ਹਰਜਿੰਦਰ ਸਿੰਘ ਧਾਮੀ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਅਹੁਦੇ ਤੋਂ ਦਿੱਤਾ ਅਸਤੀਫ਼ਾ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਹ ਲਗਾਤਾਰ ਚੌਥੀ ਵਾਰ ਇਹ ਅਹੁਦੇ ਉੱਤੇ ਸੇਵਾ ਕਰ ਰਹੇ ਸਨ।

ਹਰਜਿੰਦਰ ਸਿੰਘ ਧਾਮੀ ਨੇ ਅਕਾਲ ਤਖ਼ਤ ਨੂੰ ਅਪੀਲ ਕੀਤੀ ਹੈ ਕਿ ਅਕਾਲੀ ਦਲ ਦੀ ਭਰਤੀ ਕਰਵਾਉਣ ਲਈ ਬਣਾਈ ਗਈ 7 ਮੈਂਬਰੀ ਕਮੇਟੀ ਦੇ ਮੁਖੀ ਦੇ ਅਹੁਦੇ ਤੋਂ ਉਨ੍ਹਾਂ ਨੂੰ ਫਾਰਗ ਕੀਤਾ ਜਾਵੇ।

ਲਗਾਤਾਰ ਚੌਥੀ ਵਾਰ ਪ੍ਰਧਾਨ ਵਜੋਂ ਸੇਵਾ ਕਰ ਰਹੇ ਧਾਮੀ ਨੇ ਇਹ ਐਲਾਨ ਅੰਮ੍ਰਿਤਸਰ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਕੀਤਾ ਹੈ।

ਹਰਜਿੰਦਰ ਸਿੰਘ ਧਾਮੀ ਦਾ ਇਹ ਅਸਤੀਫਾ ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਅਸਤੀਫੇ ਤੋਂ ਕੁਝ ਦਿਨ ਬਾਅਦ ਦਿੱਤਾ ਗਿਆ ਹੈ।

ਆਪਣੇ ਅਸਤੀਫੇ ਦਾ ਐਲਾਨ ਕਰਦਿਆਂ ਧਾਮੀ ਨੇ ਕਿਹਾ, ''ਗਿਆਨੀ ਹਰਪ੍ਰੀਤ ਸਿੰਘ ਦੇ ਅਸਤੀਫੇ ਬਾਰੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸੋਸ਼ਲ ਮੀਡੀਆ ਪੋਸਟ ਪਾਕੇ ਨਿੰਦਾ ਕੀਤੀ। ਜਿਸ ਦੀ ਮੈਂ ਨੈਤਿਕ ਤੌਰ ਉੱਤੇ ਜਿੰਮੇਵਾਰੀ ਲੈਂਦਾ ਹਾਂ। ਭਾਵੇਂ ਕਿ ਇਹ ਫੈਸਲਾ ਕਾਰਜਕਾਰਨੀ ਦੇ 14 ਮੈਂਬਰਾਂ ਨਾਲ ਚਰਚਾ ਤੋਂ ਬਾਅਦ ਲਿਆ ਗਿਆ ਸੀ।''

ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਸੀ, ''ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀਆਂ ਜਿਵੇਂ ਸੇਵਾਵਾਂ ਖ਼ਤਮ ਕੀਤੀਆਂ ਗਈਆਂ ਹਨ, ਉਹ ਬੇਹੱਦ ਮੰਦਭਾਗਾ ਤੇ ਨਿੰਦਣਯੋਗ ਹੈ। ਜਥੇਦਾਰ ਖਿਲਾਫ਼ ਜਾਂਚ ਕਰਨ ਦਾ ਅਧਿਕਾਰ ਸਿਰਫ਼ ਅਕਾਲ ਤਖ਼ਤ ਨੂੰ ਹੀ ਹੈ। ਉਹ ਵਾਪਰੇ ਘਟਨਾਕ੍ਰਮ ਤੋਂ ਬੇਹੱਦ ਦੁਖੀ ਹਨ।''

ਗਿਆਨੀ ਹਰਪ੍ਰੀਤ ਸਿੰਘ ਦਾ ਕੀ ਮਸਲਾ ਸੀ

ਗਿਆਨੀ ਹਰਪ੍ਰੀਤ ਸਿੰਘ 17 ਅਕਤੂਬਰ 2024 ਤੱਕ ਸਿੱਖਾਂ ਦੀ ਸਿਰਮੌਰ ਸੰਸਥਾ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਨ। ਪਰ ਵਿਰਸਾ ਸਿੰਘ ਵਲਟੋਹਾ ਸਣੇ ਕਈ ਅਕਾਲੀ ਆਗੂ ਉਨ੍ਹਾਂ ਉੱਤੇ ਨਿੱਜੀ ਅਤੇ ਸਿੱਖੀ ਸਿਧਾਂਤਾਂ ਖਿਲਾਫ਼ ਕੰਮ ਕਰਨ ਦੇ ਇਲਜਾਮ ਲਾਉਂਦੇ ਸਨ।

ਜਿਸ ਨੂੰ ਆਪਣੇ ਖਿਲਾਫ਼ ਸਾਜਿਸ਼ ਦੱਸਦਿਆਂ ਹਰਪ੍ਰੀਤ ਸਿੰਘ ਨੇ ਅਕਾਲ ਤਖ਼ਤ ਦੇ ਜਥੇਦਾਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਹਰਪ੍ਰੀਤ ਸਿੰਘ ਨੇ ਬਕਾਇਦਾ ਪ੍ਰੈਸ ਕਾਨਫਰੰਸ ਕਰ ਕੇ ਉਨ੍ਹਾਂ ਦੀ ਕਿਰਦਾਰਕੁਸ਼ੀ ਕੀਤੇ ਜਾਣ ਉੱਤੇ ਦੁੱਖ ਪ੍ਰਗਟਾਇਆ ਸੀ।

ਪਰ ਉਨ੍ਹਾਂ ਵਲੋਂ ਅਹੁਦੇ ਛੱਡੇ ਜਾਣ ਤੋਂ ਬਾਅਦ ਵੀ ਇਹ ਹਾਲਾਤ ਜਾਰੀ ਰਹੇ। ਵਿਰਸਾ ਸਿੰਘ ਵਲਟੋਹਾ ਦੀ ਅਕਾਲ ਤਖ਼ਤ ਉੱਤੇ ਜਵਾਬਤਲਬੀ ਦੇ ਐਡਿਟਿਡ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਕੀਤੇ ਗਏ। ਜਿਸ ਤੋਂ ਇੰਝ ਪ੍ਰਭਾਵ ਜਾਂਦਾ ਸੀ ਕਿ ਹਰਪ੍ਰੀਤ ਸਿੰਘ ਨੇ ਕੋਈ ਵੱਡਾ ਗੁਨਾਹ ਕੀਤਾ ਹੋਵੇ।

ਹਰਪ੍ਰੀਤ ਸਿੰਘ ਖਿਲਾਫ਼ ਸ਼੍ਰੋਮਣੀ ਕਮੇਟੀ ਨੇ ਤਿੰਨ ਮੈਂਬਰੀ ਕਮੇਟੀ ਦਾ ਗਠਨ ਕਰਕੇ ਉਨ੍ਹਾਂ ਦੀਆਂ ਸੇਵਾਵਾਂ ਉੱਤੇ ਰੋਕ ਲਾ ਦਿੱਤੀ ਸੀ। ਕਮੇਟੀ ਨੇ ਨਿੱਜੀ ਅਤੇ ਕੁਝ ਘਟਨਾਵਾਂ ਦਾ ਵੇਰਵਾ ਦੇ ਕੇ ਹਰਪ੍ਰੀਤ ਸਿੰਘ ਨੂੰ ਦੋਸ਼ੀ ਐਲਾਨ ਦਿੱਤਾ। ਜਿਸ ਦੇ ਅਧਾਰ ਉੱਤੇ ਸ਼੍ਰੋਮਣੀ ਕਮੇਟੀ ਨੇ ਉਨ੍ਹਾਂ ਦੀਆਂ ਸੇਵਾਵਾਂ ਰੱਦ ਕਰ ਦਿੱਤੀਆਂ ਸਨ।

ਇਹ ਸਾਰਾ ਕੁਝ ਹਰਜਿੰਦਰ ਸਿੰਘ ਧਾਮੀ ਦੇ ਪ੍ਰਧਾਨ ਰਹਿੰਦਿਆਂ ਹੀ ਹੋਇਆ ਸੀ। ਅਕਾਲੀ ਦਲ ਦੀ ਭਰਤੀ ਲਈ ਅਕਾਲ ਤਖ਼ਤ ਵਲੋਂ ਗਠਿਤ 7 ਮੈਂਬਰੀ ਕਮੇਟੀ ਵੀ ਆਪਣਾ ਕੰਮ ਨਹੀਂ ਕਰ ਪਾ ਰਹੀ ਸੀ।

ਜਾਣਕਾਰ ਮੰਨ ਰਹੇ ਸਨ ਕਿ ਹਰਜਿੰਦਰ ਸਿੰਘ ਧਾਮੀ ਪਿਛਲੇ ਸਮੇਂ ਤੋਂ ਕਾਫੀ ਦਬਾਅ ਹੇਠ ਸਨ। ਜਿਸ ਕਾਰਨ ਉਨ੍ਹਾਂ ਨੂੰ ਅਸਤੀਫਾ ਦੇਣ ਲਈ ਮਜਬੂਰ ਹੋਣਾ ਪਿਆ ਹੈ।

ਹਰਪ੍ਰੀਤ ਸਿੰਘ ਦਾ ਪ੍ਰਤੀਕਰਮ

ਹਰਪ੍ਰੀਤ ਸਿੰਘ ਨੂੰ ਅਹੁਦੇ ਤੋਂ ਹਟਾਏ ਜਾਣ ਦੀ ਅਕਾਲ ਤਖ਼ਤ ਜਥੇਦਾਰ ਵਲੋਂ ਨਿੰਦਾ ਕੀਤੇ ਜਾਣ ਤੋਂ ਬਾਅਦ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਹੈ ਕਿ ਉਹ ਅਕਾਲ ਤਖ਼ਤ ਦੇ ਜਥੇਦਾਰ ਦੇ ਸਤਿਕਾਰ ਵਜੋਂ ਆਪਣਾ ਅਸਤੀਫ਼ਾ ਦੇ ਰਹੇ ਹਨ।

ਉਨ੍ਹਾਂ ਨੇ ਆਪਣਾ ਅਸਤੀਫ਼ਾ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਕਮੇਟੀ ਨੂੰ ਸੌਂਪ ਦਿੱਤਾ ਹੈ।

ਆਪਣੇ ਅਸਤੀਫ਼ੇ ਤੋਂ ਬਾਅਦ ਉਹ ਅਕਾਲ ਤਖ਼ਤ ਸਕੱਤਰੇਤ ਵਿੱਚ ਜਥੇਦਾਰ ਰਘਬੀਰ ਸਿੰਘ ਨੂੰ ਮਿਲਣ ਵੀ ਗਏ।

ਇਸੇ ਦੌਰਾਨ ਹਰਪ੍ਰੀਤ ਸਿੰਘ ਨੇ ਬਿਆਨ ਜਾਰੀ ਕਰਕੇ ਹਰਜਿੰਦਰ ਸਿੰਘ ਧਾਮੀ ਦੇ ਅਸਤੀਫੇ ਉੱਤੇ ਦੁੱਖ ਜਾਹਰ ਕੀਤਾ ਹੈ।

ਉਨ੍ਹਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਵਿਚ ਪੰਥਕ ਪ੍ਰੰਪਰਾਵਾਂ ਤੇ ਮਰਿਆਦਾ ਦੀ ਜਾਣਕਾਰੀ ਤੋਂ ਸੱਖਣੇ, ਪੰਜ ਸੱਤ ਕੁ ਆਗੂਆਂ ਵਲੌਂ ਅਪਣੀਆਂ ਨਿੱਜੀ ਲਾਲਸਾਵਾਂ ਦੀ ਪੂਰਤੀ ਹਿੱਤ, ਇੱਕ ਵਿਅਕਤੀ ਵਿਸ਼ੇਸ਼ ਦੀ ਰਾਜਨੀਤੀ ਨੂੰ ਜਿੰਦਾ ਰੱਖਣ ਲਈ, ਪੰਥਕ ਸੰਸਥਾਵਾਂ ਨੂੰ ਪੇਤਲਾ ਕੀਤਾ ਜਾ ਰਿਹਾ ਹੈ।

ਗਿਆਨੀ ਹਰਪ੍ਰੀਤ ਸਿੰਘ ਨੇ ਅੱਗੇ ਕਿਹਾ, ''ਪੰਥਕ ਸੋਚ ਦੀ ਤਰਜਮਾਨੀ ਕਰਨ ਵਾਲਿਆਂ ਨੂੰ ਜਲੀਲ ਕਰ ਕੇ ਬਾਹਰ ਦਾ ਰਸਤਾ ਵਿਖਾਇਆ ਜਾ ਰਿਹਾ ਹੈ ਜਾਂ ਫਿਰ ਦਬਾਅ ਹੀ ਇਸ ਤਰ੍ਹਾਂ ਬਣਾਇਆ ਜਾਂਦਾ ਕਿ ਬੰਦਾ ਖੁਦ ਲਾਂਭੇ ਹੋਣ ਲਈ ਮਜਬੂਰ ਹੋ ਜਾਂਦਾ ਹੈ।''

ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਜਿਸ ਵੇਲੇ ਉਨ੍ਹਾਂ ਨੇ ਸਥਿਤੀ ਨੂੰ ਸੰਭਾਲਣਾ ਸੀ, ਉਸ ਵੇਲੇ ਉਹ ਅਸਤੀਫਾ ਦੇ ਰਹੇ ਹਨ।

ਉਨ੍ਹਾਂ ਕਿਹਾ, ''ਜੇ ਉਹ ਆਪਣੀ ਜ਼ਿੰਮੇਵਾਰੀ ਨਾਲ ਇਨਸਾਫ਼ ਕਰਦੇ ਤਾਂ ਜ਼ਿਆਦਾ ਚੰਗਾ ਹੁੰਦਾ। ਮੈਂ ਨਹੀਂ ਚੰਗਾ ਸਮਝਦੀ ਕਿ ਉਹ ਬੁਝਦਿਲੀ ਦਿਖਾਉਣ।''

ਹਰਜਿੰਦਰ ਸਿੰਘ ਧਾਮੀ ਬਾਰੇ ਖਾਸ ਗੱਲਾਂ

ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਜਨਮ 28 ਅਗਸਤ 1956 'ਚ ਹੋਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਪਿੱਪਲਾਂ ਵਾਲਾ ਵਿਖੇ ਹੋਇਆ। ਉਹ ਪੰਜਾਬ ਦੇ ਦੋਆਬਾ ਖੇਤਰ ਨਾਲ ਸਬੰਧ ਰੱਖਦੇ ਹਨ।

ਉਨ੍ਹਾਂ ਨੇ ਬੀਏ, ਐਲਐਲਬੀ ਦੀ ਡਿਗਰੀ ਪ੍ਰਾਪਤ ਕੀਤੀ ਹੈ ਅਤੇ ਪਿਛਲੇ ਚਾਰ ਦਹਾਕਿਆਂ ਤੋਂ ਵਕਾਲਤ ਦੇ ਪੇਸ਼ੇ ਨਾਲ ਜੁੜੇ ਹੋਏ ਹਨ।

ਲੰਮੇ ਅਰਸੇ ਤੋਂ ਸਿੱਖ ਸੰਸਥਾ ਨਾਲ ਜੁੜੇ ਧਾਮੀ, 1996 ਵਿੱਚ ਸ਼ਾਮਚੁਰਾਸੀ ਹਲਕੇ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਦੇ ਬਣੇ ਸਨ ਅਤੇ ਉਦੋਂ ਤੋਂ ਹੁਣ ਤੱਕ ਲਗਾਤਾਰ ਮੈਂਬਰ ਬਣਦੇ ਆ ਰਹੇ ਹਨ।

ਇਸ ਦੇ ਨਾਲ ਹੀ ਧਾਮੀ ਧਰਮ ਪ੍ਰਚਾਰ ਦੇ ਮੈਂਬਰ ਵੀ ਰਹੇ ਅਤੇ ਅੰਤ੍ਰਿੰਗ ਮੈਂਬਰ ਵੀ ਬਣੇ।

ਉਹ 2019 ਵਿਚ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਚੁਣੇ ਗਏ ਅਤੇ ਫਿਰ 2020 ਵਿਚ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਦੇ ਪ੍ਰਬੰਧਕੀ ਅਹੁਦੇ 'ਤੇ ਸੇਵਾ ਨਿਭਾਈ।

ਨਵੰਬਰ 2021 ਵਿੱਚ ਉਨ੍ਹਾਂ ਨੇ ਪਹਿਲੀ ਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦਾ ਅਹੁਦਾ ਸੰਭਾਲਿਆ ਅਤੇ ਬੀਬੀ ਜਗੀਰ ਕੌਰ (ਉਸ ਸਮੇਂ ਅਕਾਲੀ ਉਮੀਦਵਾਰ) ਦੀ ਥਾਂ ਲਈ।

ਉਹ ਸਿੱਖ ਸਰੋਕਾਰਾਂ ਦੀ ਡੂੰਘੀ ਪਕੜ ਰੱਖਦੇ ਹਨ ਅਤੇ ਅਕਸਰ ਹੀ ਸਿੱਖ ਪੰਥ ਨਾਲ ਜੁੜੇ ਮਸਲਿਆਂ 'ਤੇ ਖੁੱਲ੍ਹ ਕੇ ਆਪਣੇ ਵਿਚਾਰ ਰੱਖਦੇ ਆਏ ਹਨ।

ਫਿਲਹਾਲ ਉਨ੍ਹਾਂ ਨੇ ਐੱਸਜੀਪੀਸੀ ਦੇ ਪ੍ਰਧਾਨ ਦੇ ਅਹੁਦੇ ਤੋਂ ਆਪਣਾ ਅਸਤੀਫਾ ਦੇ ਦਿੱਤਾ ਹੈ।

ਸ਼੍ਰੋਮਣੀ ਕਮੇਟੀ ਕਿਵੇਂ ਹੋਂਦ ਵਿੱਚ ਆਈ

ਗੁਰਦੁਆਰਾ ਐਕਟ 1925 ਤਹਿਤ ਬਣੀ ਸ਼੍ਰੋਮਣੀ ਕਮੇਟੀ ਦੀ ਪਹਿਲੇ 21 ਸਾਲਾਂ ਦੀ ਕਹਾਣੀ ਬੜੀ ਰੋਚਕ ਹੈ। ਪੰਜਾਬ ਸਰਕਾਰ ਨੇ ਪਹਿਲੀ ਗੁਰਦੁਆਰਾ ਚੋਣ 18 ਜੂਨ 1926 ਨੂੰ ਕਰਵਾਈ ਸੀ।

ਚੋਣ ਸੰਗਰਾਮ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਮੁਕਾਬਲੇ 'ਚ ਸਰਦਾਰ ਬਹਾਦਰ ਮਹਿਤਾਬ ਸਿੰਘ ਦਾ ਧੜਾ ਨਿੱਤਰਿਆ ਸੀ। ਸਰਦਾਰ ਬਹਾਦਰ ਧੜੇ ਨੂੰ ਪੰਜਾਬ ਸਰਕਾਰ ਦੀ ਸ਼ਹਿ ਸੀ ਤੇ ਮਹਾਰਾਜਾ ਪਟਿਆਲਾ ਦੀ ਹੱਲਾਸ਼ੇਰੀ ਸੀ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੰਜਾਹ ਸਾਲਾ ਇਤਿਹਾਸ' ਨਾਂਅ ਦੀ ਕਿਤਾਬ ਵਿੱਚ ਇਹ ਗੱਲ ਦਰਜ ਕੀਤੀ ਗਈ ਹੈ ਕਿ ਮਹਾਰਾਜਾ ਭੁਪਿੰਦਰ ਸਿੰਘ 1926 ਨੂੰ ਨਰੇਂਦਰ ਮੰਡਲ ਦੇ ਚਾਂਸਲਰ ਬਣ ਕੇ ਵਿਫਰ ਗਏ ਸੀ।

ਚੋਣ ਸੰਗਰਾਮ ਸ਼ੁਰੂ ਹੋਇਆ। ਇੱਕ ਦੂਜੇ ਖਿਲਾਫ਼ ਧੂੰਆਧਾਰ ਪ੍ਰਚਾਰ ਹੋਇਆ ਤੇ ਵੋਟਾਂ ਪਈਆਂ।

120 ਸੀਟਾਂ ਦੇ ਨਤੀਜੇ ਨਿਕਲੇ। ਸ਼੍ਰੋਮਣੀ ਅਕਾਲੀ ਦਲ ਦੇ 85 ਮੈਂਬਰ ਕਾਮਯਾਬ ਹੋਏ। ਸਰਦਾਰ ਬਹਾਦਰ ਨੂੰ 26 ਸੀਟਾਂ ਮਿਲੀਆਂ, ਸੁਧਾਰ ਕਮੇਟੀ ਦੇ 5 ਉਮੀਦਵਾਰ ਜਿੱਤੇ ਅਤੇ 4 ਆਜ਼ਾਦ ਉਮੀਦਵਾਰ ਜਿੱਤੇ।

ਲੋਕ ਮੱਤ ਰਾਹੀ ਚੁਣੀ ਗਈ ਪਹਿਲੀ ਸ਼੍ਰੋਮਣੀ ਕਮੇਟੀ ਦੀ ਪਹਿਲੀ ਮੀਟਿੰਗ ਮਿਤੀ 4 ਨਵੰਬਰ 1926 ਨੂੰ ਟਾਊਨ ਹਾਲ ਅੰਮ੍ਰਿਤਸਰ ਵਿਖੇ ਹੋਈ ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)