You’re viewing a text-only version of this website that uses less data. View the main version of the website including all images and videos.
ਪਿੰਜਣੀਆਂ ਵਿੱਚ 'ਦੂਜਾ ਦਿਲ' ਹੋਣ ਤੋਂ ਕੀ ਮਤਲਬ ਹੈ, ਸੋਲੀਅਸ ਮਾਸ ਪੇਸ਼ੀ ਕਿੰਨੀ ਮਹੱਤਵਪੂਰਨ ਹੈ?
- ਲੇਖਕ, ਰਫੇਲ ਅਬੂਸ਼ੈਬ
- ਰੋਲ, ਬੀਬੀਸੀ ਮੁੰਡੋ
ਆਮ ਤੌਰ 'ਤੇ ਲੋਕਾਂ ਨੂੰ ਇਸ ਮਾਸਪੇਸ਼ੀ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ। ਹਾਲਾਂਕਿ ਇਸ ਦਾ ਕੰਮ ਬਹੁਤ ਮਹੱਤਵਪੂਰਨ ਹੈ।
ਸੋਲਿਅਸ ਮਾਸਪੇਸ਼ੀ ਤੁਹਾਨੂੰ ਤੁਰਨ ਅਤੇ ਖੜ੍ਹਨ ਵਿੱਚ ਹੀ ਮਦਦ ਨਹੀਂ ਕਰਦੀ ਸਗੋਂ ਇਹ ਸਰੀਰ ਦੀਆਂ ਹੋਰ ਵੀ ਕਈ ਗਤੀਵਿਧੀਆਂ ਵਿੱਚ ਸਹਾਇਕ ਹੁੰਦੀ ਹੈ।
ਸੋਲੀਅਸ, ਲੱਤਾਂ ਦੀਆਂ ਪਿੰਜਣੀਆਂ ਦੀ ਮਹੱਤਵਪੂਰਨ ਮਾਸਪੇਸ਼ੀ ਹੈ ਜੋ ਕਈ ਕਿਸਮ ਦੀਆਂ ਗਤੀਵਿਧੀਆਂ ਵਿੱਚ ਮਦਦਗਾਰ ਹੈ। ਤੁਰਨ ਅਤੇ ਖੜ੍ਹਨ ਤੋਂ ਇਲਾਵਾ ਇਸ ਦਾ ਇੱਕ ਹੋਰ ਮਹੱਤਵਪੂਰਨ ਰੋਲ ਲਹੂ-ਗੇੜ ਪ੍ਰਣਾਲੀ ਵਿੱਚ ਹੈ। ਇਸੇ ਕਾਰਨ ਮਾਹਰ ਇਸ ਨੂੰ 'ਦੂਜਾ ਦਿਲ' ਵੀ ਕਹਿੰਦੇ ਹਨ।
ਡਾ਼ ਕਾਰਲੇਸ ਪੈਟਰੇਟ ਯੂਨੀਵਰਸਿਟੀ ਆਫ਼ ਬਾਰਸਿਲੋਨਾ ਵਿੱਚ ਸਪੋਰਟਸ ਸਾਇੰਸ ਦੇ ਮਾਹਰ ਹਨ। ਉਨ੍ਹਾਂ ਨੇ ਬੀਬੀਸੀ ਮੁੰਡੋ ਨੂੰ ਸੋਲਿਅਸ ਮਾਸ ਪੇਸ਼ੀ ਦੀ ਬਣਤਰ ਅਤੇ ਇਸਦੇ ਕੰਮਕਾਜ ਬਾਰੇ ਦੱਸਿਆ—
ਉਨ੍ਹਾਂ ਨੇ ਦੱਸਿਆ, “ਸੋਲਿਅਸ ਮਾਸਪੇਸ਼ੀ ਦੂਜੀਆਂ ਦੀ ਤੁਲਨਾ ਵਿੱਚ ਬਹੁਤ ਵੱਡੀ ਹੈ। ਇਸ ਦਾ ਮਸਲ ਮਾਸ ਜ਼ਿਆਦਾ ਹੈ। ਇਹ ਪੂਰੀ ਤਰ੍ਹਾਂ ਮਾਸ ਪੇਸ਼ੀ ਤੰਤੂਆਂ ਨਾਲ ਬਣੀ ਹੈ ਨਾ ਕਿ ਜੋੜਨ ਵਾਲੇ ਤੰਤੂਆਂ ਨਾਲ।”
ਸੋਲਿਅਸ ਮਾਸਪੇਸ਼ੀ ਦੀ ਹੰਢਣਸਾਰਤਾ
ਡਾ਼ ਮਾਰਕ ਹਮਿਲਟਨ ਹਿਊਸਟਨ ਵਿੱਚ ਯੂਨੀਵਰਸਿਟੀ ਆਫ਼ ਟੈਕਸਸ ਤੋਂ ਹਨ। ਉਨ੍ਹਾਂ ਨੇ ਬੀਬੀਸੀ ਮੁੰਡੋ ਨੂੰ ਦੱਸਿਆ, “ਸੋਲਿਅਸ ਮਾਸਪੇਸ਼ੀ, ਹਰ ਗਤੀਵਿਧੀ— ਖੜ੍ਹਨ, ਤੁਰਨ ਜਾਂ ਭਜਣ ਲਈ ਜ਼ਰੂਰੀ ਹੈ।”
ਸਾਡੇ ਸਰੀਰ ਦੀ ਹਰੇਕ ਮਾਸਪੇਸ਼ੀ ਉਸ ਦੇ ਕੰਮਕਾਜ ਮੁਤਾਬਕ ਵੱਖੋ-ਵੱਖ ਕਿਸਮ ਦੇ ਮਾਸਪੇਸ਼ੀ ਰੇਸ਼ਿਆਂ ਨਾਲ ਬਣੀ ਹੁੰਦੀ ਹੈ।
ਮਿਸਾਲ ਵਜੋਂ ਧੌਣ ਦੀਆਂ ਮਾਸ ਪੇਸ਼ੀਆਂ ਸਰੀਰ ਦਾ ਢਾਂਚਾ ਬਣਾਉਂਦੀਆਂ ਹਨ। ਇਹ ਤੁਹਾਨੂੰ ਰੀੜ੍ਹ ਸਿੱਧੀ ਰੱਖਣ ਵਿੱਚ ਮਦਦ ਕਰਦੀਆਂ ਹਨ। ਇਹ ਫਾਸਟ-ਟਵਿੱਟ ਰੇਸ਼ਿਆਂ ਦੀਆਂ ਬਣੀਆਂ ਹੁੰਦੀਆਂ ਹਨ।
ਜਦਕਿ ਇਨ੍ਹਾਂ ਮਾਸ ਪੇਸ਼ੀਆਂ ਨੇ ਕੋਈ ਚਾਣ-ਚੱਕ ਹਰਕਤ ਨਹੀਂ ਕਰਨੀ ਹੁੰਦੀ। ਇਹ ਜ਼ਿਆਦਾ ਦੇਰ ਚਲਣ ਵਾਲੀਆਂ ਗਤੀਵਿਧੀਆਂ ਵਿੱਚ ਮਦਦ ਕਰਦੇ ਹਨ। ਜਿਵੇਂ ਜ਼ਿਆਦਾ ਦੇਰ ਤੱਕ, ਤੁਰਨਾ, ਖੜ੍ਹਨਾ ਜਾਂ ਬੈਠਣਾ ਆਦਿ।
ਦੂਜੇ ਪਾਸੇ ਤੁਹਾਡੀ ਬਾਂਹਾਂ, ਲੱਤਾਂ ਅਤੇ ਮੋਢਿਆਂ ਦੀਆਂ ਮਾਸਪੇਸ਼ੀਆਂ ਤੇਜ਼ੀ ਨਾਲ ਕੰਮ ਕਰਨ ਵਾਲੇ ਰੇਸ਼ਿਆਂ ਦੀਆਂ ਬਣੀਆਂ ਹਨ। ਇਹ ਤੇਜ਼ੀ ਨਾਲ ਖਿੱਚੀਆਂ ਜਾਂਦੀਆਂ ਹਨ ਅਤੇ ਸਹਿਜ ਵੀ ਹੋ ਜਾਂਦੀਆਂ ਹਨ ਅਤੇ ਤੁਸੀਂ ਥੋੜ੍ਹੇ ਸਮੇਂ ਲਈ ਜਿੰਨੀ ਗਤੀਵਿਧੀ ਕਰਨੀ ਚਾਹੋ ਕਰ ਸਕਦੇ ਹੋ।
ਪਿੰਜਣੀਆਂ ਵਿੱਚ ਪਿਆ ਸੋਲਿਅਸ ਪੱਠਾ, ਸਰੀਰ ਦੇ ਢਾਂਚੇ ਦਾ ਹਿੱਸਾ ਹੈ ਜੋ ਤੁਹਾਨੂੰ ਸਿੱਧਾ ਹੋਣ ਵਿੱਚ ਮਦਦ ਕਰਦਾ ਹੈ। ਇਹ ਸਲੋ-ਟਵਿੱਚ ਵਾਲੇ ਤੰਤੂਆਂ ਦਾ ਮਿਸ਼ਰਣ ਹੈ। ਸੋਲਿਅਸ ਮਾਸ ਪੇਸ਼ੀ ਇਸੇ ਲਈ ਬਿਨਾਂ ਥੱਕੇ ਲੰਬੇ ਸਮੇਂ ਤੱਕ ਊਰਜਾ ਪੈਦਾ ਕਰ ਸਕਦੀ ਹੈ।
ਡਾ਼ ਪੈਟਰੇਟ ਮੁਤਾਬਕ, “ਪਿੰਜਣੀਆਂ ਦੇ ਪੱਠਿਆਂ ਵਿੱਚ ਬਹੁਤ ਜ਼ਿਆਦਾ ਮਾਸ ਪੇਸ਼ੀ ਰੇਸ਼ੇ ਹੁੰਦੇ ਹਨ। ਇਸ ਵਿੱਚ ਮਿਟਕੋਹਿੰਡਰਾ ਰੇਸ਼ੇ ਵੀ ਹੁੰਦੇ ਹਨ ਜੋ ਊਰਜਾ ਪੈਦਾ ਕਰਨ ਲਈ ਜ਼ਿੰਮੇਵਾਰ ਹਨ। ਮਿਟਕੋਹਿੰਡਰਾ ਦੀ ਸੰਖਿਆ ਜਿੰਨੀ ਜ਼ਿਆਦਾ ਹੋਵੇਗੀ ਕਿਸੇ ਸਰਗਰਮੀ ਰਾਹੀਂ ਉਤੇਜਿਤ ਕੀਤੇ ਜਾਣ ਉੱਤੇ ਇਹ ਉਨੀਂ ਹੀ ਜ਼ਿਆਦਾ ਊਰਜਾ ਪੈਦਾ ਕਰੇਗਾ।”
ਇਹ ਮਾਸ ਪੇਸ਼ੀ ਰੇਸ਼ੇ ਸਾਡੇ ਸਰੀਰ ਦਾ ਮਹਿਜ਼ 1% ਹੀ ਹਨ। ਲੇਕਿਨ ਇਹ ਸਰੀਰ ਦੇ ਕਿਸੇ ਵੀ ਹੋਰ ਅੰਗ ਦੇ ਮੁਕਾਬਲੇ ਊਰਜਾ ਦੀ ਵਰਤੋਂ ਵਿੱਚ ਜ਼ਿਆਦਾ ਕੁਸ਼ਲ ਹਨ।
ਸੋਲਿਅਸ ਦਿਲ ਦੀ ਮਦਦ ਕਰਦੀ ਹੈ
ਸੋਲਿਅਸ ਦਾ ਇੱਕ ਮਹੱਤਵਪੂਰਨ ਕਾਰਜ ਸਰੀਰ ਵਿੱਚ ਖੂਨ ਨੂੰ ਪੰਪ ਕਰਨ ਵਿੱਚ ਦਿਲ ਦੀ ਮਦਦ ਕਰਨਾ ਹੈ।
ਡਾ਼ ਹਮਿਲਟਨ ਨੇ ਬੀਬੀਸੀ ਮੁੰਡੋ ਨੂੰ ਦੱਸਿਆ ਕਿ ਇਹ ਦਿਲ ਦੀ ਮਦਦ ਕਿਵੇਂ ਕਰਦੀ ਹੈ—
“ਸੋਲਿਅਸ ਦੀ ਬਣਤਰ ਦੂਜੀਆਂ ਮਾਸਪੇਸ਼ੀਆਂ ਨਾਲੋਂ ਵੱਖਰੀ ਹੈ। ਤੁਹਾਡੀਆਂ ਪਿੰਜਣੀਆਂ ਵਿੱਚ ਕੁਝ ਵੱਡੀਆਂ ਧਮਣੀਆਂ ਹਨ। ਅਨੌਟਮੀ ਮੁਤਾਬਕ ਇਨ੍ਹਾਂ ਧਮਣੀਆਂ ਦੇ ਥੱਲੇ ਪਏ ਹੋਣ ਪਿੱਛੇ ਇੱਕ ਮਹੱਤਵਪੂਰਨ ਕਾਰਨ ਹੈ। ਉਹ ਇਹ ਹੈ ਕਿ ਧਰਤੀ ਦੀ ਖਿੱਚ ਤੁਹਾਡੇ ਖੂਨ ਨੂੰ ਪਿੰਜਣੀਆਂ, ਗਿੱਟਿਆਂ ਅਤੇ ਪੈਰਾਂ ਵਿੱਚ ਇਕੱਠਾ ਕਰਦੀ ਹੈ। ਬਜ਼ੁਰਗਾਂ ਨੂੰ ਇਹ ਸਮੱਸਿਆ ਹੋ ਸਕਦੀ ਹੈ।”
“ਕੁਦਰਤ ਨੇ ਬੜੀ ਚਲਾਕੀ ਨਾਲ, ਮਨੁੱਖੀ ਸਰੀਰ ਵਿੱਚ, ਇਨ੍ਹਾਂ ਧਮਣੀਆਂ ਨੂੰ ਸੋਲਿਅਸ ਦੇ ਪਿੱਛੇ ਰੱਖਿਆ ਹੈ। ਨਤੀਜੇ ਵਜੋਂ ਮਸਲ ਖਿੱਚੇ ਜਾਣ ਉੱਤੇ ਕਸੇ ਜਾਂਦੇ ਹਨ। ਇਸ ਤਰ੍ਹਾਂ ਇਹ ਖੂਨ ਨੂੰ ਵਾਪਸ ਦਿਲ ਵੱਲ ਧੱਕ ਦਿੰਦੇ ਹਨ।”
ਬੁਨਿਆਦੀ ਤੌਰ ਉੱਤੇ ਜਦੋਂ ਤੁਸੀਂ ਤੁਰਦੇ ਹੋ ਤਾਂ ਹਰ ਕਦਮ ਨਾਲ ਤੁਸੀਂ ਆਪਣਾ ਖੂਨ ਲੱਤਾਂ ਤੋਂ ਦਿਲ ਵੱਲ ਵਾਪਸ ਭੇਜ ਦਿੰਦੀਆਂ ਹਨ। ਇਸ ਪ੍ਰਣਾਲੀ ਵਿੱਚ, ਕਈ ਮਾਸ ਪੇਸ਼ੀਆਂ ਮਿਲ ਕੇ ਕੰਮ ਕਰਦੀਆਂ ਹਨ। ਇਸ ਪ੍ਰਕਿਰਿਆ ਨੂੰ ਪੋਪਲੀਟੀਲ ਪੰਪ ਕਿਹਾ ਜਾਂਦਾ ਹੈ।
ਸੋਲਿਅਸ ਮਾਸਪੇਸ਼ੀ ਦੀ ਸੰਭਾਲ
ਮਨੁੱਖੀ ਸਰੀਰ ਦੀਆਂ ਸਾਰੀਆਂ ਮਾਸ ਪੇਸ਼ੀਆਂ ਵਾਂਗ ਹੀ, ਤੰਦਰੁਸਤ ਰਹਿਣ ਲਈ ਸੋਲਿਅਸ ਮਾਸਪੇਸ਼ੀ ਨੂੰ ਵੀ ਹਰਕਤ ਦੀ ਲੋੜ ਹੁੰਦੀ ਹੈ। ਲੇਕਨ ਤੇਜ਼ ਮਾਸ ਪੇਸ਼ੀਆਂ ਦੇ ਮੁਕਾਬਲੇ ਇਸ ਨੂੰ ਧੀਮੀ ਗਤੀ ਦੀ ਹਰਕਤ ਜਾਂ ਵਰਜਸ਼ ਚਾਹੀਦੀ ਹੁੰਦੀ ਹੈ। ਇਸ ਲਈ ਹੌਲੀ-ਹੌਲੀ ਹਿੱਲਣਾ-ਜੁੱਲਣਾ, ਤੇਜ਼-ਤੇਜ਼ ਹਰਕਤ ਕਰਨ ਨਾਲੋਂ ਫਾਇਦੇਮੰਦ ਹੈ।”
ਡਾ਼ ਪੈਟਰੇਟ ਮੁਤਾਬਕ ਇਨ੍ਹਾਂ ਮਾਸਪੇਸ਼ੀਆਂ ਲਈ ਸੈਰ ਕਰਨਾ ਸਭ ਤੋਂ ਵਧੀਆ ਹੈ।
“ਕਈ ਲੋਕਾਂ ਦਾ ਮੰਨਣਾ ਹੈ ਕਿ ਪਿੰਜਣੀਆਂ ਦੀਆਂ ਮਾਸ ਪੇਸ਼ੀਆਂ ਬਹੁਤ ਜ਼ਿਆਦਾ ਕਸਰਤ ਕਰਨ ਨਾਲ ਬਣਨਗੀਆਂ। ਜਦਕਿ ਮਾਸ ਪੇਸ਼ੀ ਕੁਝ ਮੁਲਾਇਮ ਹੈ। ਇਸ ਨੂੰ ਲੰਬੀ ਗਤੀਵਿਧੀ ਦੀ ਲੋੜ ਹੁੰਦੀ ਹੈ। ਸਾਨੂੰ ਇਸ ਨੂੰ ਬਹੁਤ ਜ਼ਿਆਦਾ ਹਰਕਤਾਂ ਨਹੀਂ ਕਰਵਾਉਣੀਆਂ ਚਾਹੀਦੀਆਂ।”
“ਸਾਰੇ ਸੋਲਿਅਸ ਨੂੰ ਧੀਮੀ ਹਰਕਤ ਦੀ ਲੋੜ ਹੁੰਦੀ ਹੈ। ਲੇਕਿਨ ਜ਼ਿਆਦਾ ਦੇਰ ਤੱਕ ਇੱਕ ਥਾਂ ਉੱਤੇ ਬਿਨਾਂ ਕਿਸੇ ਹਰਕਤ ਦੇ ਬੈਠੇ ਰਹਿਣ ਵਾਲੀ ਜੀਵਨ ਸ਼ੈਲੀ ਸੋਲਿਅਸ ਮਾਸਪੇਸ਼ੀ ਨੂੰ ਗੰਭੀਰ ਨੁਕਸਾਨ ਕਰ ਸਕਦੀ ਹੈ। ਇਸ ਫ਼ਰਕ ਨੂੰ ਸਮਝਦੇ ਹੋਏ, ਜ਼ਿਆਦਾ ਥਕਾਉਣ ਵਾਲੀਆਂ ਕਸਰਤਾਂ ਨਾ ਕਰੋ ਅਤੇ ਨਾ ਹੀ ਟਿਕ ਕੇ ਬੈਠੇ ਰਹੋ।”
ਇਹ ਇੱਕ ਸੁਨਹਿਰੀ ਨਿਯਮ ਹੈ ਜੋ ਸਾਡੀਆਂ ਸਾਰੀਆਂ ਮਾਸਪੇਸ਼ੀਆਂ ਉੱਪਰ ਲਾਗੂ ਹੁੰਦਾ ਹੈ। ਮਾਹਰਾਂ ਦਾ ਕਹਿਣਾ ਹੈ ਕਿ ਇਹ ਨਿਯਮ ਸਾਡੇ ਸਾਰੇ ਸਰੀਰ ਦੀ ਸਿਹਤਮੰਦ ਰੂਪ ਵਿੱਚ ਕੰਮ ਕਰਦੇ ਰਹਿਣ ਲਈ ਜ਼ਰੂਰੀ ਹੈ।
ਡਾ਼ ਪੈਟਰੇਟ ਕਹਿੰਦੇ ਹਨ, “ਲੋਕ ਆਮ ਤੌਰ 'ਤੇ ਕਹਿੰਦੇ ਹਨ ਕਿ ਬੁਢਾਪੇ ਵਿੱਚ ਚੰਗੀ ਮਾਨਸਿਕ ਸਿਹਤ ਹੋਣਾ ਸਭ ਤੋਂ ਵਧੀਆ ਕਿਸਮ ਦੀ ਜ਼ਿੰਦਗੀ ਹੈ। ਇਹ ਬਿਲਕੁਲ ਸਹੀ ਹੈ। ਲੇਕਿਨ ਮੇਰੇ ਲਈ, ਸਾਡੀਆਂ ਤੰਦਰੁਸਤ ਮਾਸ ਪੇਸ਼ੀਆਂ ਸਭ ਤੋਂ ਵਧੀਆ ਕਿਸਮ ਦੀ ਜ਼ਿੰਦਗੀ ਨਿਰਧਾਰਿਤ ਕਰਦੀਆਂ ਹਨ।”
“ਇਸ ਲਈ ਮਾਸ ਪੇਸ਼ੀਆਂ ਤੋਂ ਨਿਯਮਤ ਕੰਮਕਾਜ ਲੈਣਾ, ਸਰੀਰ ਦੀ ਤੰਦਰੁਸਤ ਸਾਂਭ-ਸੰਭਾਲ ਲਈ ਬਹੁਤ ਜ਼ਿਆਦਾ ਲਾਭਦਾਇਕ ਹੈ। ਮਾਸ ਪੇਸ਼ੀਆਂ ਨੂੰ ਠੀਕ ਰੱਖਣਾ ਅਤੇ ਉਨ੍ਹਾਂ ਨੂੰ ਸਹੀ ਆਕਾਰ ਵਿੱਚ ਰੱਖਣ ਨਾਲ ਮੈਟਾਬੋਲਿਜ਼ਮ ਵਧੀਆ ਕੰਮ ਕਰਦਾ ਹੈ। ਇਹ ਬੀਮਾਰੀਆਂ ਦਾ ਖ਼ਤਰਾ ਘਟਾਉਂਦਾ ਹੈ। ਇਹ ਦਿਮਾਗ ਨੂੰ ਵੀ ਸਹੀ ਕੰਮ ਕਰਨ ਵਿੱਚ ਮਦਦ ਕਰਦਾ ਹੈ। ਇਸ ਕਾਰਨ ਭੁੱਲਣ ਦੀ ਬਿਮਾਰੀ (ਡਿਮਨੇਸ਼ੀਆ) ਦਾ ਖ਼ਤਰਾ ਘੱਟ ਜਾਂਦਾ ਹੈ। ਇਸਦਾ ਮਤਲਬ ਹੈ ਇਕ ਮਾਨਸਿਕ ਤੰਦਰੁਸਤੀ ਵੱਲ ਵੀ ਲਿਜਾ ਸਕਦਾ ਹੈ।”