You’re viewing a text-only version of this website that uses less data. View the main version of the website including all images and videos.
ਹਿਮਾਚਲ ਹੜ੍ਹ: ‘ਮੇਰੀਆਂ ਅੱਖਾਂ ਸਾਹਮਣੇ ਮੇਰੇ ਬੱਚੇ ਮਾਰੇ ਗਏ, ਮੇਰਾ ਤਾਂ ਕੁੱਝ ਨਹੀਂ ਰਿਹਾ’
- ਲੇਖਕ, ਅਰਵਿੰਦ ਛਾਬੜਾ
- ਰੋਲ, ਬੀਬੀਸੀ ਪੱਤਰਕਾਰ
ਪ੍ਰਿਅੰਕਾ - ਉਮਰ 5 ਸਾਲ, ਕਾਰਤਿਕ - ਉਮਰ 7 ਸਾਲ, ਨੰਦੀ ਕੁਮਾਰ - ਉਮਰ 20 ਸਾਲ
ਇਹ ਤਿੰਨੇ ਹਰਿਆਣਾ-ਹਿਮਾਚਲ ਬਾਰਡਰ ਨੇੜੇ ਪਿੰਜੌਰ ਇਲਾਕੇ ਵਿੱਚ ਮਾਰੇ ਗਏ, ਜਦੋਂ ਲੈਂਡ ਸਲਾਈਡ ਕਾਰਨ ਪਹਾੜ ਇਨ੍ਹਾਂ ਦੇ ਘਰ ਉੱਪਰ ਡਿਗ ਪਿਆ।
ਧਨਵੰਤੀ ਸਦਮੇ ਵਿੱਚ ਹਨ ਤੇ ਉਨ੍ਹਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਪਿਅੰਕਾ ਅਤੇ ਨੰਦੀ ਕੁਮਾਰ ਉਨ੍ਹਾਂ ਦੇ ਬੱਚੇ ਸਨ ਅਤੇ ਕਾਰਤਿਕ ਉਨ੍ਹਾਂ ਦਾ ਦੋਹਤਾ ਸੀ।
“ਪੂਰਾ ਪਹਾੜ ਹੀ ਘਰ ਉੱਤੇ ਡਿਗ ਗਿਆ” ਇੰਨਾਂ ਕਹਿ ਕੇ ਧਨਵੰਤੀ ਫੇਰ ਰੋਣ ਲੱਗ ਪਏ। ਨੇੜੇ ਦੇ ਘਰਾਂ ਦੇ ਲੋਕ ਉਨ੍ਹਾਂ ਨਾਲ ਬੈਠੇ ਗੱਲਾਂ ਕਰ ਰਹੇ ਹਨ ਕਿ ਮੁਸੀਬਤਾਂ ਦਾ ਪਹਾੜ ਤਾਂ ਸੁਣਿਆ ਸੀ, ਪਰ ਉਨ੍ਹਾਂ ਲਈ ਤਾਂ ਉਹ ਮੌਤ ਦਾ ਪਹਾੜ ਸਾਬਤ ਹੋਇਆ ਹੈ।
ਧਨਵੰਤੀ ਨੇ ਦੱਸਿਆ ਕਿ ਉਹ ਇਸ ਇਲਾਕੇ ਵਿਚ ਪਿਛਲੇ 25 ਸਾਲਾਂ ਤੋਂ ਰਹਿ ਰਹੇ ਹਨ ਤੇ ਕਦੇ ਵੀ ਇੱਥੇ ਇਸ ਤਰ੍ਹਾਂ ਦੇ ਹਾਲਾਤ ਨਹੀਂ ਵੇਖੇ ਸਨ।
ਰੋਟੀ ਖਾ ਰਹੇ ਸੀ, ਉੱਪਰੋਂ ਪਹਾੜ ਆ ਡਿੱਗਿਆ
ਉਨ੍ਹਾਂ ਦੱਸਿਆ ਕਿ ਕਾਰਤਿਕ ਨੇੜੇ ਹੀ ਇੱਕ ਦੁਕਾਨ ਵਿੱਚ ਕੰਮ ਕਰਦਾ ਸੀ। ਦੁਕਾਨ ਬੰਦ ਹੋਣ ਕਾਰਨ ਉਹ ਘਰ ਵਿੱਚ ਹੀ ਸੀ।
ਉਸ ਵੇਲੇ ਉਹ ਘਰ ਦੇ ਵਿਹੜੇ ਵਿੱਚ ਦੋਵਾਂ ਬੱਚਿਆਂ ਨੂੰ ਖਾਣਾ ਖੁਆ ਰਿਹਾ ਸੀ, ਜਦੋਂ ਇੱਕਦਮ ਉੱਪਰੋਂ ਪਹਾੜ ਆ ਕੇ ਘਰ 'ਤੇ ਡਿਗ ਗਿਆ ਤੇ ਤਿੰਨੇ ਉਸ ਦੇ ਹੇਠਾਂ ਦਬ ਗਏ।
ਅਸੀਂ ਧਨਵੰਤੀ ਦੇ ਘਰ ਪੁੱਜੇ ਤਾਂ ਵੇਖਿਆ ਕਿ ਸਾਰਾ ਘਰ ਮਲਬੇ ਵਿੱਚ ਤਬਦੀਲ ਹੋ ਚੁੱਕਿਆ ਸੀ। ਸਾਮਾਨ ਜਿਵੇਂ ਟੀਵੀ, ਫਰਿੱਜ ਟੁੱਟੇ ਹੋਏ ਸਨ ਤੇ ਘਰ ਦਾ ਕੁਝ ਹੋਰ ਸਮਾਨ ਵੀ ਟੁੱਟਿਆ ਤੇ ਬਿਖਰਿਆ ਹੋਇਆ ਸੀ।
ਇਸ ਹਾਦਸੇ ਮਗਰੋਂ ਧਨਵੰਤੀ ਤੇ ਉਨ੍ਹਾਂ ਦੇ ਰਿਸ਼ਤੇਦਾਰ ਪਿੰਡ ਦੀ ਧਰਮਸ਼ਾਲਾ ਵਿੱਚ ਰਹਿ ਰਹੇ ਹਨ।
ਧਨਵੰਤੀ ਕਹਿੰਦੇ ਹਨ ਕਿ ਪ੍ਰਸ਼ਾਸਨ ਵੱਲੋਂ ਦਾਲ ਰੋਟੀ ਵੀ ਦਿੱਤੀ ਦਾ ਰਹੀ ਹੈ, ਪਰ ਲੋਕਾਂ ਨੇ ਦੱਸਿਆ ਕਿ ਜੇਕਰ ਪ੍ਰਸ਼ਾਸਨ ਦੇ ਲੋਕ ਥੋੜ੍ਹੀ ਜਲਦੀ ਉੱਥੇ ਪਹੁੰਚਦੇ ਤਾਂ ਸ਼ਾਇਦ ਇੰਨੀ ਵੱਡੀ ਤਰਾਸਦੀ ਨਾ ਹੁੰਦੀ।
ਮਰਹੂਮ ਬਚਿਆਂ ਦੇ ਚਾਚਾ ਵੀ ਨੇੜੇ ਹੀ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ਤੋਂ ਬਾਅਦ ਪਿੰਡ ਦੇ ਲੋਕਾਂ ਨੇ ਤਿੰਨਾਂ ਨੂੰ ਮਲਬੇ ਹੇਠੋਂ ਬਾਹਰ ਕੱਢਿਆ ਤੇ ਹਸਪਤਾਲ ਲੈ ਕੇ ਗਏ ਪਰ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ।
- ਭਾਰੀ ਮੀਂਹ ਕਾਰਨ ਹਿਮਾਚਲ ਵਿੱਚ ਹੁਣ ਤੱਕ ਘੱਟੋ-ਘੱਟ 31 ਲੋਕਾਂ ਦੀ ਮੌਤ ਹੋ ਚੁੱਕੀ ਹੈ
- ਕਈ ਥਾਵਾਂ 'ਤੇ ਢਿੱਗਾਂ ਡਿੱਗਣ ਨਾਲ 1300 ਸੜਕਾਂ ਬੰਦ, 40 ਪੁੱਲ ਨੁਕਸਾਨੇ ਗਏ
- ਬਹੁਤ ਸਾਰੇ ਇਲਾਕਿਆਂ ਵਿੱਚ ਲੋਕ ਬਿਜਲੀ-ਪਾਣੀ ਦੀ ਸਪਲਾਈ ਦੀ ਦਿੱਕਤ ਵੀ ਝੱਲ ਰਹੇ
- ਕਈ ਘਰ ਤਬਾਹ 'ਤੇ ਕਈਆਂ ਵਿੱਚ ਆਈਆਂ ਤਰੇੜਾਂ ਕਾਰਨ ਹਾਦਸਿਆਂ ਦਾ ਖਦਸ਼ਾ
- ਇਸ ਦੌਰਾਨ ਸੂਬੇ ਵਿੱਚ ਪੰਜਾਬ-ਹਰਿਆਣਾ ਆਦਿ ਸੂਬਿਆਂ ਦੇ ਕਈ ਸੈਲਾਨੀ ਵੀ ਫਸੇ ਹੋਏ ਹਨ
ਹੋਰ ਘਰ ਵੀ ਡਿੱਗਣ ਦੀ ਕਗਾਰ 'ਤੇ
ਇੱਥੋਂ ਦੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਧਨਵੰਤੀ ਦਾ ਤਾਂ ਘਰ ਬਰਬਾਦ ਹੋਇਆ ਹੀ ਹੈ, ਪਰ ਨੇੜਲੇ ਇਲਾਕੇ ਦੇ ਹਾਲਾਤ ਵੀ ਕਾਫ਼ੀ ਖ਼ਰਾਬ ਹਨ। ਬਹੁਤ ਸਾਰੇ ਘਰ ਡਿੱਗਣ ਦੀ ਕਗਾਰ ਤੇ ਹਨ।
ਸੁਭਾਸ਼ ਪਟਿਆਲ ਕਹਿੰਦੇ ਹਨ, “ਸਾਡੇ ਘਰਾਂ ਵਿੱਚ ਤਰੇੜਾਂ ਆ ਗਈਆਂ ਹਨ। ਜ਼ਿਆਦਾ ਬਾਰਸ਼ ਹੋਣ ਕਾਰਨ, ਅਜਿਹਾ ਲੱਗਦਾ ਹੈ ਕਿ ਪੂਰਾ ਇਲਾਕਾ ਡੁੱਬ ਜਾਵੇਗਾ। ਇੱਕ ਹੋਰ ਬਾਰਸ਼ ਹੋਈ ਤਾਂ ਸਾਡੀ ਗੁਆਂਢ ਦੀ ਇਮਾਰਤ ਸ਼ਾਇਦ ਢਹਿ ਜਾਵੇਗੀ।"
ਕੁਝ ਵਸਨੀਕ ਇਸ ਦੇ ਲਈ ਕੌਮੀ ਰਾਜ ਮਾਰਗ 'ਤੇ ਹੋਏ ਨਿਰਮਾਣ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਨ ਜਦਕਿ ਦੂਸਰੇ ਕਹਿੰਦੇ ਹਨ ਕਿ ਅਧਿਕਾਰੀਆਂ ਨੇ ਸਮੇਂ ਸਿਰ ਸਹੀ ਉਪਾਅ ਕੀਤੇ ਜਾਣ ਨੂੰ ਯਕੀਨੀ ਨਹੀਂ ਬਣਾਇਆ।
ਅਧਿਕਾਰੀ ਕੀ ਕਹਿ ਰਹੇ
ਅਧਿਕਾਰੀਆਂ ਦਾ ਕਹਿਣਾ ਹੈ ਕਿ ਹਿਮਾਚਲ ਪ੍ਰਦੇਸ਼ ਵਿੱਚ ਮੰਗਲਵਾਰ ਸ਼ਾਮ ਤੱਕ 31 ਲੋਕ ਮਾਰੇ ਜਾ ਚੁੱਕੇ ਹਨ। ਪਿਛਲੇ ਤਿੰਨ ਦਿਨਾਂ ਵਿੱਚ ਢਿੱਗਾਂ ਡਿੱਗਣ ਅਤੇ ਹੜ੍ਹਾਂ ਕਾਰਨ ਲਗਭਗ 1,300 ਸੜਕਾਂ ਬੰਦ ਹੋ ਗਈਆਂ ਹਨ ਅਤੇ 40 ਵੱਡੇ ਪੁੱਲਾਂ ਨੂੰ ਨੁਕਸਾਨ ਪਹੁੰਚਿਆ ਹੈ।
ਸਰਕਾਰਾਂ ਨੇ ਬਚਾਅ ਅਤੇ ਰਾਹਤ ਕਾਰਜ ਤੇਜ਼ ਕਰ ਦਿੱਤੇ ਹਨ। ਕਈ ਜ਼ਿਲ੍ਹਿਆਂ ਵਿੱਚ ਲਗਾਤਾਰ ਪਏ ਮੀਂਹ ਕਾਰਨ ਘਰਾਂ ਵਿੱਚ ਪਾਣੀ ਭਰ ਗਿਆ ਹੈ ਅਤੇ ਫ਼ਸਲਾਂ ਤੇ ਸਬਜ਼ੀਆਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ।
ਠੰਡੇ ਮੌਸਮ ਤੇ ਬਰਫਬਾਰੀ ਦਾ ਲੁਤਫ ਲੈਣ ਲਈ ਬਹੁਤ ਸਾਰੇ ਸੈਲਾਨੀ ਇਸ ਸੂਬੇ ਵਿੱਚ ਆਉਂਦੇ ਹਨ, ਪਰ ਬਹੁਤ ਸਾਰੇ ਲੋਕਾਂ ਲਈ ਉਨ੍ਹਾਂ ਦੀ ਛੁੱਟੀ ਇੱਕ ਮਾੜੇ ਸੁਪਨੇ ਵਿੱਚ ਬਦਲ ਗਈ ਹੈ।
ਜ਼ਮੀਨ ਖਿਸਕਣ ਅਤੇ ਹੜ੍ਹਾਂ ਕਾਰਨ ਇੱਥੇ ਕਈ ਲੋਕ ਫਸੇ ਹੋਏ ਹਨ।
ਅਧਿਕਾਰੀਆਂ ਦਾ ਦਾਅਵਾ ਹੈ ਕਿ ਲਗਾਤਾਰ ਮੀਂਹ ਕਾਰਨ ਕੁੱਲੂ ਜ਼ਿਲ੍ਹੇ ਵਿੱਚ ਫਸੇ 2,000 ਸੈਲਾਨੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ।
ਸੂਬੇ ਦੇ ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਨੇ ਕਿਹਾ ਕਿ ਹਿਮਾਚਲ ਵਿੱਚ ਸਾਰੇ ਸੈਲਾਨੀ ਸੁਰੱਖਿਅਤ ਹਨ ਅਤੇ ਸਰਕਾਰ ਇੱਕ ਪਰਿਵਾਰ ਵਾਂਗ ਸਾਰਿਆਂ ਦਾ ਧਿਆਨ ਰੱਖ ਰਹੀ ਹੈ।
ਉਨ੍ਹਾਂ ਕਿਹਾ ਕਿ ਮੀਂਹ ਅਤੇ ਹੜ੍ਹਾਂ ਕਾਰਨ ਸੜਕਾਂ ਬੰਦ ਹੋਣ ਕਾਰਨ ਸੈਲਾਨੀਆਂ ਨੂੰ ਵੱਖ-ਵੱਖ ਥਾਵਾਂ 'ਤੇ ਹੋਟਲਾਂ ਅਤੇ ਰਿਜ਼ੋਰਟਾਂ ਵਿੱਚ ਰੱਖਿਆ ਗਿਆ ਹੈ।
ਉਨ੍ਹਾਂ ਅੱਗੇ ਕਿਹਾ, ਬਿਜਲੀ ਸਪਲਾਈ ਠੱਪ ਹੋਣ ਅਤੇ ਮੋਬਾਈਲ ਨੈੱਟਵਰਕ ਡਾਊਨ ਹੋਣ ਕਾਰਨ ਉਨ੍ਹਾਂ ਨਾਲ ਗੱਲ ਨਹੀਂ ਹੋ ਪਾ ਰਹੀ, ਜਿਸ ਕਾਰਨ ਪਰਿਵਾਰਕ ਮੈਂਬਰਾਂ ਨੂੰ ਚਿੰਤਾ ਹੋਣਾ ਸੁਭਾਵਿਕ ਹੈ, ਪਰ ਸਾਰਿਆਂ ਨੂੰ ਸਬਰ ਰੱਖਣਾ ਚਾਹੀਦਾ ਹੈ।
ਸੜਕਾਂ ਦੀ ਮੁਰੰਮਤ ਦਾ ਕੰਮ ਜੰਗੀ ਪੱਧਰ 'ਤੇ ਚੱਲ ਰਿਹਾ ਹੈ। ਸੜਕਾਂ ਖੁੱਲ੍ਹਦੇ ਹੀ ਸਾਰਿਆਂ ਨੂੰ ਸੁਰੱਖਿਅਤ ਉਨ੍ਹਾਂ ਦੇ ਘਰਾਂ ਨੂੰ ਭੇਜ ਦਿੱਤਾ ਜਾਵੇਗਾ।
ਸਾਰੇ ਹੋਟਲਾਂ ਅਤੇ ਰਿਜ਼ੋਰਟ ਮਾਲਕਾਂ ਨੂੰ ਵੀ ਸਥਿਤੀ ਆਮ ਹੋਣ ਤੱਕ ਸਹਿਯੋਗ ਕਰਨ ਲਈ ਕਿਹਾ ਗਿਆ ਹੈ।
ਪੀਣ ਵਾਲੇ ਪਾਣੀ ਦੀ ਵੀ ਸਮੱਸਿਆ
ਸੂਬੇ ਵਿਚ ਪੀਣ ਵਾਲੇ ਪਾਣੀ ਦੀ ਵੀ ਕਾਫੀ ਸਮੱਸਿਆ ਆ ਰਹੀ ਹੈ।
ਉਪ ਮੁੱਖ ਮੰਤਰੀ ਨੇ ਕਿਹਾ ਕਿ ਅਗਲੇ 24 ਘੰਟਿਆਂ ਵਿੱਚ ਸੂਬੇ ਵਿੱਚ 4000 ਪੀਣ ਵਾਲੇ ਪਾਣੀ ਦੇ ਪ੍ਰੋਜੈਕਟਾਂ ਨੂੰ ਬਹਾਲ ਕਰ ਦਿੱਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਮੀਂਹ ਅਤੇ ਹੜ੍ਹਾਂ ਕਾਰਨ ਸੂਬੇ ਵਿੱਚ 5000 ਛੋਟੇ ਅਤੇ ਵੱਡੇ ਜਲ ਪ੍ਰਾਜੈਕਟਾਂ ਨੂੰ ਨੁਕਸਾਨ ਪਹੁੰਚਿਆ ਹੈ। ਇਨ੍ਹਾਂ ਵਿੱਚੋਂ 4 ਹਜ਼ਾਰ ਨੂੰ ਅਗਲੇ 24 ਘੰਟਿਆਂ ਵਿੱਚ ਬਹਾਲ ਕਰ ਦਿੱਤਾ ਜਾਵੇਗਾ।
ਇਸ ਦੇ ਲਈ ਜਲ ਸ਼ਕਤੀ ਵਿਭਾਗ ਦੇ ਸਾਰੇ ਅਧਿਕਾਰੀ ਪੂਰੀ ਮਸ਼ੀਨਰੀ ਨਾਲ ਫੀਲਡ ਵਿੱਚ ਡਟੇ ਹੋਏ ਹਨ।