ਦੋ ਫੁੱਟ ਦੀ ਐੱਮਬੀਏ ਪਾਸ ਕੁੜੀ ਨੂੰ ਕਿਸੇ ਨੇ ਨਹੀਂ ਦਿੱਤੀ ਨੌਕਰੀ, ਹੁਣ ਆਪਣੇ ਕਾਰੋਬਾਰ 'ਚ ਦੂਜਿਆਂ ਨੂੰ ਦੇ ਰਹੀ ਰੁਜ਼ਗਾਰ

“ਮੈਨੂੰ ਕਿਸੇ ਨੇ ਨੌਕਰੀ ਨਹੀਂ ਦਿੱਤੀ। ਉਨ੍ਹਾਂ ਸਾਰਿਆਂ ਨੇ ਸਿਰਫ਼ ਮੇਰੀ ਸ਼ਕਲ ਦੇਖੀ, ਮੇਰਾ ਹੁਨਰ ਨਹੀਂ।”
ਇਹ ਸ਼ਬਦ ਤਾਮਿਲਨਾਡੂ ਦੇ ਇਰੋਡ ਜ਼ਿਲ੍ਹੇ ਦੀ ਗੀਤਾ ਕੁੱਪੂਸਾਮੀ ਦੇ ਹਨ।
ਗੀਤਾ ਨੇ ਐਮਬੀਏ ਦੀ ਪੜ੍ਹਾਈ ਕੀਤੀ ਹੈ। ਸਹਿਕਾਰੀ ਪ੍ਰਬੰਧਨ ਵਿੱਚ ਡਿਪਲੋਮਾ ਹਾਸਲ ਕੀਤਾ ਹੈ।
ਗੀਤਾ ਦੀ ਉਮਰ 31 ਸਾਲ ਹੈ ਅਤੇ ਉਨ੍ਹਾਂ ਦਾ ਕੱਦ ਕਰੀਬ ਦੋ ਫੁੱਟ ਹੈ।
ਉਹ ਘਰ ਦੀ ਆਰਥਿਕ ਹਾਲਤ ਸੁਧਾਰਨ ਲਈ ਨੌਕਰੀ ਕਰਨਾ ਚਾਹੁੰਦੇ ਸੀ। ਉਨ੍ਹਾਂ ਨੇ ਨੌਕਰੀ ਲੈਣ ਲਈ ਬਹੁਤ ਕੋਸ਼ਿਸ਼ਾਂ ਕੀਤੀਆਂ, ਪਰ ‘ਛੋਟੇ ਕੱਦ’ ਕਾਰਨ ਨੌਕਰੀ ਨਹੀਂ ਮਿਲ ਸਕੀ।

ਉਹ ਕਹਿੰਦੇ ਹਨ ਕਿ ਜਦੋਂ ਨੌਕਰੀ ਦੀ ਭਾਲ ਵਿੱਚ ਕਿਸੇ ਕੋਲ ਜਾਂਦੇ ਤਾਂ ਉਨ੍ਹਾਂ ਨੂੰ ਇਹ ਕਹਿ ਕੇ ਟਾਲ ਦਿੱਤਾ ਜਾਂਦਾ ਕਿ ਫ਼ੋਨ ਕਰਕੇ ਦੱਸਣਗੇ ਤੇ ਉਸ ਤੋਂ ਬਾਅਦ ਫ਼ੋਨ ਨਾ ਆਉਂਦਾ।
ਫਿਰ ਗੀਤਾ ਨੇ ਆਪਣਾ ਕਾਰੋਬਾਰ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ।
ਜੋ ਗੀਤਾ ਕਦੇ ਖੁਦ ਰੁਜ਼ਗਾਰ ਦੀ ਭਾਲ ਵਿੱਚ ਹੁੰਦੇ ਸੀ, ਹੁਣ ਕੱਪੜਿਆਂ ਦੇ ਕਾਰੋਬਾਰ ਜ਼ਰੀਏ ਹੋਰਾਂ ਨੂੰ ਰੁਜ਼ਗਾਰ ਦਿੰਦੇ ਹਨ।
ਗੀਤਾ ਨੇ ਆਪਣੀ ਜ਼ਿੰਦਗੀ ਅਤੇ ਸੰਘਰਸ਼ ਦੀਆਂ ਇਹ ਸਾਰੀਆਂ ਗੱਲਾਂ ਆਪਣੀ ਛੋਟੀ ਜਿਹੀ ਦੁਕਾਨ ਵਿੱਚ ਦੱਸੀਆਂ, ਇਸ ਦੁਕਾਨ ਦੀਆਂ ਅਸਮਾਨੀ ਨੀਲੇ ਰੰਗ ਦੀਆਂ ਕੰਧਾਂ ਸੀ।
ਦੁਕਾਨ ਵਿੱਚ ਲਗਾਤਾਰ ਸਿਲਾਈ ਮਸ਼ੀਨਾਂ ਚੱਲਣ ਦੀ ਅਵਾਜ਼ ਆਉਂਦੀ ਅਤੇ ਥਾਂ-ਥਾਂ ਕੱਪੜਿਆਂ ਦੇ ਢੇਰ ਪਏ ਸੀ।
ਸਹੇਲੀ ਨਾਲ ਮਿਲ ਕੇ ਅਪਾਹਜਾਂ ਨੂੰ ਰੁਜ਼ਗਾਰ ਦੇਣ ਦਾ ਫ਼ੈਸਲਾ ਕੀਤਾ

ਗੀਤਾ ਅੱਗੇ ਦੱਸਦੇ ਹਨ, “ਮੇਰੀ ਪਛਾਣ ਜਯੋਤੀ ਮਣੀ ਨਾਲ ਹੋਈ ਜੋ ਮੇਰੀ ਸਹੇਲੀ ਬਣ ਗਈ। ਉਸ ਕੋਲ ਇੱਕ ਸਿਲਾਈ ਮਸ਼ੀਨ ਸੀ। ਅਸੀਂ ਇਕੱਠੇ ਹੋ ਕੇ ਅਪਾਹਜ ਲੋਕਾਂ ਨੂੰ ਰੁਜ਼ਗਾਰ ਦੇਣ ਦਾ ਫ਼ੈਸਲਾ ਕੀਤਾ। ਅਸੀਂ ਇੱਕ ਦੁਕਾਨ ਲੱਭੀ ਅਤੇ ਸਾਡੇ ਵਰਗੇ ਲੋਕਾਂ ਨੂੰ ਨੌਕਰੀ ਦਿੱਤੀ।”
ਗੀਤਾ ਦੀ ਐਸੋਸੀਏਸ਼ਨ ਵਿੱਚ ਅਜਿਹੇ ਅਪਾਹਜ ਲੋਕ ਹਨ ਜੋ ਤੁਰ ਫਿਰ ਨਹੀਂ ਸਕਦੇ। ਉਹ ਲੋਕ ਜਿਨ੍ਹਾਂ ਦੀਆਂ ਦੋਹੇਂ ਲੱਤਾਂ ਪ੍ਰਭਾਵਤ ਹਨ।
ਇਨ੍ਹਾਂ ਵਿੱਚ ਹੀ ਮਾਨਸਿਕ ਤੌਰ ’ਤੇ ਅਪਾਹਜ ਬੱਚਿਆਂ ਦੀ ਇੱਕ ਮਾਂ ਵੀ ਹੈ।
ਉਹ ਕਹਿੰਦੇ ਹਨ ਉਹ ਆਪਣੇ ਜਿਹੇ ਵੱਧ ਤੋਂ ਵੱਧ ਲੋਕਾਂ ਨੂੰ ਨੌਕਰੀਆਂ ਮੁਹੱਈਆ ਕਰਵਾਉਣਾ ਚਾਹੁੰਦੇ ਸੀ। ਇਸ ਲਈ ਇੱਕ ਛੋਟਾ ਗਾਰਮੈਂਟ ਯੁਨਿਟ (ਕੱਪੜਿਆਂ ਦਾ ਕਾਰੋਬਾਰ) ਸਥਾਪਿਤ ਕੀਤਾ।


ਔਰਤਾਂ ਨੂੰ ਪਰਿਵਾਰ ਚਲਾਉਣ ਲਈ ਮਿਲਿਆ ਗੀਤਾ ਦਾ ਸਾਥ

ਇਸੇ ਦੁਕਾਨ ਵਿੱਚ ਇੱਕ ਔਰਤ ਈਸ਼ਵਰੀ ਵੀ ਕੰਮ ਕਰਦੇ ਹਨ।
ਤੁਰਨ ਫਿਰਨ ਤੋਂ ਅਸਮਰੱਥ ਈਸ਼ਵਰੀ ਨੇ ਦੱਸਿਆ, “ਮੇਰੇ ਪਤੀ ਵੀ ਅਪਾਹਜ ਹਨ। ਅਸੀਂ ਰੋਜ਼ੀ ਰੋਟੀ ਲਈ ਸੰਘਰਸ਼ ਕਰ ਰਹੇ ਸੀ। ਜਿੱਥੇ ਵੀ ਨੌਕਰੀ ਦੀ ਭਾਲ ਲਈ ਗਏ ਉਨ੍ਹਾਂ ਨੇ ਇਹ ਕਹਿ ਕੇ ਠੁਕਰਾ ਦਿੱਤਾ ਕਿ ਤੁਸੀਂ ਅਪਾਹਜ ਹੋ ਇਸ ਲਈ ਸਮੇਂ ਸਿਰ ਨੌਕਰੀ ‘ਤੇ ਰਿਪੋਰਟ ਨਹੀਂ ਕਰ ਸਕਦੇ ਅਤੇ ਚੰਗੀ ਤਰ੍ਹਾਂ ਕੰਮ ਨਹੀਂ ਕਰ ਸਕਦੇ।”
ਉਨ੍ਹਾਂ ਨੇ ਕਿਹਾ, “ਫਿਰ ਗੀਤਾ ਨੇ ਦੱਸਿਆ ਕਿ ਉਸ ਨੇ ਗਾਰਮੈਂਟ ਯੁਨਿਟ ਸ਼ੁਰੂ ਕੀਤੀ ਹੈ ਤਾਂ ਅਸੀਂ ਇੱਥੇ ਕੰਮ ਕਰਨ ਲਈ ਲੱਗ ਗਏ। ਇਸ ਨਾਲ ਮੈਨੂੰ ਮੇਰਾ ਪਰਿਵਾਰ ਚਲਾਉਣ ਵਿੱਚ ਮਦਦ ਮਿਲਦੀ ਹੈ।”

ਇੱਕ ਹੋਰ ਔਰਤ ਜੋਤੀਲਕਸ਼ਮੀ ਨੇ ਦੱਸਿਆ, “ਮੇਰੀਆਂ ਦੋ ਧੀਆਂ ਹਨ। ਵੱਡੀ ਧੀ ਅਪਾਹਜ ਹੋਣ ਕਰਕੇ ਤੁਰ ਨਹੀਂ ਸਕਦੀ। ਪਤੀ ਦੀ ਪੰਜ ਸਾਲ ਪਹਿਲਾਂ ਮੌਤ ਹੋ ਗਈ ਸੀ।”
“ਮੇਰੀ ਹਾਲਤ ਅਜਿਹੀ ਹੈ ਕਿ ਵੱਡੀ ਧੀ ਨੂੰ ਛੱਡ ਕੇ ਕਿਤੇ ਨਹੀਂ ਜਾ ਸਕਦੀ। ਹੁਣ ਗੀਤਾ ਅਪਾਹਜ ਲੋਕਾਂ ਨੂੰ ਰੁਜ਼ਗਾਰ ਦੇ ਰਹੀ ਹੈ। ਕਿਉਂਕਿ ਮੇਰੀ ਧੀ ਕੰਮ ਨਹੀਂ ਕਰ ਸਕਦੀ ਇਸ ਲਈ ਮੈਂ ਕੰਮ ਕਰਦੀ ਹਾਂ। ਹੁਣ ਮੈਂ ਆਪਣੇ ਬੱਚਿਆਂ ਦੀ ਚੰਗੀ ਤਰ੍ਹਾਂ ਦੇਖਭਾਲ ਕਰ ਸਕਦੀ ਹਾਂ।”
‘’ਤੁਹਾਡੇ ਕੋਲ ਆਤਮ-ਵਿਸ਼ਵਾਸ ਤੇ ਹੁਨਰ ਹੈ ਤਾਂ ਜੀਵਨ ਵਿੱਚ ਸਫਲ ਹੋਵੋਗੇ’’
ਅਜਿਹੇ ਕਿੰਨੇ ਹੀ ਲੋਕ ਹਨ ਜਿਨ੍ਹਾਂ ਨੂੰ ਉਸ ਗੀਤਾ ਨੇ ਨੌਕਰੀ ਦਿੱਤੀ ਜੋ ਕਦੇ ਖੁਦ ਕਦੇ ਨੌਕਰੀ ਦੀ ਭਾਲ ਵਿੱਚ ਸਨ।
ਗੀਤਾ ਕਹਿੰਦੇ ਹਨ, “ਮੇਰਾ ਸੁਫਨਾ ਹੈ ਕਿ ਕਿਸੇ ਵੀ ਅਪਾਹਜ ਨੂੰ ਕੰਮ ਦੀਆਂ ਥਾਂਵਾਂ 'ਤੇ ਅਸਵੀਕਾਰ ਨਹੀਂ ਕੀਤਾ ਜਾਣਾ ਚਾਹੀਦਾ ਜਿਵੇਂ ਕਿ ਮੈਨੂੰ ਕੀਤਾ ਗਿਆ ਸੀ। ਇਸ ਲਈ ਜਿਨ੍ਹਾਂ ਕਰ ਸਕਦੇ ਹਾਂ ਅਸਵੀਕਾਰੇ ਅਪਾਹਜ ਲੋਕਾਂ ਨੂੰ ਰੁਜ਼ਗਾਰ ਦੇ ਰਹੇ ਹਾਂ।”
ਗੀਤਾ ਕਹਿੰਦੇ ਹਨ ਕਿ ਸਰੀਰਕ ਅਪਾਹਜਤਾ ਕੋਈ ਵੱਡੀ ਰੁਕਾਵਟ ਨਹੀਂ ਹੈ, ਹਰ ਕਿਸੇ ਕੋਲ ਹੁਨਰ ਹੈ।

“ਜੇ ਮੈਂ ਸੋਚਿਆ ਹੁੰਦਾ ਕਿ ਮੈਂ ਅਪਾਹਜ ਹਾਂ ਤਾਂ ਮੈਂ ਕੁਝ ਨਹੀਂ ਕਰ ਸਕਦੀ ਸੀ। ਮੈਨੂੰ ਆਪਣੇ ਆਪ ’ਤੇ ਭਰੋਸਾ ਸੀ ਕਿਉਂਕਿ ਮੇਰੇ ਵਿੱਚ ਆਤਮ-ਵਿਸ਼ਵਾਸ ਅਤੇ ਹੁਨਰ ਸੀ। ਮੈਂ ਇੱਕ ਗਾਰਮੈਂਟ ਯੁਨਿਟ ਸ਼ੁਰੂ ਕੀਤੀ ਅਤੇ ਮੇਰੇ ਵਰਗਿਆਂ ਨੂੰ ਰੁਜ਼ਗਾਰ ਦਿੱਤਾ।”
ਗੀਤਾ ਨੇ ਆਪਣੀ ਅਸਮਰੱਥਾ ਨੂੰ ਹਾਵੀ ਨਹੀਂ ਹੋਣ ਦਿੱਤਾ। ਉਨ੍ਹਾਂ ਨੇ ਹੋਰਾਂ ਨੂੰ ਰੁਜ਼ਗਾਰ ਵੀ ਦਿੱਤਾ ਅਤੇ ਪ੍ਰੇਰਨਾ ਵੀ ਦੇ ਰਹੇ ਹਨ।
ਗੀਤਾ ਕਹਿੰਦੇ ਹਨ, “ਤੁਸੀਂ ਵੀ ਜੀਵਨ ਵਿੱਚ ਸਫਲ ਹੋ ਸਕਦੇ ਹੋ। ਅਸਫਲਤਾਵਾਂ ਜਾਂ ਅਸਮਰਥਾਵਾਂ ਵੱਲ ਧਿਆਨ ਨਾ ਦਿਓ। ਜੇ ਤੁਹਾਡੇ ਕੋਲ ਆਤਮ-ਵਿਸ਼ਵਾਸ ਅਤੇ ਹੁਨਰ ਹੈ ਤਾਂ ਜੀਵਨ ਵਿੱਚ ਸਫਲ ਹੋਵੋਗੇ। ਮੈਂ ਇਸ ਦੀ ਸਭ ਤੋਂ ਵਧੀਆ ਉਦਾਹਰਨ ਹਾਂ। “













