ਅਮਰੀਕੀ ਯੂਨੀਵਰਸਿਟੀਆਂ ਨੇ ਕੌਮਾਂਤਰੀ ਵਿਦਿਆਰਥੀਆਂ ਨੂੰ ਟਰੰਪ ਦੇ ਅਹੁਦਾ ਸੰਭਾਲਣ ਤੋਂ ਪਹਿਲਾਂ ਕੈਂਪਸ ਮੁੜਨ ਦੀ ਸਲਾਹ ਕਿਉਂ ਦਿੱਤੀ

    • ਲੇਖਕ, ਬ੍ਰੈਨਡਨ ਡ੍ਰੈਨਨ
    • ਰੋਲ, ਬੀਬੀਸੀ ਪੱਤਰਕਾਰ

ਅਮਰੀਕੀ ਯੂਨੀਵਰਸਿਟੀਆਂ ਕੌਮਾਂਤਰੀ ਵਿਦਿਆਰਥੀਆਂ ਅਤੇ ਸਟਾਫ਼ ਨੂੰ ਸਲਾਹ ਦੇਣ ਲਈ ਈਮੇਲ ਕਰ ਰਹੀਆਂ ਹਨ ਕਿ ਉਹ ਨਵੇਂ ਚੁਣੇ ਗਏ ਰਾਸ਼ਟਰਪਤੀ ਡੌਨਲਡ ਟਰੰਪ ਦੇ ਜਨਵਰੀ ਵਿੱਚ ਅਹੁਦਾ ਸੰਭਾਲਣ ਤੋਂ ਪਹਿਲਾਂ ਕੈਂਪਸ ਵਿੱਚ ਵਾਪਸ ਆ ਜਾਣ।

ਯੂਨੀਵਰਸਿਟੀਆਂ ਦੇ ਇਸ ਸੁਨੇਹੇ ਨੂੰ ਟਰੰਪ ਵੱਲੋਂ ਵੱਡੇ ਪੱਧਰ ’ਤੇ ਦੇਸ਼ ਨਿਕਾਲੇ ਦੀਆਂ ਯੋਜਨਾਵਾਂ ਨੂੰ ਲਾਗੂ ਕਰਨ ਨਾਲ ਜੁੜੀਆਂ ਚਿੰਤਾਵਾਂ ਨਾਲ ਜੋੜ ਕੇ ਦੇਖਇਆ ਜਾ ਰਿਹਾ ਹੈ।

ਕੋਲੋਰਾਡੋ ਡੇਨਵਰ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਕਲੋਅ ਈਸਟ ਨੇ ਬੀਬੀਸੀ ਨੂੰ ਦੱਸਿਆ ਸੀ ਕਿ,"ਸਾਰੇ ਕੌਮਾਂਤਰੀ ਵਿਦਿਆਰਥੀ ਇਸ ਸਮੇਂ ਫ਼ਿਕਰਮੰਦ ਹਨ।"

ਟਰੰਪ ਨੇ ਅਮਰੀਕੀ ਇਤਿਹਾਸ ਦੇ ਸਭ ਤੋਂ ਵੱਡੇ ਦੇਸ਼ ਨਿਕਾਲੇ ਦੀ ਕਾਰਵਾਈ ਨੂੰ ਲਾਗੂ ਕਰਨ ਅਤੇ ਇਸ ਵਿੱਚ ਮਦਦ ਲਈ ਅਮਰੀਕੀ ਫ਼ੌਜ ਦੀ ਵਰਤੋਂ ਕਰਨ ਦਾ ਵਾਅਦਾ ਕੀਤਾ ਹੈ।

ਹਾਇਰ ਐਂਡ ਇਮੀਗ੍ਰੇਸ਼ਨ ਪੋਰਟਲ ਮੁਤਾਬਕ, 4 ਲੱਖ ਤੋਂ ਵੱਧ ਗ਼ੈਰ-ਦਸਤਾਵੇਜ਼ੀ ਵਿਦਿਆਰਥੀ ਅਮਰੀਕਾ ਵਿੱਚ ਉੱਚ ਸਿੱਖਿਆ ਲਈ ਵੱਖ-ਵੱਖ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਦਾਖਲਾ ਲੈ ਚੁੱਕੇ ਹਨ।

ਦੇਸ਼ ਨਿਕਾਲਾ ਅਤੇ ਕੌਮਾਂਤਰੀ ਵਿਦਿਆਰਥੀ

ਟਰੰਪ ਦੇ ਆਉਣ ਵਾਲੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਸੁਝਾਅ ਦਿੱਤਾ ਹੈ ਕਿ ਉਹ ਦੇਸ਼ ਨਿਕਾਲੇ ਦੀ ਸੂਚੀ ਵਿੱਚ ਬਿਨਾਂ ਦਸਤਾਵੇਜ਼ਾਂ ਵਾਲੇ ਪ੍ਰਵਾਸੀਆਂ ਲਈ ਵਿਸ਼ਾਲ ਹੋਲਡਿੰਗ ਸਹੂਲਤਾਂ (ਜਿੱਥੇ ਉਨ੍ਹਾਂ ਨੂੰ ਰੱਖਿਆ ਜਾ ਸਕੇ) ਦਾ ਨਿਰਮਾਣ ਕਰਨਗੇ।

ਟਰੰਪ ਪ੍ਰਸ਼ਾਸਨ ਦੇ ਆਉਣ ਵਾਲੇ ਸਰਹੱਦੀ ਜ਼ਾਰ ਟੌਮ ਹੌਮਨ ਨੇ ਕਿਹਾ ਹੈ ਕਿ ਹਿੰਸਕ ਅਪਰਾਧੀਆਂ ਅਤੇ ਕੌਮੀ ਸੁਰੱਖਿਆ ਲਈ ਸੰਭਾਵਿਤ ਖ਼ਤਰਿਆਂ ਨੂੰ ਦੇਸ਼ ਤੋਂ ਹਟਾਉਣਾ ਉਨ੍ਹਾਂ ਦੀ ਪਹਿਲ ਹੋਵੇਗੀ।

ਪਰ ਇਸ ਨਾਲ ਉੱਚ ਸਿੱਖਿਆ ਹਾਸਲ ਕਰਨ ਵਾਲੇ ਗ਼ੈਰ-ਦਸਤਾਵੇਜ਼ੀ ਕੌਮਾਂਤਰੀ ਵਿਦਿਆਰਥੀਆਂ ਦੀਆਂ ਚਿੰਤਾਵਾਂ ਦੂਰ ਨਹੀਂ ਹੁੰਦੀਆਂ।

ਪ੍ਰੋਫੈਸਰ ਈਸਟ ਨੇ ਬੀਬੀਸੀ ਨੂੰ ਦੱਸਿਆ,“ਪਰਵਾਸ ਨਾਲ ਜੁੜੀ ਅਨਿਸ਼ਚਿਤਤਾ ਕਾਰਨ ਕੌਮਾਂਤਰੀ ਵਿਦਿਆਰਥੀ ਅਕਹਿ ਤਣਾਅ ਦਾ ਸਾਹਮਣਾ ਕਰ ਰਹੇ ਹਨ।"

"ਬਹੁਤ ਸਾਰੇ ਵਿਦਿਆਰਥੀਆਂ ਨੂੰ ਆਪਣੇ ਵੀਜ਼ਿਆਂ ਬਾਰੇ ਚਿੰਤਾਵਾਂ ਹਨ ਕਿ ਕੀ ਉਨ੍ਹਾਂ ਨੂੰ ਆਪਣੀ ਪੜ੍ਹਾਈ ਜਾਰੀ ਰੱਖਣ ਦੀ ਇਜਾਜ਼ਤ ਦਿੱਤੀ ਜਾਵੇਗੀ ਜਾਂ ਨਹੀਂ।"

ਪਿਛਲੇ ਸਬਕ ਦੇ ਆਧਾਰ ’ਤੇ ਲਿਆ ਫ਼ੈਸਲਾ

ਨਵੰਬਰ ਵਿੱਚ, ਮੈਸੇਚਿਉਸੇਟਸ ਯੂਨੀਵਰਸਿਟੀ ਨੇ ਆਪਣੇ ਕੌਮਾਂਤਰੀ ਵਿਦਿਆਰਥੀਆਂ ਅਤੇ ਮੁਲਾਜ਼ਮਾਂ ਲਈ ਇੱਕ ਯਾਤਰਾ ਐਡਵਾਇਜ਼ਰੀ ਜਾਰੀ ਕੀਤਾ ਹੈ। ਜਿਸ ਵਿੱਚ ਉਨ੍ਹਾਂ ਨੂੰ 20 ਜਨਵਰੀ ਨੂੰ ਟਰੰਪ ਦੇ ਅਹੁਦਾ ਸੰਭਾਲਣ ਤੋਂ ਪਹਿਲਾਂ ਸਰਦੀਆਂ ਦੀਆਂ ਛੁੱਟੀਆਂ ਵਿੱਚ ਹੀ ਕੈਂਪਸ ਵਿੱਚ ਵਾਪਸ ਆਉਣ ਦੇ ਮਸਲੇ ਨੂੰ "ਗੰਭੀਰਤਾ ਨਾਲ ਵਿਚਾਰਨ" ਲਈ ਉਤਸ਼ਾਹਿਤ ਕੀਤਾ ਗਿਆ ਹੈ।

ਯੂਨੀਵਰਸਿਟੀ ਦਾ ਕਹਿਣਾ ਹੈ, "2016 ਵਿੱਚ ਪਹਿਲੇ ਟਰੰਪ ਪ੍ਰਸ਼ਾਸਨ ਵਿੱਚ ਲਾਗੂ ਕੀਤੀਆਂ ਗਈਆਂ ਯਾਤਰਾ ਪਾਬੰਦੀਆਂ ਦੇ ਤਜ਼ਰਬੇ ਦੇ ਆਧਾਰ 'ਤੇ ਗਲੋਬਲ ਅਫ਼ੇਅਰਜ਼ ਦਾ ਦਫ਼ਤਰ ਬਹੁਤ ਸਾਵਧਾਨੀ ਨਾਲ ਇਹ ਸਲਾਹ ਦੇ ਰਿਹਾ ਹੈ।"

ਟਰੰਪ ਨੇ 2017 ਵਿੱਚ ਵ੍ਹਾਈਟ ਹਾਊਸ ਵਿੱਚ ਆਪਣੇ ਪਹਿਲੇ ਹਫ਼ਤੇ ਦੌਰਾਨ ਇੱਕ ਕਾਰਜਕਾਰੀ ਹੁਕਮ ਉੱਤੇ ਹਸਤਾਖ਼ਰ ਕੀਤੇ ਸਨ, ਜਿਸ ਵਿੱਚ ਕਈ ਮੁਸਲਿਮ ਦੇਸ਼ਾਂ ਦੇ ਨਾਲ-ਨਾਲ ਉੱਤਰੀ ਕੋਰੀਆ ਅਤੇ ਵੈਨੇਜ਼ੁਏਲਾ ਦੇ ਨਾਗਰਿਕਾਂ ਨੂੰ ਅਮਰੀਕਾ ਆਉਣ ਤੋਂ ਰੋਕਿਆ ਗਿਆ ਸੀ।

ਆਪਣੇ ਪਹਿਲੇ ਰਾਸ਼ਟਰਪਤੀ ਕਾਰਜਕਾਰ ਦੌਰਾਨ ਉਨ੍ਹਾਂ ਨੇ ਵਿਦਿਆਰਥੀ ਵੀਜ਼ਿਆਂ 'ਤੇ ਕੁਝ ਸੀਮਾਵਾਂ ਲਾਉਣ ਦਾ ਪ੍ਰਸਤਾਵ ਵੀ ਰੱਖਿਆ ਸੀ।

ਮੈਸੇਚਿਉਸੇਟਸ ਇੰਸਟੀਚਿਊਟ ਆਫ਼ ਟੈਕਨਾਲੋਜੀ ਅਤੇ ਵੇਸਲੇਅਨ ਯੂਨੀਵਰਸਿਟੀ ਨੇ ਵੀ ਯਾਤਰਾ ਐਡਵੈਇਜ਼ਰੀ ਜਾਰੀ ਕਰਕੇ, ਵਿਦਿਆਰਥੀਆਂ ਅਤੇ ਸਟਾਫ਼ ਨੂੰ ਰਾਸ਼ਟਰਪਤੀ ਦੇ ਅਹੁਦਾ ਸੰਭਾਲਨ ਤੋਂ ਪਹਿਲਾਂ ਅਮਰੀਕਾ ਵਾਪਸ ਜਾਣ ਦੀ ਅਪੀਲ ਕੀਤੀ ਹੈ।

ਵਿਦਿਆਰਥੀਆਂ ਨੂੰ ਜਾਗਰੂਕ ਕਰਨ ਦੀਆਂ ਕੋਸ਼ਿਸ਼ਾਂ

ਦੁਨੀਆਂ ਭਰ ਦੀਆਂ ਮੰਨੀਆਂ-ਪ੍ਰਮੰਨੀਆਂ ਯੂਨੀਵਰਸਿਟੀਆਂ ਵਿੱਚ ਸ਼ੁਮਾਰ ਯੇਲ ਯੂਨੀਵਰਸਿਟੀ ਦੇ ਵਿਦਿਆਰਥੀ ਅਖਬਾਰ ਦੀ ਇੱਕ ਰਿਪੋਰਟ ਮੁਤਾਬਕ ਯੇਲ ਯੂਨੀਵਰਸਿਟੀ ਵਿੱਚ ਕੌਮਾਂਤਰੀ ਵਿਦਿਆਰਥੀਆਂ ਅਤੇ ਖੋਜਕਰਤਾਵਾਂ ਦੇ ਦਫ਼ਤਰ ਨੇ ਇਸ ਮਹੀਨੇ ਇੱਕ ਸੈਮੀਨਰ ਕਰਵਾਇਆ ਸੀ।

ਇਸ ਸੰਮੇਲਨ ਵਿੱਚ ਪਰਵਾਸ ਨੀਤੀ ਵਿੱਚ ਸੰਭਾਵੀ ਤਬਦੀਲੀਆਂ ਬਾਰੇ ਵਿਦਿਆਰਥੀਆਂ ਦੀਆਂ ਚਿੰਤਾਵਾਂ ਦੇ ਵਿਸ਼ੇ ਉੱਤੇ ਵੀ ਚਰਚਾ ਕੀਤੀ ਗਈ।

ਇਸ ਵਿੱਚ ਵਿਦੇਸ਼ਾਂ ਵਿੱਚ ਜਨਮੇ ਵਿਦਿਆਰਥੀ ਸ਼ਾਮਲ ਹਨ ਜੋ ਡੈਫ਼ਰਡ ਐਕਸ਼ਨ ਫਾਰ ਚਾਈਲਡਹੁੱਡ ਅਰਾਈਵਲਜ਼ (ਡੀਏਸੀਏ) ਪ੍ਰੋਗਰਾਮ ਤਹਿਤ ਸੁਰੱਖਿਅਤ ਹਨ।

ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਕਾਰਜਕਾਲ ਵਿੱਚ ਇਸ ਪ੍ਰੋਗਰਾਮ ਤਹਿਤ ਬੱਚਿਆਂ ਦੇ ਰੂਪ ਵਿੱਚ ਅਮਰੀਕਾ ਆਏ ਪੰਜ ਲੱਖ ਤੋਂ ਵੱਧ ਪ੍ਰਵਾਸੀਆਂ ਨੂੰ ਦੇਸ਼ ਨਿਕਾਲੇ ਤੋਂ ਬਚਾਇਆ ਗਿਆ ਸੀ।

ਬਾਅਦ ਵਿੱਚ ਟਰੰਪ ਨੇ ਇਸ ਪ੍ਰੋਗਰਾਮ ਨੂੰ ਖ਼ਤਮ ਕਰਨ ਦੀ ਵੀ ਕੋਸ਼ਿਸ਼ ਕੀਤੀ ਸੀ।

ਪ੍ਰੋਫ਼ੈਸਰ ਈਸਟ ਕਹਿੰਦੇ ਹਨ ਕਿ ਏਸ਼ਿਆਈ ਵਿਦਿਆਰਥੀ, ਖ਼ਾਸ ਤੌਰ 'ਤੇ ਚੀਨ ਤੋਂ ਆਉਣ ਵਾਲੇ, ਟਰੰਪ ਦੇ ਕਾਰਜਕਾਲ ਵਿੱਚ ਅਮਰੀਕਾ-ਚੀਨ ਸਬੰਧਾਂ ਦੇ ਚੱਲਦਿਆਂ ਵਧੇਰੇ ‘ਅਨਿਸ਼ਚਿਤਤਾ’ ਮਹਿਸੂਸ ਕਰ ਰਹੇ ਹਨ।

ਕੌਮਾਂਤਰੀ ਵਿਦਿਆਰਥੀਆਂ ਦੀ ਭਵਿੱਖ ਲਈ ਚਿੰਤਾ

ਅਰਲਹਮ ਕਾਲਜ ਆਫ਼, ਇੰਡੀਆਨਾ ਵਿੱਚ ਪੜ੍ਹ ਰਹੀ ਜਾਪਾਨ ਦੀ ਇੱਕ ਵਿਦਿਆਰਥਣ ਅਓਈ ਮੇਦਾ, ਆਪਣੇ ਅਕਾਦਮਿਕ ਭਵਿੱਖ ਬਾਰੇ ਫ਼ਿਕਰਮੰਦ ਹੈ।

ਉਹ ਕਹਿੰਦੇ ਹਨ,"ਮੈਂ ਆਸ ਕਰ ਰਹੀ ਹਾਂ ਕਿ ਮਈ 2026 ਵਿੱਚ ਗ੍ਰੈਜੂਏਸ਼ਨ ਪੂਰੀ ਕਰ ਲਵਾਂਗੀ, ਪਰ ਹੁਣ ਜਦੋਂ ਪ੍ਰਸ਼ਾਸਨਿਕ ਬਦਲਾਅ ਹੋ ਰਹੇ ਹਨ ਤਾਂ ਮੈਨੂੰ, ਚੀਜ਼ਾਂ ਸੋਚੇ ਮੁਤਾਬਕ ਸਹੀ ਹੋਣ ਦੀ ਉਮੀਦ ਘੱਟ ਰਹੀ ਹੈ। "

ਮੇਦਾ ਕਹਿੰਦੇ ਹਨ, "ਟਰੰਪ ਦਾ ਦਾਅਵਾ ਕਰਦਾ ਹੈ ਕਿ ਉਹ ਸਿਰਫ਼ ਗ਼ੈਰ-ਕਾਨੂੰਨੀ ਪਰਵਾਸੀਆਂ ਨੂੰ ਦੇਸ਼ ਤੋਂ ਬਾਹਰ ਕੱਢਣ ਵਿੱਚ ਦਿਲਚਸਪੀ ਰੱਖਦੇ ਹਨ, ਪਰ ਅਸੀਂ ਜਾਣਦੇ ਹਾਂ ਉਹ ਕਈ ਵਾਰ ਗੋਲ ਪੋਸਟ ਨੂੰ ਹਿਲਾਉਣ ਦੀ ਕੋਸ਼ਿਸ਼ ਵੀ ਕਰਦੇ ਹਨ।"

"ਮੈਨੂੰ ਲੱਗਦਾ ਹੈ ਕਿ ਸਾਡੇ ਵਰਗੇ ਵੀਜ਼ਾ ਲੈ ਕੇ ਪੜ੍ਹਨ ਆਏ ਕੌਮਾਂਤਰੀ ਵਿਦਿਆਰਥੀ ਵੀ ਪ੍ਰਭਾਵਿਤ ਹੋ ਸਕਦੇ ਹਨ ਅਤੇ ਉਨ੍ਹਾਂ ਲਈ ਸਾਨੂੰ ਦੇਸ਼ ਨਿਕਾਲਾ ਦੇਣਾ ਸੌਖਾ ਵੀ ਹੋਵੇਗਾ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)