ਲੋਕ ਸਭਾ ਚੋਣਾਂ 2024: ਕੀ ਤੇਜ਼ ਗਰਮੀ ਵੋਟਾਂ ਨੂੰ ਪ੍ਰਭਾਵਿਤ ਕਰ ਸਕੇਗੀ, ਪਾਰਟੀਆਂ ਨੂੰ ਕੀ ਮੁਸ਼ੱਕਤ ਕਰਨੀ ਪੈਣੀ

ਤਸਵੀਰ ਸਰੋਤ, Getty Images
- ਲੇਖਕ, ਰਿਸ਼ੀ ਬੈਨਰਜੀ
- ਰੋਲ, ਬੀਬੀਸੀ ਪੱਤਰਕਾਰ
ਭਾਰਤ ਵਿੱਚ 18ਵੀਂ ਲੋਕ ਸਭਾ ਚੋਣਾਂ ਦਾ ਐਲਾਨ ਹੋ ਚੁੱਕਾ ਹੈ ਅਤੇ ਪੂਰੇ ਮੁਲਕ ਵਿੱਚ ਸੱਤ ਪੜਾਅ ਵਿੱਚ ਵੋਟਾਂ ਪੈਣਗੀਆਂ।
ਪੰਜਾਬ ਵਿੱਚ ਵੋਟਾਂ 1 ਜੂਨ ਨੂੰ ਪੈਣਗੀਆਂ। ਇਹ ਚੋਣਾਂ ਉਸ ਵੇਲੇ ਹੋਣਗੀਆਂ ਜਦੋਂ ਭਾਰਤ ਸਾਲ ਦੇ ਸਭ ਤੋਂ ਗਰਮ ਦਿਨਾਂ ਦਾ ਅਨੁਭਵ ਕਰ ਰਿਹਾ ਹੈ।
19 ਅਪ੍ਰੈਲ ਨੂੰ ਪਹਿਲੇ ਪੜਾਅ ਦੀਆਂ ਵੋਟਾਂ ਸ਼ੁਰੂ ਹੋਣ ਤੋਂ ਪਹਿਲਾਂ ਹੀ ਯਾਨਿ ਅਪ੍ਰੈਲ ਦੇ ਸ਼ੁਰੂ ਹੁੰਦਿਆਂ ਹੀ ਭਾਰਤ ਦੇ ਕਈ ਸੂਬੇ ਕਾਫੀ ਗਰਮੀ ਦਾ ਸਾਹਮਣਾ ਕਰ ਰਹੇ ਹਨ।
ਕਈ ਇਲਾਕਿਆਂ ਵਿੱਚ 'ਹੀਟ ਵੇਵ' ਦੀ ਸਥਿਤੀ ਬਣੀ ਹੋਈ ਹੈ। ਕੁਝ ਇਲਾਕਿਆਂ ਵਿੱਚ ਤਾਂ ਅਪ੍ਰੈਲ ਮਹੀਨੇ ਵਿੱਚ ਹੀ ਤਾਪਮਾਨ 42 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ।
ਅਪ੍ਰੈਲ, ਮਈ ਅਤੇ ਜੂਨ ਮਹੀਨੇ ਵਿੱਚ ਪੂਰੇ ਮੁਲਕ ਵਿੱਚ ਗਰਮੀ ਰਹਿੰਦੀ ਹੈ।

ਤਸਵੀਰ ਸਰੋਤ, Getty Images
ਖ਼ਾਸ ਕਰਕੇ ਉੱਤਰੀ, ਪੱਛਮੀ ਅਤੇ ਦੱਖਣੀ ਭਾਰਤ ਦੇ ਕੁਝ ਸੂਬਿਆਂ ਵਿੱਚ ਹਰ ਸਾਲ ਲੂ ਦੇਖਣ ਨੂੰ ਮਿਲਦੀ ਹੈ। ਗਰਮ ਰੁੱਤ ਦੇ ਅੱਧ ਦੇ ਦੌਰਾਨ ਯਾਨਿ ਅਪ੍ਰੈਲ ਦੇ ਅੰਤ ਅਤੇ ਮਈ ਵਿੱਚ ਕਈ ਇਲਾਕਿਆਂ ਦਾ ਤਾਪਮਾਨ 47 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਂਦਾ ਹੈ।
ਮਾਹਰ ਪਹਿਲਾਂ ਹੀ ਇਹ ਚੇਤਾਵਨੀ ਦੇ ਚੁੱਕੇ ਹਨ ਕਿ ਇਸ ਸਾਲ ਦੀ ਗਰਮੀ ਦੁਨੀਆਂ ਭਰ ਵਿੱਚ ਹੁਣ ਤੱਕ ਦੀ ਸਭ ਤੋਂ ਗਰਮ ਹੋਵੇਗੀ। ਅਜਿਹੇ ਵਿੱਚ ਇਸ ਦੌਰਾਨ ਦੇਸ਼ ਵਿੱਚ ਲੋਕ ਸਭਾ ਚੋਣਾਂ ਹੋਣਗੀਆਂ ਅਤੇ ਨਤੀਜੇ ਜੂਨ ਦੇ ਪਹਿਲੇ ਹਫ਼ਤੇ ਵਿੱਚ ਆਉਣਗੇ।
ਅਜਿਹੇ ਵਿੱਚ ਸੰਭਾਵਨਾ ਹੈ ਕਿ ਭਾਰਤ ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਲੂ ਅਤੇ ਜਲਵਾਯੂ ਬਦਲਾਅ ਚੁਣੌਤੀ ਬਣਨਗੇ।
ਭਾਰਤ ਦੇ ਮੌਸਮ ਵਿਗਿਆਨ ਵਿਭਾਗ ਨੇ ਵੀ ਇਸ ਦੌਰਾਨ ਆਮ ਨਾਲੋਂ ਵੱਧ ਦਿਨ ਗਰਮੀ ਪੈਣ ਦੀ ਭਵਿੱਖਵਾਣੀ ਕੀਤੀ ਹੈ।
ਮੌਸਮ ਵਿਭਾਗ ਨੇ ਚੋਣਾਂ ਦੇ ਦੌਰਾਨ ਗਰਮੀ ਬਾਰੇ ਕੀ ਚੇਤਾਵਨੀ ਦਿੱਤੀ

ਤਸਵੀਰ ਸਰੋਤ, Getty Images
ਭਾਰਤੀ ਮੌਸਮ ਵਿਭਾਗ (ਆਈਐੱਮਡੀ) ਨੇ ਇਹ ਚੇਤਾਵਨੀ ਦਿੱਤੀ ਹੈ ਕਿ ਸਾਲ 2024 ਵਿੱਚ ਵੀ ਅਪ੍ਰੈਲ ਤੋਂ ਜੂਨ ਦੇ ਮਹੀਨੇ ਵਿੱਚ ਕਾਫੀ ਗਰਮੀ ਪਵੇਗੀ।
ਮੌਸਮ ਵਿਭਾਗ ਦੇ ਮੁਤਾਬਕ ਅਪ੍ਰੈਲ ਤੋਂ ਜੂਨ ਦੇ ਦੌਰਾਨ ਭਾਰਤ ਵਿੱਚ ਤਾਪਮਾਨ ਆਮ ਤੋਂ ਵੱਧ ਰਹੇਗਾ ਅਤੇ ਦੇਸ਼ ਦੇ ਕਈ ਹਿੱਸਿਆਂ ਵਿੱਚ ਲੂ ਵਗੇਗੀ।
ਅਜਿਹੀ ਸਥਿਤੀ ਖ਼ਾਸ ਤੌਰ ਉੱਤੇ ਦੱਖਣੀ, ਮੱਧ ਅਤੇ ਪੂਰਬੀ ਭਾਰਤ ਦੇ ਨਾਲ ਨਾਲ ਉੱਤਰ ਪੱਛਮ ਦੇ ਮੈਦਾਨੀ ਇਲਾਕਿਆਂ ਵਿੱਚ ਦੇਖਣ ਨੂੰ ਮਿਲੇਗੀ।
ਮੌਸਮ ਵਿਗਿਆਨ ਵਿਭਾਗ ਦੇ ਡਾਇਰੈਕਟਰ ਜਨਰਲ ਮ੍ਰਿਤਯੁੰਜਏ ਮਹਾਪਾਤਰ ਦੇ ਮੁਤਾਬਕ ਇਸ ਗਰਮੀ ਵਿੱਚ ਗੁਜਰਾਤ ਦੇ ਸੌਰਾਸ਼ਟਰ-ਕੱਛ, ਮਹਾਰਾਸ਼ਰ ਦੇ ਕੁਝ ਹਿੱਸਿਆਂ, ਉੱਤਰੀ ਕਰਨਾਟਕ, ਆਂਧਰ ਪ੍ਰਦੇਸ਼ ਅਤੇ ਓਡੀਸ਼ਾ ਵਿੱਚ ਦਿਨ ਦੇ ਵੇਲੇ ਵੱਧ ਤਾਪਮਾਨ ਹੋਵੇਗਾ।
ਨਾਲ ਹੀ ਕੁਝ ਇਲਾਕਿਆਂ ਨੂੰ ਹੀਟ ਵੇਵ ਦਾ ਵੀ ਸਾਹਮਣਾ ਕਰਨਾ ਪਵੇਗਾ।
ਆਮ ਤੌਰ ਉੱਤੇ ਗਰਮੀ ਦੇ ਤਿੰਨ ਮਹੀਨਿਆਂ ਦੇ ਦੌਰਾਨ ਔਸਤਨ 4 ਤੋਂ 5 ਦਿਨਾਂ ਤੱਕ ਹੀਟ ਵੇਵਸ ਦੇਖੀਆਂ ਜਾਂਦੀਆਂ ਹਨ। ਪਰ ਇਸ ਸਾਲ ਵੱਖ-ਵੱਖ ਇਲਾਕਿਆਂ ਵਿੱਚ ਇਸ ਨਾਲੋਂ ਦਿਨ ਵੱਧ ਕੇ 10 ਤੋਂ 20 ਹੋਣ ਦੀ ਸੰਭਾਵਨਾ ਹੈ।
ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼, ਉੱਤਰੀ ਓਡੀਸ਼ਾ, ਅਤੇ ਪੱਛਮੀ ਬੰਗਾਲ ਵਿੱਚ ਵੀ ਤਾਪਮਾਨ ਵਿੱਚ ਵਾਧਾ ਦੇਖਣ ਨੂੰ ਮਿਲੇਗਾ।
ਸਾਲ 2023 ਵਿੱਚ ਬਾਅਦ 2024 ਦੀਆਂ ਗਰਮੀਆਂ ਵਿੱਚ ਵੀ ਪ੍ਰਸ਼ਾਂਤ ਮਹਾਸਾਗਰ ਵਿੱਚ ਅਲ ਨੀਨੋ ਦੀ ਸਥਿਤੀ ਰਹੇਗੀ। ਆਮ ਤੌਰ ਉੱਤੇ ਜਦੋਂ ਪ੍ਰਸ਼ਾਂਤ ਮਹਾਸਾਗਰ ਵਿੱਚ ਅਲ ਨੀਨੋ ਦੀ ਸਥਿਤੀ ਹੁੰਦੀ ਹੈ, ਤਾਂ ਦੁਨੀਆਂ ਭਰ ਵਿੱਚ ਤਾਪਮਾਨ ਵੱਧ ਹੁੰਦਾ ਹੈ।
ਹਾਲਾਂਕਿ ਇਹ ਪਹਿਲੀ ਵਾਰ ਹੈ ਕਿ 2023 ਦਾ ਹਰ ਮਹੀਨਾ ਔਸਤ ਤੋਂ ਵੱਧ ਗਰਮ ਰਿਹਾ ਹੈ।

ਤਸਵੀਰ ਸਰੋਤ, Getty Images
ਮਹਾਪਾਤਰ ਦੇ ਮੁਤਾਬਕ ‘ਅਲ ਨੀਨੋ’ ਜੂਨ 2023 ਵਿੱਚ ਸ਼ੁਰੂ ਹੋਇਆ ਅਤੇ ਦਸੰਬਰ ਵਿੱਚ ਇਸ ਦਾ ਅਸਰ ਘੱਟ ਹੋ ਗਿਆ।
"ਪਰ ਇਸ ਦੇ ਕਾਰਨ ਸੰਸਾਰ ਭਰ ਵਿੱਚ ਤਾਪਮਾਨ ਵੱਧ ਗਿਆ ਹੈ, ਇਹ ਦਾਅਵਾ ਨਹੀਂ ਕੀਤਾ ਜਾ ਸਕਦਾ ਕਿ ਤਾਪਮਾਨ ਵਿੱਚ ਵਾਧਾ ਸਿਰਫ਼ ਅਲ ਨੀਨੋ ਕਰਕੇ ਹੋਇਆ ਹੈ ਪਰ ਅਲ ਨੀਨੋ ਸਾਲਾਂ ਵਿੱਚ ਗਰਮੀ ਦੀਆਂ ਲਹਿਰਾਂ ਦੀ ਗਿਣਤੀ ਅਤੇ ਤੀਬਰਤਾ ਵਿੱਚ ਵਾਧਾ ਦੇਖਿਆ ਗਿਆ ਹੈ।”
ਅਲ ਨੀਨੋ ਵਾਤਾਵਰਣ ਤਬਦੀਲੀ ਦਾ ਇੱਕ ਹਿੱਸਾ ਹੈ ਅਤੇ ਭਾਰਤ ਵਿੱਚ ਹਜ਼ਾਰਾਂ ਕਿਲੋਮੀਟਰ ਦੂਰ ਪ੍ਰਸ਼ਾਂਤ ਮਹਾਸਾਗਰ ਵਿੱਚ ਹੁੰਦਾ ਹੈ।
ਅਲ ਨੀਨੋ ਦਾ ਮੌਸਤ ਉੱਤੇ ਗਹਿਰਾ ਅਸਰ ਪੈਂਦਾ ਹੈ ਅਤੇ ਆਮ ਤੌਰ ਉੱਤੇ ਭਾਰਤ ਵਿੱਚ ਔਸਤ ਤੋਂ ਘੱਟ ਮੌਨਸੂਨੀ ਵਰਖਾ ਹੁੰਦੀ ਹੈ।
ਬੀਬੀਸੀ ਗੁਜਰਾਤੀ ਨਾਲ ਗੱਲਬਾਤ ਵਿੱਚ ਭਾਰਤੀ ਮੌਸਮ ਵਿਭਾਗ ਦੇ ਵਿਗਿਆਨੀ ਡਾ ਸੋਮ ਸੇਨ ਰਾਏ ਕਹਿੰਦੇ ਹਨ, “ਆਮ ਨਾਲੋਂ ਵੱਧ ਤਾਪਮਾਨ ਕੋਈ ਨਵੀਂ ਗੱਲ ਨਹਂੀ ਹੈ।ਘੱਟੋ-ਘੱਟ ਤਾਪਮਾਨ ਅਤੇ ਵੱਧ ਤੋਂ ਵੱਧ ਤਾਪਮਾਨ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਜੋ ਕਿ ਚਿੰਤਾ ਦਾ ਵਿਸ਼ਾ ਹੈ, ਇਸ ਸਾਲ ਹੀਟ ਤਰੰਗਾਂ ਦੀ ਗਿਣਤੀ ਵੀ ਵਧੇਗੀ ਅਤੇ ਹੀਟ ਤਰੰਗਾਂ ਦੀ ਮਿਆਦ ਵੀ ਲੰਬੀ ਹੋਵੇਗੀ।”
"ਸਭ ਤੋਂ ਖ਼ਾਸ ਗੱਲ ਇਹ ਹੈ ਕਿ ਦਿਨ ਦੇ ਨਾਲ-ਨਾਲ ਰਾਤ ਵਿੱਚ ਵੀ ਤਾਪਮਾਨ ਵੱਧ ਰਿਹਾ ਹੈ। ‘ਦਿਨ ਦਾ ਤਾਪਮਾਨ ਵਧਣ ਅਤੇ ਗਰਮ ਰਾਤਾਂ ਦੀ ਗਿਣਤੀ ਵਧਣ ਦੇ ਨਾਲ ਔਸਤ ਤਾਪਮਾਨ ਵੱਧ ਰਿਹਾ ਹੈ।"
'ਹੀਟ ਵੇਵ' ਦਾ ਚੋਣਾਂ ਉੱਤੇ ਕੀ ਅਸਰ ਪਵੇਗਾ

ਤਸਵੀਰ ਸਰੋਤ, Getty Images
ਲੋਕ ਸਭਾ ਚੋਣਾਂ ਦੇ ਪਹਿਲੇ ਦੋ ਪੜਾਅ ਅਪ੍ਰੈਲ ਮਹੀਨੇ ਵਿੱਚ ਹੋਣਗੇ, ਜਿਸ ਵਿੱਚ ਕੁਲ 191 ਸੀਟਾਂ ਉੱਤੇ ਵੋਟਾਂ ਪੈਣਗੀਆਂ।
ਚੋਣਾਂ ਦੇ ਸੱਤ ਪੜਾਅ ਵਿੱਚੋਂ ਚਾਰ ਪੜਾਅ ਦੀਆਂ ਵੋਟਾਂ ਮਈ ਮਹੀਨੇ ਵਿੱਚ 7,13,20 ਅਤੇ 25 ਮਈ ਨੂੰ ਹੋਣਗੀਆਂਂ। ਸੱਤਵੇਂ ਪੜਾਅ ਦੀਆਂ ਵੋਟਾਂ 1 ਜੁਨ ਨੂੰ ਹੋਣਗੀਆਂ, ਸੀਟਾਂ ਦੀ ਗੱਲ ਕਰੀਏ ਤਾ 296 ਲੋਕ ਸਭਾ ਸੀਟਾਂ ਉੱਤੇ ਮਈ ਵਿੱਚ ਵੋਟਾਂ ਪੈਣਗੀਆਂ।
57 ਲੋਕ ਸਭਾ ਸੀਟਾਂ ਉੱਤੇ 1 ਜੂਨ ਨੂੰ ਵੋਟਾਂ ਪੈਣਗੀਆਂ। ਚੋਣਾਂ ਭਾਵੇਂ 1 ਤਰੀਕ ਨੂੰ ਹੀ ਹੋਣ ਪਰ ਰੈਲੀਆਂ, ਜਨਤਕ ਬੈਠਕਾਂ, ਪ੍ਰੋਗਰਾਮ ਅਤੇ ਚੋਣਾਂ ਸਬੰਧੀ ਸਾਰੀਆਂ ਗਤੀਵਿਧੀਆਂ ਮਈ ਨੂੰ ਹੋਣਗੀਆਂ।
ਇਸ ਤਰੀਕੇ ਲੋਕ ਸਭਾ ਸੀਟਾਂ ਉੱਤੇ ਚੋਣਾਂ ਅਜਿਹੇ ਸਮੇਂ ਵਿੱਚ ਹੋਣਗੀਆਂ। ਜਦੋਂ ਦੇਸ਼ ਦੇ ਕਈ ਹਿੱਸੇ ਆਪਣੇ ਵੱਧ ਤਾਪਮਾਨ ਦੇ ਦੌਰ ਵਿੱਚੋਂ ਲੰਘ ਰਹੇ ਹਨ।
ਮਹੱਤਵਪੂਰਨ ਗੱਲ ਇਹ ਹੈ ਕਿ ਮਈ ਵਿੱਚ ਜਿਨ੍ਹਾਂ ਸੂਬਿਆਂ ਵਿੱਚ ਚੋਣਾਂ ਹੋਣਗੀਆਂ, ਉਹ ਸਿਆਸੀ ਅਤੇ ਸੀਟਾਂ ਦੇ ਲਿਹਾਜ਼ ਨਾਲ ਬਹੁਤ ਅਹਿਮ ਹਨ। ਉੱਤਰ ਪ੍ਰਦੇਸ਼, ਬਿਹਾਰ, ਪੱਛਮੀ ਬੰਗਾਲ, ਝਾਰਖੰਡ, ਮੱਧ ਪ੍ਰਦੇਸ਼, ਓਡੀਸ਼ਾ, ਮਹਾਰਾਸ਼ਟਰ, ਜੰਮੂ ਕਸ਼ਮੀਰ, ਅਤੇ ਝਾਰਖੰਡ ਦੀਆਂ ਵਧੇਰੇ ਲੋਕ ਸਭਾ ਸੀਟਾਂ ਉੱਤੇ ਮਈ ਵਿੱਚ ਚੋਣਾਂ ਹੋਣਗੀਆਂ।

ਮਈ ਵਿੱਚ ਗੁਜਰਾਤ ਸਣੇ ਆਂਧਰ ਪ੍ਰਦੇਸ਼, ਤੇਲੰਗਾਨਾ, ਕੇਰਲ, ਗੋਆ, ਦਿੱਲੀ ਅਤੇ ਹਰਿਆਣਾ ਵਿੱਚ ਇੱਕ ਹੀ ਪੜਾਅ ਵਿੱਚ ਵੋਟਾਂ ਪੈਣਗੀਆਂ।
ਇਨ੍ਹਾਂ ਸੂਬਿਆਂ ਵਿੱਚ ਮਈ ਅਤੇ ਜੂਨ ਦੇ ਮਹੀਨੇ ਵਿੱਚ ਸਭ ਤੋਂ ਵੱਧ ਗਰਮੀ ਪੈਂਦੀ ਹੈ। ਕੁਝ ਖੇਤਰਾਂ ਵਿੱਚ ਮਈ ਵਿੱਚ ਤਾਪਮਾਨ ਔਸਤਨ 41 ਤੋਂ 24 ਡਿਗਰੀ ਰਹਿੰਦਾ ਹੈ। ਜਦਕਿ ਕਦੇ-ਕਦੇ ਤਾਪਮਾਨ 45 ਤੋਂ 47 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਂਦਾ ਹੈ।
ਗੁਜਰਾਤ ਦੇ ਗਾਂਧੀਨਗਰ ਸਥਿਤ ਇੰਡੀਅਨ ਇੰਸਟੀਟਿਊਟ ਆਫ ਪਬਲਿਕ ਹੈੱਲਥ ਦੇ ਸਾਬਕਾ ਡਾਇਰੈਕਟਰ ਦਿਲੀਪ ਮਾਵਲੰਕਰ ਕਹਿੰਦੇ ਹਨ, “ਮਈ ਦੇ ਮਹੀਨੇ ਵਿੱਚ ਗਰਮੀ ਸਭ ਤੋਂ ਵੱਧ ਹੁੰਦੀ ਹੈ ਅਤੇ ਇਸ ਲਈ ਸੁਭਾਵਿਕ ਹੈ ਕਿ ਇਸ ਦਾ ਅਸਰ ਚੋਣ ਪ੍ਰਕਿਰਿਆ ਉੱਤੇ ਵੀ ਦਿਖੇਗਾ, ਸਭਾਵਾਂ ਅਤੇ ਰੈਲੀਆਂ ਵਿੱਚ ਪਹਿਲਾਂ ਜਿੰਨੇ ਲੋਕ ਸ਼ਾਮਲ ਨਹੀਂ ਹੁੰਦੇ। ਅਜਿਹੇ ਵਿੱਚ ਸਾਰਿਆਂ ਦੇ ਲਈ ਸੁਵਿਧਾਜਨਕ ਬਣਾਉਣ ਦੇ ਲਈ ਜ਼ਿਆਦਾਤਰ ਰੈਲੀਆਂ, ਰੋਡ ਸ਼ੋ, ਅਤੇ ਜਨਤਕ ਪ੍ਰੋਗਰਾਮ ਸ਼ਾਮ ਨੂੰ ਕਰਵਾਏ ਜਾਣ ਦੀ ਸੰਭਾਵਨਾ ਹੈ।’
ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਸ ਸਾਲ ਅਪ੍ਰੈਲ ਤੋਂ ਗੁਜਰਾਤ ਸਣੇ ਦੇਸ਼ ਦੇ ਕਈ ਸੂਬਿਆਂ ਵਿੱਚ ਜਿਹੜੀ ਅੱਤ ਦੀ ਗਰਮੀ ਪੈ ਰਹੀ ਹੈ। ਬੰਗਲੁਰੂ ਸ਼ਹਿਰ ਦਾ ਤਾਪਮਾਨ 37.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਤਿੰਨ ਸਾਲ ਵਿੱਚ ਸਭ ਤੋਂ ਵੱਧ ਹੈ।
ਹੈਦਰਾਬਾਦ ਵਿੱਚ ਵੀ ਮਾਰਚ ਮਹੀਨੇ ਤਾਪਮਾਨ 41 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਭਾਰਤੀ ਮੌਸਮ ਵਿਭਾਗ ਦੇ ਮੁਤਾਬਕ ਅਪ੍ਰੈਲ ਤੋਂ ਜੂਨ ਤੱਕ ਦੱਖਣੀ ਭਾਰ ਵਿੱਚ ਗੰਭੀਰ ‘ਹੀਟ ਵੇਵ ਦਾ ਸ਼ੰਕਾ ਜਤਾਈ ਗਈ ਹੈ।

ਤਸਵੀਰ ਸਰੋਤ, @ECISVEEP
2023 ਵਿੱਚ ਲੋਕ ਸਭਾ ਵਿੱਚ ਇੱਕ ਸਵਾਲ ਦੇ ਜਵਾਬ ਵਿੱਚ ਕੇਂਦਰ ਸਰਕਾਰ ਨੇ ਕਿਹਾ ਕਿ ਜੂਨ ਤੱਕ ਹੀਟ ਵੇਵ ਦੇ ਕਰਕੇ 14 ਸੂਬਿਆਂ ਵਿੱਚ 264 ਲੋਕਾਂ ਦੀ ਮੌਤ ਹੋ ਚੁੱਕੀ ਹੈ।
2023 ਵਿੱਚ ਪੂਰੇ ਉੱਤਰ ਭਾਰਤ ਵਿੱਚ ਮਾਰਚ ਮਹੀਨੇ ਤੋਂ ਹੀ ਹੀਟ ਵੇਵ ਸ਼ੁਰੂ ਹੋ ਗਈ, ਉੱਤਰ ਪ੍ਰਦੇਸ਼, ਬਿਹਾਰ ਅਤੇ ਦਿੱਲੀ ਵਿੱਚ ਰਿਕਾਰਡ ਤਾਪਮਾਨ ਦਰਜ ਕੀਤਾ ਗਿਆ। ਪੂਰੇ ਸਾਲ ਵਿੱਚ ਅਜਿਹੇ 49 ਦਿਨ ਸਨ ਜਿੱਥੇ ਲੋਕਾਂ ਨੂੰ ਭਿਆਨਕ ਗਰਮੀ ਅਤੇ ਲਹਿਰਾਂ ਦਾ ਸਾਹਮਣਾ ਕਰਨਾ ਪਿਆ।
ਭਾਰਤੀ ਮੌਸਮ ਵਿਗਿਆਨ ਵਿਭਾਗ ਦੇ ਮੁਤਾਬਕ 2003 ਤੋਂ 2022 ਦੇ ਦੌਰਾਨ ਲੂ ਅਤੇ ਹੋਰ ਗਰਮੀ ਦੇ ਕਰਕੇ 9675 ਲੋਕਾਂ ਦੀ ਮੌਤ ਹੋ ਗਈ।
ਪਿਛਲੇ ਸਾਲਾਂ ਦੇ ਰਿਕਾਰਡ ਦੱਸਦੇ ਹਨ ਕਿ ਹਰ ਸਾਲ ਤਾਪਮਾਨ ਵੱਧ ਰਿਹਾ ਹੈ। 2024 ਵਿੱਚ ਵੀ ਗਰਮੀ ਦਾ ਅਸਰ ਹੋਰ ਜ਼ਿਆਦਾ ਗੰਭੀਰ ਦੇਖਣ ਨੂੰ ਮਿਲਿਆ।
ਅਪ੍ਰੈਲ 2023 ਵਿੱਚ ਨਵੀ ਮੁੰਬਈ ਦੇ ਖਾਰਘਰ ਇੰਟਰਨੈਸ਼ਨਲ ਕਾਰਪੋਰੇਟ ਪਾਰਕ ਮੈਦਾਨ ਵਿੱਚ ਕਰਵਾਏ ਗਏ ਇੱਕ ਐਵਾਰਡ ਸਮਾਗਮ ਵਿੱਚ ਹੀਟ ਸਟ੍ਰੋਕ ਦੇ ਕਰਕੇ 12 ਲੋਕਾਂ ਦੀ ਮੌਤ ਹੋ ਗਈ ਜਦਕਿ ਕਈ ਲੋਕਾਂ ਨੂੰ ਇਲਾਜ ਦੇ ਲਈ ਹਸਪਤਾਲ ਜਾਣਾ ਪਿਆ।
ਇਹ ਇੱਕ ਸਰਕਾਰੀ ਪ੍ਰੋਗਰਾਮ ਸੀ।
ਕੀ ਚੋਣਾਂ ਉੱਤੇ ਅਸਰ ਪਵੇਗਾ?

ਤਸਵੀਰ ਸਰੋਤ, Getty Images
ਹਾਲ ਹੀ ਵਿੱਚ ਕੇਂਦਰੀ ਮੰਤਰੀ ਨਿਤਿਨ ਗਡਕਰੀ ਦੇ ਚੋਣ ਪ੍ਰਚਾਰ ਰੱਥ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ।
ਵੀਡੀਓ ਵਿੱਚ ਪ੍ਰਚਾਰ ਦੇ ਦੌਰਾਨ ਰੱਥ ਵਿੱਚ ਲੱਗੇ ਸਪਰਿੰਕਲਰ ਨਾਲ ਪਾਣੀ ਦਾ ਛਿੜਕਾਅ ਹੁੰਦਾ ਦੇਖਿਆ ਜਾ ਸਕਦਾ ਹੈ।
ਲੋਕ ਸਭਾ ਚੋਣਾਂ ਭਿਆਨਕ ਗਰਮੀ ਅਤੇ ਹੀਟ ਵੇਵੇ ਦੇ ਦੌਰਾਨ ਹੋਣਗੀਆਂ ਜਿਸ ਵਿੱਚ ਸਿਆਸੀ ਦਲਾਂ, ਆਗੂਆਂ, ਪ੍ਰਸ਼ਾਸਨ ਅਤੇ ਇੱਥੋਂ ਤੱਕ ਕਿ ਚੋਣ ਕਮਿਸ਼ਨ ਦੀ ਵੀ ਪ੍ਰੀਖਿਆ ਹੋਵੇਗਾ। ਲੋਕਾਂ ਨੂੰ ਜਨਤਕ ਸਭਾਵਾਂ, ਰੈਲੀਆਂ ਅਤੇ ਮਤਦਾਨ ਕੇਂਦਰਾਂ ਤੱਕ ਲਿਆਉਣ ਦੇ ਲਈ ਖ਼ਾਸ ਪ੍ਰਬੰਧ ਕਰਨੇ ਹੋਣਗੇ।
ਦਿਲੀਪ ਮਾਵਲੰਕਰ ਕਹਿੰਦੇ ਹਨ, “ਸੁਭਾਵਿਕ ਤੌਰ ਉੱਤੇ ਇਸ ਮਿਆਦ ਦੇ ਦੌਰਾਨ ਲੋਕਾਂ ਦੀਆਂ ਵੋਟਾਂ ਘਟਣ ਦੀ ਸੰਭਾਵਨਾ ਹੈ, ਜਿਸ ਨਾਲ ਨਾ ਸਿਰਫ਼ ਸਿਆਸੀ ਪ੍ਰੋਗਰਾਮ ਬਲਕਿ ਵੋਟਾਂ ਵੀ ਪ੍ਰਭਾਵਿਤ ਹੋਣਗੀਆਂ। ਉਮੀਦ ਤੋਂ ਗੱਲ ਲੋਕ ਚੋਣ ਪ੍ਰਕਿਰਿਆ ਵਿੱਚ ਭਾਗ ਲੈ ਸਕਦੇ ਹਨ, ਸਵੇਰੇ ਅਤੇ ਸ਼ਾਮ ਦਾ ਮਤਦਾਨ ਸਭ ਤੋਂ ਵੱਧ ਹੁੰਦਾ ਹੈ ਅਤੇ ਔਸਤ ਮਤਦਾਨ ਹੁੰਦਾ ਹੈ।”
ਚੋਣ ਕਮਿਸ਼ਨ ਅਤੇ ਸਿਆਸੀ ਆਗੂਆਂ ਨੂੰ ਵੀ ਹੋਂਦ ਵਿੱਚ ਬਣੇ ਰਹਿਣ ਦੇ ਲਈ ਸਖ਼ਤ ਮਿਹਨਤ ਕਰਨੀ ਪਵੇਗੀ
ਉਨ੍ਹਾਂ ਨੇ ਕਿਹਾ ਕਿ ਆਮ ਤੌਰ ਉੱਤੇ ਮਤਦਾਨ ਕੇਂਦਰਾਂ ਦੇ ਬਾਹਰ ਦਿਖਣ ਵਾਲੀਆਂ ਲਾਈਨਾਂ ਦਿਨ ਦੇ ਦੌਰਾਨ ਨਹੀਂ ਦਿਖਣਗੀਆਂ ਅਤੇ ਬੂਥਾਂ ਦੇ ਅੰਦਰ ਵੀ ਵੱਡੀ ਗਿਣਤੀ ਲੋਕ ਰਹਿਣਗੇ। ਦੁਪਹਿਰ ਵਿੱਚ ਵੋਟਿੰਗ ਹੌਲੀ ਰਹੇਗੀ ਇਸ ਲਈ ਚੋਣ ਕਮਿਸ਼ਨ ਨੂੰ ਵੀ ਇਸ ਦੇ ਲਈ ਤਿਆਰੀ ਕਰਨੀ ਪਵੇਗੀ।
ਸੈਂਟਰ ਫਾਰ ਸਟੱਡੀਜ਼ ਆਫ ਡਵੈਲਪਿੰਗ ਸੁਸਾਈਟੀਜ਼ ਦੇ ਡਾਇਰੈਕਟਰ ਪ੍ਰੋਫ਼ੈਸਰ ਸੰਜੇ ਕੁਮਾਰ ਦੇ ਮੁਤਾਬਕ ਮੁੱਖ ਤੌਰ ਉੱਤੇ ਸਵੇਰੇ ਅਤੇ ਸ਼ਾਮ ਨੂੰ ਵੋਟ ਫ਼ੀਸਦ ਵੱਧ ਹੋਵੇਗੀ। ਦਿਨ ਵੇਲੇ ਵੋਟ ਫ਼ੀਸਦ ਘੱਟ ਹੋਵੇਗੀ।
ਪ੍ਰੋਫ਼ੈਸਰ ਕੁਮਾਰ ਕਹਿੰਦੇ ਹਨ, “2014 ਅਤੇ 2019 ਦੀਆਂ ਲੋਕ ਸਭਾ ਚੋਣਾਂ ਵੀ ਗਰਮੀਆਂ ਵਿੱਚ ਹੋਈਆਂ ਸਨ ਅਤੇ ਵੋਟ ਫ਼ੀਸਦ ਵੀ ਚੰਗਾ ਸੀ। ਲੋਕ ਸਭਾ ਚੋਣਾਂ ਹੋਣ ਦੇ ਕਾਰਨ ਸਿਆਸੀ ਦਲ, ਪੋਲਿੰਗ ਏਜੰਟ ਅਤੇ ਵੋਟਰ ਵੀ ਗਰਮ ਅਤੇ ਹੁੰਮਸ ਦੇ ਬਾਵਜੂਦ ਐਕਟਿਵ ਰਹਿਣਗੇ।”
ਉਹ ਕਹਿੰਦੇ ਹਨ, “ਰੈਲੀਆਂ ਦੇ ਲਈ ਸਿਆਸੀ ਦਲ ਅਤੇ ਜਨਤਕ ਸਭਾਵਾਂ ਦਾ ਪ੍ਰਬੰਧ ਕਰਨਾ ਪਵੇਗਾ, ਜਿਸ ਵਿੱਚ ਸ਼ੈੱਡ, ਪੀਣ ਲਈ ਪਾਣੀ ਅਤੇ ਹੋਰ ਚੀਜ਼ਾਂ ਸ਼ਾਮਲ ਹੋਣਗੀਆਂ, ਸਭਾਵਾਂ ਅਤੇ ਰੈਲੀਆਂ ਵਿੱਚ ਲੋਕਾਂ ਨੂੰ ਲਿਆਉਣ ਅਤੇ ਲੈ ਕੇ ਜਾਣ ਦਾ ਪ੍ਰਬੰਧ ਆਮ ਤੌਰ ਉੱਤੇ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਕੀਤੀ ਜਾਂਦੀ ਹੈ ਇਸ ਦੇ ਹੌਲੀ ਹੋਣ ਦੀ ਸੰਭਾਵਨਾ ਹੈ।’
ਮਾਹਰਾਂ ਦੇ ਮੁਤਾਬਕ ਲੂ ਅਤੇ ਵੱਧ ਗਰਮੀ ਦੇ ਦੌਰਾਨ ਸਿਆਸੀ ਗਤੀਵਿਧੀਆਂ, ਜਨਤਕ ਬੈਠਕਾਂ ਅਤੇ ਰੈਲੀਆਂ ਵਿੱਚ ਭਾਗ ਲੈਣ ਨਾਲ ਸਿਹਤ ਉੱਤੇ ਅਸਰ ਪੈ ਸਕਦਾ ਹੈ।
ਚੋਣ ਕਮਿਸ਼ਨ ਨੇ ਕੀ ਤਿਆਰੀ ਕੀਤੀ ਹੈ?

ਤਸਵੀਰ ਸਰੋਤ, Getty Images
ਚੋਣ ਕਮਿਸ਼ਨ ਦਾ ਅੰਦਾਜ਼ਾ ਹੈ ਕਿ ਲੋਕ ਸਭਾ ਚੋਣਾਂ ਦੇ ਦੌਰਾਨ ਗਰਮੀ ਅਤੇ ਲੂ ਦਾ ਸਾਹਮਣਾ ਕਰਨਾ ਪਵੇਗਾ, ਇਸ ਲਈ ਚੋਣ ਕਮਿਸ਼ਨ ਭਾਰਤੀ ਮੌਸਮ ਵਿਭਾਗ ਅਤੇ ਕੌਮੀ ਆਫ਼ਤ ਪ੍ਰਬੰਧਨ ਦੇ ਨਾਲ ਰਲਕੇ ਕੰਮ ਕਰ ਰਿਹਾ ਹੈ।
ਸੱਤ ਪੜਾਅ ਦੀ ਵੋਟਿੰਗ ਯੋਜਨਾ ਦੇ ਐਲਾਨ ਦੇ ਨਾਲ ਹੀ ਚੋਣ ਕਮਿਸ਼ਨ ਨੇ ਐਡਵਾਇਜ਼ਰੀ ਜਾਰੀ ਕੀਤੀ ਹੈ।
ਹਦਾਇਤਾਂ 'ਚ ਹਰ ਸੂਬੇ ਦੇ ਚੋਣ ਅਧਿਕਾਰੀਆਂ ਨੂੰ 'ਹੀਟ ਵੇਵ' ਦੇ ਮੱਦੇਨਜ਼ਰ ਲੋੜੀਂਦੀ ਕਾਰਵਾਈ ਕਰਨ ਲਈ ਕਿਹਾ ਗਿਆ ਹੈ। ਹਦਾਇਤਾਂ ਮੁਤਾਬਕ ਸਾਰੇ ਪੋਲਿੰਗ ਸਟੇਸ਼ਨਾਂ 'ਤੇ ਘੱਟੋ-ਘੱਟ ਸਹੂਲਤਾਂ ਯਕੀਨੀ ਬਣਾਈਆਂ ਜਾਣ।
ਹਦਾਇਤਾਂ ਦੇ ਮਹੱਤਵਪੂਰਨ ਨੁਕਤੇ ਇਸ ਪ੍ਰਕਾਰ ਹਨ:
- ਪੋਲਿੰਗ ਸਟੇਸ਼ਨ ਜ਼ਮੀਨੀ ਮੰਜ਼ਿਲ 'ਤੇ ਹੋਣਾ ਚਾਹੀਦਾ ਹੈ
- ਹਰ ਪੋਲਿੰਗ ਸਟੇਸ਼ਨ 'ਤੇ ਰੈਂਪ ਹੋਣਾ ਚਾਹੀਦਾ ਹੈ
- ਪੋਲਿੰਗ ਸਟੇਸ਼ਨਾਂ 'ਤੇ ਪੀਣ ਵਾਲੇ ਪਾਣੀ, ਲੋੜੀਂਦੇ ਫਰਨੀਚਰ, ਰੋਸ਼ਨੀ, ਸੰਕੇਤ ਅਤੇ ਪਖਾਨੇ ਵਰਗੀਆਂ ਸਹੂਲਤਾਂ ਨੂੰ ਯਕੀਨੀ ਬਣਾਉਣਾ ਪਵੇਗਾ
- ਵੋਟਰਾਂ ਲਈ ਟੈਂਟਾਂ ਦਾ ਪ੍ਰਬੰਧ ਕੀਤਾ ਜਾਵੇ
ਚੋਣ ਕਮਿਸ਼ਨ ਨੇ ਲੋਕ ਸਭਾ ਚੋਣਾਂ ਨੂੰ ਲੈ ਕੇ ਵੋਟਰਾਂ ਲਈ ਨਿਰਦੇਸ਼ ਜਾਰੀ ਕੀਤੇ ਹਨ। ਜੋ ਇਸ ਤਰ੍ਹਾਂ ਹਨ:
- ਕਾਫ਼ੀ ਪਾਣੀ ਪੀਓ ਅਤੇ ਪਾਣੀ ਦੀ ਬੋਤਲ ਆਪਣੇ ਨਾਲ ਰੱਖੋ
- ਓ.ਆਰ.ਐੱਸ. ਅਤੇ ਘਰੇਲੂ ਡ੍ਰਿੰਕਸ ਨਾਲ ਸਰੀਰ ਨੂੰ ਰੀਹਾਈਡ੍ਰੇਟ ਕਰਦੇ ਰਹੋ
- ਹਲਕੇ ਅਤੇ ਢਿੱਲੇ ਕੱਪੜੇ ਪਾਓ ਅਤੇ ਛਤਰੀ ਜਾਂ ਟੋਪੀ ਰੱਖੋ
- ਸਾਫਟ ਡਰਿੰਕਸ ਪੀਣ ਤੋਂ ਪਰਹੇਜ਼ ਕਰੋ
- ਬੱਚਿਆਂ ਨੂੰ ਪੋਲਿੰਗ ਸਟੇਸ਼ਨ 'ਤੇ ਲਿਆਉਣ ਤੋਂ ਬਚੋ
- ਬੱਚਿਆਂ ਜਾਂ ਪਾਲਤੂ ਜਾਨਵਰਾਂ ਨੂੰ ਪਾਰਕ ਕੀਤੇ ਵਾਹਨ ਵਿੱਚ ਨਾ ਛੱਡੋ
ਡਾ. ਸੋਮ ਸੇਨ ਰਾਏ ਕਹਿੰਦੇ ਹਨ, “ਚੋਣ ਕਮਿਸ਼ਨ ਮੌਸਮ ਵਿਭਾਗ ਅਤੇ ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ ਦੇ ਨਾਲ ਮਿਲ ਕੇ ਕੰਮ ਕਰ ਰਿਹਾ ਹੈ ਕਿਉਂਕਿ ਮਈ ਵਿੱਚ ਲੋਕ ਸਭਾ ਚੋਣਾਂ ਇੱਕ ਮਹੱਤਵਪੂਰਨ ਪੜਾਅ ਹਨ। ਤਾਂ ਜੋ ਵੱਧ ਤੋਂ ਵੱਧ ਲੋਕ ਵੋਟਿੰਗ ਪ੍ਰਕਿਰਿਆ ਵਿੱਚ ਹਿੱਸਾ ਲੈ ਸਕਣ। ਇਸ ਦੇ ਲਈ ਵੱਖ-ਵੱਖ ਪੱਧਰਾਂ 'ਤੇ ਕੰਮ ਕੀਤਾ ਜਾ ਰਿਹਾ ਹੈ, ਤਾਂ ਜੋ ਲੋਕਾਂ ਨੂੰ ਚੋਣ ਪ੍ਰਕਿਰਿਆ 'ਚ ਘੱਟ ਤੋਂ ਘੱਟ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇ।"
ਹੀਟ ਵੇਵ ਕੀ ਹੈ?

ਤਸਵੀਰ ਸਰੋਤ, Getty Images
ਜਦੋਂ ਕਿਸੇ ਵੀ ਖੇਤਰ ਵਿੱਚ ਸਥਾਨਕ ਮੌਸਮ ਵਿਭਾਗ ਵੱਲੋਂ ਨਿਰਧਾਰਤ ਤਾਪਮਾਨ ਤੋਂ ਉੱਪਰ ਚਲਾ ਜਾਂਦਾ ਹੈ ਅਤੇ ਕੁਝ ਦਿਨਾਂ ਤੱਕ ਓਵੇਂ ਰਹਿੰਦਾ ਹੈ, ਤਾਂ ਇਸ ਨੂੰ 'ਹੀਟ ਵੇਵ' ਕਿਹਾ ਜਾਂਦਾ ਹੈ।
ਭਾਰਤ ਦੇ ਮੌਸਮ ਵਿਭਾਗ ਦੇ ਨਿਰਦੇਸ਼ਾਂ ਮੁਤਾਬਕ 'ਹੀਟ ਵੇਵ' ਲਈ ਔਸਤ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਉੱਪਰ ਹੋਣਾ ਚਾਹੀਦਾ ਹੈ ਅਤੇ ਸ਼ੀਤ ਲਹਿਰ ਲਈ ਔਸਤ ਤਾਪਮਾਨ 10 ਡਿਗਰੀ ਤੋਂ ਘੱਟ ਹੋਣਾ ਚਾਹੀਦਾ ਹੈ। ਆਮ ਤੌਰ 'ਤੇ ਇਹ ਸਥਿਤੀ ਪੰਜ ਦਿਨਾਂ ਤੱਕ ਰਹਿੰਦੀ ਹੈ।
'ਹੀਟ ਵੇਵ' ਜਾਂ ਗਰਮੀ ਦੀ ਲਹਿਰ ਮਨੁੱਖਾਂ ਸਮੇਤ ਕਈ ਜੀਵਿਤ ਚੀਜ਼ਾਂ ਨੂੰ ਪ੍ਰਭਾਵਿਤ ਕਰਦੀ ਹੈ। ਇਹ ਡੀਹਾਈਡਰੇਸ਼ਨ, ਥਕਾਵਟ, ਕਮਜ਼ੋਰੀ, ਚੱਕਰ ਆਉਣੇ, ਸਿਰ ਦਰਦ, ਉਲਟੀਆਂ, ਪੇਟ ਦਰਦ, ਪਸੀਨਾ ਆਉਣਾ, ਹਾਈਪਰਥਰਮੀਆ ਜਾਂ ਗਰਮੀ ਦੇ ਦੌਰੇ ਦਾ ਕਾਰਨ ਬਣ ਸਕਦੀ ਹੈ।
ਜਿਨ੍ਹਾਂ ਲੋਕਾਂ ਨੂੰ ਦਿਲ ਦੀਆਂ ਬਿਮਾਰੀਆਂ ਹਨ, ਉਨ੍ਹਾਂ ਨੂੰ ਅਸਹਿ ਗਰਮੀ ਕਾਰਨ ਸਟ੍ਰੋਕ ਜਾਂ ਦਿਲ ਦਾ ਦੌਰਾ ਪੈਣ ਦਾ ਖ਼ਤਰਾ ਵੀ ਰਹਿੰਦਾ ਹੈ।
ਦਿਲੀਪ ਮਾਵਲੰਕਰ ਕਹਿੰਦੇ ਹਨ, "ਜੇਕਰ ਲੋਕ ਕਿਸੇ ਵੀ ਮੀਟਿੰਗ ਜਾਂ ਜਨਤਕ ਸਮਾਗਮ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਸਾਵਧਾਨ ਰਹਿਣਾ ਪਵੇਗਾ। ਜੇਕਰ ਤੁਸੀਂ ਧੁੱਪ ਵਿੱਚ ਜਾਂਦੇ ਹੋ, ਤਾਂ ਆਪਣੇ ਨਾਲ ਪਾਣੀ ਅਤੇ ਇੱਕ ਛੱਤਰੀ ਰੱਖੋ। ਜੇਕਰ ਤੁਹਾਨੂੰ ਬਾਹਰ ਖੜ੍ਹੇ ਹੋਣਾ ਪਵੇ ਤਾਂ ਤੁਹਾਨੂੰ ਆਪਣਾ ਸਿਰ ਢੱਕਣ ਦਾ ਧਿਆਨ ਰੱਖਣਾ ਪਵੇਗਾ।
ਉਹ ਦੱਸਦੇ ਹਨ, "ਗਰਮੀ ਦੇ ਲੰਬੇ ਸਮੇਂ ਤੱਕ ਸੰਪਰਕ ਵਿੱਚ ਰਹਿਣ ਨਾਲ ਡੀਹਾਈਡਰੇਸ਼ਨ ਅਤੇ ਹੋਰ ਪੇਚੀਦਗੀਆਂ ਵੀ ਹੋ ਸਕਦੀਆਂ ਹਨ। ਸੀਨੀਅਰ ਨਾਗਰਿਕ ਅਤੇ ਸਹਿ-ਰੋਗ ਵਾਲੇ ਲੋਕ ਖਾਸ ਤੌਰ 'ਤੇ ਜੋਖਮ ਵਿੱਚ ਹੁੰਦੇ ਹਨ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਪ੍ਰਕਾਸ਼ਨ












