You’re viewing a text-only version of this website that uses less data. View the main version of the website including all images and videos.
‘ਭਗਤ ਸਿੰਘ ਕ੍ਰਾਂਤੀਕਾਰੀ ਨਹੀਂ ਅੱਤਵਾਦੀ ਸੀ’, ਲਾਹੌਰ ਦੀ ਅਦਾਲਤ ਨੇ ਭਗਤ ਸਿੰਘ ਦੇ ਨਾਂ ਉੱਤੇ ਚੌਕ ਦਾ ਨਾਂ ਰੱਖਣ ਉੱਤੇ ਰੋਕ ਲਗਾਈ
"ਭਗਤ ਸਿੰਘ ਕ੍ਰਾਂਤੀਕਾਰੀ ਨਹੀਂ ਸਗੋਂ ਅੱਜ ਦੀ ਪਰਿਭਾਸ਼ਾ ਵਿੱਚ ਇੱਕ ਅਪਰਾਧੀ ਅਤੇ ਅੱਤਵਾਦੀ ਸੀ। ਉਸਨੇ ਇੱਕ ਬ੍ਰਿਟਿਸ਼ ਪੁਲਿਸ ਅਧਿਕਾਰੀ ਦਾ ਕਤਲ ਕੀਤਾ ਸੀ ਅਤੇ ਇਸ ਅਪਰਾਧ ਲਈ ਉਸਨੂੰ ਦੋ ਸਾਥੀਆਂ ਸਮੇਤ ਫਾਂਸੀ ਦਿੱਤੀ ਗਈ ਸੀ।"
ਇਹ ਬਿਆਨ ਪਾਕਿਸਤਾਨ ਦੇ ਇੱਕ ਸੇਵਾਮੁਕਤ ਫ਼ੌਜੀ ਅਧਿਕਾਰੀ ਦਾ ਹੈ।
ਇਸੇ ਟਿੱਪਣੀ ਦਾ ਹਵਾਲਾ ਅਦਾਲਤ 'ਚ ਦੇ ਕੇ, ਪਾਕਿਸਤਾਨ ਦੇ ਪੰਜਾਬ ਸੂਬੇ ਦੀ ਰਾਜਧਾਨੀ ਲਾਹੌਰ ਦੇ ਸਥਾਨਕ ਪ੍ਰਸ਼ਾਸਨ ਨੇ ਸ਼ਹਿਰ ਦੇ ਸ਼ਾਦਮਾਨ ਚੌਕ ਦਾ ਨਾਮ ਭਗਤ ਸਿੰਘ ਦੇ ਨਾਂ ’ਤੇ ਬਦਲਣ ਅਤੇ ਉਥੇ ਉਨ੍ਹਾਂ ਦਾ ਬੁੱਤ ਸਥਾਪਤ ਕਰਨ ਦੀ ਯੋਜਨਾ ਨੂੰ ਰੱਦ ਕਰ ਦਿੱਤਾ ਹੈ।
ਲਾਹੌਰ ਦੇ ਅਮੀਰਾਂ ਦੀ ਵਸੋਂ ਵਾਲੇ ਇਲਾਕੇ ਸ਼ਾਦਮਾਨ ਦੇ ਵਿਚਕਾਰ ਇੱਕ ਛੋਟਾ ਜਿਹਾ ਫੁਹਾਰੇ ਵਾਲਾ ਚੌਂਕ ਹੈ। ਇਹ ਚੌਕ ਲਾਹੌਰ ਦੀ ਜਿਲ੍ਹਾ ਜੇਲ੍ਹ ਦੀ ਕੰਧ ਦੇ ਨਾਲ ਲੱਗਦਾ ਹੈ।
ਇਹ ਉਹੀ ਜੇਲ੍ਹ ਹੈ, ਜਿੱਥੇ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਕੈਦ ਰੱਖਿਆ ਗਿਆ ਤੇ ਫਿਰ ਅਖ਼ੀਰ 23 ਮਾਰਚ 1931 ਨੂੰ ਫਾਂਸੀ ਦੇ ਦਿੱਤੀ ਗਈ।
ਕੁਝ ਸਮਾਂ ਪਹਿਲਾਂ ਉਥੋਂ ਦੇ ਲੋਕਾਂ ਵਲੋਂ ਮੰਗ ਕੀਤੀ ਗਈ ਸੀ ਕਿ ਇਸ ਚੌਕ ਦਾ ਨਾਮ ਭਗਤ ਸਿੰਘ ਦੇ ਨਾਮ 'ਤੇ ਰੱਖਿਆ ਜਾਵੇ ਅਤੇ ਨਾਲ ਹੀ ਉੱਥੇ ਉਨ੍ਹਾਂ ਦਾ ਇੱਕ ਬੁੱਤ ਵੀ ਸਥਾਪਿਤ ਕੀਤਾ ਜਾਵੇ।
ਇਸ ਮੰਗ ਦੀ ਪ੍ਰਵਾਨਗੀ ਲਈ ਕਿ ਯੋਜਨਾ ਬਣਾਈ ਗਈ ਸੀ, ਜਿਸਨੂੰ ਹੁਣ ਰੱਦ ਕਰ ਦਿੱਤਾ ਗਿਆ ਹੈ।
ਕੀ ਹੈ ਪੂਰਾ ਮਾਮਲਾ ?
ਪਾਕਿਸਤਾਨ ਦੇ ਸੇਵਾਮੁਕਤ ਫ਼ੌਜੀ ਅਧਿਕਾਰੀ ਤਾਰਿਕ ਮਜੀਦ ਦੁਆਰਾ ਇੱਕ ਵਿਵਾਦਿਤ ਟਿੱਪਣੀ ਦਿੱਤੀ ਗਈ ਹੈ।
ਸ਼ਾਦਮਾਨ ਚੌਕ ਦਾ ਨਾਂ ਭਗਤ ਸਿੰਘ ਦੇ ਨਾਂ 'ਤੇ ਰੱਖਣ ਲਈ ਸਰਕਾਰ ਦੁਆਰਾ ਬਣਾਈ ਗਈ ਕਮੇਟੀ ਵਿਚ ਸ਼ਾਮਲ ਮਜੀਦ ਨੇ ਆਪਣੇ ਬਿਆਨ ਵਿਚ ਦਾਅਵਾ ਕੀਤਾ ਹੈ ਕਿ "ਭਗਤ ਸਿੰਘ ਕ੍ਰਾਂਤੀਕਾਰੀ ਨਹੀਂ ਸੀ, ਸਗੋਂ ਇਕ ਅਪਰਾਧੀ ਸੀ, ਅੱਜ ਦੇ ਸ਼ਬਦਾਂ ਵਿਚ ਉਹ ਇਕ ਅੱਤਵਾਦੀ ਸੀ, ਉਸ ਨੇ ਇਕ ਬ੍ਰਿਟਿਸ਼ ਪੁਲਿਸ ਅਧਿਕਾਰੀ ਨੂੰ ਮਾਰਿਆ ਸੀ, ਅਤੇ ਇਸ ਜੁਰਮ ਲਈ ਉਸ ਨੂੰ ਦੋ ਸਾਥੀਆਂ ਸਮੇਤ ਫਾਂਸੀ ਦਿੱਤੀ ਗਈ ਸੀ।"
ਕੀ ਇਸਲਾਮ ਵਿਰੋਧੀ ਸਨ ਭਗਤ ਸਿੰਘ ?
ਮਜੀਦ ਨੇ ਸਰਕਾਰ ਨੂੰ ਸਿਫਾਰਿਸ਼ ਕੀਤੀ ਕਿ ਸ਼ਾਦਮਾਨ ਚੌਕ ਦਾ ਨਾਂ ਭਗਤ ਸਿੰਘ ਚੌਂਕ ਨਾ ਰੱਖਿਆ ਜਾਵੇ ਅਤੇ ਨਾ ਹੀ ਉੱਥੇ ਉਨ੍ਹਾਂ ਦਾ ਬੁੱਤ ਲਾਇਆ ਜਾਵੇ।
ਨਿਊਜ਼ ਏਜੇਂਸੀ ਪੀਟੀਆਈ ਮੁਤਾਬਿਕ ਰਿਪੋਰਟ ਵਿੱਚ ਅੱਗੇ ਉਨ੍ਹਾਂ ਵਲੋਂ ਕਿਹਾ ਗਿਆ ਹੈ ਕਿ ਭਗਤ ਸਿੰਘ ਮੁਸਲਮਾਨਾਂ ਦੇ ਵਿਰੋਧੀ ਧਾਰਮਿਕ ਨੇਤਾਵਾਂ ਤੋਂ ਪ੍ਰਭਾਵਿਤ ਸਨ।
"ਭਗਤ ਸਿੰਘ ਫਾਊਂਡੇਸ਼ਨ ਐੱਨਜੀਓ - ਇਸਲਾਮਿਕ ਵਿਚਾਰਧਾਰਾ ਅਤੇ ਪਾਕਿਸਤਾਨੀ ਸੱਭਿਆਚਾਰ ਦੇ ਵਿਰੁੱਧ ਕੰਮ ਕਰ ਰਹੀ ਹੈ, (ਅਤੇ) ਇਸ 'ਤੇ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ"
"ਕੀ ਫਾਊਂਡੇਸ਼ਨ ਦੇ ਅਧਿਕਾਰੀ, ਜੋ ਆਪਣੇ ਆਪ ਨੂੰ ਮੁਸਲਮਾਨ ਕਹਿੰਦੇ ਹਨ, ਇਹ ਨਹੀਂ ਜਾਣਦੇ ਕਿ ਪਾਕਿਸਤਾਨ ਵਿੱਚ ਕਿਸੇ ਨਾਸਤਿਕ ਦੇ ਨਾਮ 'ਤੇ ਕਿਸੇ ਜਗ੍ਹਾ ਦਾ ਨਾਮ ਰੱਖਣਾ ਮਨਜ਼ੂਰ ਨਹੀਂ ਹੈ ਅਤੇ ਇਸਲਾਮ ਮਨੁੱਖੀ ਬੁੱਤਾਂ ਦੀ ਮਨਾਹੀ ਕਰਦਾ ਹੈ?"
ਯੋਜਨਾ ਕੀ ਸੀ ?
ਲਾਹੌਰ ਹਾਈ ਕੋਰਟ 'ਚ ਸਹਾਇਕ ਐਡਵੋਕੇਟ ਜਨਰਲ ਅਸਗਰ ਲੇਘਾਰੀ ਨੇ ਸ਼ੁੱਕਰਵਾਰ ਨੂੰ ਲਿਖਤੀ ਜਵਾਬ 'ਚ ਆਜ਼ਾਦੀ ਘੁਲਾਟੀਏ 'ਤੇ ਗੰਭੀਰ ਇਲਜ਼ਾਮ ਲਗਾਏ ਸਨ।
ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਪਾਕਿਸਤਾਨ ਦੇ ਚੇਅਰਮੈਨ ਇਮਤਿਆਜ਼ ਰਸ਼ੀਦ ਕੁਰੈਸ਼ੀ ਵੱਲੋਂ ਲਾਹੌਰ ਹਾਈ ਕੋਰਟ 'ਚ ਦਾਇਰ ਕੀਤੀ ਗਈ ਮਾਣਹਾਨੀ ਪਟੀਸ਼ਨ ਦੇ ਜਵਾਬ 'ਚ ਲਾਹੌਰ ਮੈਟਰੋਪੋਲੀਟਨ ਕਾਰਪੋਰੇਸ਼ਨ ਨੇ ਕਿਹਾ, ''ਸ਼ਾਦਮਾਨ ਚੌਕ ਦਾ ਨਾਂ ਭਗਤ ਸਿੰਘ ਦੇ ਨਾਂ 'ਤੇ ਰੱਖਣ ਅਤੇ ਉਨ੍ਹਾਂ ਦਾ ਬੁੱਤ ਲਗਾਉਣ ਦੀ ਲਾਹੌਰ ਸਿਟੀ ਜ਼ਿਲਾ ਸਰਕਾਰ ਦੀ ਪ੍ਰਸਤਾਵਿਤ ਯੋਜਨਾ ਨੂੰ ਕਮੋਡੋਰ (ਸੇਵਾਮੁਕਤ) ਤਾਰਿਕ ਮਜੀਦ ਦੁਆਰਾ ਪੇਸ਼ ਕੀਤੀ ਗਈ ਟਿੱਪਣੀ ਦੇ ਮੱਦੇਨਜ਼ਰ ਰੱਦ ਕਰ ਦਿੱਤਾ ਗਿਆ ਹੈ।"
ਇਸ ਰਿਪੋਰਟ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕੁਰੈਸ਼ੀ ਨੇ ਐਤਵਾਰ ਨੂੰ ਪੀਟੀਆਈ ਨੂੰ ਦੱਸਿਆ ਕਿ ਭਗਤ ਸਿੰਘ ਬਿਨਾਂ ਸ਼ੱਕ ਮਹਾਨ ਕ੍ਰਾਂਤੀਕਾਰੀ ਸਨ। ਉਨ੍ਹਾਂ ਨੂੰ ਆਜ਼ਾਦੀ ਘੁਲਾਟੀਏ ਅਤੇ ਸ਼ਹੀਦ ਐਲਾਨਿਆ ਗਿਆ ਸੀ।
ਉਨ੍ਹਾਂ ਕਿਹਾ, "ਮੈਂ ਸੇਵਾਮੁਕਤ ਕਮੋਡੋਰ ਮਜੀਦ ਨੂੰ ਭਗਤ ਸਿੰਘ ਫਾਊਂਡੇਸ਼ਨ 'ਤੇ ਗੰਭੀਰ ਇਲਜ਼ਾਮ ਲਗਾਉਣ ਅਤੇ ਭਗਤ ਸਿੰਘ 'ਤੇ ਉਨ੍ਹਾਂ ਦੇ ਸਟੈਂਡ ਦਾ ਵਿਰੋਧ ਕਰਨ ਲਈ ਕਾਨੂੰਨੀ ਨੋਟਿਸ ਭੇਜਾਂਗਾ।"
ਅਗਲੇ ਸਾਲ ਹੋਵੇਗੀ ਸੁਣਵਾਈ
ਕੁਰੈਸ਼ੀ ਨੇ ਐਡਵੋਕੇਟ ਖਾਲਿਦ ਜ਼ਮਾਨ ਖਾਨ ਕੱਕੜ ਰਾਹੀਂ ਦਾਇਰ ਅਦਾਲਤ ਦੀ ਮਾਣਹਾਨੀ ਦੀ ਪਟੀਸ਼ਨ ਵਿੱਚ ਜ਼ਿਲ੍ਹਾ ਸਰਕਾਰ, ਡੀਸੀ ਲਾਹੌਰ, ਮੁੱਖ ਸਕੱਤਰ ਪੰਜਾਬ ਅਤੇ ਪ੍ਰਸ਼ਾਸਕ ਸਿਟੀ ਜ਼ਿਲ੍ਹਾ ਸਰਕਾਰ ਨੂੰ ਧਿਰ ਬਣਾਇਆ ਹੈ।
ਜਿਸ ਵਿੱਚ ਕਿਹਾ ਗਿਆ ਸੀ ਕਿ ਲਾਹੌਰ ਹਾਈ ਕੋਰਟ ਦੇ ਜਸਟਿਸ ਸ਼ਾਹਿਦ ਜਮੀਲ ਖ਼ਾਨ ਨੇ ਸਬੰਧਤਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਸਨ।
ਅਧਿਕਾਰੀਆਂ ਨੇ 5 ਸਤੰਬਰ 2018 ਨੂੰ ਸ਼ਾਦਮਾਨ ਚੌਕ ਦਾ ਨਾਂ ਭਗਤ ਸਿੰਘ ਦੇ ਨਾਂ 'ਤੇ ਰੱਖਣ ਲਈ ਕਦਮ ਚੁੱਕੇ ਸਨ ਪਰ ਅਦਾਲਤ ਦੇ ਹੁਕਮਾਂ ਨੂੰ ਅਜੇ ਤੱਕ ਲਾਗੂ ਨਹੀਂ ਕੀਤਾ ਗਿਆ।
ਲਾਹੌਰ ਹਾਈ ਕੋਰਟ ਦੇ ਜਸਟਿਸ ਸ਼ਮਸ ਮਹਿਮੂਦ ਮਿਰਜ਼ਾ ਨੇ ਪਟੀਸ਼ਨਕਰਤਾ ਦੇ ਵਕੀਲ ਦੀ ਅਣਉਪਲਬਧਤਾ ਕਾਰਨ, ਮਾਣਹਾਨੀ ਦੀ ਪਟੀਸ਼ਨ ਦੀ ਸੁਣਵਾਈ 17 ਜਨਵਰੀ, 2025 ਤੱਕ ਮੁਲਤਵੀ ਕਰ ਦਿੱਤੀ।
ਭਗਤ ਸਿੰਘ ਕੌਣ ਸੀ
ਬਰਤਾਨਵੀਂ ਹਕੂਮਤ ਖਿਲਾਫ਼ ਚੱਲੇ ਭਾਰਤੀ ਅੰਦੋਲਨ ਦੇ ਇਨਕਲਾਬੀਆਂ ਉੱਤੇ ਖੋਜ ਅਤੇ ਕਿਤਾਬਾਂ ਲਿਖਣ ਵਾਲੇ ਮਾਲਵਿੰਦਰਜੀਤ ਸਿੰਘ ਵੜੈਚ ਆਪਣੇ ਇੱਕ ਲੇਖ ਵਿੱਚ ਲਿਖਦੇ ਹਨ, ਭਗਤ ਸਿੰਘ ਦਾ ਜਨਮ 28 ਸਿੰਤਬਰ 1907 ਨੂੰ ਮੌਜੂਦਾ ਪਾਕਿਸਤਾਨ ਦੇ ਲਾਇਲਪੁਰ ( ਹੁਣ ਫੈਸਲਾਬਾਦ) ਜਿਲ੍ਹੇ ਦੇ ਪਿੰਡ ਬੰਗਾ ਵਿੱਚ ਹੋਇਆ ਸੀ।
ਉਨ੍ਹਾਂ ਦੇ ਦਾਦਾ ਅਰਜਨ ਸਿੰਘ ਨੇ 1899 ਦੇ ਨੇੜ-ਤੇੜ, ਜਿਲ੍ਹਾ ਨਵਾ ਸ਼ਹਿਰ ਵਿਚਲੇ ਆਫਣੇ ਜੱਦੀ ਪਿੰਡ ਖਟਕੜ ਕਲਾਂ ਤੋਂ ਪਰਵਾਸ ਕਰਨ ਦਾ ਫੈਸਲਾ ਲਿਆ ਸੀ।
ਭਗਤ ਸਿੰਘ ਨੈਸ਼ਨਲ ਕਾਲਜ ਲਾਹੌਰ ਤੋਂ ਪੜ੍ਹਿਆ ਅਤੇ ਇਨਕਲਾਬੀ ਗਤੀਵਿਧੀਆਂ ਵਿੱਚ ਸ਼ਾਮਲ ਹੋਇਆ। ਇਸ ਦੌਰਾਨ ਉਹ ਕਈ ਵਾਰ ਜੇਲ੍ਹ ਵੀ ਗਏ।
ਪੁਲਿਸ ਅਧਿਕਾਰੀ ਸਾਂਡਰਸ ਦੇ ਕਤਲ ਅਤੇ ਸੰਸਦ ਵਿੱਚ ਬੰਬ ਸੁੱਟਣ ਵਰਗੀਆਂ ਗਤੀਵਿਧੀਆਂ ਕਾਰਨ ਉਨ੍ਹਾਂ ਨੂੰ ਜੇਲ੍ਹ ਜਾਣਾ ਪਿਆ ਅਤੇ ਫਾਸੀ ਦੀ ਸਜਾ ਦਾ ਸਾਹਮਣਾ ਕਰਨਾ ਪਿਆ।
23 ਮਾਰਚ 1931 ਨੂੰ ਭਗਤ ਸਿੰਘ ਅਤੇ ਉਨ੍ਹਾਂ ਦੇ ਦੋ ਹੋਰ ਇਨਕਲਾਬੀ ਸਾਥੀਆਂ ਰਾਜਗੁਰੂ ਅਤੇ ਸੁਖਦੇਵ ਨਾਲ ਫਾਸੀ ਦੀ ਸਜਾ ਦਿੱਤੀ ਗਈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ