ਕੰਗਨਾ ਰਣੌਤ ਦੀ ਹਿਮਾਚਲ 'ਚ 'ਉੜਤਾ ਪੰਜਾਬ' ਵਾਲੀ ਟਿੱਪਣੀ 'ਤੇ ਵਿਵਾਦ, ਵਿਰੋਧੀ ਬੋਲੇ, 'ਮੋਦੀ ਨੂੰ ਸਵਾਲ ਕਰਨ ਦਾ ਹੌਸਲਾ ਦਿਖਾਓ'

ਅਦਾਕਾਰਾ ਅਤੇ ਮੰਡੀ ਤੋਂ ਲੋਕ ਸਭਾ ਮੈਂਬਰ ਕੰਗਨਾ ਰਣੌਤ ਵੱਲੋਂ ਹਿਮਾਚਲ ਵਿੱਚ ਨਸ਼ੇ ਦੀ ਸਮੱਸਿਆ ਬਾਰੇ ਪੰਜਾਬ ਨਾਲ ਜੋੜ ਕੇ ਦਿੱਤੇ ਬਿਆਨ ਤੋਂ ਬਾਅਦ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਆਗੂਆਂ ਨੇ ਕੰਗਨਾ 'ਤੇ ਪਲਟਵਾਰ ਕੀਤਾ ਹੈ।

ਕਾਂਗਰਸ ਵਿਧਾਇਕ ਪ੍ਰਗਟ ਸਿੰਘ ਅਤੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੰਗਨਾ ਨੂੰ ਨਸ਼ੇ ਦੀ ਸਮੱਸਿਆ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗੁਜਰਾਤ ਸਰਕਾਰ ਨੂੰ ਸਵਾਲ ਕਰਨ ਲਈ ਹੌਸਲਾ ਦਿਖਾਉਣ ਦੀ ਗੱਲ ਕਹੀ ਹੈ।

ਦਰਅਸਲ ਬੀਜੇਪੀ ਐੱਮਪੀ ਕੰਗਨਾ ਰਣੌਤ ਨੇ ਸ਼ੁੱਕਰਵਾਰ ਨੂੰ ਲੋਕ ਸਭਾ ਦੇ ਬਾਹਰ ਮੀਡੀਆ ਨਾਲ ਗੱਲਬਾਤ ਕਰਦਿਆਂ ਆਪਣੇ ਸੂਬੇ ਵਿੱਚ ਨਸ਼ੇ ਦੀ ਸਮੱਸਿਆ ਬਾਰੇ ਕਿਹਾ ਕਿ ਇਸ ਦੇ ਲਈ ਪਾਕਿਸਤਾਨ ਤੋਂ ਪੰਜਾਬ ਰਾਹੀਂ ਹੋ ਰਹੀ ਨਸ਼ੇ ਦੀ ਤਸਕਰੀ ਜ਼ਿੰਮੇਵਾਰ ਹੈ।

ਕੰਗਨਾ ਰਣੌਤ ਨੇ ਕੀ ਦਾਅਵਾ ਕੀਤਾ ਸੀ?

ਖ਼ਬਰ ਏਜੰਸੀ ਪੀਟੀਆਈ ਮੁਤਾਬਕ ਕੰਗਨਾ ਰਣੌਤ ਨੇ ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਸ਼ਿਵ ਪ੍ਰਤਾਪ ਸ਼ੁਕਲਾ ਦੀ 'ਉੜਤਾ ਪੰਜਾਬ' ਵਾਲੀ ਟਿੱਪਣੀ 'ਤੇ ਬਿਆਨ ਦਿੱਤਾ ਸੀ।

ਕੰਗਨਾ ਨੇ ਕਿਹਾ, ''ਹਿਮਾਚਲ ਵਿੱਚ ਨਸ਼ੇ ਦੀ ਸਮੱਸਿਆ ਇੰਨੀ ਗੰਭੀਰ ਹੈ ਕਿ ਜੇਕਰ ਜਲਦ ਹੀ ਇਸ ਉਪਰ ਕੋਈ ਸਖ਼ਤ ਕਾਰਵਾਈ ਨਾ ਕੀਤੀ ਗਈ ਤਾਂ ਸਾਡੇ ਵੱਲ ਵੀ ਪੰਜਾਬ ਦੇ ਕਈ ਪਿੰਡਾਂ ਵਾਲੀ ਸਥਿਤੀ ਹੋ ਜਾਵੇਗੀ ਜਿੱਥੇ ਸਿਰਫ਼ ਵਿਧਵਾਵਾਂ ਅਤੇ ਔਰਤਾਂ ਹੀ ਰਹਿੰਦੀਆਂ ਹਨ। ਪੰਜਾਬ ਵਰਗੀ ਸਥਿਤੀ ਹਿਮਾਚਲ ਵਿੱਚ ਵੀ ਹੋ ਜਾਵੇਗੀ।''

ਕੰਗਨਾ ਨੇ ਅੱਗੇ ਕਿਹਾ, ''ਹਿਮਾਚਲ ਦੇ ਬੱਚੇ ਭੋਲੇ ਅਤੇ ਸਿੱਧੇ ਹੁੰਦੇ ਹਨ। ਪੰਜਾਬ ਦੇ ਰਸਤੇ ਅਤੇ ਪੰਜਾਬ ਵਿੱਚ ਪਾਕਿਸਤਾਨ ਦੇ ਰਸਤੇ ਜੋ ਨਸ਼ਾ ਆ ਰਿਹਾ ਹੈ, ਉਹ ਹਿਮਾਚਲ ਵਿੱਚ ਪਹੁੰਚ ਰਿਹਾ ਹੈ। ਬੱਚਿਆਂ ਨੇ ਮਾਂ-ਬਾਪ ਦੇ ਗਹਿਣੇ ਵੇਚ ਦਿੱਤੇ ਹਨ। ਬੱਚਿਆਂ ਨੇ ਚੋਰੀ ਕਰਕੇ ਗੱਡੀਆਂ ਵੇਚ ਦਿੱਤੀਆਂ ਹਨ। ''

ਉਹਨਾਂ ਕਿਹਾ, ''ਉਹ ਕਮਰਿਆਂ ਵਿੱਚ ਖੁਦ ਨੂੰ ਬੰਦ ਕਰ ਲੈਂਦੇ ਹਨ, ਫਰੀਨਚਰ ਤੋੜਦੇ ਹਨ, ਚੀਕਾਂ ਮਾਰਦੇ ਹਨ ਅਤੇ ਰੋਂਦੇ ਹਨ। ਉਹਨਾਂ ਦੀ ਸਥਿਤੀ ਮੌਤ ਤੋਂ ਵੀ ਮਾੜੀ ਹੋ ਜਾਂਦੀ ਹੈ। ਇਸ ਬਾਰੇ ਰਾਜਪਾਲ ਜੀ ਨੇ ਜੋ ਕਿਹਾ ਹੈ, ਉਹ ਠੀਕ ਕਿਹਾ ਹੈ।''

ਹਿਮਾਚਲ ਦੇ ਰਾਜਪਾਲ ਨੇ ਕੀ ਚੇਤਾਵਨੀ ਦਿੱਤੀ ਸੀ?

ਪੀਟੀਆਈ ਅਨੁਸਾਰ ਵੀਰਵਾਰ ਨੂੰ ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਸ਼ਿਵ ਪ੍ਰਤਾਪ ਸ਼ੁਕਲਾ ਨੇ ਚੇਤਾਵਨੀ ਦਿੱਤੀ ਸੀ ਕਿ ਜੇਕਰ ਨਸ਼ਿਆਂ ਦੇ ਖਾਤਮੇ ਲਈ ਤੁਰੰਤ ਕਾਰਵਾਈ ਨਾ ਕੀਤੀ ਗਈ ਤਾਂ ਹਿਮਾਚਲ ਪ੍ਰਦੇਸ਼ ਅਗਲੇ ਪੰਜ ਸਾਲਾਂ ਵਿੱਚ "ਉੜਤਾ ਪੰਜਾਬ" ਬਣ ਜਾਵੇਗਾ।

ਸ਼ਿਮਲਾ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ, ਉਨ੍ਹਾਂ ਕਿਹਾ ਕਿ ਐੱਨਡੀਪੀਐੱਸ ਦੇ ਮਾਮਲੇ 340 ਪ੍ਰਤੀਸ਼ਤ ਵੱਧ ਗਏ ਹਨ ਜੋ 2012 ਵਿੱਚ ਲਗਭਗ 500 ਸੀ ਅਤੇ 2023 ਵਿੱਚ ਲਗਭਗ 2200 ਹੋ ਗਏ।

'ਆਪ' ਤੇ ਕਾਂਗਰਸ ਨੇ ਮੋਦੀ ਨੂੰ ਸਵਾਲ ਕਰਨ ਲਈ ਕਿਹਾ

ਕਾਂਗਰਸ ਵਿਧਾਇਕ ਪ੍ਰਗਟ ਸਿੰਘ ਨੇ ਕਿਹਾ ਕਿ ਹਿਮਾਚਲ ਵਿੱਚ ਨਸ਼ੇ ਲਈ ਪੰਜਾਬ ਨੂੰ ਜ਼ਿੰਮੇਵਾਰ ਠਹਿਰਾਉਣਾ ਸਿਰਫ਼ ਅਗਿਆਨਤਾ ਨਹੀਂ ਹੈ ਸਗੋਂ ਇਹ ਪੰਜਾਬੀਆਂ ਅਤੇ ਸਿੱਖਾਂ ਨੂੰ ਬਦਨਾਮ ਕਰਨ ਦੇ ਭਾਜਪਾ ਦੇ ਖ਼ਤਰਨਾਕ ਏਜੰਡੇ ਨੂੰ ਦਿਖਾਉਂਦਾ ਹੈ।

ਪ੍ਰਗਟ ਸਿੰਘ ਨੇ ਐਕਸ 'ਤੇ ਲਿਖਿਆ, ''ਐੱਮਪੀ ਕੰਗਨਾ ਜੀ, ਪੰਜਾਬ ਪੀੜ੍ਹਤ ਹੈ, ਇਹ ਸਰੋਤ ਨਹੀਂ ਹੈ। ਪੰਜਾਬ ਅਤੇ ਹਿਮਾਚਲ ਸਮੇਤ ਪੂਰੇ ਭਾਰਤ ਵਿੱਚ ਦਾਖਲ ਹੋਣ ਵਾਲੇ ਨਸ਼ਿਆਂ ਲਈ ਗੁਜਰਾਤ ਦੀਆਂ ਬੰਦਰਗਾਹਾਂ ਸਪਲਾਈ ਦੀਆਂ ਮੁੱਖ ਥਾਵਾਂ ਹਨ। ਉੱਥੋਂ 21,000 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ ਹਨ। ''

ਉਹਨਾਂ ਕਿਹਾ, ''ਕੀ ਤੁਹਾਡੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗੁਜਰਾਤ ਸਰਕਾਰ ਨੂੰ ਭਾਰਤ ਨੂੰ ਗੁਜਰਾਤ ਰਾਹੀਂ ਨਸ਼ੇ ਨਾਲ ਭਰਨ ਬਾਰੇ ਸਵਾਲ ਕਰਨ ਦੀ ਹਿੰਮਤ ਹੈ?''

''ਪੰਜਾਬ ਦੇ ਪ੍ਰਤੀਨਿਧੀ ਹੋਣ ਦੇ ਨਾਤੇ, ਮੈਂ ਇਸ ਨਫ਼ਰਤ ਭਰੇ ਅਤੇ ਝੂਠੇ ਬਿਰਤਾਂਤ ਦੀ ਸਖ਼ਤ ਨਿੰਦਾ ਕਰਦਾ ਹਾਂ। ਪੰਜਾਬ ਨੂੰ ਬਦਨਾਮ ਕਰਨਾ ਬੰਦ ਕਰੋ।''

ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵੀ ਗੁਜਰਾਤ ਨੂੰ ਲੈ ਕੇ ਕੰਗਨਾ ਨੂੰ ਘੇਰਿਆ।

ਚੀਮਾ ਨੇ ਕਿਹਾ, ''ਪੂਰਾ ਦੇਸ਼ ਜਾਣਦਾ ਹੈ ਕਿ ਉਹ ਫ਼ਿਲਮੀ ਦੁਨੀਆਂ ਵਿੱਚੋਂ ਆਏ ਹਨ ਅਤੇ ਫ਼ਿਲਮੀ ਸਟੰਟ ਕਰਦੇ ਰਹਿੰਦੇ ਹਨ। ਉਹ ਕੁਝ ਵੀ ਬੋਲ ਦਿੰਦੇ ਹਨ। ਉਹਨਾਂ ਨੂੰ ਲੱਗਦਾ ਹੈ ਕਿ ਮੇਰਾ ਸਭ ਕੁਝ ਵਿਕਦਾ ਹੈ ਪਰ ਮੈਂ ਸਮਝਦਾ ਹਾਂ ਕਿ ਭਾਰਤੀ ਜਨਤਾ ਪਾਰਟੀ ਨੂੰ ਉਹਨਾਂ 'ਤੇ ਲਗਾਮ ਲਗਾਉਣੀ ਚਾਹੀਦੀ ਹੈ ਜਾਂ ਉਹਨਾਂ ਨੂੰ ਪਾਰਟੀ ਤੋਂ ਬਾਹਰ ਕਰ ਦੇਣਾ ਚਾਹੀਦਾ ਹੈ।”

“ਪੂਰਾ ਦੇਸ਼ ਜਾਣਦਾ ਹੈ ਕਿ ਨਸ਼ਾ ਸਭ ਤੋਂ ਵੱਧ ਗੁਜਰਾਤ ਵਾਲੇ ਪਾਸੇ ਤੋਂ ਆਉਂਦਾ ਹੈ। ਗੁਜਰਾਤ ਵਿੱਚ ਉਹਨਾਂ ਦੇ ਹੀ ਬੀਜੇਪੀ ਦੇ ਸਾਥੀਆਂ ਦੀ ਸਰਕਾਰ ਹੈ। ਮਾਣਯੋਗ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਦੀ ਸਰਕਾਰ ਹੈ। ਉਹਨਾਂ ਨੂੰ ਚਾਹੀਦਾ ਹੈ ਕਿ ਪਹਿਲਾਂ ਪ੍ਰਧਾਨ ਮੰਤਰੀ ਜੀ ਨਾਲ ਗੱਲ ਕਰ ਲੈਣ।''

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)