ਗੋਧਰਾ ਕਾਂਡ ਤੋਂ ਬਾਅਦ ਹੋਏ ਦੰਗਿਆਂ, ਪਾਕਿਸਤਾਨ ਅਤੇ ਟਰੰਪ ਬਾਰੇ ਪੀਐੱਮ ਮੋਦੀ ਨੇ ਅਮਰੀਕੀ ਪੋਡਕਾਸਟਰ ਨੂੰ ਕੀ ਦੱਸਿਆ?

ਪ੍ਰਧਾਨ ਮੰਤਰੀ ਮੋਦੀ ਦਾ ਇੰਟਰਵਿਊ

ਤਸਵੀਰ ਸਰੋਤ, ANI

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕੀ ਪੋਡਕਾਸਟਰ ਲੈਕਸ ਫ੍ਰੀਡਮੈਨ ਦੇ ਯੂਟਿਊਬ ਚੈਨਲ 'ਤੇ ਇੱਕ ਪੋਡਕਾਸਟ ਲਈ ਇੰਟਰਵਿਊ ਦਿੱਤਾ ਹੈ।

ਤਿੰਨ ਘੰਟੇ 17 ਮਿੰਟ ਦੇ ਇਸ ਪੋਡਕਾਸਟ ਵਿੱਚ, ਆਪਣੀ ਜ਼ਿੰਦਗੀ ਤੋਂ ਇਲਾਵਾ ਮੋਦੀ ਨੇ ਆਰਐਸਐਸ ਅਤੇ ਹਿੰਦੂ ਰਾਸ਼ਟਰ, ਮਹਾਤਮਾ ਗਾਂਧੀ ਸਮੇਤ ਕਈ ਹੋਰ ਮੁੱਦਿਆਂ 'ਤੇ ਗੱਲਬਾਤ ਕੀਤੀ ਹੈ।

ਉਨ੍ਹਾਂ ਨੇ ਗੁਜਰਾਤ ਦੰਗਿਆਂ ਬਾਰੇ ਵੀ ਵਿਸਥਾਰ ਨਾਲ ਗੱਲ ਕੀਤੀ। ਇਸ ਤੋਂ ਇਲਾਵਾ ਚੀਨ, ਪਾਕਿਸਤਾਨ ਅਤੇ ਅਮਰੀਕਾ ਨਾਲ ਸਬੰਧਾਂ 'ਤੇ ਵੀ ਚਰਚਾ ਕੀਤੀ ਗਈ।

ਬੀਬੀਸੀ ਪੰਜਾਬੀ ਵੱਟਸਐਪ ਚੈਨਲ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਦੂਜੇ ਪਾਸੇ, ਕਾਂਗਰਸ ਦੇ ਸੀਨੀਅਰ ਆਗੂ ਜੈਰਾਮ ਰਮੇਸ਼ ਨੇ ਪ੍ਰਧਾਨ ਮੰਤਰੀ ਮੋਦੀ ਦੇ ਇੰਟਰਵਿਊ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਹੈ ਕਿ ਜੋ ਵਿਅਕਤੀ ਪ੍ਰੈਸ ਕਾਨਫਰੰਸ ਵਿੱਚ ਮੀਡੀਆ ਦਾ ਸਾਹਮਣਾ ਕਰਨ ਤੋਂ ਡਰਦਾ ਹੈ, ਉਸਨੇ ਇੱਕ 'ਦੱਖਣ ਪੱਖੀ ਵਿਚਾਰਧਾਰਾ ਵਾਲੇ ਵਿਦੇਸ਼ੀ ਪੋਡਕਾਸਟਰ ਨਾਲ ਗੱਲ ਕੀਤੀ ਹੈ'।

ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਪਾਈ ਇੱਕ ਪੋਸਟ ਵਿੱਚ, ਜੈਰਾਮ ਰਮੇਸ਼ ਨੇ ਲਿਖਿਆ, "ਅਤੇ ਉਹ ਇਹ ਕਹਿਣ ਦੀ ਹਿੰਮਤ ਰੱਖਦਾ ਹੈ ਕਿ 'ਆਲੋਚਨਾ ਲੋਕਤੰਤਰ ਦੀ ਆਤਮਾ ਹੈ', ਜਦਕਿ ਉਸ ਨੇ ਆਪਣੀ ਸਰਕਾਰ ਨੂੰ ਜਵਾਬਦੇਹ ਠਹਿਰਾਉਣ ਵਾਲੀ ਹਰੇਕ ਸੰਸਥਾ ਨੂੰ ਯੋਜਨਾਬੱਧ ਢੰਗ ਨਾਲ ਖਤਮ ਕਰ ਦਿੱਤਾ ਹੈ।''

''ਅਤੇ ਆਲੋਚਕਾਂ 'ਤੇ ਇਸ ਤਰ੍ਹਾਂ ਨਾਲ ਹਮਲਾ ਕੀਤਾ ਹੈ, ਜਿਸ ਦੀ ਤੁਲਨਾ ਹਾਲ ਹੀ ਦੇ ਇਤਿਹਾਸ ਵਿੱਚ ਕਿਸੇ ਨਾਲ ਵੀ ਨਹੀਂ ਕੀਤੀ ਜਾ ਸਕਦੀ।''

'ਅੱਤਵਾਦ ਕਿਤੇ ਵੀ ਹੋਵੇ, ਸਰੋਤ ਪਾਕਿਸਤਾਨ ਵਿੱਚ'

ਅਮਰੀਕਾ ਦੇ ਟਵਿਨ ਟਾਵਰਾਂ 'ਤੇ ਅੱਤਵਾਦੀ ਹਮਲਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 11 ਸਤੰਬਰ, 2001 ਨੂੰ ਅਮਰੀਕਾ ਦੇ ਟਵਿਨ ਟਾਵਰਾਂ 'ਤੇ ਅੱਤਵਾਦੀ ਹਮਲਾ ਹੋਇਆ ਸੀ

ਗੁਆਂਢੀ ਦੇਸ਼ ਪਾਕਿਸਤਾਨ ਬਾਰੇ ਗੱਲ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, "ਦੁਨੀਆਂ ਵਿੱਚ ਕਿਤੇ ਵੀ ਅੱਤਵਾਦ ਦੀ ਕੋਈ ਘਟਨਾ ਵਾਪਰਦੀ ਹੈ, ਸਰੋਤ ਕਿਤੇ ਨਾ ਕੀਤੇ ਪਾਕਿਸਤਾਨ ਜਾ ਕੇ ਅਟਕਦੇ ਹਨ।''

ਉਨ੍ਹਾਂ ਕਿਹਾ, "ਅਮਰੀਕਾ ਵਿੱਚ 9/11 ਵਰਗੀ ਵੱਡੀ ਘਟਨਾ ਵਾਪਰੀ। ਉਸਦਾ ਮੁੱਖ ਮਾਸਟਰਮਾਈਂਡ ਓਸਾਮਾ ਬਿਨ ਲਾਦੇਨ ਆਖਿਰ ਕਿੱਥੇ ਮਿਲਿਆ? ਪਾਕਿਸਤਾਨ ਵਿੱਚ ਪਨਾਹ ਲੈ ਕੇ ਬੈਠਾ ਸੀ।"

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, "ਪਾਕਿਸਤਾਨ ਸਿਰਫ਼ ਭਾਰਤ ਲਈ ਹੀ ਨਹੀਂ ਸਗੋਂ ਪੂਰੀ ਦੁਨੀਆਂ ਲਈ ਪਰੇਸ਼ਾਨੀ ਦਾ ਕੇਂਦਰ ਬਣ ਚੁੱਕਿਆ ਹੈ। ਅਸੀਂ ਉਨ੍ਹਾਂ ਨੂੰ ਲਗਾਤਾਰ ਕਹਿੰਦੇ ਰਹੇ ਹਾਂ ਕਿ ਇਸ ਰਸਤੇ ਤੋਂ ਕਿਸ ਦਾ ਭਲਾ ਹੋਵੇਗਾ। ਤੁਹਾਨੂੰ ਅੱਤਵਾਦ ਦਾ ਰਸਤਾ ਛੱਡ ਦੇਣਾ ਚਾਹੀਦਾ ਹੈ। ਰਾਜ ਦੁਆਰਾ ਸਪਾਂਸਰ ਅੱਤਵਾਦ ਬੰਦ ਹੋਣਾ ਚਾਹੀਦਾ ਹੈ।"

ਫ੍ਰੀਡਮੈਨ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ, "ਮੈਂ ਖੁਦ ਸ਼ਾਂਤੀ ਦੀਆਂ ਕੋਸ਼ਿਸ਼ਾਂ ਲਈ ਲਾਹੌਰ ਗਿਆ ਸੀ। ਪ੍ਰਧਾਨ ਮੰਤਰੀ ਬਣਨ ਤੋਂ ਬਾਅਦ, ਮੈਂ ਆਪਣੇ ਸਹੁੰ ਚੁੱਕ ਸਮਾਰੋਹ ਵਿੱਚ ਪਾਕਿਸਤਾਨ ਨੂੰ ਵਿਸ਼ੇਸ਼ ਤੌਰ 'ਤੇ ਸੱਦਾ ਦਿੱਤਾ ਸੀ ਤਾਂ ਜੋ ਇੱਕ ਸ਼ੁਭ ਸ਼ੁਰੂਆਤ ਹੋ ਸਕੇ। ਹਰ ਵਾਰ ਚੰਗੇ ਯਤਨਾਂ ਦਾ ਨਤੀਜਾ ਨਕਾਰਾਤਮਕ ਨਿਕਲਿਆ। ਅਸੀਂ ਉਮੀਦ ਕਰਦੇ ਹਾਂ ਕਿ ਉਨ੍ਹਾਂ ਨੂੰ ਸਮਝ ਆ ਜਾਵੇ।"

ਗੋਧਰਾ ਅਤੇ ਉਸ ਤੋਂ ਬਾਅਦ ਹੋਏ ਦੰਗਿਆਂ ਬਾਰੇ ਪ੍ਰਧਾਨ ਮੰਤਰੀ ਮੋਦੀ ਨੇ ਕੀ ਕਿਹਾ?

ਗੋਧਰਾ ਕਾਂਡ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 27 ਫਰਵਰੀ, 2002 ਨੂੰ ਸਾਬਰਮਤੀ ਐਕਸਪ੍ਰੈਸ ਦੇ ਇੱਕ ਡੱਬੇ ਨੂੰ ਗੋਧਰਾ ਸਟੇਸ਼ਨ 'ਤੇ ਅੱਗ ਲਾ ਦਿੱਤੀ ਗਈ ਸੀ, ਜਿਸ ਵਿੱਚ 59 ਲੋਕਾਂ ਦੀ ਮੌਤ ਹੋ ਗਈ ਸੀ, ਜਿੰਨ੍ਹਾਂ ਵਿੱਚ ਜ਼ਿਆਦਾਤਰ ਹਿੰਦੂ ਸਨ

ਇੰਟਰਵਿਊ ਦੌਰਾਨ, ਫ੍ਰੀਡਮੈਨ ਨੇ ਪ੍ਰਧਾਨ ਮੰਤਰੀ ਮੋਦੀ ਤੋਂ ਗੁਜਰਾਤ ਵਿੱਚ ਹੋਏ 2002 ਦੇ ਦੰਗਿਆਂ ਬਾਰੇ ਵੀ ਸਵਾਲ ਪੁੱਛੇ।

ਇਸ ਮਾਮਲੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, "ਮੈਂ ਤੁਹਾਨੂੰ ਉਸ ਤੋਂ ਪਹਿਲਾਂ ਦੀ ਤਸਵੀਰ ਦਿਖਾਉਣਾ ਚਾਹੁੰਦਾ ਹਾਂ। 24 ਦਸੰਬਰ 1999 ਨੂੰ ਜਹਾਜ਼ ਹਾਈਜੈਕ ਕਰਕੇ ਕੰਧਾਰ ਲਿਜਾਇਆ ਗਿਆ। 2000 ਵਿੱਚ, ਦਿੱਲੀ 'ਚ ਲਾਲ ਕਿਲ੍ਹੇ 'ਤੇ ਅੱਤਵਾਦੀ ਹਮਲਾ ਹੋਇਆ।"

"11 ਸਤੰਬਰ, 2001 ਨੂੰ, ਅਮਰੀਕਾ ਦੇ ਟਵਿਨ ਟਾਵਰਾਂ 'ਤੇ ਅੱਤਵਾਦੀ ਹਮਲਾ ਹੋਇਆ। ਅਕਤੂਬਰ 2001 ਵਿੱਚ, ਜੰਮੂ-ਕਸ਼ਮੀਰ ਵਿਧਾਨ ਸਭਾ 'ਤੇ ਅੱਤਵਾਦੀ ਹਮਲਾ ਹੋਇਆ। 13 ਦਸੰਬਰ, 2001 ਨੂੰ ਭਾਰਤੀ ਸੰਸਦ 'ਤੇ ਹਮਲਾ ਹੋਇਆ।"

ਪੀਐਮ ਮੋਦੀ ਨੇ ਕਿਹਾ, "ਅੱਠ ਤੋਂ ਦਸ ਮਹੀਨਿਆਂ ਵਿਚਕਾਰਲੀਆਂ ਘਟਨਾਵਾਂ ਨੂੰ ਦੇਖੋ। ਅਜਿਹੀ ਸਥਿਤੀ ਵਿੱਚ, ਮੈਨੂੰ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਮਿਲੀ। ਇਸ ਤੋਂ ਪਹਿਲਾਂ, ਸਦੀ ਦਾ ਸਭ ਤੋਂ ਵੱਡਾ ਭੂਚਾਲ ਆਇਆ ਸੀ। ਮੈਂ ਸਹੁੰ ਚੁੱਕਦੇ ਹੀ ਇਸ ਕੰਮ ਵਿੱਚ ਸ਼ਾਮਲ ਹੋ ਗਿਆ।"

ਉਨ੍ਹਾਂ ਕਿਹਾ, "ਅੱਠ ਤੋਂ ਦਸ ਮਹੀਨਿਆਂ ਦੇ ਸਮੇਂ ਦੀਆਂ ਘਟਨਾਵਾਂ ਵੱਲ ਦੇਖੋ। ਅਜਿਹੇ 'ਚ ਮੈਨੂੰ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਮਿਲੀ। ਇਸ ਤੋਂ ਪਹਿਲਾਂ ਸਦੀ ਦਾ ਸਭ ਤੋਂ ਵੱਡਾ ਭੂਚਾਲ ਆਇਆ ਸੀ। ਮੈਂ ਸਹੁੰ ਚੁੱਕਦੇ ਹੀ ਇਸ ਕੰਮ ਵਿੱਚ ਸ਼ਾਮਲ ਹੋ ਗਿਆ।"

ਪ੍ਰਧਾਨ ਮੰਤਰੀ ਮੋਦੀ ਦਾ ਇੰਟਰਵਿਊ

ਪੀਐਮ ਮੋਦੀ ਨੇ ਕਿਹਾ, "27 ਫਰਵਰੀ 2002 ਵਿਧਾਨ ਸਭਾ ਵਿੱਚ ਮੇਰਾ ਬਜਟ ਸੈਸ਼ਨ ਸੀ। ਅਸੀਂ ਸਦਨ ਵਿੱਚ ਬੈਠੇ ਸੀ ਅਤੇ ਉਸੇ ਦਿਨ ਵਿਧਾਇਕ ਬਣੇ ਸਾਨੂੰ ਤਿੰਨ ਦਿਨ ਹੋਏ ਸਨ ਕਿ ਗੋਧਰਾ ਦੀ ਘਟਨਾ ਵਾਪਰ ਗਈ। ਇਹ ਭਿਆਨਕ ਘਟਨਾ ਸੀ। ਲੋਕਾਂ ਨੂੰ ਜ਼ਿੰਦਾ ਸਾੜ ਦਿੱਤਾ ਗਿਆ ਸੀ।''

''ਕੰਧਾਰ ਜਹਾਜ਼ ਤੋਂ ਸ਼ੁਰੂ ਹੋ ਕੇ, ਕਈ ਵੱਡੀਆਂ ਘਟਨਾਵਾਂ ਦਾ ਪਿਛੋਕੜ ਅਤੇ ਉਸ 'ਚ ਇੰਨੀ ਵੱਡੀ ਗਿਣਤੀ ਵਿੱਚ ਲੋਕਾਂ ਦਾ ਮਾਰੇ ਜਾਣਾ, ਜ਼ਿੰਦਾ ਸਾੜ ਦੇਣਾ। ਤੁਸੀਂ ਕਲਪਨਾ ਕਰ ਸਕਦੇ ਹੋ ਕਿ ਸਥਿਤੀ ਕਿਹੋ ਜਿਹੀ ਹੋਵੇਗੀ?

ਉਨ੍ਹਾਂ ਕਿਹਾ ਕਿ ਜਿਹੜੇ ਲੋਕ ਕਹਿੰਦੇ ਹਨ ਕਿ ਬਹੁਤ ਵੱਡਾ ਦੰਗਾ ਹੋਇਆ ਸੀ, ਤਾਂ ਇਹ ਭਰਮ ਫੈਲਾਇਆ ਗਿਆ ਹੈ

ਪੀਐਮ ਮੋਦੀ ਨੇ ਕਿਹਾ, "ਜੇਕਰ 2002 ਤੋਂ ਪਹਿਲਾਂ ਦੇ ਅੰਕੜਿਆਂ 'ਤੇ ਨਜ਼ਰ ਮਾਰੀਏ, ਤਾਂ ਪਤਾ ਚੱਲਦਾ ਹੈ ਕਿ ਗੁਜਰਾਤ ਵਿੱਚ ਕਿੰਨੇ ਦੰਗੇ ਹੁੰਦੇ ਸਨ। ਪਤੰਗ ਦੇ ਚੱਕਰ 'ਚ ਫਿਰਕੂ ਹਿੰਸਾ ਹੋ ਜਾਂਦੀ ਸੀ। ਸਾਈਕਲਾਂ ਦੀ ਟੱਕਰ 'ਤੇ ਫਿਰਕੂ ਹਿੰਸਾ ਫੈਲ ਜਾਂਦੀ ਸੀ। 2002 ਤੋਂ ਪਹਿਲਾਂ, ਗੁਜਰਾਤ ਵਿੱਚ 250 ਤੋਂ ਵੱਧ ਵੱਡੇ ਦੰਗੇ ਹੋਏ ਸਨ। 1969 ਵਿੱਚ ਹੋਏ ਦੰਗੇ ਛੇ ਮਹੀਨਿਆਂ ਤੱਕ ਚੱਲੇ ਸਨ। ਇੰਨੀ ਵੱਡੀ ਘਟਨਾ ਇੱਕ ਸਪਰਕਿੰਗ ਪਵਾਇੰਟ ਬਣ ਗਈ ਅਤੇ ਕੁਝ ਲੋਕਾਂ ਦੀ ਹਿੰਸਾ ਹੋ ਗਈ।"

"ਮੈਂ ਸ਼ਾਂਤੀ ਦੇ ਪੱਖ ਵਿੱਚ ਹਾਂ, ਜੰਗ ਦੇ ਨਹੀਂ"

ਆਪਣੇ ਇੰਟਰਵਿਊ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸ ਅਤੇ ਯੂਕਰੇਨ ਵਿਚਕਾਰ ਚੱਲ ਰਹੀ ਜੰਗ 'ਤੇ ਵੀ ਪ੍ਰਤੀਕਿਰਿਆ ਦਿੱਤੀ ਹੈ।

ਉਨ੍ਹਾਂ ਕਿਹਾ, "ਸਾਡਾ ਪਿਛੋਕੜ ਇੰਨਾ ਮਜ਼ਬੂਤ ਹੈ ਕਿ ਜਦੋਂ ਵੀ ਅਸੀਂ ਸ਼ਾਂਤੀ ਲਈ ਗੱਲ ਕਰਦੇ ਹਾਂ, ਤਾਂ ਦੁਨੀਆਂ ਸਾਡੀ ਗੱਲ ਸੁਣਦੀ ਹੈ। ਅਜਿਹਾ ਇਹ ਇਸ ਲਈ ਹੈ ਕਿਉਂਕਿ ਇਹ ਬੁੱਧ ਅਤੇ ਮਹਾਤਮਾ ਗਾਂਧੀ ਦੀ ਧਰਤੀ ਹੈ।"

ਰੂਸ-ਯੂਕਰੇਨ ਬਾਰੇ, ਉਨ੍ਹਾਂ ਕਿਹਾ, "ਮੇਰੇ ਰੂਸ ਅਤੇ ਯੂਕਰੇਨ ਦੋਵਾਂ ਨਾਲ ਚੰਗੇ ਸਬੰਧ ਹਨ। ਮੈਂ ਰਾਸ਼ਟਰਪਤੀ ਪੁਤਿਨ ਦੇ ਸਾਹਮਣੇ ਇਹ ਕਹਿ ਸਕਦਾ ਹਾਂ ਕਿ ਇਹ ਯੁੱਧ ਦਾ ਸਮਾਂ ਨਹੀਂ ਹੈ। ਅਤੇ ਦੋਸਤਾਨਾ ਭਾਵ ਨਾਲ ਮੈਂ ਜ਼ੇਲੇਂਸਕੀ ਨੂੰ ਇਹ ਵੀ ਕਹਿੰਦਾ ਹਾਂ ਕਿ ਦੁਨੀਆਂ ਤੁਹਾਡੇ ਨਾਲ ਚਾਹੇ ਜਿੰਨਾ ਖੜ੍ਹੀ ਹੋ ਜਾਵੇ, ਰਣਭੂਮੀ ਵਿੱਚ ਕਦੇ ਵੀ ਕੋਈ ਨਤੀਜਾ ਨਹੀਂ ਨਿਕਲਣ ਵਾਲਾ।"

ਪੀਐਮ ਮੋਦੀ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਯੁੱਧ ਦਾ ਨਤੀਜਾ ਮੇਜ਼ 'ਤੇ ਹੀ ਨਿਕਲੇਗਾ ਅਤੇ ਇਹ ਉਦੋਂ ਹੀ ਹੋਵੇਗਾ ਜਦੋਂ ਰੂਸ ਅਤੇ ਯੂਕਰੇਨ ਦੋਵੇਂ ਉਸ ਮੇਜ਼ 'ਤੇ ਮੌਜੂਦ ਹੋਣਗੇ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, "ਸਾਰੀ ਦੁਨੀਆਂ ਯੂਕਰੇਨ ਨਾਲ ਬੈਹਤ ਕੇ ਕਿੰਨੀ ਵੀ ਗੱਲ ਕਰੇ, ਦੋਵਾਂ ਧਿਰਾਂ ਦਾ ਹੋਣਾ ਜ਼ਰੂਰੀ ਹੈ। ਮੈਂ ਹਮੇਸ਼ਾ ਕਹਿੰਦਾ ਹਾਂ ਕਿ ਮੈਂ ਸ਼ਾਂਤੀ ਦੇ ਪੱਖ ਵਿੱਚ ਹਾਂ।"

ਜ਼ੇਲੇਂਸਕੀ ਅਤੇ ਪੁਤਿਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਅਤੇ ਉਹ ਖੁਦ ਹਮੇਸ਼ਾ ਸ਼ਾਂਤੀ ਦੇ ਹੱਕ ਵਿੱਚ ਹਨ

ਪ੍ਰਧਾਨ ਮੰਤਰੀ ਮੋਦੀ ਨੇ ਆਰਐਸਐਸ ਅਤੇ ਮਹਾਤਮਾ ਗਾਂਧੀ ਬਾਰੇ ਕੀ ਕਿਹਾ?

ਇੰਟਰਵਿਊ ਦੌਰਾਨ, ਪ੍ਰਧਾਨ ਮੰਤਰੀ ਮੋਦੀ ਨੇ ਆਰਐਸਐਸ ਬਾਰੇ ਵਿਸਥਾਰ ਨਾਲ ਗੱਲ ਕੀਤੀ।

ਉਨ੍ਹਾਂ ਕਿਹਾ, "ਸੰਘ ਇੱਕ ਵੱਡਾ ਸੰਗਠਨ ਹੈ। ਉਸਦੇ 100 ਸਾਲ ਪੂਰੇ ਹੋਣ ਜਾ ਰਹੇ ਹਨ। ਦੁਨੀਆਂ ਵਿੱਚ ਕਿਤੇ ਵੀ ਇੰਨਾ ਵੱਡਾ ਸਵੈ-ਸੇਵੀ ਸੰਗਠਨ ਕਿਤੇ ਹੋਵੇਗਾ? ਕਰੋੜਾਂ ਲੋਕ ਇਸ ਨਾਲ ਜੁੜੇ ਹੋਏ ਹਨ। ਸੰਘ ਨੂੰ ਸਮਝਣਾ ਇੰਨਾ ਸੌਖਾ ਨਹੀਂ ਹੈ। ਸੰਘ ਦੇ ਕੰਮ ਨੂੰ ਸਮਝਣਾ ਚਾਹੀਦਾ ਹੈ। ਸੰਘ ਜੀਵਨ ਦੇ ਉਦੇਸ਼ ਨੂੰ ਦਿਸ਼ਾ ਦਿੰਦਾ ਹੈ।"

ਉਨ੍ਹਾਂ ਕਿਹਾ, "ਸੰਘ ਦੇ ਕੁਝ ਵਲੰਟੀਅਰ ਜੰਗਲਾਂ ਵਿੱਚ ਵਨਵਾਸੀ ਕਲਿਆਣ ਆਸ਼ਰਮ ਚਲਾਉਂਦੇ ਹਨ। ਉਹ ਆਦਿਵਾਸੀਆਂ ਵਿੱਚ ਏਕਲ ਵਿਦਿਆਲਿਆ ਚਲਾ ਰਹੇ ਹਨ। ਅਮਰੀਕਾ ਵਿੱਚ ਕੁਝ ਲੋਕ ਹਨ ਜੋ ਉਨ੍ਹਾਂ ਨੂੰ 10 ਤੋਂ 15 ਡਾਲਰ ਦਾ ਦਾਨ ਦਿੰਦੇ ਹਨ। ਅਜਿਹੇ 70 ਹਜ਼ਾਰ ਸਕੂਲ ਚੱਲ ਰਹੇ ਹਨ। ਇਸੇ ਤਰ੍ਹਾਂ, ਸਿੱਖਿਆ ਵਿੱਚ ਕ੍ਰਾਂਤੀ ਲਿਆਉਣ ਲਈ ਵਿੱਦਿਆ ਭਾਰਤੀ ਨਾਮ ਦਾ ਇੱਕ ਸੰਗਠਨ ਸਥਾਪਤ ਕੀਤਾ ਗਿਆ ਸੀ। ਉਹ ਦੇਸ਼ ਵਿੱਚ ਲਗਭਗ 25 ਹਜ਼ਾਰ ਸਕੂਲ ਚਲਾ ਰਹੇ ਹਨ।"

ਸ਼ਾਖਾ ਵਿੱਚ ਮੋਦੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਆਰਐਸਐਸ ਬਾਰੇ ਮੋਦੀ ਨੇ ਕਿਹਾ ਕਿ ਸੰਘ ਦੇ ਕੰਮ ਨੂੰ ਸਮਝਣ ਦੀ ਲੋੜ ਹੈ

ਪ੍ਰਧਾਨ ਮੰਤਰੀ ਮੋਦੀ ਨੇ ਭਾਰਤੀ ਮਜ਼ਦੂਰ ਸੰਘ ਬਾਰੇ ਵੀ ਚਰਚਾ ਕੀਤੀ।

ਉਨ੍ਹਾਂ ਕਿਹਾ, 'ਖੱਬੇ-ਪੱਖੀ ਮਜ਼ਦੂਰ ਸੰਘ ਕਹਿੰਦੇ ਹਨ - ਦੁਨੀਆਂ ਦੇ ਮਜ਼ਦੂਰੋ, ਇੱਕ ਹੋ ਜਾਓ।' ਆਰਐਸਐਸ ਸ਼ਾਖਾਵਾਂ ਤੋਂ ਨਿੱਕਲੇ ਲੋਕ ਜਿਹੜੇ ਮਜ਼ਦੂਰ ਸੰਘ ਚਲਾਉਂਦੇ ਹਨ, ਉਹ ਕਹਿੰਦੇ ਹਨ - 'ਮਜ਼ਦੂਰੋ, ਦੁਨੀਆਂ ਨੂੰ ਇੱਕਜੁੱਟ ਕਰੋ'।''

''ਸਿਰਫ਼ ਦੋ ਸ਼ਬਦਾਂ ਵਿੱਚ ਬਦਲਾਅ ਆਇਆ ਹੈ ਪਰ ਵਿਚਾਰਧਾਰਕ ਬਦਲਾਅ ਬਹੁਤ ਵੱਡਾ ਹੈ। ਸੰਘ ਦੀ ਸੇਵਾ ਦੀ ਭਾਵਨਾ ਨੇ ਮੈਨੂੰ ਗੜ੍ਹਨ ਵਿੱਚ ਮਦਦ ਕੀਤੀ ਹੈ।"

ਪੀਐਮ ਮੋਦੀ ਨੇ ਇਸ ਇੰਟਰਵਿਊ ਵਿੱਚ ਦੱਸਿਆ ਕਿ ਮਹਾਤਮਾ ਗਾਂਧੀ ਦਾ ਪ੍ਰਭਾਵ ਅੱਜ ਵੀ ਕਿਸੇ ਨਾ ਕਿਸੇ ਰੂਪ ਵਿੱਚ ਭਾਰਤੀ ਜੀਵਨ 'ਤੇ ਦਿਖਾਈ ਦਿੰਦਾ ਹੈ।

ਉਨ੍ਹਾਂ ਕਿਹਾ, "ਜੇ ਅਸੀਂ ਆਜ਼ਾਦੀ ਦੀ ਗੱਲ ਕਰੀਏ ਤਾਂ ਇੱਥੇ ਲੱਖਾਂ ਬਹਾਦਰਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਜਵਾਨੀ ਜੇਲ੍ਹਾਂ ਵਿੱਚ ਖਪਾਈ। ਉਹ ਆਉਂਦੇ ਸਨ ਅਤੇ ਦੇਸ਼ ਲਈ ਸ਼ਹੀਦ ਹੋ ਜਾਂਦੇ ਸਨ। ਪਰੰਪਰਾ ਜਾਰੀ ਰਹੀ ਅਤੇ ਇਸਨੇ ਇੱਕ ਮਾਹੌਲ ਵੀ ਬਣਾਇਆ ਪਰ ਗਾਂਧੀ ਨੇ ਇੱਕ ਜਨ ਅੰਦੋਲਨ ਖੜ੍ਹਾ ਕੀਤਾ। ਉਨ੍ਹਾਂ ਨੇ ਹਰ ਕੰਮ ਨੂੰ ਆਜ਼ਾਦੀ ਦੇ ਰੰਗ ਨਾਲ ਰੰਗ ਦਿੱਤਾ। ਅੰਗਰੇਜ਼ਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਡਾਂਡੀ ਮਾਰਚ ਇੱਕ ਵੱਡੀ ਕ੍ਰਾਂਤੀ ਪੈਦਾ ਕਰ ਦੇਵੇਗਾ।"

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਨੇ ਸਮੂਹਿਕਤਾ ਦੀ ਭਾਵਨਾ ਜਗਾਈ ਅਤੇ ਜਨ-ਸ਼ਕਤੀ ਦੀ ਸਮਰਥਾ ਨੂੰ ਪਛਾਣਿਆ। ਮੇਰੇ ਲਈ ਉਹ ਅੱਜ ਵੀ ਓਨਾ ਹੀ ਮਹੱਤਵਪੂਰਨ ਹੈ। ਮੈਂ ਜੋ ਵੀ ਕੰਮ ਕਰਦਾ ਹਾਂ, ਮੇਰੀ ਕੋਸ਼ਿਸ਼ ਰਹਿੰਦੀ ਹੈ ਕਿ ਮੈਂ ਆਮ ਲੋਕਾਂ ਨੂੰ ਸ਼ਾਮਲ ਕਰਕੇ ਉਹ ਕੰਮ ਕਰਾਂ।

'ਅੱਖ ਨਾਲ ਅੱਖ ਮਿਲਾ ਕੇ ਗੱਲ'

ਮੋਦੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇੰਟਰਵਿਊ ਦੌਰਾਨ ਪੀਐਮ ਮੋਦੀ ਨੇ ਉਸ ਸਮੇਂ ਦਾ ਵੀ ਜ਼ਿਕਰ ਕੀਤਾ ਜਦੋਂ ਪਹਿਲੀ ਵਾਰ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਅਹੁਦੇ ਦਾ ਉਮੀਦਵਾਰ ਬਣਾਇਆ ਗਿਆ ਸੀ

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਜਦੋਂ ਪਾਰਟੀ ਨੇ 2013 ਵਿੱਚ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਅਹੁਦੇ ਦਾ ਉਮੀਦਵਾਰ ਬਣਾਇਆ ਸੀ, ਤਾਂ ਲੋਕ ਕਹਿ ਰਹੇ ਸਨ ਕਿ 'ਉਸ ਨੇ ਇੱਕ ਸੂਬਾ ਚਲਾਇਆ ਹੈ ਅਤੇ ਉਹ ਵਿਦੇਸ਼ ਨੀਤੀ ਨੂੰ ਕਿਵੇਂ ਸਮਝਣਗੇ।'

ਪੀਐਮ ਮੋਦੀ ਨੇ ਕਿਹਾ, "ਫਿਰ ਮੈਂ ਕਿਹਾ ਕਿ ਬਈ ਮੈਂ ਇੱਕ ਇੰਟਰਵਿਊ ਵਿੱਚ ਤਾਂ ਪੂਰੀ ਵਿਦੇਸ਼ ਨੀਤੀ ਨਹੀਂ ਸਮਝਾ ਸਕਦਾ, ਪਰ ਮੈਂ ਤੁਹਾਨੂੰ ਇੰਨਾ ਜ਼ਰੂਰ ਦੱਸ ਸਕਦਾ ਹਾਂ ਕਿ ਭਾਰਤ ਨਾ ਤਾਂ ਅੱਖਾਂ ਨੀਵੀਆਂ ਕਰਕੇ ਗੱਲ ਕਰੇਗਾ, ਨਾ ਹੀ ਅੱਖਾਂ ਉੱਚੀਆਂ ਕਰਕੇ, ਪਰ ਹੁਣ ਭਾਰਤ ਅੱਖਾਂ ਵਿੱਚ ਅੱਖਾਂ ਪਾ ਕੇ ਗੱਲ ਕਰੇਗਾ। ਅੱਜ ਵੀ, ਮੈਂ ਉਸ ਵਿਚਾਰ ਨੂੰ ਲੈ ਕੇ ਚੱਲਦਾ ਹਾਂ।''

ਉਨ੍ਹਾਂ ਕਿਹਾ, "ਮੇਰੇ ਲਈ ਮੇਰਾ ਦੇਸ਼ ਸਭ ਤੋਂ ਪਹਿਲਾਂ ਹੈ, ਪਰ ਕਿਸੇ ਦਾ ਅਪਮਾਨ ਕਰਨਾ, ਕਿਸੇ ਬਾਰੇ ਬੁਰਾ-ਭਲਾ ਕਹਿਣਾ, ਇਹ ਨਾ ਤਾਂ ਮੇਰੇ ਸੱਭਿਆਚਾਰ ਦੀਆਂ ਕਦਰਾਂ-ਕੀਮਤਾਂ ਹਨ ਅਤੇ ਨਾ ਹੀ ਮੇਰੀ ਸੱਭਿਆਚਾਰਕ ਪਰੰਪਰਾ।"

ਮੋਦੀ ਨੇ ਡੋਨਾਲਡ ਟਰੰਪ ਬਾਰੇ ਕੀ ਕਿਹਾ?

ਮੋਦੀ ਅਤੇ ਟਰੰਪ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਟਰੰਪ ਬਾਰੇ ਮੋਦੀ ਕਰਹਿੰਦੇ ਹਨ ਕਿ ਉਹ ਅਮਰੀਕਾ ਫਸਟ ਵਾਲੇ ਹਨ, ਅਤੇ ਮੈਂ ਇੰਡੀਆ ਫਸਟ ਵਾਲਾ, ਇਸ ਲਈ ਦੋਵਾਂ ਦੀ ਜੋੜੀ ਬਰਾਬਰ ਫਿੱਟ ਬੈਠਦੀ ਹੈ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਿਊਸਟਨ ਸਟੇਡੀਅਮ ਵਿੱਚ ਹਾਉਡੀ ਮੋਦੀ ਪ੍ਰੋਗਰਾਮ ਦਾ ਵੀ ਜ਼ਿਕਰ ਕੀਤਾ।

ਉਨ੍ਹਾਂ ਕਿਹਾ ਕਿ ਭਾਸ਼ਣ ਤੋਂ ਬਾਅਦ, ਜਦੋਂ ਟਰੰਪ ਨੂੰ ਪੁੱਛਿਆ ਕਿ ਕੀ ਸਟੇਡੀਅਮ ਦਾ ਚੱਕਰ ਲਗਾਇਆ ਜਾਵੇ ਤਾਂ ਉਹ ਤੁਰੰਤ ਸਹਿਮਤ ਹੋ ਗਏ।

ਮੋਦੀ ਨੇ ਕਿਹਾ, "ਅਮਰੀਕਾ ਦਾ ਸੁਰਖਿਆ ਤੰਤਰ ਬੇਚੈਨ ਹੋ ਗਿਆ। ਤੁਸੀਂ ਜਾਣਦੇ ਹੀ ਹੋ ਕਿ ਸੁਰੱਖਿਆ ਕਿੰਨੀ ਸਖਤ ਹੁੰਦੀ ਹੈ। ਕਿੰਨੀਆਂ ਜਾਂਚਾਂ ਕੀਤੀਆਂ ਜਾਂਦੀਆਂ ਹਨ। ਇਹ ਗੱਲ ਮੇਰੇ ਦਿਲ ਨੂੰ ਛੂਹ ਗਈ ਕਿ ਇਸ ਵਿਅਕਤੀ ਵਿੱਚ ਹਿੰਮਤ ਹੈ। ਉਹ ਆਪਣੇ ਫੈਸਲੇ ਖੁਦ ਲੈਂਦੇ ਹਨ ਅਤੇ ਦੂਜਾ ਉਨ੍ਹਾਂ ਨੂੰ ਮੋਦੀ 'ਤੇ ਭਰੋਸਾ ਹੈ ਕਿ ਮੋਦੀ ਉਨ੍ਹਾਂ ਲੈ ਕੇ ਜਾ ਰਿਹਾ ਹੈ ਤਾਂ ਚਲੋ ਚੱਲਦੇ ਹਾਂ।''

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਟਰੰਪ ਨੇ ਉਨ੍ਹਾਂ ਨੂੰ ਸਾਰੇ ਪ੍ਰੋਟੋਕੋਲ ਤੋੜਦੇ ਹੋਏ ਪੂਰੀ ਇਮਾਰਤ ਦਿਖਾਈ।

ਮੋਦੀ ਨੇ ਕਿਹਾ, "ਉਹ ਅਮਰੀਕਾ ਫਸਟ ਵਾਲੇ ਹਨ, ਅਤੇ ਮੈਂ ਇੰਡੀਆ ਫਸਟ ਵਾਲਾ ਹਾਂ। ਸਾਡੀ ਜੋੜੀ ਬਰਾਬਰ ਫਿੱਟ ਬੈਠਦੀ ਹੈ।''

ਚੀਨ ਨਾਲ ਸਬੰਧਾਂ ਬਾਰੇ ਕੀ ਬੋਲੇ ਮੋਦੀ?

ਪੁਤਿਨ, ਸ਼ੀ ਜਿਨਪਿੰਗ ਅਤੇ ਮੋਦੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪੁਤਿਨ ਅਤੇ ਸ਼ੀ ਜਿਨਪਿੰਗ ਨਾਲ ਪ੍ਰਧਾਨ ਮੰਤਰੀ ਮੋਦੀ ਦੀ ਇੱਕ ਪੁਰਾਣੀ ਤਸਵੀਰ

ਪ੍ਰਧਾਨ ਮੰਤਰੀ ਮੋਦੀ ਨੇ ਚੀਨ ਨਾਲ ਸਬੰਧਾਂ ਬਾਰੇ ਪੁੱਛੇ ਗਏ ਸਵਾਲਾਂ ਦੇ ਵੀ ਜਵਾਬ ਦਿੱਤੇ।

ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਵਿਚਕਾਰ ਸਦੀਆਂ ਪੁਰਾਣੇ ਸਬੰਧ ਹਨ ਅਤੇ ਇੱਕ ਸਮੇਂ ਦੁਨੀਆਂ ਦੀ ਜੀਡੀਪੀ ਦਾ ਅੱਧਾ ਹਿੱਸਾ ਭਾਰਤ ਅਤੇ ਚੀਨ ਦਾ ਹੋਇਆ ਕਰਦਾ ਸੀ।

ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਵਿਚਕਾਰ ਟਕਰਾਅ ਦਾ ਕੋਈ ਇਤਿਹਾਸ ਨਹੀਂ ਰਿਹਾ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, "ਇੱਕ ਸਮੇਂ ਤਾਂ ਚੀਨ ਵਿੱਚ ਬੁੱਧ ਦਾ ਪ੍ਰਭਾਵ ਬਹੁਤ ਮਜ਼ਬੂਤ ਸੀ। ਇਹ ਵਿਚਾਰ ਇੱਥੋਂ ਹੀ ਆਇਆ ਸੀ।"

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, "ਇਹ ਸਬੰਧ ਇਸੇ ਤਰਾਂ ਮਜ਼ਬੂਤ ਅਤੇ ਜਾਰੀ ਰਹਿਣੇ ਚਾਹੀਦੇ ਹਨ। ਜਦੋਂ ਦੋ ਗੁਆਂਢੀ ਦੇਸ਼ ਹੁੰਦੇ ਹਨ, ਤਾਂ ਕੁਝ ਨਾ ਕੁਝ ਹੁੰਦਾ ਹੀ ਰਹਿੰਦਾ ਹੈ। ਕਦੇ-ਕਦਾਈਂ ਮਤਭੇਦ ਵੀ ਸੁਭਾਵਿਕ ਹਨ। ਇਹ ਪਰਿਵਾਰ ਵਿੱਚ ਵੀ ਹੁੰਦਾ ਹੈ ਪਰ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਸਾਡੇ ਮਤਭੇਦ ਵਿਵਾਦਾਂ ਵਿੱਚ ਨਾ ਬਦਲਣ।"

ਗਲਵਾਨ ਵੱਲ ਇਸ਼ਾਰਾ ਕਰਦੇ ਹੋਏ ਮੋਦੀ ਨੇ ਕਿਹਾ, "2020 ਵਿੱਚ ਸਰਹੱਦ 'ਤੇ ਵਾਪਰੀਆਂ ਘਟਨਾਵਾਂ ਕਾਰਨ ਸਾਡੇ ਵਿਚਕਾਰ ਸਥਿਤੀ ਤਣਾਅਪੂਰਨ ਬਣ ਗਈ ਸੀ। ਮੈਂ ਹੁਣੇ ਰਾਸ਼ਟਰਪਤੀ ਸ਼ੀ ਨੂੰ ਮਿਲਿਆ ਹਾਂ, ਜਿਸ ਤੋਂ ਬਾਅਦ ਸਰਹੱਦ 'ਤੇ ਸਥਿਤੀ ਠੀਕ ਹੋ ਗਈ ਹੈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)