਡੀਐੱਕਸ01) ਨਾਮ ਦਾ ਸੈਟੇਲਾਈਟ ਹੋਵੇਗਾ ਅਤੇ ਦੂਜਾ ਟਾਰਗੇਟ (ਐੱਸਡੀਐੱਕਸ02) ਨਾਮ ਦਾ ਸੈਟੇਲਾਈਟ ਹੋਵੇਗਾ।

ਇਸ ਮਿਸ਼ਨ ਦਾ ਉਦੇਸ਼ ਸਫ਼ਲ ਡੌਕਿੰਗ, ਡੌਕ ਕੀਤੇ ਗਏ ਪੁਲਾੜ ਯਾਨਾਂ ਵਿੱਚ ਊਰਜਾ ਦੀ ਤਬਦੀਲੀ ਨੂੰ ਪ੍ਰਮਾਣਿਤ ਕਰਨਾ ਅਤੇ ਅਨਡੌਕਿੰਗ ਕਰਨ ਤੋਂ ਬਾਅਦ ਪੇਲੋਡ ਨੂੰ ਸੰਭਾਲਣਾ ਹੈ।

ਸਪੈਡੇਕਸ ਮਿਸ਼ਨ ਦੇ ਤਹਿਤ, ਕਿਸੇ ਪੁਲਾੜ ਯਾਨ ਨੂੰ 'ਡੌਕ' ਅਤੇ 'ਅਨਡੌਕ' ਕਰਨ ਦੀ ਸਮਰੱਥਾ ਦਾ ਪ੍ਰਦਰਸ਼ਨ ਕੀਤਾ ਜਾਵੇਗਾ।

ਇੱਕ ਪੁਲਾੜ ਯਾਨ ਦੇ ਦੂਜੇ ਨਾਲ ਜੁੜਨ ਨੂੰ 'ਡੌਕਿੰਗ' ਕਿਹਾ ਜਾਂਦਾ ਹੈ ਅਤੇ ਪੁਲਾੜ ਵਿੱਚ ਜੁੜੇ ਦੋ ਪੁਲਾੜ ਯਾਨ ਦੇ ਵੱਖ ਹੋਣ ਨੂੰ 'ਅਨਡੌਕਿੰਗ' ਕਹਿੰਦੇ ਹਨ।

ਸਪੇਡੈਕਸ ਮਿਸ਼ਨ ਖ਼ਾਸ ਕਿਉਂ ਹੈ?

ਸਪੈਡੇਕਸ ਮਿਸ਼ਨ ਇੱਕ ਕਫਾਇਤੀ ਤਕਨੀਕ ਦਾ ਪ੍ਰਦਰਸ਼ਨ ਕਰਨ ਵਾਲਾ ਮਿਸ਼ਨ ਹੈ।

ਇਹ ਤਕਨੀਕ ਭਾਰਤ ਦੇ ਪੁਲਾੜ ਨਾਲ ਸਬੰਧਤ ਟੀਚਿਆਂ ਲਈ ਜ਼ਰੂਰੀ ਹੈ। ਇਨ੍ਹਾਂ ਵਿੱਚ ਭਾਰਤੀ ਪੁਲਾੜ ਸਟੇਸ਼ਨ ਦਾ ਨਿਰਮਾਣ ਅਤੇ ਸੰਚਾਲਨ ਤੋਂ ਇਲਾਵਾ ਚੰਦਰਮਾ 'ਤੇ ਭਾਰਤੀ ਪੁਲਾੜ ਯਾਤਰੀਆਂ ਨੂੰ ਭੇਜਣ ਵਰਗੀਆਂ ਯੋਜਨਾਵਾਂ ਸ਼ਾਮਲ ਹਨ।

'ਇਨ-ਸਪੇਸ ਡੌਕਿੰਗ' ਤਕਨਾਲੋਜੀ ਦੀ ਲੋੜ ਉਸ ਵੇਲੇ ਹੁੰਦੀ ਹੈ, ਜਦੋਂ ਇੱਕ ਸਾਂਝੇ ਮਿਸ਼ਨ ਨੂੰ ਪੂਰਾ ਕਰਨ ਲਈ ਕਈ ਰਾਕੇਟਾਂ ਨੂੰ ਲਾਂਚ ਕਰਨ ਦੀ ਲੋੜ ਹੁੰਦੀ ਹੈ।

ਉਦਾਹਰਨ ਲਈ,ਸਪੈਡੇਕਸ ਮਿਸ਼ਨ ਦੇ ਤਹਿਤ ਪੁਲਾੜ ਵਿੱਚ ਭੇਜੇ ਗਏ ਦੋ ਉਪਗ੍ਰਹਾਂ ਵਿੱਚੋਂ, ਇੱਕ ਚੇਜਰ (ਐੱਸਡੀਐਕਸ01) ਅਤੇ ਦੂਜਾ ਇੱਕ ਨਿਸ਼ਾਨਾ (ਐੱਸਡੀਐਕਸ02) ਹੋਵੇਗਾ।

ਇਹ ਦੋਵੇਂ ਤੇਜ਼ ਰਫ਼ਤਾਰ ਨਾਲ ਧਰਤੀ ਦਾ ਚੱਕਰ ਲਗਾਉਣਗੇ।

ਦੋਵਾਂ ਨੂੰ ਇੱਕੋ ਗਤੀ ਨਾਲ ਇੱਕੋ ਆਰਬਿਟ ਵਿੱਚ ਸਥਾਪਿਤ ਕੀਤਾ ਜਾਵੇਗਾ, ਪਰ ਇਹ ਲਗਭਗ 20 ਕਿਲੋਮੀਟਰ ਦੀ ਦੂਰੀ ʼਤੇ ਵੱਖ ਹੋ ਗਏ, ਇਸਨੂੰ 'ਫਾਰ ਰਾਂਦੇਵੂ' ਵੀ ਕਿਹਾ ਜਾਂਦਾ ਹੈ।

ਭਾਰਤ ਲਈ ਮਹੱਤਵਪੂਰਨ ਕਿਉਂ?

ਸਪੈਡੇਕਸ ਮਿਸ਼ਨ ਦੀ ਸਫ਼ਲਤਾ ਤੋਂ ਬਾਅਦ, ਭਾਰਤ ਦੁਨੀਆ ਦਾ ਚੌਥਾ ਦੇਸ਼ ਬਣ ਜਾਵੇਗਾ, ਜਿਸ ਦੇ ਕੋਲ ਸਪੇਸ ਡੌਕਿੰਗ ਤਕਨੀਕ ਹੋਵੇਗੀ।

ਪੁਲਾੜ ਵਿੱਚ ਡੌਕਿੰਗ ਇੱਕ ਗੁੰਝਲਦਾਰ ਕੰਮ ਹੈ।

ਫਿਲਹਾਲ ਸਪੇਸ ਡੌਕਿੰਗ ਤਕਨੀਕ ਦੇ ਮਾਮਲੇ 'ਚ ਸਿਰਫ਼ ਅਮਰੀਕਾ, ਰੂਸ ਅਤੇ ਚੀਨ ਹੀ ਸਮਰੱਥ ਮੰਨੇ ਜਾਂਦੇ ਹਨ।

ਭਾਰਤ ਕੋਲ ਸਪੈਡੇਕਸ ਮਿਸ਼ਨ ਰਾਹੀਂ ਸਪੇਸ ਡੌਕਿੰਗ ਤਕਨਾਲੋਜੀ ਵਿੱਚ ਮੁਹਾਰਤ ਹਾਸਲ ਕਰਨ ਦਾ ਮੌਕਾ ਹੈ।

ਕੇਂਦਰੀ ਵਿਗਿਆਨ ਅਤੇ ਤਕਨਾਲੋਜੀ ਰਾਜ ਮੰਤਰੀ 2 (ਸੁਤੰਤਰ ਚਾਰਜ) ਡਾ. ਜਤਿੰਦਰ ਸਿੰਘ ਨੇ ਕਿਹਾ ਕਿ ਇਹ ਮਿਸ਼ਨ ਸਪੇਸ ਡੌਕਿੰਗ ਵਿੱਚ ਮੁਹਾਰਤ ਹਾਸਲ ਕਰਕੇ ਭਾਰਤ ਨੂੰ ਵਿਸ਼ੇਸ਼ ਦੇਸਾਂ ਦੀ ਸੂਚੀ ਵਿੱਚ ਸ਼ਾਮਲ ਕਰੇਗਾ।

ਉਨ੍ਹਾਂ ਨੇ ਕਿਹਾ ਕਿ ਡੌਕਿੰਗ ਤਕਨੀਕ "ਚੰਦਰਯਾਨ-4" ਜਿਵੇਂ ਲੰਬੇ ਸਮੇਂ ਲਈ ਮਿਸ਼ਨਾਂ ਅਤੇ ਭਵਿੱਖ ਵਿੱਚ ਬਣਨ ਵਾਲੇ ਭਾਰਤੀ ਪੁਲਾੜ ਸਟੇਸ਼ਨ ਲਈ ਮਹੱਤਵਪੂਰਨ ਹੈ। ਜਤਿੰਦਰ ਸਿੰਘ ਨੇ ਵੀ ਇਸ ਨੂੰ "ਗਗਨਯਾਨ" ਮਿਸ਼ਨ ਲਈ ਅਹਿਮ ਦੱਸਿਆ।

ਹੋਰ ਇਸ ਮਿਸ਼ਨ ਵਿੱਚ ਕੀ ਹੋਵੇਗਾ?

ਇਸ ਮਿਸ਼ਨ ਦਾ ਇੱਕ ਉਦੇਸ਼ ਡੌਕ ਕੀਤੇ ਗਏ ਪੁਲਾੜ ਯਾਨ ਵਿਚਾਲੇ ਸ਼ਕਤੀ ਦੇ ਤਬਾਦਲੇ ਦਾ ਪ੍ਰਦਰਸ਼ਨ ਕਰਨਾ ਵੀ ਹੈ, ਜੋ ਭਵਿੱਖ ਵਿੱਚ ਸਪੇਸ ਰੋਬੋਟਿਕਸ ਵਰਗੇ ਪ੍ਰਯੋਗਾਂ ਵਿੱਚ ਅਹਿਮ ਹੋ ਸਕਦਾ ਹੈ।

ਇਸ ਤੋਂ ਇਲਾਵਾ ਪੁਲਾੜ ਯਾਨ ਦਾ ਪੂਰਾ ਅਤੇ ਅਨਡੌਕਿੰਗ ਤੋਂ ਬਾਅਦ ਪੇਲੋਡ ਦਾ ਸੰਚਾਲਨ ਵਰਗੀਆਂ ਗੱਲਾਂ ਵੀ ਇਸ ਮਿਸ਼ਨ ਦੇ ਉਦੇਸ਼ ਦਾ ਹਿੱਸਾ ਹੈ।

ਸਪੈਡੇਕਸ ਪ੍ਰਯੋਗਾਂ ਲਈ ਪੀਐੱਸਐੱਲਵੀ ਦੇ ਚੌਥੇ ਪੜਾਅ ਯਾਨਿ ਪੀਓਈਐੱਮ-4 (ਪੀਐੱਸਐੱਲਵੀ ਔਰਬਿਟਲ ਐਕਸਪੈਰੀਮੈਂਟਲ ਮੋਡੀਊਲ) ਦੀ ਵੀ ਵਰਤੋਂ ਕਰੇਗਾ।

ਇਸ ਪੜਾਅ ਵਿੱਚ ਵਿਦਿਅਕ ਸੰਸਥਾਵਾਂ ਅਤੇ ਸਟਾਰਟਅੱਪਸ ਦੇ 24 ਪੇਲੋਡ ਨੂੰ ਲੈ ਕੇ ਜਾਣ ਦਾ ਕੰਮ ਕਰੇਗਾ।

ਇਸ ਮਿਸ਼ਨ ਤਹਿਤ ਇਸਰੋ 28,800 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਕਰ ਲਗਾ ਰਹੇ ਦੋ ਉੱਪਗ੍ਰਹਿ ਨੂੰ ਡੌਕ ਕਰਨ ਦੀ ਕੋਸ਼ਿਸ਼ ਕਰੇਗਾ। ਇਹ ਇੱਕ ਚੁਣੌਤੀਪੂਰਨ ਕੰਮ ਹੋਵੇਗਾ, ਜਿਸ ਵਿੱਚ ਸਾਵਧਾਨੀ ਦੀ ਲੋੜ ਹੋਵੇਗੀ।

ਚੰਦਰਯਾਨ-4 ਮਿਸ਼ਨ ਕੀ ਹੈ?

ਚੰਦਰਯਾਨ-4 ਮਿਸ਼ਨ ਦੋ ਰਾਕੇਟਾਂ, ਐੱਲਐੱਮਵੀ-3 ਅਤੇ ਪੀਐੱਸਐੱਲਵੀ ਦੀ ਵਰਤੋਂ ਕਰਕੇ ਚੰਦਰਮਾ 'ਤੇ ਵੱਖ-ਵੱਖ ਯੰਤਰਾਂ ਦੇ ਦੋ ਸੈੱਟ ਲਾਂਚ ਕਰੇਗਾ।

ਪੁਲਾੜ ਯਾਨ ਚੰਦਰਮਾ 'ਤੇ ਉਤਰੇਗਾ, ਲੋੜੀਂਦੀ ਮਿੱਟੀ ਅਤੇ ਚੱਟਾਨਾਂ ਦੇ ਨਮੂਨੇ ਇਕੱਠੇ ਕਰੇਗਾ, ਉਨ੍ਹਾਂ ਨੂੰ ਇੱਕ ਬਕਸੇ ਵਿੱਚ ਰੱਖੇਗਾ ਅਤੇ ਫਿਰ ਚੰਦਰਮਾ ਤੋਂ ਦੂਰ ਉੱਡ ਕੇ ਧਰਤੀ 'ਤੇ ਵਾਪਸ ਆ ਜਾਵੇਗਾ।

ਇਨ੍ਹਾਂ ਵਿੱਚੋਂ ਹਰੇਕ ਗਤੀਵਿਧੀ ਨੂੰ ਪੂਰਾ ਕਰਨ ਲਈ ਵੱਖ-ਵੱਖ ਟੂਲ ਤਿਆਰ ਕੀਤੇ ਗਏ ਹਨ। ਸਫ਼ਲ ਹੋਣ ʼਤੇ ਇਹ ਪ੍ਰੋਜੈਕਟ ਭਾਰਤ ਨੂੰ ਪੁਲਾੜ ਖੋਜ ਦੇ ਖੇਤਰ ਵਿੱਚ ਬਹੁਤ ਅੱਗੇ ਲੈ ਜਾਵੇਗਾ।

ਕੇਂਦਰ ਸਰਕਾਰ ਨੇ ਇਸ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ ਇਸ ਲਈ 2014 ਕਰੋੜ ਰੁਪਏ ਦਾ ਬਜਟ ਦਿੱਤਾ ਹੈ।

ਇਸ 2040 ਤੱਕ ਭਾਰਤ ਵੱਲੋਂ ਚੰਦਰਮਾ ʼਤੇ ਮਨੁੱਖ ਨੂੰ ਉਤਾਰਨ ਦੇ ਟੀਚੇ ਦੀ ਦਿਸ਼ਾ ਵਿੱਚ ਅਗਲੇ ਕਦਮ ਦੇ ਰੂਪ ਵਿੱਚ ਦੇਖਿਆ ਜਾ ਰਿਹਾ ਹੈ।

ਇਸ ਬਾਰੇ ਭਾਰਤ ਸਰਕਾਰ ਨੇ ਵਿਗਿਆਨ ਪ੍ਰਸਾਰ ਸੰਗਠਨ ਦੇ ਸੀਨੀਅਰ ਵਿਗਿਆਨਰ ਟੀਵੀ ਵੈਂਕਟੇਸ਼ਵਰਨ ਨੇ ਪਿਛਲੇ ਚੰਦਰਯਾਨ ਮੁਹਿੰਮਾਂ ਦਾ ਹਵਲਾ ਦਿੰਦੇ ਹੋਏ ਬੀਬੀਸੀ ਤਮਿਲ ਨਾਲ ਗੱਲਬਾਤ ਕੀਤੀ ਸੀ।

ਉਨ੍ਹਾਂ ਇਸ ਦੌਰਾਨ ਕਿਹਾ ਸੀ, "ਹੁਣ ਸਾਨੂੰ ਵਿਸਤ੍ਰਿਤ ਅਧਿਐਨ ਦੇ ਅਗਲੇ ਪੜਾਅ ਲਈ ਚੰਦਰਮਾ ਦੀ ਮਿੱਟੀ ਅਤੇ ਚੱਟਾਨਾਂ ਦੇ ਨਮੂਨੇ ਇਕੱਠੇ ਕਰਾਂਗੇ।"

ਟੀਵੀ ਵੈਂਕਟੇਸ਼ਵਰਨ ਨੇ ਕਿਹਾ ਸੀ ਕਿ ਚੰਦਰਮਾ ਦੀ ਸਤ੍ਹਾ ਦੇ ਨਮੂਨੇ ਇਕੱਠੇ ਕਰਨਾ ਭਾਰਤ ਲਈ ਬਹੁਤ ਮਹੱਤਵਪੂਰਨ ਹੈ।

ਉਨ੍ਹਾਂ ਕਿਹਾ, "ਅੰਤਰਰਾਸ਼ਟਰੀ ਪੱਧਰ 'ਤੇ ਸਾਲ 1967 ਤੋਂ ਲਾਗੂ ਚੰਦਰਮਾ ਸੰਧੀ ਅਨੁਸਾਰ, ਕੋਈ ਵੀ ਦੇਸ਼ ਚੰਦਰਮਾ ਦੀ ਮਲਕੀਅਤ ਦਾ ਦਾਅਵਾ ਨਹੀਂ ਕਰ ਸਕਦਾ। ਉਸ ਸੰਧੀ ਅਨੁਸਾਰ ਚੰਦਰਮਾ ਤੋਂ ਲਿਆਂਦੇ ਗਏ ਨਮੂਨੇ ਉਨ੍ਹਾਂ ਦੇਸ਼ਾਂ ਵਿਚਾਲੇ ਸਾਂਝੇ ਕੀਤੇ ਜਾਣੇ ਚਾਹੀਦੇ ਹਨ ਜੋ ਨਮੂਨੇ ਦਾ ਵਿਸ਼ਲੇਸ਼ਣ ਕਰਨ ਵਿੱਚ ਸਮਰੱਥ ਹੈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)