‘ਘਰ ਵਿੱਚ ਵਿਆਹ ਸੀ ਅਤੇ ਪੁਲਿਸ ਬਾਰਾਤੀਆਂ ਨੂੰ ਬੰਗਲਾਦੇਸ਼ੀ ਸਮਝ ਕੇ ਗ੍ਰਿਫ਼ਤਾਰ ਕਰਕੇ ਲੈ ਗਈ’, ਕੀ ਹੈ ਪੂਰਾ ਮਾਮਲਾ

ਮਹਿਲਾਵਾਂ
ਤਸਵੀਰ ਕੈਪਸ਼ਨ, ਆਪਣੇ ਪਰਿਵਾਰਕ ਮੈਂਬਰਾਂ ਨੂੰ ਕਰਾਇਮ ਬਰਾਂਚ ਵਿੱਚੋਂ ਛੁਡਵਾਉਣ ਗਈਆਂ ਕਈ ਮਹਿਲਾਵਾਂ ਭੁੱਬਾਂ ਮਾਰ ਕੇ ਰੋਣ ਲੱਗੀਆਂ
    • ਲੇਖਕ, ਤੇਜਸ ਵੈਦਿਆ
    • ਰੋਲ, ਬੀਬੀਸੀ ਪੱਤਰਕਾਰ

26 ਅਪ੍ਰੈਲ ਨੂੰ ਫਰਜ਼ਾਨਾ ਅਹਿਮਦਾਬਾਦ ਵਿੱਚ ਕ੍ਰਾਈਮ ਬਰਾਂਚ ਦਫ਼ਤਰ ਬਾਹਰ ਆਪਣੇ ਮਹਿੰਦੀ ਵਾਲੇ ਹੱਥ ਦਿਖਾਉਂਦੀ ਹੈ ਅਤੇ ਇੱਕ ਪਲਾਸਟਿਕ ਦੇ ਬੈਗ 'ਚੋਂ ਵਿਆਹ ਵਾਲਾ ਕਾਰਡ ਕੱਢਦੀ ਹੈ, ਜਿਸ 'ਤੇ 'ਜਸ਼ਨੇ ਸ਼ਾਦੀ' ਲਿਖਿਆ ਹੋਇਆ ਹੈ।

ਬੀਬੀਸੀ ਨਾਲ ਗੱਲ ਕਰਦਿਆਂ ਫਰਜ਼ਾਨਾ ਕਹਿੰਦੇ ਹਨ, "ਸਾਡੇ ਘਰ ਵਿੱਚ ਵਿਆਹ ਹੈ, ਘਰ ਵਿੱਚ ਬਾਰਾਤ ਆਈ ਹੋਈ ਹੈ। ਘਰ ਬਹੁਤ ਛੋਟਾ ਹੈ, ਇਸ ਲਈ ਅਸੀਂ ਬਾਰਾਤੀਆਂ ਨੂੰ ਚੰਦੋਲਾ ਇਲਾਕੇ ਵਿੱਚ ਇੱਕ ਰਿਸ਼ਤੇਦਾਰ ਦੇ ਘਰ ਭੇਜਿਆ ਸੀ।''

''ਉਨ੍ਹਾਂ ਨੂੰ ਪੁਲਿਸ ਗਲਤੀ ਨਾਲ 'ਬੰਗਲਾਦੇਸ਼ੀ' ਸਮਝ ਕੇ ਲੈ ਗਈ। ਪੁਲਿਸ ਜਿਨ੍ਹਾਂ ਲੋਕਾਂ ਨੂੰ ਲੈ ਕੇ ਗਈ ਹੈ, ਉਨ੍ਹਾਂ ਵਿੱਚ ਮੇਰੇ ਵੱਡੇ ਭਰਾ ਅਤੇ ਭਤੀਜੇ ਵੀ ਸ਼ਾਮਲ ਸਨ। ਜੇ ਉਹੀ ਨਹੀਂ ਹੋਣਗੇ ਤਾਂ ਵਿਆਹ ਕਿਵੇਂ ਹੋਵੇਗਾ? ਉਹ ਮਹਾਰਾਸ਼ਟਰ ਦੇ ਅਕੋਲਾ ਤੋਂ ਆਏ ਸਨ। ਮੈਨੂੰ ਦੱਸਿਆ ਗਿਆ ਕਿ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ ਅਤੇ ਛੱਡ ਦਿੱਤਾ ਜਾਵੇਗਾ।"

"ਇਹ ਸਵੇਰ ਦੀ ਗੱਲ ਸੀ ਅਤੇ ਅਸੀਂ ਰਾਤ ਨੌ ਵਜੇ ਤੱਕ ਬਿਨ੍ਹਾਂ ਕੁਝ ਖਾਧੇ-ਪੀਤੇ ਕ੍ਰਾਈਮ ਬਰਾਂਚ ਦਫ਼ਤਰ ਦੇ ਬਾਹਰ ਬੈਠੇ ਰਹੇ। ਜਦੋਂ ਅਸੀਂ ਆਪਣੇ ਭਰਾ ਦੇ ਜਨਮ ਸਰਟੀਫਿਕੇਟ ਅਤੇ ਹੋਰ ਸਰਕਾਰੀ ਦਸਤਾਵੇਜ਼ ਦਿਖਾਏ ਤਾਂ ਰਾਤ ਨੂੰ 10.30 ਵਜੇ ਉਨ੍ਹਾਂ ਨੂੰ ਛੱਡਿਆ ਗਿਆ।"

ਫਰਜ਼ਾਨਾ ਉਸ ਸਮੇਂ ਦੀ ਗੱਲ ਕਰ ਰਹੇ ਹਨ, ਜਦੋਂ 26 ਅਪ੍ਰੈਲ ਨੂੰ ਅਹਿਮਦਾਬਾਦ ਵਿੱਚ ਗੁਜਰਾਤ ਪੁਲਿਸ ਨੇ 'ਸ਼ੱਕੀ ਲੋਕਾਂ' ਨੂੰ ਗ੍ਰਿਫ਼ਤਾਰ ਕਰਨ ਦੇ ਲਈ ਮੁਹਿੰਮ ਸ਼ੁਰੂ ਕੀਤੀ ਸੀ।

ਫਰਜ਼ਾਨਾ ਕਹਿੰਦੇ ਹਨ, "ਜੇ ਕਸ਼ਮੀਰ ਵਿੱਚ ਕੋਈ ਵਿਵਾਦ ਹੈ ਤਾਂ ਕਸ਼ਮੀਰ ਜਾ ਕੇ ਸੁਲਝਾਓ। ਇੱਥੇ ਅਹਿਮਦਾਬਾਦ ਵਿੱਚ ਕੋਈ ਵਿਵਾਦ ਨਹੀਂ ਹੈ ਫਿਰ ਤੁਸੀਂ ਸਾਡੇ ਰਿਸ਼ਤੇਦਾਰਾਂ ਨੂੰ ਕਿਉਂ ਲੈ ਗਏ? ਇਹ ਕਾਨੂੰਨੀ ਬੇਇਨਸਾਫ਼ੀ ਹੈ। ਅਸੀਂ ਅਹਿਮਦਾਬਾਦ ਵਿੱਚ ਜੀਤੂ ਭਗਤ ਦੀ ਚੌਲ ਵਿੱਚ ਸਾਲਾਂ ਤੋਂ ਰਹਿ ਰਹੇ ਹਾਂ।"

ਫਰਜਾਨਾ
ਤਸਵੀਰ ਕੈਪਸ਼ਨ, ਫਰਜ਼ਾਨਾ ਵਿਆਹ ਵਾਲਾ ਕਾਰਡ ਦਿਖਾਉਂਦੇ ਹੋਏ।

22 ਅਪ੍ਰੈਲ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ 26 ਲੋਕ ਮਾਰੇ ਗਏ, ਜਿਨ੍ਹਾਂ ਵਿੱਚ ਤਿੰਨ ਗੁਜਰਾਤੀ ਵੀ ਸ਼ਾਮਲ ਸਨ।

ਇਸ ਹਮਲੇ ਤੋਂ ਬਾਅਦ ਭਾਰਤ ਸਰਕਾਰ ਨੇ ਪਾਕਿਸਤਾਨ ਨੂੰ 'ਜ਼ਿੰਮੇਵਾਰ ਠਹਿਰਾਇਆ' ਅਤੇ ਸਿੰਧੂ ਜਲ ਸਮਝੌਤੇ ਨੂੰ ਮੁਅੱਤਲ ਕਰਨ ਦੇ ਨਾਲ ਪਾਕਿਸਤਾਨੀ ਨਾਗਰਿਕਾਂ ਨੂੰ ਦਿੱਤੇ ਜਾਣ ਵਾਲੇ 14 ਪ੍ਰਕਾਰ ਦੇ ਵੀਜ਼ਾ ਰੱਦ ਕਰ ਦਿੱਤੇ।

ਗੁਜਰਾਤ ਪੁਲਿਸ ਨੇ 25 ਅਪ੍ਰੈਲ ਨੂੰ ਸਵੇਰੇ 2 ਵਜੇ ਅਹਿਮਦਾਬਾਦ ਵਿੱਚ ਇੱਕ ਤਲਾਸ਼ੀ ਮੁਹਿੰਮ ਚਲਾਈ। ਪੁਲਿਸ ਦੇ ਅਨੁਸਾਰ ਹੁਣ ਤੱਕ ਅਹਿਮਦਾਬਾਦ ਵਿੱਚ ਲਗਭਗ 900 ਕਥਿਤ ਬੰਗਲਾਦੇਸ਼ੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।

ਪੁਲਿਸ ਨੇ ਅਹਿਮਦਾਬਾਦ ਤੋਂ ਇਲਾਵਾ ਸੂਰਤ, ਰਾਜਕੋਟ ਅਤੇ ਵਡੋਦਰਾ ਵਿੱਚ ਵੀ 'ਗੈਰ-ਕਾਨੂੰਨੀ ਤੌਰ 'ਤੇ ਰਹਿ ਰਹੇ ਵਿਦੇਸ਼ੀਆਂ' ਨੂੰ ਗ੍ਰਿਫ਼ਤਾਰ ਕੀਤਾ।

ਫਰਜ਼ਾਨਾ ਦੇ ਵਿਆਹ ਦੇ ਜਸ਼ਨਾਂ ਵਿੱਚ 26 ਅਪ੍ਰੈਲ ਨੂੰ 'ਹਲਦੀ' ਦੀ ਰਸਮ ਸ਼ਾਮਲ ਸੀ, ਪਰ ਉਸੇ ਦਿਨ ਪੁਲਿਸ ਨੇ ਉਸਦੇ ਭਰਾ ਅਤੇ ਭਤੀਜੇ ਨੂੰ ਹਿਰਾਸਤ ਵਿੱਚ ਲੈ ਲਿਆ।

ਫਰਜ਼ਾਨਾ ਨੇ ਕਿਹਾ, "ਅਸੀਂ ਹਲਦੀ ਦੀ ਰਸਮ ਦੌਰਾਨ ਪੁਲਿਸ ਸਟੇਸ਼ਨ ਵਿੱਚ ਸੀ, ਇਸ ਲਈ ਰਸਮ ਨਹੀਂ ਹੋ ਸਕੀ। ਵਿਆਹ 27 ਅਪ੍ਰੈਲ ਨੂੰ ਸੀ। ਅਸੀਂ ਵਿਆਹ ਵਾਲੇ ਦਿਨ ਹੀ ਹਲਦੀ ਦੀ ਰਸਮ ਕੀਤੀ। ਅਸੀਂ ਸਿਰਫ਼ ਇਸ ਗੱਲ ਤੋਂ ਸੰਤੁਸ਼ਟ ਹਾਂ ਕਿ ਵਿਆਹ ਦੀ ਰਸਮ ਕਿਸੇ ਤਰ੍ਹਾਂ ਘੱਟ ਲੋਕਾਂ ਨਾਲ ਪੂਰੀ ਹੋ ਗਈ। ਨਹੀਂ ਤਾਂ ਅਸੀਂ ਵਿਆਹ ਵਾਲੇ ਦਿਨ ਵੀ ਕ੍ਰਾਈਮ ਬ੍ਰਾਂਚ ਦੇ ਬਾਹਰ ਘੁੰਮ ਰਹੇ ਹੁੰਦੇ।"

ਔਰਤਾਂ ਪੁਲਿਸ ਗੱਡੀਆਂ ਦੇ ਰਾਹ ਵਿੱਚ ਬੈਠ ਗਈਆਂ

ਔਰਤਾਂ
ਤਸਵੀਰ ਕੈਪਸ਼ਨ, ਜਦੋਂ ਪੁਲਿਸ ਨੇ ਪਰਿਵਾਰਕ ਮੈਂਬਰਾਂ ਨੂੰ ਹਿਰਾਸਤ ਵਿੱਚ ਲਿਆ ਤਾਂ ਔਰਤਾਂ ਕ੍ਰਾਈਮ ਬਰਾਂਚ ਦੇ ਬਾਹਰ ਦਰਵਾਜ਼ੇ 'ਤੇ ਬੈਠ ਗਈਆਂ

ਅਹਿਮਦਾਬਾਦ ਵਿੱਚ ਪੁਲਿਸ ਨੇ ਅਚਾਨਕ ਰਾਤ ਨੂੰ ਸ਼ਾਹ ਆਲਮ, ਚੰਦੋਲਾ ਝੀਲ, ਨਰੋਦਾ ਆਦਿ ਇਲਾਕਿਆਂ ਵਿੱਚ ਮਾਰਚ ਕੀਤਾ ਅਤੇ ਸਵੇਰ ਹੋਣ ਤੋਂ ਪਹਿਲਾਂ ਹੀ ਕਥਿਤ ਬੰਗਲਾਦੇਸ਼ੀ ਅਤੇ ਵਿਦੇਸ਼ੀ ਸ਼ੱਕੀਆਂ ਨੂੰ ਹਿਰਾਸਤ ਵਿੱਚ ਲੈਣ ਦੀ ਮੁਹਿੰਮ ਆਰੰਭ ਦਿੱਤੀ।

ਹਿਰਾਸਤ ਵਿੱਚ ਲਏ ਗਏ ਲੋਕਾਂ ਨੂੰ ਸਭ ਤੋਂ ਪਹਿਲਾਂ ਅਹਿਮਦਾਬਾਦ ਦੇ ਕਾਂਕਰੀਆ ਇਲਾਕੇ ਦੇ ਇੱਕ ਫੁਟਬਾਲ ਮੈਦਾਨ ਵਿੱਚ ਲਿਆਂਦਾ ਗਿਆ। ਉੱਥੋਂ ਉਨ੍ਹਾਂ ਨੂੰ ਜਮਾਲਪੁਰ ਇਲਾਕੇ ਦੇ ਗਾਇਕਵਾੜ ਹਵੇਲੀ ਸਥਿਤ ਕ੍ਰਾਈਮ ਬ੍ਰਾਂਚ ਦੇ ਦਫ਼ਤਰ ਲਿਆਂਦਾ ਗਿਆ।

ਕਰਾਇਮ ਬਰਾਂਚ ਵਿੱਚ ਜੋ ਪੁਲਿਸ ਮੈਦਾਨ ਹੈ, ਉੱਥੇ ਉਨ੍ਹਾਂ ਨੂੰ ਸਵੇਰੇ ਕਰੀਬ ਸਾਢੇ ਦਸ ਵਜੇ ਤੱਕ ਰੱਖਿਆ ਗਿਆ ਸੀ ਅਤੇ ਫਿਰ ਪੁੱਛਗਿੱਛ ਦੇ ਲਈ ਉਨ੍ਹਾਂ ਨੂੰ ਇੱਕ ਕਤਾਰ ਵਿੱਚ ਦਫ਼ਤਰ ਲਿਆਂਦਾ ਗਿਆ।

ਇਸ ਦੌਰਾਨ ਹਿਰਾਸਤ ਵਿੱਚ ਲਏ ਗਏ ਵਿਅਕਤੀਆਂ ਦੇ ਰਿਸ਼ਤੇਦਾਰ, ਜਿਨ੍ਹਾਂ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਵੀ ਸ਼ਾਮਲ ਸਨ, ਕ੍ਰਾਈਮ ਬ੍ਰਾਂਚ ਦੇ ਮੁੱਖ ਗੇਟ ਦੇ ਬਾਹਰ ਇਕੱਠੇ ਹੋ ਗਏ।

ਕੁਝ ਔਰਤਾਂ ਆਪਣੇ ਛੋਟੇ ਬੱਚਿਆਂ ਨੂੰ ਵੀ ਨਾਲ ਲੈ ਕੇ ਆਈਆਂ। 26 ਅਪ੍ਰੈਲ ਨੂੰ ਦੁਪਹਿਰ ਕਰੀਬ ਇੱਕ ਵਜੇ ਜਦੋਂ ਪੁਲਿਸ ਕੁਝ ਬੰਦੀਆਂ ਨੂੰ ਅਪਰਾਧ ਸ਼ਾਖਾ ਦਫ਼ਤਰ ਤੋਂ ਗੱਡੀਆਂ ਵਿੱਚ ਦੂਜੇ ਸਥਾਨ 'ਤੇ ਲਿਜਾ ਰਹੀ ਸੀ, ਤਾਂ ਗੇਟ ਦੇ ਬਾਹਰ ਬੈਠੇ ਪਰਿਵਾਰਕ ਮੈਂਬਰ ਰੋਣ ਲੱਗੇ।

ਔਰਤਾਂ ਸੜਕ ਉੱਪਰ ਬੈਠ ਕੇ ਰਾਹ ਰੋਕ ਰਹੀਆਂ ਸਨ। ਪੁਲਿਸ ਨੂੰ ਉਨ੍ਹਾਂ ਨੂੰ ਹਟਾਉਣ ਦੇ ਲਈ ਕਾਫੀ ਮੁਸ਼ੱਕਤ ਕਰਨੀ ਪਈ। ਕੁਝ ਔਰਤਾਂ ਦੀ ਮਹਿਲਾ ਪੁਲਿਸ ਅਧਿਕਾਰੀਆਂ ਨਾਲ ਝੜਪ ਵੀ ਹੋਈ।

'ਮੇਰੇ ਪੁੱਤ ਨੂੰ ਪੁਲਿਸ ਰਾਤ ਵੇਲੇ ਚੁੱਕ ਕੇ ਲੈ ਗਈ'

ਆਲਮਆਰਾ ਪਠਾਨ
ਤਸਵੀਰ ਕੈਪਸ਼ਨ, ਆਲਮਆਰਾ ਪਠਾਨ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪੁੱਤ ਤੇ ਨੂੰਹ ਨੂੰ ਪੁਲਿਸ ਲੈ ਗਈ ਅਤੇ ਰਾਤ 10 ਵਜੇ ਛੱਡਿਆ

ਇਨ੍ਹਾਂ ਵਿੱਚ ਆਲਮਆਰਾ ਪਠਾਨ ਨਾਮ ਦੀ ਔਰਤ ਵੀ ਸ਼ਾਮਲ ਹੈ, ਜਿਨ੍ਹਾਂ ਦੀ ਪੁਲਿਸ ਨਾਲ ਹੱਥੋਪਾਈ ਵੀ ਹੋਈ।

ਬੀਬੀਸੀ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ, "ਮੈਂ ਵਟਵਾ ਵਿੱਚ ਸਯਦਵਾੜੀ ਮੁਹੰਮਦੀ ਮਸਜਿਦ ਦੇ ਨੇੜੇ ਰਹਿੰਦੀ ਹਾਂ। ਅਸੀਂ ਪਿਛਲੇ 23 ਸਾਲਾਂ ਤੋਂ ਅਹਿਮਦਾਬਾਦ ਵਿੱਚ ਰਹਿ ਰਹੇ ਹਾਂ। ਮੇਰੇ ਪੁੱਤਰ ਰਿਆਜ਼ ਦੇ ਸਹੁਰੇ ਦਾ ਘਰ ਚੰਦੋਲਾ ਝੀਲ ਦੇ ਨੇੜੇ ਹੈ। ਉਸ ਰਾਤ ਨੂੰ ਉਹ ਆਪਣੇ ਸਹੁਰੇ ਘਰ ਰੁਕਿਆ ਅਤੇ ਪੁਲਿਸ ਨੇ ਉਸ ਨੂੰ ਫੜ ਲਿਆ। ਪੁਲਿਸ ਮੇਰੀ ਨੂੰਹ ਨੂੰ ਵੀ ਨਾਲ ਲੈ ਗਈ।"

ਉਹ ਕਹਿੰਦੇ ਹਨ, "ਸਾਡੇ ਕੋਲ ਆਧਾਰ ਕਾਰਡ, ਰਾਸ਼ਨ ਕਾਰਡ, ਵੋਟਰ ਕਾਰਡ, ਪੈਨ ਕਾਰਡ, ਬਿਜਲੀ ਬਿੱਲ ਆਦਿ ਸਾਰੇ ਦਸਤਾਵੇਜ਼ ਹਨ। ਪੁਲਿਸ ਨੇ ਮੈਨੂੰ ਕਿਹਾ ਕਿ ਤੁਸੀਂ ਆਧਾਰ ਕਾਰਡ ਲੈ ਕੇ ਆਓ, ਫਿਰ ਤੁਹਾਡੇ ਬੇਟੇ ਤੇ ਨੂੰਹ ਨੂੰ ਛੱਡ ਦੇਵਾਂਗੇ। ਮੈਂ ਸਵੇਰੇ 10 ਵਜੇ ਤੋਂ ਹੀ ਦਸਤਾਵੇਜ਼ਾਂ ਦੇ ਨਾਲ ਕ੍ਰਾਈਮ ਬਰਾਂਚ ਦੇ ਦਫ਼ਤਰ ਦੇ ਬਾਹਰ ਚੱਕਰ ਲਗਾ ਰਹੀ ਸੀ, ਫਿਰ ਆਖਿਰਕਾਰ ਉਨ੍ਹਾਂ ਨੂੰ ਰਾਤ 10 ਵਜੇ ਛੱਡਿਆ ਗਿਆ।"

ਪੁਲਿਸ ਨੇ 27 ਅਪ੍ਰੈਲ ਨੂੰ ਆਲਮਆਰਾ ਦੇ ਪੁੱਤ ਅਤੇ ਨੂੰਹ ਨੂੰ ਦਸਤਾਵੇਜ਼ਾਂ ਦੇ ਨਾਲ ਦੁਬਾਰਾ ਅਪਰਾਧ ਸ਼ਾਖਾ ਦਫ਼ਤਰ ਬੁਲਾਇਆ ਸੀ।

ਆਲਮਮਾਰਾ ਪਠਾਨ ਕਹਿੰਦੇ ਹਨ, "ਅਸੀਂ ਨਾ ਤਾਂ ਬੰਗਲਾਦੇਸ਼ ਤੋਂ ਆਏ ਹਾਂ ਅਤੇ ਨਾ ਹੀ ਅਸੀਂ ਅਪਰਾਧੀ ਹਾਂ। ਸਾਡੇ ਬੱਚੇ ਇੱਥੇ ਹੀ ਪੈਦਾ ਹੋਏ ਅਤੇ ਇਥੇ ਹੀ ਸਾਡੀ ਦੁਨੀਆ ਹੈ। ਫਿਰ ਵੀ ਮੈਨੂੰ ਸਮਝ ਨਹੀਂ ਆ ਰਿਹਾ ਕਿ ਮੇਰੇ ਪੁੱਤਰ ਅਤੇ ਨੂੰਹ ਨੂੰ ਕਿਉਂ ਗ੍ਰਿਫ਼ਤਾਰ ਕੀਤਾ ਗਿਆ।"

'ਉਹ ਮਹਾਰਾਸ਼ਟਰ ਤੋਂ ਬਾਰਾਤੀ ਬਣ ਕੇ ਆਏ ਸਨ ਤੇ ਪੁਲਿਸ ਨੇ ਉਨ੍ਹਾਂ ਨੂੰ ਫੜ ਲਿਆ'

ਕਰਾਇਮ ਬਰਾਂਚ ਬਾਹਰ ਔਰਤ
ਤਸਵੀਰ ਕੈਪਸ਼ਨ, ਬੱਚੇ ਦੇ ਨਾਲ ਕ੍ਰਾਈਮ ਬਰਾਂਚ ਪਹੁੰਚੀ ਔਰਤ

ਜ਼ੈਬੁਨਿਸਾ ਵਿਆਹ ਵਿੱਚ ਸ਼ਾਮਲ ਹੋਣ ਲਈ ਫਰਜ਼ਾਨਾ ਦੇ ਘਰ ਆਈ ਸੀ ਅਤੇ ਉਹ ਉਨ੍ਹਾਂ ਔਰਤਾਂ ਵਿੱਚ ਸ਼ਾਮਲ ਸੀ, ਜੋ ਕ੍ਰਾਈਮ ਬ੍ਰਾਂਚ ਦੇ ਬਾਹਰ ਆਪਣੇ ਹਿਰਾਸਤ ਵਿੱਚ ਲਏ ਪਰਿਵਾਰਕ ਮੈਂਬਰਾਂ ਦੀ ਰਿਹਾਈ ਦੀ ਉਡੀਕ ਕਰ ਰਹੀਆਂ ਸਨ।

ਬੀਬੀਸੀ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ, "ਅਸੀਂ ਮਹਾਰਾਸ਼ਟਰ ਦੇ ਅਕੋਲਾ ਤੋਂ ਇੱਕ ਵਿਆਹ ਵਿੱਚ ਸ਼ਾਮਲ ਹੋਣ ਲਈ ਆਏ ਸੀ। ਵਿਆਹ ਵਿੱਚ ਆਏ ਮੇਰੇ ਪੁੱਤਰ ਅਤੇ ਜੀਜੇ ਨੂੰ ਪੁਲਿਸ ਚੁੱਕ ਕੇ ਲੈ ਗਈ। ਸਾਡੇ ਕੋਲ ਉਨ੍ਹਾਂ ਦੇ ਜਨਮ ਸਰਟੀਫਿਕੇਟ ਅਤੇ ਆਧਾਰ ਕਾਰਡ ਹਨ।"

ਕ੍ਰਾਈਮ ਬਰਾਂਚ ਦਫ਼ਤਰ ਦੇ ਬਾਹਰ ਪੁਲਿਸ ਵਿੱਚ-ਵਿੱਚ ਆਉਂਦੀ ਰਹਿੰਦੀ ਸੀ, ਕੁਝ ਬੰਦੀਆਂ ਦੇ ਨਾਮ ਲੈਂਦੇ ਸਨ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਉਨ੍ਹਾਂ ਦੇ ਕੋਲ ਆਉਂਦੇ ਸਨ।

ਬੀਬੀਸੀ ਨਾਲ ਗੱਲ ਕਰਦੇ ਹੋਏ ਪੁਲਿਸ ਅਧਿਕਾਰੀ ਨੇ ਕਿਹਾ, "ਪੁੱਛਗਿੱਛ ਦੌਰਾਨ ਜਿਨ੍ਹਾਂ ਲੋਕਾਂ ਕੋਲ ਦਸਤਾਵੇਜ਼ ਨਹੀਂ ਹੁੰਦੇ ਸਨ, ਉਨ੍ਹਾਂ ਦੇ ਕੋਈ ਰਿਸ਼ਤੇਦਾਰ ਜੇ ਬਾਹਰ ਖੜ੍ਹੇ ਹੋਣ ਜਾਂ ਫਿਰ ਉਹ ਦਸਤਾਵੇਜ਼ ਲੈ ਕੇ ਆਉਣ ਤਾਂ ਅਸੀਂ ਉਨ੍ਹਾਂ ਨੂੰ ਵੀ ਸਮਾਂ ਦਿੰਦੇ ਸੀ ਅਤੇ ਉਨ੍ਹਾਂ ਤੋਂ ਦਸਤਾਵੇਜ਼ ਲੈ ਰਹੇ ਸੀ।"

ਇਹ ਔਰਤਾਂ ਅਤੇ ਪਰਿਵਾਰਕ ਮੈਂਬਰ 26 ਅਪ੍ਰੈਲ ਨੂੰ ਦੇਰ ਸ਼ਾਮ ਤੱਕ ਕ੍ਰਾਈਮ ਬਰਾਂਚ ਦੇ ਬਾਹਰ ਬੈਠੇ ਰਹੇ।

ਗੁਜਰਾਤ ਸੂਬੇ ਵਿੱਚ ਇੱਕ ਹਜ਼ਾਰ ਤੋਂ ਵੱਧ ਲੋਕ ਹਿਰਾਸਤ ਵਿੱਚ

ਸ਼ੱਕੀ
ਤਸਵੀਰ ਕੈਪਸ਼ਨ, ਗੁਜਰਾਤ ਪੁਲਿਸ ਨੇ ਇੱਕ ਹਜ਼ਾਰ ਤੋਂ ਵੱਧ ਲੋਕਾਂ ਨੂੰ ਹਿਰਾਸਤ ਵਿੱਚ ਲਿਆ

ਪੁਲਿਸ ਅਨੁਸਾਰ ਗੁਜਰਾਤ ਵਿੱਚ ਇੱਕ ਹਜ਼ਾਰ ਤੋਂ ਜ਼ਿਆਦਾ ਸ਼ੱਕੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।

ਗੁਜਰਾਤ ਵਿੱਚ ਅਹਿਮਦਾਬਾਦ, ਸੂਰਤ, ਵਡੋਦਰਾ, ਰਾਜਕੋਟ ਅਤੇ ਹੋਰ ਸਥਾਨਾਂ 'ਤੇ ਪੁਲਿਸ ਮੁਹਿੰਮ ਚਲਾਈ ਗਈ। ਜਿਸ ਵਿੱਚ ਕਥਿਤ ਤੌਰ 'ਤੇ ਗੈਰ-ਕਾਨੂੰਨੀ ਤੌਰ 'ਤੇ ਭਾਰਤ ਵਿੱਚ ਦਾਖਲ ਹੋਣ ਵਾਲੇ ਬੰਗਲਾਦੇਸ਼ੀਆਂ ਸਣੇ ਇੱਕ ਹਜ਼ਾਰ ਤੋਂ ਵੱਧ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ।

ਅਹਿਮਦਾਬਾਦ ਵਿੱਚ ਕਈ ਕੈਦੀਆਂ ਨੂੰ ਵੱਖ-ਵੱਖ ਪੁਲਿਸ ਵਾਹਨਾਂ ਵਿੱਚ ਅਪਰਾਧ ਸ਼ਾਖਾ ਤੋਂ ਦੂਜੀਆਂ ਥਾਵਾਂ 'ਤੇ ਲਿਜਾਇਆ ਜਾ ਰਿਹਾ ਸੀ।

ਕੈਦੀਆਂ ਨੂੰ ਵੱਖ-ਵੱਖ ਵਾਹਨਾਂ ਵਿੱਚ ਕਿੱਥੇ ਲਿਜਾਇਆ ਜਾ ਰਿਹਾ ਹੈ? ਅਜਿਹੇ ਹੀ ਇੱਕ ਸਵਾਲ ਦੇ ਜਵਾਬ ਵਿੱਚ ਇੱਕ ਪੁਲਿਸ ਅਧਿਕਾਰੀ ਨੇ ਬੀਬੀਸੀ ਨੂੰ ਦੱਸਿਆ, "ਇੱਕ ਥਾਂ 'ਤੇ ਇੰਨੇ ਸਾਰੇ ਲੋਕਾਂ ਤੋਂ ਪੁੱਛਗਿੱਛ ਕਰਨਾ ਸੰਭਵ ਨਹੀਂ ਹੈ। ਇਸ ਲਈ ਉਨ੍ਹਾਂ ਨੂੰ ਅਹਿਮਦਾਬਾਦ ਪੁਲਿਸ ਦੇ ਵੱਖ-ਵੱਖ ਦਫਤਰਾਂ ਵਿੱਚ ਲਿਜਾਇਆ ਜਾ ਰਿਹਾ ਹੈ ਤਾਂ ਜੋ ਉਨ੍ਹਾਂ ਤੋਂ ਜਲਦੀ ਪੁੱਛਗਿੱਛ ਕੀਤੀ ਜਾ ਸਕੇ।"

ਅਹਿਮਦਾਬਾਦ ਦੇ ਸਹਾਇਕ ਪੁਲਿਸ ਕਮਿਸ਼ਨਰ (ਏਸੀਪੀ) ਭਰਤ ਪਟੇਲ ਨੇ 27 ਅਪ੍ਰੈਲ ਨੂੰ ਮੀਡੀਆ ਨੂੰ ਦੱਸਿਆ, "ਲਗਭਗ 900 ਲੋਕਾਂ ਨੂੰ ਪੁੱਛਗਿੱਛ ਲਈ ਅਹਿਮਦਾਬਾਦ ਦੀ ਅਪਰਾਧ ਸ਼ਾਖਾ ਵਿੱਚ ਲਿਆਂਦਾ ਗਿਆ ਸੀ। ਇਨ੍ਹਾਂ ਵਿੱਚੋਂ ਲਗਭਗ 600 ਭਾਰਤੀ ਨਾਗਰਿਕ ਸਨ, ਜਿਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ।"

"ਹੁਣ ਤੱਕ 104 ਬੰਗਲਾਦੇਸ਼ੀ ਨਾਗਰਿਕਾਂ ਦੀ ਪਛਾਣ ਕੀਤੀ ਗਈ ਹੈ। ਇਹ ਗਿਣਤੀ ਵਧਣ ਦੀ ਸੰਭਾਵਨਾ ਹੈ। ਬੰਗਲਾਦੇਸ਼ੀ ਨਾਗਰਿਕਾਂ ਵਿੱਚ ਔਰਤਾਂ ਦੀ ਗਿਣਤੀ ਵੱਧ ਹੈ।"

ਉਨ੍ਹਾਂ ਕਿਹਾ, "ਕੁਝ ਸ਼ੱਕੀ ਲੋਕ ਪੱਛਮੀ ਬੰਗਾਲ ਅਤੇ ਇਸ ਦੇ ਆਸਪਾਸ ਦੇ ਇਲਾਕਿਆਂ ਵਿੱਚ ਰਹਿੰਦੇ ਹਨ, ਅਜਿਹਾ ਉਨ੍ਹਾਂ ਦਾ ਕਹਿਣਾ ਹੈ। ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਕੋਲ ਆਧਾਰ ਕਾਰਡ, ਵੋਟਰ ਆਈਡੀ ਕਾਰਡ ਅਤੇ ਹੋਰ ਪਛਾਣ ਦਸਤਾਵੇਜ਼ ਕਿੱਥੋਂ ਆਏ। ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਉਨ੍ਹਾਂ ਕੋਲ ਜੋ ਦਸਤਾਵੇਜ਼ ਹਨ ਉਹ ਅਸਲੀ ਹਨ ਜਾਂ ਨਕਲੀ।"

ਉਨ੍ਹਾਂ ਨੇ ਇਹ ਵੀ ਕਿਹਾ ਕਿ ਜਾਂਚ ਅਤੇ ਪੁੱਛਗਿੱਛ ਦੀ ਪ੍ਰਕਿਰਿਆ ਆਉਣ ਵਾਲੇ ਦਿਨਾਂ ਵਿੱਚ ਵੀ ਜਾਰੀ ਰਹੇਗੀ।

26 ਅਪ੍ਰੈਲ ਨੂੰ ਗ੍ਰਹਿ ਰਾਜ ਮੰਤਰੀ ਹਰਸ਼ ਸੰਘਵੀ ਨੇ ਦੱਸਿਆ ਕਿ ਦੇਰ ਰਾਤ ਤੋਂ ਚੱਲ ਰਹੇ ਇਸ ਆਪ੍ਰੇਸ਼ਨ ਵਿੱਚ ਹੁਣ ਤੱਕ ਕੁੱਲ ਇੱਕ ਹਜ਼ਾਰ ਤੋਂ ਵੱਧ ਸ਼ੱਕੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ, ਜਿਨ੍ਹਾਂ ਵਿੱਚ ਅਹਿਮਦਾਬਾਦ ਤੋਂ 890 ਅਤੇ ਸੂਰਤ ਤੋਂ 134 ਲੋਕ ਸ਼ਾਮਲ ਹਨ।

ਹਰਸ਼ ਸੰਘਵੀ ਨੇ ਦਾਅਵਾ ਕੀਤਾ, "ਅਸੀਂ ਦੇਖਿਆ ਹੈ ਕਿ ਪਹਿਲਾਂ ਗ੍ਰਿਫ਼ਤਾਰ ਕੀਤੇ ਗਏ ਚਾਰ ਬੰਗਲਾਦੇਸ਼ੀਆਂ ਵਿੱਚੋਂ ਦੋ ਅਲਕਾਇਦਾ ਲਈ ਸਲੀਪਰ ਸੈੱਲ ਵਜੋਂ ਕੰਮ ਕਰ ਰਹੇ ਸਨ। ਇਨ੍ਹਾਂ ਸਾਰੇ ਬੰਗਲਾਦੇਸ਼ੀਆਂ ਦੀਆਂ ਗਤੀਵਿਧੀਆਂ ਦੀ ਜਾਂਚ ਕੀਤੀ ਜਾ ਰਹੀ ਹੈ।"

ਅਹਿਮਦਾਬਾਦ ਦੇ ਚੰਦੋਲਾ ਵਿੱਚ ਕਥਿਤ ਬੰਗਲਾਦੇਸ਼ੀ ਬਸਤੀ

ਅਹਿਮਦਾਬਾਦ
ਤਸਵੀਰ ਕੈਪਸ਼ਨ, ਅਹਿਮਦਾਬਾਦ ਕ੍ਰਾਈਮ ਬਰਾਂਚ ਦੇ ਬਾਹਰ ਬੈਠੀਆਂ ਔਰਤਾਂ

ਅਹਿਮਦਾਬਾਦ ਵਿੱਚ ਬੰਗਲਾਦੇਸ਼ੀ ਦੱਸ ਕੇ ਹਿਰਾਸਤ ਵਿੱਚ ਲਏ ਗਏ ਕਈ ਲੋਕ ਚੰਦੋਲਾ ਝੀਲ ਦੇ ਕੋਲ ਰਹਿੰਦੇ ਸਨ।

ਅਹਿਮਦਾਬਾਦ ਦੇ ਦਾਨਿਲਿਮਡਾ ਇਲਾਕੇ ਵਿੱਚ ਸਥਿਤ ਚੰਦੋਲਾ ਝੀਲ ਲਗਭਗ 1200 ਹੈਕਟੇਅਰ ਖੇਤਰ ਵਿੱਚ ਫੈਲੀ ਹੋਈ ਹੈ।

ਜਦੋਂ ਵੀ ਅਹਿਮਦਾਬਾਦ ਵਿੱਚ ਗੈਰ-ਕਾਨੂੰਨੀ ਤੌਰ 'ਤੇ ਰਹਿ ਰਹੇ ਵਿਦੇਸ਼ੀ ਨਾਗਰਿਕਾਂ, ਖਾਸ ਕਰਕੇ ਬੰਗਲਾਦੇਸ਼ੀ ਨਾਗਰਿਕਾਂ ਦੇ ਮੁੱਦੇ 'ਤੇ ਚਰਚਾ ਹੁੰਦੀ ਹੈ ਤਾਂ ਦਾਨਿਲਿਮਡਾ, ਸ਼ਾਹ ਆਲਮ, ਮਨੀਨਗਰ ਅਤੇ ਇਸਨਪੁਰ ਦੇ ਵਿਚਕਾਰ ਸਥਿਤ ਚੰਦੋਲਾ ਝੀਲ ਦੇ ਆਲੇ-ਦੁਆਲੇ ਦੀਆਂ ਬਸਤੀਆਂ ਜ਼ਰੂਰ ਚਰਚਾ ਵਿੱਚ ਆਉਂਦੀਆਂ ਹਨ।

ਪੁਲਿਸ ਨੇ ਪਹਿਲਾਂ ਵੀ ਉੱਥੇ ਤਲਾਸ਼ੀ ਮੁਹਿੰਮ ਚਲਾ ਚੁੱਕੀ ਹੈ। ਪਿਛਲੇ ਸਾਲ 24 ਅਕਤੂਬਰ ਨੂੰ ਗੁਜਰਾਤ ਪੁਲਿਸ ਨੇ ਇੱਕ ਕਾਰਵਾਈ ਵਿੱਚ ਲਗਭਗ 48 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਅਤੇ ਉਨ੍ਹਾਂ ਨੂੰ ਬੰਗਲਾਦੇਸ਼ ਭੇਜਣ ਦੀ ਪ੍ਰਕਿਰਿਆ ਸ਼ੁਰੂ ਕੀਤੀ।

ਪੁਲਿਸ ਨੇ ਉਸ ਸਮੇਂ ਦਾਅਵਾ ਕੀਤਾ ਸੀ ਕਿ ਇਹ ਸਾਰੇ ਲੋਕ ਜਾਅਲੀ ਆਧਾਰ ਕਾਰਡ, ਰਾਸ਼ਨ ਕਾਰਡ ਆਦਿ ਦੇ ਆਧਾਰ 'ਤੇ ਅਹਿਮਦਾਬਾਦ ਦੇ ਚੰਦੋਲਾ ਝੀਲ ਇਲਾਕੇ ਵਿੱਚ ਗੈਰ-ਕਾਨੂੰਨੀ ਘਰਾਂ ਵਿੱਚ ਰਹਿ ਰਹੇ ਸਨ।

ਚੰਦੋਲਾ ਇਲਾਕੇ ਵਿੱਚ ਕੁਝ ਸਵੈ-ਇੱਛੁਕ ਸੰਸਥਾਵਾਂ ਕੰਮ ਕਰ ਰਹੀਆਂ ਹਨ।

ਬੀਨਾਬੇਨ ਜਾਧਵ ਚੰਦੋਲਾ ਝੀਲ ਖੇਤਰ ਦੇ ਲੋਕਾਂ ਨਾਲ ਕੰਮ ਕਰਦੀ ਹੈ ਅਤੇ ਵਿਅਕਤੀਤਵ ਸੰਘਰਸ਼ ਸਮਿਤੀ ਦੀ ਸੰਸਥਾਪਕ ਹਨ।

ਉਨ੍ਹਾਂ ਨੇ ਬੀਬੀਸੀ ਪੱਤਰਕਾਰ ਰੌਕਸੀ ਗਾਗਡੇਕਰ ਛਾਰਾ ਨੂੰ ਦੱਸਿਆ ਸੀ, "ਚੰਦੋਲਾ ਝੀਲ ਇਲਾਕੇ ਵਿੱਚ ਕਈ ਲੋਕ ਰਹਿੰਦੇ ਹਨ, ਜੋ ਸਾਲਾਂ ਤੋਂ ਬੰਗਾਲ ਦੇ ਵੱਖ-ਵੱਖ ਪਿੰਡਾਂ ਤੋਂ ਇੱਥੇ ਆਉਂਦੇ ਰਹੇ ਹਨ।"

ਉਨ੍ਹਾਂ ਦਾ ਕਹਿਣਾ, "ਪੁਲਿਸ ਨੂੰ ਜਾਂਚ ਕਰਨੀ ਚਾਹੀਦੀ ਹੈ, ਬੰਗਲਾਦੇਸ਼ੀ ਨਾਗਰਿਕਾਂ ਨੂੰ ਲੱਭਣਾ ਚਾਹੀਦਾ ਅਤੇ ਉਨ੍ਹਾਂ ਨੂੰ ਦੇਸ਼ ਨਿਕਾਲਾ ਦੇ ਦੇਣਾ ਚਾਹੀਦਾ। ਪਰ ਬੰਗਲਾਦੇਸ਼ੀ ਹੋਣ ਦੇ ਇਲਜ਼ਾਮ ਹੇਠ ਹਰ ਕਿਸੇ ਨੂੰ ਗ੍ਰਿਫ਼ਤਾਰ ਕਰਨਾ ਸਹੀ ਨਹੀਂ ਹੈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)