ਪਟਿਆਲਾ ਦੀ 10 ਸਾਲਾ ਬੱਚੀ ਦੀ ਮੌਤ ਦਾ ਮਾਮਲਾ: ਬੇਕਰੀ ਦੇ ਕੇਕ ’ਚ ਤੈਅ ਮਾਤਰਾ ਤੋਂ ਵੱਧ ਮਿਲਿਆ ਸੈਕਰੀਨ ਪਦਾਰਥ ਕੀ ਹੁੰਦਾ ਹੈ

ਪਟਿਆਲਾ ਦੀ ਰਹਿਣ ਵਾਲੀ ਇੱਕ 10 ਸਾਲਾ ਬੱਚੀ ਦੀ ਬੀਤੇ ਦਿਨੀਂ ਕਥਿਤ ਤੌਰ ’ਤੇ ਉਸ ਦੇ ਜਨਮ ਦਿਨ ’ਤੇ ਮੰਗਵਾਇਆ ਕੇਕ ਖਾਣ ਮਗਰੋਂ ਮੌਤ ਹੋ ਗਈ ਸੀ।

ਇਹ ਕੇਕ ਇੱਕ ਫੂਡ ਡਿਲੀਵਰੀ ਐਪ ਰਾਹੀਂ ਮੰਗਵਾਇਆ ਗਿਆ ਸੀ।

ਪਰਿਵਾਰ ਨੇ ਇਹ ਦਾਅਵਾ ਕੀਤਾ ਸੀ ਕਿ ਇਸ ਕੇਕ ਨੂੰ ਖਾਣ ਤੋਂ ਬਾਅਦ ਪਰਿਵਾਰ ਦੇ ਹੋਰ ਮੈਂਬਰ ਵੀ ਬਿਮਾਰ ਹੋ ਗਏ ਸਨ।

ਇਸ ਘਟਨਾ ਤੋਂ ਬਾਅਦ ਪੁਲਿਸ ਨੇ ਬੇਕਰੀ ਮਾਲਕ ਅਤੇ ਹੋਰ ਲੋਕਾਂ ਦੇ ਖ਼ਿਲਾਫ਼ ਮੁਕੱਦਮਾ ਵੀ ਦਰਜ ਕੀਤਾ ਸੀ।

ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਇਸ ਮਾਮਲੇ ਵਿੱਚ ਜਾਂਚ ਦੇ ਹੁਕਮ ਦਿੱਤੇ ਗਏ ਸਨ।

ਉਨ੍ਹਾਂ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਬੇਕਰੀ ਤੋਂ ਕੇਕ ਦੇ ਸੈਂਪਲ ਲੈ ਕੇ ਜਾਂਚ ਕਰਨ ਲਈ ਕਿਹਾ ਸੀ।

ਬੱਚੀ ਦਾ ਨਾਮ ਮਾਨਵੀ ਸੀ, ਉਹ ਪੰਜਵੀਂ ਜਮਾਤ ਦੀ ਵਿਦਿਆਰਥਣ ਸੀ। ਬੱਚੀ ਦਾ ਜਨਮ ਦਿਨ 24 ਮਾਰਚ ਨੂੰ ਸੀ।

ਉਸ ਦਿਨ ਰਾਤ ਨੂੰ ਬੱਚੀ ਦੀ ਸਿਹਤ ਵਿਗੜ ਗਈ ਅਤੇ 25 ਮਾਰਚ ਨੂੰ ਉਸ ਦੀ ਮੌਤ ਹੋ ਗਈ ਸੀ।

ਬੱਚੀ ਦੀ ਕੇਕ ਖਾਂਦੇ ਹੋਏ ਆਪਣਾ ਜਨਮ ਦਿਨ ਮਨਾਉਂਦਿਆਂ ਦੀ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈ ਸੀ।

ਪਟਿਆਲਾ ਦੇ ਜ਼ਿਲ੍ਹਾ ਸਿਹਤ ਅਧਿਕਾਰੀ ਵਿਜੈ ਜਿੰਦਲ ਨੇ ਬੀਬੀਸੀ ਨਾਲ ਗੱਲ ਕਰਦਿਆਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਕਿ ਬੇਕਰੀ ਤੋਂ ਜਾਂਚ ਲਈ ਲਏ ਗਏ ਚਾਰ ਕੇਕ ਵਿੱਚੋਂ ਦੋ ਕੇਕ 'ਸਬ-ਸਟੈਂਡਰਡ' ਮਿਲੇ ਹਨ।

ਅਧਿਕਾਰੀ ਮੁਤਾਬਕ ਕੇਕ ਵਿੱਚ 'ਸੈਕਰੀਨ' ਤੈਅ ਮਾਤਰਾ ਤੋਂ ਵੱਧ ਪਾਇਆ ਗਿਆ ਸੀ।

ਉਹ ਦੱਸਦੇ ਹਨ ਕਿ 'ਸੈਕਰੀਨ' ਇੱਕ ਖਾਣ ਯੋਗ ਪਦਾਰਥ ਹੈ। ਸੈਕਰੀਨ ਇੱਕ ‘ਆਰਟੀਫਿਸ਼ਿਅਲ ਸਵੀਟਨਰ’ ਹੈ ਜਿਸ ਦੀ ਵਰਤੋਂ ਕਿਸੇ ਚੀਜ਼ ਨੂੰ ਮਿੱਠਾ ਬਣਾਉਣ ਲਈ ਹੁੰਦੀ ਹੈ।

ਇਹ ਸੈਂਪਲ 10 ਸਾਲਾ ਬੱਚੀ ਦੀ ਮੌਤ ਤੋਂ ਕੁਝ ਦਿਨ ਬਾਅਦ 1 ਅਪ੍ਰੈਲ ਨੂੰ ਲਏ ਗਏ ਸਨ।

ਸਿਹਤ ਅਧਿਕਾਰੀਆਂ ਮੁਤਾਬਕ ਬੱਚੀ ਵੱਲੋਂ ਖਾਧੇ ਗਏ ਕੇਕ ਨੂੰ ਜਾਂਚ ਲਈ ਫੌਰੈਂਸਿਕ ਲੈਬ ਵਿੱਚ ਭੇਜਿਆ ਗਿਆ ਸੀ ਜਿਸ ਦੀ ਰਿਪੋਰਟ ਦੀ ਉਡੀਕ ਹੈ।

ਅਧਿਕਾਰੀਆਂ ਮੁਤਾਬਕ ਫੂਡ ਸੇਫ਼ਟੀ ਐਂਡ ਸਟੈਂਡਰਡਜ਼ ਐਕਟ 2006 ਦੇ ਤਹਿਤ ਇਸ ਮਾਮਲੇ ਵਿੱਚ ਅੱਗੇ ਕਾਰਵਾਈ ਹੋਵੇਗੀ।

ਬੱਚੀ ਦੀ ਪੋਸਟਮੌਰਟਮ ਰਿਪੋਰਟ ਵਿੱਚ ਮੌਤ ਦੇ ਕਾਰਨ ਬਾਰੇ ਸਪੱਸ਼ਟਤਾ ਨਹੀਂ ਸੀ। ਅਧਿਕਾਰੀ ਵਿਸਰਾ ਰਿਪੋਰਟ ਅਤੇ ਫੌਰੈਂਸਿਕ ਰਿਪੋਰਟ ਦੀ ਉਡੀਕ ਕਰ ਰਹੇ ਹਨ।

ਇਸ ਘਟਨਾ ਤੋਂ ਬਾਅਦ ਫੂਡ ਡਿਲੀਵਰੀ ਐਪ ਜ਼ੋਮੈਟੋ ਨੇ ਵੀ ਅਫ਼ਸੋਸ ਜ਼ਾਹਰ ਕੀਤਾ ਸੀ।

ਇੰਡੀਅਨ ਐਕਸਪ੍ਰੈੱਸ ਦੀ ਰਿਪੋਰਟ ਦੇ ਮੁਤਾਬਕ ਪੁਲਿਸ ਨੇ ਇਸ ਮਾਮਲੇ ਵਿੱਚ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਸੀ।

ਇਸ ਰਿਪੋਰਟ ਵਿੱਚ ਅਸੀਂ ਜਾਣਾਂਗੇ ਕਿ ਬੇਕਰੀ ਵਿੱਚੋਂ ਲਏ ਗਏ ਕੇਕ ਦੇ ਸੈਂਪਲ ਵਿੱਚ ਪਾਇਆ ਗਿਆ ‘ਆਰਟੀਫਿਸ਼ੀਅਲ ਸਵੀਟਨਰ’ ਪਦਾਰਥ ‘ਸੈਕਰੀਨ’ ਕੀ ਹੈ?

ਆਰਟੀਫਿਸ਼ੀਅਲ ਮਿੱਠਾ ਕੀ ਹੁੰਦਾ ਹੈ, ਕੀ ਇਹ ਖੰਡ ਨਾਲੋਂ ਬਿਹਤਰ ਹੁੰਦਾ

ਆਰਟੀਫਿਸ਼ੀਅਲ ਮਿੱਠਾ ਜਾਂ ਨੌਨ-ਸ਼ੂਗਰ ਸਵੀਟਨਰਜ਼ ਦਾ ਅਰਥ ਉਸ ਸਮੱਗਰੀ ਤੋਂ ਹੈ, ਜੋ ਕੁਦਰਤੀ/ ਗੈਰ ਕੁਦਰਤੀ ਤਰੀਕੇ ਨਾਲ ਤਿਆਰ ਕੀਤੀਆਂ ਜਾਂਦੀਆਂ ਹਨ, ਜੋ ਖਾਣੇ ਨੂੰ ਮਿੱਠਾ ਕਰਦੀਆਂ ਹਨ।

ਆਰਟੀਫੀਸ਼ੀਅਲ ਮਿੱਠੇ ਦੀਆਂ ਦੋ ਕਿਸਮਾਂ ਹੁੰਦੀਆਂ ਹਨ – ਨਿਊਟ੍ਰੀਟਿਵ ਖੰਡ, ਕੈਮੀਕਲੀ ਸਿੰਥੇਸਾਈਜ਼ਡ ਖੰਡ।

ਇਸ ਦੇ ਨਾਲ ਹੀ ਸਟੀਵਿਆ ਜਿਹੀ ਖੰਡ ਨੂੰ ਕੁਦਰਤੀ ਖੰਡ ਕਿਹਾ ਜਾਂਦਾ ਹੈ ਜਿਹੜੀ ਸਟੀਵੀਆ ਨਾਮ ਦੇ ਬੂਟੇ ਤੋਂ ਪ੍ਰਾਪਤ ਹੁੰਦੀ ਹੈ।

ਬੀਬੀਸੀ ਗੁੱਡਫੂਡ ‘ਤੇ ਛਪੇ ਲੇਖ ਮੁਤਾਬਕ ਆਰਟੀਫਿਸ਼ੀਅਲ ਮਿੱਠੇ ਨੂੰ ਖੰਡ ਦੇ ਬਦਲ ਵਜੋਂ ਲਿਆਂਦਾ ਗਿਆ ਸੀ ਤਾਂ ਜੋ ਸਰੀਰ ਦੀ ਸ਼ੂਗਰ ਅਤੇ ਕੈਲੋਰੀ ਦੀ ਖ਼ਪਤ ਨੂੰ ਘਟਾਇਆ ਜਾ ਸਕੇ।

ਸੈਕਰੀਨ ਕੀ ਹੈ ਅਤੇ ਕਿਵੇਂ ਬਣਦਾ ਹੈ?

ਸੈਕਰੀਨ ਇੱਕ ਬਹੁਤ ਪੁਰਾਣਾ ਆਰਟੀਫਿਸ਼ੀਅਲ ਸਵੀਟਨਰ ਹੈ।

ਬੀਬੀਸੀ ਗੁੱਡਫੂਡ ਮੁਤਾਬਕ ਐਸਪਾਰਟੇਮ, ਸੁਕਰਲੋਜ਼ ਅਤੇ ਸੈਕਰੀਨ ਜਿਹੀ ਆਰਟੀਫੀਸ਼ੀਅਲ ਖੰਡ ਦੋ ਜਾਂ ਵੱਧ ਕੈਮੀਕਲ ਪਦਾਰਥਾਂ ਨੂੰ ਰਲਾ ਕੇ ਬਣਦੀਆਂ ਹਨ।

ਇਨ੍ਹਾਂ ਨੂੰ ਨਾਨ-ਨਿਊਟ੍ਰਿਟਿਵ ਜਾਂ ਪੋਸ਼ਣ ਰਹਿਤ ਪਦਾਰਥ ਕਿਹਾ ਜਾਂਦਾ ਹੈ। ਕਿਉਂਕਿ ਇਨ੍ਹਾਂ ਵਿੱਚ ਕੋਈ ਵਿਟਾਮਿਨ ਜਾਂ ਮਿਨਰਲ ਨਹੀਂ ਹੁੰਦਾ।

ਇਹ ਆਮ ਖੰਡ ਨਾਲੋਂ ਕਾਫੀ ਮਿੱਠੀ ਹੁੰਦੀ ਹੈ ਅਤੇ ਇਸ ਵਿੱਚ ਕੈਲੋਰੀ ਘੱਟ ਹੁੰਦੀ ਹੈ।

ਸੈਕਰੀਨ ਤੋਂ ਕਿਹੜਾ ਖ਼ਤਰਾ ਹੋ ਸਕਦਾ ਹੈ?

ਮਈ 2023 ਵਿੱਚ ਵਿਸ਼ਵ ਸਿਹਤ ਸੰਸਥਾ (ਡਬਲਿਊਐੱਚਓ) ਨੇ ਲੋਕਾਂ ਨੂੰ ਇਹ ਸਲਾਹ ਦਿੱਤੀ ਸੀ ਕਿ ਉਹ ਸੈਕਰੀਨ, ਸਟੀਵੀਆ ਅਤੇ ਐਸਪਾਰਟੇਮ ਨਾ ਖਾਣ ।

ਸੰਸਥਾ ਵੱਲੋਂ ਇਹ ਸਲਾਹ ਵਿਗਿਆਨਕ ਸਬੂਤਾਂ ਦੇ ਅਧਾਰ ਉੱਤੇ ਦਿੱਤੀ ਗਈ ਸੀ।

ਇਨ੍ਹਾਂ ਸਬੂਤਾਂ ਵਿੱਚ ਸਾਹਮਣੇ ਆਇਆ ਸੀ ਕਿ ਅਜਿਹੀ ਖੰਡ ਕਾਰਨ ਟਾਈਪ ਟੂ ਡਾਇਬਟੀਜ਼, ਦਿਲ ਅਤੇ ਖ਼ੂਨ ਦੀਆਂ ਨਾੜਾਂ ਨਾਲ ਸਬੰਧਤ ਰੋਗ, ਭਾਰ ਵੱਧਣਾ ਅਤੇ ਮੌਤ ਦਾ ਖ਼ਤਰਾ ਵੱਧ ਜਾਂਦਾ ਹੈ।

ਅਮਰੀਕੀ ਸਰਕਾਰ ਦੀ ਵੈੱਬਸਾਈਟ ਨੈਸ਼ਨਲ ਲਾਇਬ੍ਰੇਰੀ ਆਫ ਮੈਡੀਸਿਨ ਉੱਤੇ ਛਪੇ ਇਸ ਅਧਿਐਨ ਮੁਤਾਬਕ ਇਸ ਦੀ ਖੋਜ 1879 ਵਿੱਚ ਹੋਈ ਸੀ।

ਇਹ ਖੰਡ ਤੋਂ 300 ਗੁਣਾ ਵੱਧ ਮਿੱਠਾ ਹੁੰਦਾ ਹੈ। ਇਸ ਦੀ ਸੰਸਾਰ ਭਰ ਵਿੱਚ ਵਰਤੋਂ ਹੁੰਦੀ ਹੈ।

ਇਸੇ ਅਧਿਐਨ ਦੇ ਮੁਤਾਬਕ ਸੈਕਰੀਨ ਦੀ ਵਰਤੋਂ ਸੌਫਟ ਡਰਿੰਕਸ, ਬੇਕ ਕੀਤੇ ਹੋਏ ਖਾਣੇ, ਜੈਮ ਵਿੱਚ ਵੀ ਕੀਤੀ ਜਾਂਦੀ ਹੈ।

ਸੈਕਰੀਨ ਨੂੰ ਗਰਮ ਕਰਨ ਉੱਤੇ ਵੀ ਇਸ ਵਿੱਚਲੀ ਮਿਠਾਸ ਘਟਦੀ ਨਹੀਂ ਹੈ। ਇਸ ਨੂੰ ਖੰਡ ਦੇ ਘੱਟ ਕੈਲੋਰੀ ਵਾਲੇ ਬਦਲ ਵਜੋਂ ਤਰਜੀਹ ਦਿੱਤੀ ਜਾਂਦੀ ਹੈ।

ਕੈਲਸ਼ੀਅਮ ਸੈਕਰੀਨ, ਪੋਟਾਸ਼ੀਅਮ ਸੈਕਰੀਨ ਅਤੇ ਐਸਿਡ ਸੈਕਰੀਨ ਇਸ ਦੀਆਂ ਕਿਸਮਾਂ ਹਨ। ਆਮ ਤੌਰ ‘ਤੇ ਸੋਡੀਅਮ ਸੈਕਰੀਨ ਦੀ ਵਰਤੋਂ ਕੀਤੀ ਜਾਂਦੀ ਹੈ।

'ਸੈਕਰੀਨ' ਕੰਪਾਊਂਡ ਮਿਥਾਇਲ ਐਂਥਰਾਨਿਲੇਟ ਨਿਟਰਸ ਐਸਿਡ ਸਲਫਰ ਡਾਇਓਕਸਾਈਡ, ਕਲੋਰੀਨ ਅਤੇ ਅਮੋਨੀਆ ਨਾਲ ਰਲਾ ਕੇ ਬਣਦਾ ਹੈ।

ਮਾਹਰਾਂ ਨੇ ਕੀ ਦੱਸਿਆ

ਪੰਜਾਬੀ ਯੂਨੀਵਰਸਿਟੀ ਵਿੱਚ ਫੂਡ ਟੈਕਨਾਲਜੀ ਵਿਭਾਗ ਦੇ ਮੁਖੀ ਡਾ ਬਲਵਿੰਦਰ ਸੂਚ ਦੱਸਦੇ ਹਨ ਕਿ ਸੈਕਰੀਨ ਨੂੰ ਸਰਕਾਰ ਦੀ ਪ੍ਰਵਾਨਗੀ ਹਾਸਲ ਹੈ, ਇਸ ਨੂੰ ਸੁਰੱਖਿਅਤ ਮੰਨਿਆ ਜਾਂਦਾ ਹੈ।

ਉਹ ਕਹਿੰਦੇ ਹਨ ਕਿ ਅਮਰੀਕਾ ਦੀ ਸਰਕਾਰੀ ਏਜੰਸੀ 'ਐੱਫਡੀਏ' ਅਤੇ ਹੋਰ ਮੁਲਕਾਂ ਵੱਲੋਂ ਇਸ ਨੂੰ ਪ੍ਰਵਾਨਗੀ ਦਿੱਤੀ ਗਈ ਹੈ।

ਉਹ ਕਹਿੰਦੇ ਹਨ ਕਿ ਆਮ ਹਾਲਾਤ ਵਿੱਚ ਇਹ ਜਾਨਲੇਵਾ ਨਹੀਂ ਹੋ ਸਕਦਾ। ਇਸ ਨੂੰ ਆਮ ਤੌਰ ਉੱਤੇ ਬੇਕਰੀ ਵਾਲੇ ਵਰਤਦੇ ਹਨ।

ਉਹ ਦੱਸਦੇ ਹਨ ਕਿ ਜ਼ਿਆਦਾ ਸਮੇਂ ਤੱਕ ਇਸ ਦੀ ਖ਼ਪਤ ਕਾਰਨ ਸ਼ੂਗਰ ਜਾਂ ਮੋਟਾਪੇ ਜਿਹੀਆਂ ਸਿਹਤ ਸਬੰਧੀ ਦਿੱਕਤਾਂ ਆ ਸਕਦੀਆਂ ਹਨ।

ਜੁਲਾਈ 2023 ਵਿੱਚ ਵਿਸ਼ਵ ਸਿਹਤ ਸੰਸਥਾ, ਇੰਟਰਨੈਸ਼ਨਲ ਏਜੰਸੀ ਫਾਰ ਰਿਸਰਚ ਓਨ ਕੈਂਸਰ ਅਤੇ ਫੂਡ ਐਂਡ ਐਗਰੀਕਲਚਰ ਆਰਗਨਾਈਜ਼ੇਸ਼ਨ ਕਮੇਟੀ ਓਨ ਫੂਡ ਐਡਿਟਿਵਸ ਨੇ ਐਸਪਾਰਟੇਮ ਨਾਮ ਦੇ ਆਰਟੀਫਿਸ਼ੀਅਲ ਸਵੀਟਨਰ ਨੂੰ 'ਕੈਂਸਰ ਕਾਰਕ' ਪਦਾਰਥਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਸੀ।

ਬਿਜ਼ਨਸ ਸਟੈਂਡਰਡ ਦੀ ਰਿਪੋਰਟ ਮੁਤਾਬਕ ਜੁਲਾਈ 2023 ਵਿੱਚ ਐੱਫਐੱਸਐੱਸਆਈ ਨੇ ਕਿਹਾ ਸੀ ਕਿ ਭਾਰਤ 'ਆਰਟੀਫਿਸ਼ਿਅਲ ਸਵੀਟਨਰ' ਲਈ ਆਪਣੇ ਮਾਪਦੰਡ ਤੈਅ ਕਰੇਗਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)