ਕੈਨੇਡਾ 'ਚ ਪ੍ਰਧਾਨ ਮੰਤਰੀ ਕਿਵੇਂ ਚੁਣਿਆ ਜਾਂਦਾ ਹੈ, ਪੂਰੀ ਪ੍ਰਕਿਰਿਆ 5 ਨੁਕਤਿਆਂ ਵਿੱਚ ਸਮਝੋ

ਤਸਵੀਰ ਸਰੋਤ, Getty Images
ਮਾਰਕ ਕਾਰਨੀ ਨੇ ਜਸਟਿਨ ਟਰੂਡੋ ਦੀ ਜਗ੍ਹਾ ਲੈਣ ਦੀ ਦੌੜ ਜਿੱਤ ਲਈ ਹੈ ਅਤੇ ਉਹ ਕੈਨੇਡਾ ਦੇ ਅਗਲੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣ ਵਾਲੇ ਹਨ।
ਇਸ ਦਾ ਮਤਲਬ ਹੈ ਕਿ ਉਹ ਅਗਲੀਆਂ ਚੋਣਾਂ ਵਿੱਚ ਕੈਨੇਡਾ ਦੀ ਸੱਤਾਧਾਰੀ ਲਿਬਰਲ ਪਾਰਟੀ ਦੀ ਅਗਵਾਈ ਕਰਨਗੇ। ਇਨ੍ਹਾਂ ਚੋਣਾਂ ਦੇ ਜਲਦ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ।
ਟਰੂਡੋ ਵੱਲੋਂ ਜਨਵਰੀ ਵਿੱਚ ਲਿਬਰਲ ਲੀਡਰ ਵਜੋਂ ਅਸਤੀਫ਼ਾ ਦੇਣ ਦਾ ਐਲਾਨ ਕਰਨ ਤੋਂ ਬਾਅਦ ਕਈ ਸਿਆਸੀ ਆਗੂਆਂ ਨੇ ਵੋਟਿੰਗ ਦੀ ਮੰਗ ਕੀਤੀ ਸੀ।
ਪਰ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਦੇਸ਼ 'ਤੇ ਭਾਰੀ ਟੈਰਿਫ ਲਗਾਉਣ ਤੋਂ ਬਾਅਦ, ਜੋ ਕਿ ਵਪਾਰ ਯੁੱਧ ਸ਼ੁਰੂ ਕਰ ਸਕਦਾ ਹੈ, ਵਿਰੋਧੀ ਪਾਰਟੀਆਂ ਨੇ ਸੁਝਾਅ ਦਿੱਤਾ ਹੈ ਕਿ ਕੈਨੇਡਾ ਨੂੰ ਚੋਣਾਂ ਕਰਵਾ ਲੈਣੀਆਂ ਚਾਹੀਦੀਆਂ ਹਨ।
1. ਕੈਨੇਡਾ ਦੀਆਂ ਸੰਘੀ ਚੋਣਾਂ ਕਦੋਂ ਹਨ
ਕਾਨੂੰਨ ਮੁਤਾਬਕ ਕੈਨੇਡਾ ਵਿੱਚ ਸੰਘੀ ਚੋਣਾਂ ਵਿਚਾਲੇ ਵੱਧ ਤੋਂ ਵੱਧ ਸਮਾਂ 5 ਸਾਲਾਂ ਦਾ ਹੁੰਦਾ ਹੈ। ਅਗਲੀਆਂ ਅਧਿਕਾਰਤ ਚੋਣਾਂ 20 ਅਕਤਬੂਰ 2025 ਨੂੰ ਮਿੱਥੀਆਂ ਗਈਆਂ ਹਨ।
ਹਾਲਾਂਕਿ, ਕੁਝ ਹਾਲਾਤ ਵਿੱਚ ਇਹ ਚੋਣਾਂ ਜਲਦੀ ਵੀ ਕਰਵਾਈਆਂ ਜਾ ਸਕਦੀਆਂ ਹਨ-
ਜਦੋਂ ਗਵਰਨਰ ਜਨਰਲ ਸਰਕਾਰ ਨੂੰ ਭੰਗ ਕਰਨ ਦੀ ਪ੍ਰਧਾਨ ਮੰਤਰੀ ਦੀ ਸਲਾਹ ਨੂੰ ਸਵੀਕਾਰ ਕਰਦਾ ਹੈ, ਜਾਂ
ਸੰਸਦ ਵਿਚ ਭਰੋਸੇ ਦੇ ਵੋਟ ਵਿੱਚ ਸਰਕਾਰ ਦੀ ਹਾਰ ਤੋਂ ਬਾਅਦ ਜੇ ਗਵਰਨਰ ਜਨਰਲ ਪ੍ਰਧਾਨ ਮੰਤਰੀ ਦਾ ਅਸਤੀਫ਼ਾ ਸਵੀਕਾਰ ਕਰ ਲੈਂਦਾ ਹੈ।

ਤਸਵੀਰ ਸਰੋਤ, Getty Images
ਜਦੋਂ ਟਰੂਡੋ ਨੇ ਜਨਵਰੀ ਵਿੱਚ ਅਸਤੀਫਾ ਦਿੱਤਾ ਸੀ, ਤਾਂ ਉਨ੍ਹਾਂ ਨੇ ਸੰਸਦ ਨੂੰ ਮੁਅੱਤਲ ਕਰ ਦਿੱਤਾ ਸੀ ਤਾਂ ਜੋ ਸੱਤਾਧਾਰੀ ਲਿਬਰਲ ਪਾਰਟੀ ਉਨ੍ਹਾਂ ਦੀ ਥਾਂ ਲੈਣ ਲਈ ਲੀਡਰਸ਼ਿਪ ਦੀ ਦੌੜ ਵਿੱਚ ਸ਼ਾਮਲ ਹੋ ਸਕੇ।
ਐਤਵਾਰ ਨੂੰ ਕਾਰਨੀ ਦਾ ਨਾਮ ਟਰੂਡੋ ਦੇ ਬਦਲ ਵਜੋਂ ਐਲਾਨਿਆ ਗਿਆ, ਉਹ ਛੇਤੀ ਚੋਣਾਂ ਕਰਵਾ ਸਕਦੇ ਹਨ।
ਵਿਰੋਧੀ ਕੰਜ਼ਰਵੇਟਿਵ ਪਾਰਟੀ ਦੀ ਅਗਵਾਈ ਕਰਨ ਵਾਲੇ ਪਿਏਰ ਪੋਇਲੀਏਵਰਾ ਨੇ ਪਹਿਲਾਂ ਹੀ ਕਿਹਾ ਹੈ ਕਿ ਉਹ ਸੰਸਦ ਦੀ ਵਾਪਸੀ 'ਤੇ ਬੇਭਰੋਸਗੀ ਮਤਾ ਲਿਆਉਣਗੇ, ਅਜਿਹਾ ਹੀ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਆਗੂ ਜਗਮੀਤ ਸਿੰਘ ਨੇ ਵੀ ਕਿਹਾ ਹੈ।
2. ਪ੍ਰਧਾਨ ਮੰਤਰੀ ਕੌਣ ਬਣ ਸਕਦਾ ਹੈ?

ਤਸਵੀਰ ਸਰੋਤ, Getty Images
ਕੈਨੇਡਾ ਦੀਆਂ ਸੰਘੀ ਚੋਣਾਂ ਵਿੱਚ ਯੂਕੇ ਦੀਆਂ ਚੋਣਾਂ ਵਾਂਗ ਵੋਟਰ ਸਿੱਧੇ ਤੌਰ ʼਤੇ ਪ੍ਰਧਾਨ ਮੰਤਰੀ ਲਈ ਵੋਟ ਨਹੀਂ ਪਾ ਸਕਦੇ।
ਇਸ ਦੀ ਥਾਂ ਸੰਸਦ ਮੈਂਬਰਾਂ (ਐੱਮਪੀ) ਦੀ ਬਹੁਗਿਣਤੀ ਵਾਲੀ ਪਾਰਟੀ ਦਾ ਆਗੂ ਹੀ ਪ੍ਰਧਾਨ ਮੰਤਰੀ ਬਣ ਜਾਂਦਾ ਹੈ।
ਇਸ ਦਾ ਮਤਲਬ ਕਾਰਨੀ, ਪੋਲੀਏਵ ਅਤੇ ਜਗਮੀਤ ਸਿੰਘ ਦੇ ਨਾਲ ਚੋਣ ਲੜਨਗੇ।
3. ਕਿਹੜੀਆਂ ਮੁੱਖ ਪਾਰਟੀਆਂ ਚੋਣ ਮੈਦਾਨ ਵਿੱਚ ਹਨ?

ਤਸਵੀਰ ਸਰੋਤ, Getty Images
ਕੈਨੇਡਾ ਦੀਆਂ ਅਗਲੀਆਂ ਚੋਣਾਂ ਵਿੱਚ ਚਾਰ ਮੁੱਖ ਪਾਰਟੀਆਂ ਮੈਦਾਨ ਵਿੱਚ, ਜਿਨ੍ਹਾਂ ਵਿੱਚ ਲਿਬਰਲਜ਼, ਕੰਜ਼ਰਵੇਟਿਵ, ਨਿਊ ਡੈਮੋਕ੍ਰੇਟਸ (ਐੱਨਡੀਪੀ) ਅਤੇ ਦਿ ਬਲੌਕ ਕਿਊਬੀਕੋਇਸ।
ਲਿਬਰਲਜ਼ ਸਾਲ 2015 ਤੋਂ ਸੱਤਾ ਵਿੱਚ ਹਨ ਅਤੇ ਉਦੋਂ ਹੀ ਜਸਟਿਨ ਟਰੂਡੋ ਪ੍ਰਧਾਨ ਮੰਤਰੀ ਹਨ। ਉਨ੍ਹਾਂ ਕੋਲ ਮੌਜੂਦਾ ਸਮੇਂ ਵਿੱਚ 153 ਸੀਟਾਂ ਹਨ।
ਕੰਜ਼ਰਵੇਟਿਵਸ 120 ਸੀਟਾਂ ਦੇ ਨਾਲ ਅਧਿਕਾਰਤ ਤੌਰ ʼਤੇ ਵਿਰੋਧੀ ਧਿਰ ਹੈ।

ਦਿ ਬਲੌਕ ਕਿਊਬੀਕੋਇਸ ਕੋਲ 33 ਸੀਟਾਂ, ਇਹ ਪਾਰਟੀ ਸਿਰਫ਼ ਕਿਊਬਿਕ ਵਿੱਚ ਹੀ ਚੋਣਾਂ ਲੜਦੀ ਹੈ। ਐੱਨਡੀਪੀ ਕੋਲ 24 ਸੀਟਾਂ ਹਨ। ਇਸ ਤੋਂ ਇਲਾਵਾ ਗਰੀਨ ਪਾਰਟੀ ਕੋਲ ਦੋ ਸੀਟਾਂ ਹਨ।
ਟਰੂਡੋ ਦੀ ਕਾਰਕਾਲ ਦੇ ਆਖ਼ਰੀ ਪੜਾਵਾਂ ਦੌਰਾਨ, ਓਪੀਨੀਅਨ ਪੋਲਾਂ ਨੇ ਲਗਾਤਾਰ ਕੰਜ਼ਰਵੇਟਿਵਸ ਨੂੰ ਮਜ਼ਬੂਤ ਲੀਡ ਨਾਲ ਦਿਖਾਇਆ।
ਪਰ ਟਰੂਡੋ ਦੇ ਅਸਤੀਫ਼ੇ ਤੋਂ ਬਾਅਦ ਗਿਣਤੀ ਵਿੱਚ ਕਮੀ ਆਈ। ਟਰੰਪ ਨੇ ਵੀ ਉਦੋਂ ਹੀ ਅਮਰੀਕਾ ਵਿੱਚ ਅਹੁਦਾ ਸੰਭਾਲਿਆ ਹੈ ਅਤੇ ਕੈਨੇਡਾ ਵਿਰੁੱਧ ਭਾਰੀ ਟੈਰਿਫ ਲਾਗੂ ਕੀਤੇ ਹਨ, ਜਿਸ ਨਾਲ ਵੋਟਿੰਗ ਦੀਆਂ ਉਮੀਦਾਂ ਵਧ ਗਈਆਂ ਹਨ।
4. ਪੋਲ ਕੀ ਕਹਿੰਦੇ ਹਨ?

ਜਦੋਂ ਇਸ ਸਾਲ ਦੀ ਸ਼ੁਰੂਆਤ ਵਿੱਚ ਟਰੂਡੋ ਨੇ ਅਸਤੀਫ਼ਾ ਦਿੱਤਾ ਸੀ ਤਾਂ ਉਨ੍ਹਾਂ ਨੇ ਆਪਣੀ ਪਾਰਟੀ ਦੇ ਕਾਫ਼ੀ ਦਬਾਅ ਹੇਠ ਅਜਿਹਾ ਕੀਤਾ। ਅਜਿਹਾ ਮਹਿਸੂਸ ਕੀਤਾ ਗਿਆ ਸੀ ਕਿ ਲੋਕਾਂ ਵਿੱਚ ਉਨ੍ਹਾਂ ਦੀ ਘਟਦੀ ਸਾਖ਼ ਅਗਲੀਆਂ ਚੋਣਾਂ ਜਿੱਤਣ ਦੀਆਂ ਪਾਰਟੀ ਦੀਆਂ ਉਮੀਦਾਂ ਨੂੰ ਨੁਕਸਾਨ ਪਹੁੰਚਾ ਰਹੀ ਸੀ।
ਕੈਨੇਡੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ (ਸੀਬੀਸੀ) ਦੁਆਰਾ ਸਾਂਝੇ ਕੀਤੇ ਗਏ ਕੌਮੀ ਪੋਲਿੰਗ ਔਸਤ ਦਰਸਾਉਂਦੇ ਹਨ ਕਿ ਕਿਵੇਂ 2023 ਅਤੇ 2024 ਦੌਰਾਨ ਲਿਬਰਲਜ਼ ਲਈ ਸਮਰਥਨ ਘੱਟ ਗਿਆ ਹੈ।
ਉਸੇ ਸਮੇਂ, ਕੰਜ਼ਰਵੇਟਿਵਜ਼ ਲਈ ਸਮਰਥਨ ਵਧਿਆ ਹੈ। ਇਸ ਸਾਲ 20 ਜਨਵਰੀ ਨੂੰ ਟਰੰਪ ਦੇ ਅਹੁਦਾ ਸਾਂਭਣ ਵਾਲੇ ਦਿਨ ਕੰਜ਼ਰਵੇਟਿਵ 44.8 ਫੀਸਦ ’ਤੇ ਪੋਲ ਵਿੱਚ ਸਨ ਜਦੋਂ ਕਿ ਲਿਬਰਲਜ਼ 21.9 ਫੀਸਦ 'ਤੇ ਸਨ।
ਉਦੋਂ ਤੋਂ, ਪੋਲਜ਼ ਵਿੱਚ ਇਹ ਸਾਹਮਣੇ ਆਇਆ ਕਿ ਲਿਬਰਲਜ਼ ਲਈ ਸਮਰਥਨ ਵਿੱਚ ਵਾਧਾ ਹੋਇਆ ਹੈ। ਤਾਜ਼ੇ ਔਸਤ ਦਰਸਾਉਂਦੇ ਹਨ ਕਿ 40.4 ਫੀਸਦ ਕੈਨੇਡੀਅਨ ਕੰਜ਼ਰਵੇਟਿਜ਼ ਦਾ ਸਮਰਥਨ ਕਰਦੇ ਹਨ, ਜਦਕਿ 30.8 ਫੀਸਦ ਲਿਬਰਲਜ਼ ਦਾ ਸਮਰਥਨ ਕਰਦੇ ਹਨ।
ਕੁਝ ਸਮਰਥਨ ਹਾਸਲ ਕਰਨ ਲਈ ਲਿਬਰਲਜ਼ ਨੇ ਅਮਰੀਕੀ ਰਾਸ਼ਟਰਪਤੀ ਵੱਲੋਂ ਦੇਸ਼ ਵਿੱਚ ਸਾਰੇ ਕੈਨੇਡੀਅਨ ਆਯਾਤ 'ਤੇ 25 ਫੀਸਦ ਟੈਰਿਫ਼ ਲਾਗੂ ਕਰਨ ਤੋਂ ਬਾਅਦ ਪੋਲੀਏਵ ਅਤੇ ਟਰੰਪ ਵਿਚਕਾਰ ਤੁਲਨਾ ਕਰਨ ਦੀ ਕੋਸ਼ਿਸ਼ ਕੀਤੀ ਹੈ।
ਟਰੂਡੋ ਦੇ ਉੱਤਰਾਧਿਕਾਰੀ ਵਜੋਂ ਐਲਾਨ ਕੀਤੇ ਜਾਣ ਤੋਂ ਬਾਅਦ, ਕਾਰਨੀ ਨੇ ਵਪਾਰ ਯੁੱਧ ਬਾਰੇ ਕਿਹਾ ਕਿ "ਅਮਰੀਕੀਆਂ ਨੂੰ ਕੋਈ ਗ਼ਲਤੀ ਨਹੀਂ ਕਰਨੀ ਚਾਹੀਦੀ... ਕੈਨੇਡਾ ਜਿੱਤੇਗਾ।"
5. ਕੈਨੇਡਾ ਵਿੱਚ ਵੋਟ ਕੌਣ ਪਾ ਸਕਦਾ ਹੈ, ਕੀ ਹੈ ਚੋਣਾਂ ਦੀ ਪ੍ਰਕਿਰਿਆ

ਤਸਵੀਰ ਸਰੋਤ, Getty Images
ਕੈਨੇਡਾ ਦੀ ਚੋਣਾਂ ਵਿੱਚ ਵਟੋ ਪਾਉਣ ਵਾਲੇ ਕੋਲ ਕੈਨੇਡਾ ਦੀ ਨਾਗਰਿਕਤਾ ਹੋਣੀ ਚਾਹੀਦੀ ਹੈ। ਉਸ ਦੀ ਉਮਰ ਘੱਟੋ-ਘੱਟ 18 ਸਾਲ ਹੋਣੀ ਚਾਹੀਦੀ ਹੈ ਅਤੇ ਉਸ ਕੋਲ ਪਛਾਣ ਤੇ ਪਤੇ ਦਾ ਸਬੂਤ ਹੋਣਾ ਚਾਹੀਦਾ ਹੈ।
ਪੂਰੇ ਦੇਸ਼ 343 ਸੰਘ ਖੇਤਰ ਹਨ, ਜਿਨ੍ਹਾਂ ਨੂੰ ਹਲਕੇ ਜਾਂ ਇਲੈਕਟੋਰਲ ਜ਼ਿਲ੍ਹੇ ਵੀ ਕਿਹਾ ਜਾਂਦਾ ਹੈ। ਹਰੇਕ ਕੋਲ ਹਾਊਸ ਆਫ ਕੌਮਨਜ਼ ਵਿੱਚ ਇੱਕ ਸੀਟ ਹੈ।
ਲੋਅਰ ਚੈਂਬਰ, ਹਾਊਸ ਆਫ਼ ਕਾਮਨਜ਼ ਦੀਆਂ ਸਾਰੀਆਂ ਸੀਟਾਂ ਚੋਣਾਂ ਦੌਰਾਨ ਜਿੱਤੀਆਂ ਜਾਂਦੀਆਂ ਹਨ।
ਸੈਨੇਟ ਦੇ ਮੈਂਬਰ ਨਿਯੁਕਤ ਕੀਤੇ ਜਾਂਦੇ ਹਨ ਅਤੇ ਉਹ ਚੋਣ ਨਹੀਂ ਲੜਦੇ।
ਯੂਕੇ ਵਾਂਗ, ਕੈਨੇਡਾ ਵਿੱਚ "ਫਰਸਟ ਪਾਸਟ ਦਿ ਪੋਸਟ" ਚੋਣ ਪ੍ਰਣਾਲੀ ਹੈ।
ਹਰੇਕ ਹਲਕੇ ਵਿੱਚ ਸਭ ਤੋਂ ਵੱਧ ਵੋਟਾਂ ਹਾਸਲ ਕਰਨ ਵਾਲਾ ਉਮੀਦਵਾਰ ਉਸ ਸੀਟ 'ਤੇ ਜਿੱਤ ਜਾਂਦਾ ਹੈ ਅਤੇ ਸੰਸਦ ਮੈਂਬਰ ਬਣ ਜਾਂਦਾ ਹੈ।
ਉਨ੍ਹਾਂ ਨੂੰ ਆਪਣੇ ਖੇਤਰ ਵਿੱਚ ਪਾਈਆਂ ਗਈਆਂ ਸਾਰੀਆਂ ਵੋਟਾਂ ਦਾ ਬਹੁਮਤ ਹਾਸਲ ਕਰਨ ਦੀ ਜ਼ਰੂਰਤ ਨਹੀਂ ਹੁੰਦੀ
ਸਭ ਤੋਂ ਵੱਧ ਚੁਣੇ ਗਏ ਸੰਸਦ ਮੈਂਬਰਾਂ ਵਾਲੀ ਪਾਰਟੀ ਦਾ ਨੇਤਾ ਆਮ ਤੌਰ 'ਤੇ ਸਰਕਾਰ ਬਣਾਉਂਦਾ ਹੈ।
ਦੂਜੇ ਸਥਾਨ 'ਤੇ ਰਹਿਣ ਵਾਲੀ ਪਾਰਟੀ ਆਮ ਤੌਰ 'ਤੇ ਅਧਿਕਾਰਤ ਵਿਰੋਧੀ ਧਿਰ ਬਣਦੀ ਹੈ।
ਜੇਕਰ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਮਿਲਦਾ ਤਾਂ ਨਤੀਜਾ ਇੱਕ ਹੰਗ ਸੰਸਦ ਜਾਂ ਘੱਟ ਗਿਣਤੀ ਸਰਕਾਰ ਵਜੋਂ ਜਾਣਿਆ ਜਾਂਦਾ ਹੈ। ਵਿਵਹਾਰਕ ਤੌਰ 'ਤੇ, ਇਸ ਦਾ ਮਤਲਬ ਹੈ ਕਿ ਪਾਰਟੀ ਦੂਜੀਆਂ ਪਾਰਟੀਆਂ ਦੀ ਮਦਦ ਤੋਂ ਬਿਨਾਂ ਕਾਨੂੰਨ ਪਾਸ ਨਹੀਂ ਕਰ ਸਕੇਗੀ।
(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)













