ਹਾਕੀ ਕੋਚ ਬਲਦੇਵ ਸਿੰਘ, ਸਾਬਕਾ ਡੀਆਈਜੀ ਇੰਦਰਜੀਤ ਸਿੱਧੂ ਤੇ ਸੰਤ ਨਿਰੰਜਨ ਦਾਸ ਨੂੰ ਕਿਸ ਉਪਲਬਧੀ ਲਈ ਮਿਲਣਗੇ ਪਦਮ ਪੁਰਸਕਾਰ

ਤਸਵੀਰ ਸਰੋਤ, @AshwaniSBJP/getty images
- ਲੇਖਕ, ਹਰਮਨਦੀਪ ਸਿੰਘ
- ਰੋਲ, ਬੀਬੀਸੀ ਪੱਤਰਕਾਰ
ਕੇਂਦਰੀ ਗ੍ਰਹਿ ਮੰਤਰਾਲੇ ਨੇ ਸਾਲ 2026 ਲਈ 131 ਪਦਮ ਪੁਰਸਕਾਰਾਂ ਦਾ ਐਲਾਨ ਕੀਤਾ ਹੈ। ਇਨ੍ਹਾਂ 'ਚ ਪੰਜ ਪਦਮ ਵਿਭੂਸ਼ਣ, 13 ਪਦਮ ਭੂਸ਼ਣ ਅਤੇ 113 ਪਦਮ ਸ੍ਰੀ ਸ਼ਾਮਲ ਹਨ।
ਇਨ੍ਹਾਂ ਵਿੱਚ ਪੰਜ ਸ਼ਖ਼ਸੀਅਤਾਂ ਪੰਜਾਬ ਅਤੇ ਚੰਡੀਗੜ੍ਹ ਨਾਲ ਸਬੰਧਤ ਹਨ। ਇਹ ਪੰਜ ਸ਼ਖ਼ਸੀਅਤਾਂ ਮਰਹੂਮ ਅਦਾਕਾਰ ਧਰਮਿੰਦਰ, ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ, ਸੰਤ ਨਿਰੰਜਨ ਦਾਸ, ਹਾਕੀ ਕੋਚ ਬਲਦੇਵ ਸਿੰਘ, ਸਾਬਕਾ ਡੀਆਈਜੀ ਇੰਦਰਜੀਤ ਸਿੰਘ ਸਿੱਧੂ ਹਨ।
ਮਰਹੂਮ ਅਦਾਕਾਰ ਧਰਮਿੰਦਰ ਨੂੰ ਪਦਮ ਵਿਭੂਸ਼ਣ ਜਦਕਿ ਹਰਮਨਪ੍ਰੀਤ ਕੌਰ, ਸੰਤ ਨਿਰੰਜਨ ਦਾਸ, ਕੋਚ ਬਲਦੇਵ ਸਿੰਘ, ਸਾਬਕਾ ਡੀਆਈਜੀ ਇੰਦਰਜੀਤ ਸਿੰਘ ਸਿੱਧੂ ਨੂੰ ਪਦਮ ਸ਼੍ਰੀ ਦਿੱਤਾ ਜਾਵੇਗਾ।
ਪਦਮ ਪੁਰਸਕਾਰ ਭਾਰਤ ਦੇ ਰਾਸ਼ਟਰਪਤੀ ਵੱਲੋਂ ਰਸਮੀ ਸਮਾਗਮਾਂ ਵਿੱਚ ਦਿੱਤੇ ਜਾਂਦੇ ਹਨ ਜੋ ਆਮ ਤੌਰ 'ਤੇ ਹਰ ਸਾਲ ਮਾਰਚ/ਅਪ੍ਰੈਲ ਦੇ ਆਸਪਾਸ ਰਾਸ਼ਟਰਪਤੀ ਭਵਨ ਵਿੱਚ ਹੁੰਦੇ ਹਨ।
ਪੁਰਸਕਾਰ ਹਾਸਲ ਕਰਨ ਵਾਲਿਆਂ ਵਿੱਚੋਂ 19 ਔਰਤਾਂ ਹਨ, 6 ਵਿਅਕਤੀ ਵਿਦੇਸ਼ੀ, ਐੱਨਆਰਆਈ, ਪੀਆਈਓ, ਓਸੀਆਈ ਦੀ ਸ਼੍ਰੇਣੀ ਦੇ ਹਨ। 16 ਸ਼ਖਸੀਅਤਾਂ ਨੂੰ ਮਰਨ ਉਪਰੰਤ ਪੁਰਸਕਾਰ ਦਿੱਤਾ ਜਾ ਰਿਹਾ ਹੈ।

ਤਸਵੀਰ ਸਰੋਤ, padmaawards.gov.in
ਪਦਮ ਪੁਰਸਕਾਰ ਕਿਹੜੇ-ਕਿਹੜੇ ਹਨ ਤੇ ਕਿਸ ਨੂੰ ਦਿੱਤੇ ਜਾਂਦੇ ਹਨ
ਗ੍ਰਹਿ ਵਿਭਾਗ ਦੀ ਪ੍ਰੈੱਸ ਰਿਲੀਜ਼ ਮੁਤਾਬਕ ਪਦਮ ਪੁਰਸਕਾਰ, ਦੇਸ਼ ਦੇ ਸਰਬਉੱਚ ਨਾਗਰਿਕ ਪੁਰਸਕਾਰਾਂ ਵਿੱਚੋਂ ਇੱਕ ਹਨ ਅਤੇ ਇਹ ਤਿੰਨ ਸ਼੍ਰੇਣੀਆਂ ਵਿੱਚ ਦਿੱਤੇ ਜਾਂਦੇ ਹਨ। ਇਹ ਤਿੰਨ ਸ਼੍ਰੇਣੀਆਂ ਹਨ ਪਦਮ ਵਿਭੂਸ਼ਣ, ਪਦਮ ਭੂਸ਼ਣ ਅਤੇ ਪਦਮ ਸ਼੍ਰੀ।
ਇਹ ਪੁਰਸਕਾਰ ਵੱਖ-ਵੱਖ ਵਿਸ਼ਿਆਂ ਅਤੇ ਸਰਗਰਮੀਆਂ ਦੇ ਖੇਤਰਾਂ ਵਿੱਚ ਦਿੱਤੇ ਜਾਂਦੇ ਹਨ, ਜਿਵੇਂ ਕਿ ਕਲਾ, ਸਮਾਜਿਕ ਕਾਰਜ, ਜਨਤਕ ਮਾਮਲੇ, ਵਿਗਿਆਨ, ਇੰਜੀਨੀਅਰਿੰਗ, ਵਪਾਰ ਅਤੇ ਉਦਯੋਗ, ਦਵਾਈ, ਸਾਹਿਤ, ਸਿੱਖਿਆ, ਖੇਡਾਂ, ਸਿਵਲ ਸੇਵਾ, ਆਦਿ।
'ਪਦਮ ਵਿਭੂਸ਼ਣ' ਨੂੰ ਅਸਾਧਾਰਨ ਅਤੇ ਵਿਲੱਖਣ ਸੇਵਾ, 'ਪਦਮ ਭੂਸ਼ਣ' ਉੱਚ ਪੱਧਰੀ ਵਿਲੱਖਣ ਸੇਵਾ ਅਤੇ 'ਪਦਮ ਸ਼੍ਰੀ' ਕਿਸੇ ਵੀ ਖੇਤਰ ਵਿੱਚ ਵਿਲੱਖਣ ਸੇਵਾ ਲਈ ਦਿੱਤਾ ਜਾਂਦਾ ਹੈ।
ਇਨ੍ਹਾਂ ਪੁਰਸਕਾਰਾਂ ਦਾ ਐਲਾਨ ਹਰ ਸਾਲ ਗਣਤੰਤਰ ਦਿਵਸ ਦੇ ਮੌਕੇ 'ਤੇ ਕੀਤਾ ਜਾਂਦਾ ਹੈ।

ਤਸਵੀਰ ਸਰੋਤ, Getty Images
ਧਰਮਿੰਦਰ ਸਿੰਘ ਦਿਓਲ
ਧਰਮਿੰਦਰ ਸਿੰਘ ਦਿਓਲ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਨਸਰਾਲੀ ਦੇ ਜੰਮਪਲ ਹਨ। ਉਨ੍ਹਾਂ ਦਾ ਜਨਮ 8 ਦਸੰਬਰ 1935 ਨੂੰ ਇੱਕ ਜੱਟ ਪਰਿਵਾਰ ਵਿੱਚ ਹੋਇਆ ਸੀ।
ਉਨ੍ਹਾਂ ਦਾ ਬਚਪਨ ਪਿੰਡ ਸਾਹਨੇਵਾਲ ਵਿੱਚ ਬੀਤਿਆ ਸੀ। ਉਨ੍ਹਾਂ ਨੇ ਫਗਵਾੜਾ ਦੇ ਇੱਕ ਕਾਲਜ ਤੋਂ ਪੜ੍ਹਾਈ ਪੂਰੀ ਕੀਤੀ ਸੀ।
ਉਹ ਹਿੰਦੀ ਸਿਨੇਮਾ ਵਿੱਚ ਐਕਸ਼ਨ ਹੀਰੋ ਅਤੇ 'ਹੀ ਮੈਨ' ਵਜੋਂ ਮਸ਼ਹੂਰ ਸੀ। 89 ਸਾਲ ਦੀ ਉਮਰ ਵਿੱਚ ਬੀਤੇ ਵਰ੍ਹੇ ਉਨ੍ਹਾਂ ਦਾ ਦੇਹਾਂਤ ਹੋ ਗਿਆ ਸੀ।
ਫਿਲਮੀ ਪਰਦੇ 'ਤੇ ਐਕਸ਼ਨ ਇਮੇਜ ਵਾਲੇ ਧਰਮਿੰਦਰ ਸ਼ਾਇਰੀ ਮਿਜਾਜ਼ ਦੇ ਮਾਲਕ ਸਨ। ਉਨ੍ਹਾਂ ਨੇ ਆਪਣੇ ਜੱਦੀ ਪਿੰਡ ਨਸਰਾਲੀ ਤੋਂ ਮੁੰਬਈ ਤੱਕ ਦਾ ਅਨੋਖਾ ਸਫ਼ਰ ਤੈਅ ਕੀਤਾ ਸੀ।
ਆਪਣੇ ਸਮੇਂ 'ਚ ਧਰਮਿੰਦਰ ਨੂੰ ਦੁਨੀਆ ਦੇ ਸਭ ਤੋਂ ਸੋਹਣੇ ਮਰਦਾਂ ਦੀ ਸੂਚੀ 'ਚ ਸ਼ਾਮਲ ਕੀਤਾ ਗਿਆ ਸੀ।

ਤਸਵੀਰ ਸਰੋਤ, Getty Images
ਹਰਮਨਪ੍ਰੀਤ ਕੌਰ
ਉਹ ਭਾਰਤ ਦੀ ਪਹਿਲੀ ਮਹਿਲਾ ਕਪਤਾਨ ਹੈ ਜਿਸਦੀ ਅਗਵਾਈ ਵਿੱਚ ਭਾਰਤ ਨੇ ਪਿਛਲੇ ਸਾਲ ਵਿਸ਼ਵ ਕੱਪ ਜਿੱਤਿਆ ਸੀ।
ਉਨ੍ਹਾਂ ਨੇ ਸਾਲ 2009 ਵਿੱਚ ਆਪਣੇ ਅੰਤਰਰਾਸ਼ਟਰੀ ਕ੍ਰਿਕਟ ਕਰੀਅਰ ਦੀ ਸ਼ੁਰੂਆਤ ਕੀਤੀ ਸੀ
ਉਹ ਕ੍ਰਿਕਟ ਵਿੱਚ ਭਾਰਤ ਦੀਆਂ ਸਭ ਤੋਂ ਸਭ ਤੋਂ ਪ੍ਰਭਾਵਸ਼ਾਲੀ ਮਹਿਲਾ ਕ੍ਰਿਕਟਰਾਂ ਵਿੱਚ ਸ਼ੁਮਾਰ ਹੈ।
ਹਰਮਨਪ੍ਰੀਤ ਤਾਬੜਤੋੜ ਬੱਲੇਬਾਜ਼ੀ ਅਤੇ ਲੀਡਰਸ਼ਿਪ ਗੁਣਾਂ ਲਈ ਜਾਣੀ ਜਾਂਦੀ ਹੈ। ਸਾਲ 2016 ਵਿੱਚ ਹਰਮਨਪ੍ਰੀਤ ਕੌਰ ਦੀ ਅਗਵਾਈ ਵਿੱਚ ਭਾਰਤ ਦੀ ਮਹਿਲਾ ਟੀਮ ਨੇ ਟੀ-20 ਏਸ਼ੀਆ ਕੱਪ ਜਿੱਤਿਆ ਸੀ।
2017 ਦੀ ਵਿਸ਼ਵ ਕੱਪ ਦੇ ਸੈਮੀਫਾਈਨਲ ਵਿੱਚ ਹਰਮਨਪ੍ਰੀਤ ਦੀ ਅਸਟ੍ਰੇਲੀਆ ਖ਼ਿਲਾਫ਼ 115 ਗੇਂਦਾਂ ਉੱਤੇ 171 ਸਰੋਤਾਂ ਦੀ ਪਾਰੀ ਇਤਿਹਾਸ ਦੀ ਸਰਬਉੱਤਮ ਪਾਰੀਆਂ ਵਿੱਚ ਸ਼ੁਮਾਰ ਹੈ।

ਤਸਵੀਰ ਸਰੋਤ, @thevijaysampla/X
ਸੰਤ ਨਿਰੰਜਨ ਦਾਸ
ਸੰਤ ਨਿਰੰਜਨ ਦਾਸ ਜਲੰਧਰ ਦੇ ਡੇਰਾ ਸੱਚਖੰਡ ਬੱਲਾਂ ਦੇ ਮੁਖੀ ਹਨ। ਦਲਿਤ ਭਾਈਚਾਰੇ ਦੇ ਅਧਿਆਤਮਿਕ ਅਤੇ ਸਮਾਜਿਕ ਵਿਕਾਸ ਵਾਸਤੇ ਉਨ੍ਹਾਂ ਅਹਿਮ ਯੋਗਦਾਨ ਦਿੱਤਾ ਹੈ।
ਉਨ੍ਹਾਂ ਨੇ ਸਰਵਨ ਦਾਸ ਚੈਰੀਟੇਬਲ ਆਈ ਹਸਪਤਾਲ ਅਤੇ ਸਰਵਨ ਦਾਸ ਮਾਡਲ ਸਕੂਲ ਦੀ ਸਥਾਪਨਾ ਕੀਤੀ।
ਉਨ੍ਹਾਂ ਦੇ ਬੇਗ਼ਮਪੁਰਾ ('ਦੁੱਖ ਰਹਿਤ ਧਰਤੀ') ਦੇ ਆਦਰਸ਼ ਨੂੰ ਉਤਸ਼ਾਹਿਤ ਕਰਨ ਦੇ ਵਿਚਾਰ ਦੀ ਦੇਸ਼ ਵਿੱਚ ਸ਼ਲਾਘਾ ਕੀਤੀ ਗਈ ਹੈ।
ਬੇਗ਼ਮਪੁਰਾ ਇੱਕ ਅਜਿਹਾ ਦ੍ਰਿਸ਼ਟੀਕੋਣ ਹੈ, ਜਿੱਥੇ ਸਾਰੇ ਲੋਕ ਡਰ ਅਤੇ ਗਰੀਬੀ ਤੋਂ ਮੁਕਤ ਰਹਿਣ।
ਰਵੀਦਾਸੀਆ ਭਾਈਚਾਰੇ ਵਿੱਚ ਡੇਰਾ ਸੱਚਖੰਡ ਬੱਲਾ ਦੇ ਪੈਰੋਕਾਰ ਵੱਡੀ ਗਿਣਤੀ ਵਿੱਚ ਹਨ।
ਸਾਬਕਾ ਡੀਆਈਜੀ ਇੰਦਰਜੀਤ ਸਿੰਘ ਸਿੱਧੂ
88 ਸਾਲਾ ਸਿੱਧੂ 1996 ਵਿੱਚ ਪੰਜਾਬ ਪੁਲਿਸ ਤੋਂ ਡਿਪਟੀ ਇੰਸਪੈਕਟਰ ਜਨਰਲ (ਡੀਆਈਜੀ) ਵਜੋਂ ਸੇਵਾਮੁਕਤ ਹੋਏ ਸਨ।
ਪਿਛਲੇ ਕਈ ਸਾਲਾਂ ਤੋਂ ਉਹ ਰੋਜ਼ਾਨਾ ਚੰਡੀਗੜ੍ਹ ਦੀਆਂ ਗਲੀਆਂ ਦੀ ਖ਼ੁਦ ਸਾਫ ਸਫਾਈ ਕਰ ਰਹੇ ਹਨ।
ਉਹ ਕੂੜੇ ਨੂੰ ਖ਼ੁਦ ਰੇਹੜੀ ਉੱਤੇ ਚੁੱਕ ਕੇ ਨਿਪਟਾਰੇ ਵਾਲੀ ਜਗ੍ਹਾ ਉੱਤੇ ਪਹੁੰਚਾਉਂਦੇ ਹਨ। ਇਸ ਪਹਿਲ ਲਈ ਕੌਮੀ ਪੱਧਰ ਉੱਤੇ ਉਨ੍ਹਾਂ ਦੀ ਪ੍ਰਸ਼ੰਸਾ ਹੋਈ ਹੈ।
ਬਲਦੇਵ ਸਿੰਘ

ਤਸਵੀਰ ਸਰੋਤ, Getty Images
ਦਰੋਣਾਚਾਰੀਆ ਪੁਰਸਕਾਰ ਜੇਤੂ ਬਲਦੇਵ ਸਿੰਘ ਨੇ ਮਹਿਲਾ ਹਾਕੀ ਦੀ ਦਸ਼ਾ ਅਤੇ ਦਿਸ਼ਾ ਬਦਲੀ ਹੈ।
ਕੋਚ ਬਲਦੇਵ ਆਪਣੀ ਦੂਰਦਰਸ਼ੀ ਸੋਚ ਅਤੇ ਮਹਿਲਾ ਹਾਕੀ ਦੀ ਰੀੜ੍ਹ ਦੀ ਹੱਡੀ ਨੂੰ ਮਜ਼ਬੂਤ ਕਰਨ ਲਈ ਜਾਣੇ ਜਾਂਦੇ ਹਨ। ਉਨ੍ਹਾਂ ਨੇ ਕਈ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਪੱਧਰ ਦੇ ਖਿਡਾਰੀ ਤਿਆਰ ਕੀਤੇ ਹਨ।
ਬਲਦੇਵ ਸਿੰਘ ਨੇ ਲੰਬਾ ਸਮਾਂ ਸ਼ਾਹਬਾਦ ਵਿੱਚ ਮਹਿਲਾ ਖਿਡਾਰੀਆਂ ਨੂੰ ਕੋਚਿੰਗ ਦਿੱਤੀ। ਇਹ ਅਕੈਡਮੀ ਮਹਿਲਾ ਹਾਕੀ ਨਰਸਰੀ ਵਜੋਂ ਮਸ਼ਹੂਰ ਹੈ।
ਇੱਕ ਸਮਾਂ ਅਜਿਹਾ ਸੀ ਜਦੋਂ ਭਾਰਤੀ ਮਹਿਲਾ ਹਾਕੀ ਟੀਮ ਵਿੱਚ ਬਹੁਤੀਆਂ ਖਿਡਾਰਨਾਂ ਅਜਿਹੀਆਂ ਸਨ ਜਿਨ੍ਹਾਂ ਨੇ ਬਲਦੇਵ ਸਿੰਘ ਤੋਂ ਸਿਖਲਾਈ ਲਈ ਸੀ। ਇਨ੍ਹਾਂ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਦੀ ਸਾਬਕਾ ਕਪਤਾਨ ਰਾਣੀ ਰਾਮਪਾਲ, ਸੰਦੀਪ ਕੌਰ, ਨਵਜੋਤ ਕੌਰ ਸ਼ਾਮਲ ਸਨ।
ਸ਼ਾਹਬਾਦ ਵਾਸੀ ਭਾਰਤੀ ਹਾਕੀ ਟੀਮ ਦੀ ਮੌਜੂਦਾ ਉਪਕਪਤਾਨ ਨਵਨੀਤ ਕੌਰ ਵੀ ਬਲਦੇਵ ਸਿੰਘ ਤੋਂ ਸਿਖਲਾਈ ਲੈਂਦੇ ਰਹੇ ਹਨ।
ਭਾਰਤੀ ਪੁਰਸ਼ ਹਾਕੀ ਟੀਮ ਦੇ ਸਾਬਕਾ ਕਪਤਾਨ ਸੰਦੀਪ ਸਿੰਘ ਤੇ ਸਰਦਾਰ ਸਿੰਘ ਵੀ ਬਲਦੇਵ ਸਿੰਘ ਤੋਂ ਕੋਚਿੰਗ ਲੈਂਦੇ ਰਹੇ ਹਨ। ਉਨ੍ਹਾਂ ਵੱਲੋਂ ਦਿੱਤੀ ਕੋਚਿੰਗ ਦੇ ਸਦਕਾ ਸਾਲ 2009 ਵਿੱਚ ਉਨ੍ਹਾਂ ਨੂੰ ਦਰੋਣਾਚਾਰੀਆ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।
ਬਲਦੇਵ ਸਿੰਘ ਪੰਜਾਬ ਦੇ ਫਤਿਹਗੜ੍ਹ ਸਾਹਿਬ ਵਿੱਚ ਵੀ ਕੁੜੀਆਂ ਨੂੰ ਕੋਚਿੰਗ ਦਿੰਦੇ ਰਹੇ ਸਨ।
ਬਲਦੇਵ ਸਿੰਘ ਦੀ ਅਗਵਾਈ ਵਿੱਚ ਉਨ੍ਹਾਂ ਵੱਲੋਂ ਸਿਖਲਾਈ ਲੈਣ ਵਾਲੀ ਕੁੜੀਆਂ ਦੀ ਟੀਮ ਨੇ ਕਈ ਵਾਰ ਦਿੱਲੀ ਵਿੱਚ ਹਰ ਸਾਲ ਹੋਣ ਵਾਲਾ ਨਹਿਰੂ ਹਾਕੀ ਕੱਪ ਵੀ ਜਿੱਤਿਆ ਸੀ। ਬਲਦੇਵ ਸਿੰਘ ਅੱਜ ਕੱਲ੍ਹ ਲੁਧਿਆਣਾ ਵਿੱਚ ਰਹਿੰਦੇ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












