ਕੇਕ, ਕੂਕੀਜ਼ ਅਤੇ ਆਈਸ ਕਰੀਮ: ਅਲਟਰਾ-ਪ੍ਰੋਸੈਸਡ ਭੋਜਨ ਤੁਹਾਡੀ ਸਿਹਤ ਲਈ ਕਿੰਨਾ ਵੱਡਾ ਖ਼ਤਰਾ ਹਨ?

    • ਲੇਖਕ, ਐਂਜੇਲਾ ਹੈਂਸਲ
    • ਰੋਲ, ਬੀਬੀਸੀ ਵਰਲਡ ਸਰਵਿਸ

ਜੇਕਰ ਤੁਸੀਂ ਕੇਕ, ਕੂਕੀਜ਼ ਵਰਗੀਆਂ ਚੀਜ਼ਾਂ ਖਾਣਾ ਪਸੰਦ ਕਰਦੇ ਹੋ ਤਾਂ ਸਾਵਧਾਨ ਰਹੋ। ਇਸ ਤਰ੍ਹਾਂ ਦਾ ਖਾਣਾ ਬੇਵਕਤੀ ਮੌਤ ਦਾ ਖ਼ਤਰਾ ਵਧਾ ਸਕਦਾ ਹੈ।

ਇਹ ਗੱਲ ਦੁਨੀਆ ਦੇ ਅੱਠ ਦੇਸ਼ਾਂ ਵਿੱਚ ਕੀਤੇ ਗਏ ਖੋਜ ਦੀ ਸਮੀਖਿਆ ਤੋਂ ਬਾਅਦ ਸਾਹਮਣੇ ਆਈ ਹੈ।

ਕੋਲੰਬੀਆ, ਚਿਲੀ, ਮੈਕਸੀਕੋ, ਬ੍ਰਾਜ਼ੀਲ, ਆਸਟ੍ਰੇਲੀਆ, ਕੈਨੇਡਾ, ਬ੍ਰਿਟੇਨ ਅਤੇ ਅਮਰੀਕਾ ਤੋਂ ਹਾਸਿਲ ਅਲਟ੍ਰਾ ਪ੍ਰੋਸੈਸਡ ਫੂਡ (ਕਈ ਗੇੜਾਂ ਤੋਂ ਲੰਘ ਕੇ ਤਿਆਰ ਭੋਜਨ) ਦੇ ਡਾਟਾ ਦੇ ਵਿਸ਼ਲੇਸ਼ਣ ਤੋਂ ਬਾਅਦ ਇਹ ਸਿੱਟਾ ਸਾਹਮਣੇ ਆਇਆ ਹੈ।

ਇਨ੍ਹਾਂ ਅੰਕੜਿਆਂ ਦਾ ਵਿਸ਼ਲੇਸ਼ਣ ਬ੍ਰਾਜ਼ੀਲ ਵਿੱਚ ਓਸਵਾਲਡੋ ਕਰੂਜ਼ ਫਾਊਂਡੇਸ਼ਨ (ਫਿਓਕਰੂਜ਼) ਵਿਖੇ ਕੀਤਾ ਗਿਆ ਸੀ। ਇਹ ਡਾ. ਐਡੁਆਰਡੋ ਨੀਲਸਨ ਨੇ ਕੀਤਾ।

ਅਧਿਐਨ ਕੀ ਕਹਿੰਦਾ ਹੈ?

ਇਹ ਅਧਿਐਨ ਹਾਲ ਹੀ ਵਿੱਚ ਅਮੈਰੀਕਨ ਜਰਨਲ ਆਫ਼ ਪ੍ਰੀਵੈਂਟਿਵ ਮੈਡੀਸਨ ਵਿੱਚ ਪ੍ਰਕਾਸ਼ਿਤ ਹੋਇਆ ਸੀ। ਇਸ ਵਿੱਚ, ਮਾਹਰਾਂ ਨੇ ਕਿਹਾ ਹੈ ਕਿ ਸਰਕਾਰਾਂ ਨੂੰ ਅਲਟ੍ਰਾ-ਪ੍ਰੋਸੈਸਡ ਭੋਜਨ ਦੀ ਵਰਤੋਂ ਨੂੰ ਘਟਾਉਣ ਲਈ ਖੁਰਾਕ ਸੰਬੰਧੀ ਸੁਝਾਅ ਅਤੇ ਸਿਫ਼ਾਰਸ਼ਾਂ ਜਾਰੀ ਕਰਨੀਆਂ ਚਾਹੀਦੀਆਂ ਹਨ।

ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਦੇ ਅਨੁਸਾਰ, 2022 ਦੇ ਅਕੰੜਿਆਂ ਅਨੁਸਾਰ ਬ੍ਰਾਜ਼ੀਲ ਵਿੱਚ ਅੱਧੀ ਬਾਲਗ਼ ਆਬਾਦੀ ਦਾ ਭਾਰ ਵੱਧ ਸੀ। ਦੇਸ਼ ਵਿੱਚ ਚਾਰ ਵਿੱਚੋਂ ਇੱਕ ਵਿਅਕਤੀ 'ਕਲੀਨਿਕਲੀ ਮੋਟਾਪੇ' ਨਾਲ ਪੀੜਤ ਸੀ।

ਇਸ ਦਾ ਮਤਲਬ ਹੈ ਕਿ ਇਹ ਲੋਕ ਉਸ ਪੜਾਅ 'ਤੇ ਪਹੁੰਚ ਗਏ ਹਨ ਜਿੱਥੇ ਮੋਟਾਪਾ ਇੱਕ ਗੰਭੀਰ ਸਿਹਤ ਸਮੱਸਿਆ ਬਣ ਗਿਆ ਹੈ।

ਫਿਓਕਰੂਜ਼ ਬ੍ਰਾਜ਼ੀਲ ਦੇ ਸਿਹਤ ਮੰਤਰਾਲੇ ਨੂੰ ਦੇਸ਼ ਦੀਆਂ ਵਧਦੀਆਂ ਸਿਹਤ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਮਦਦ ਕਰਦਾ ਹੈ।

ਅੱਠ ਦੇਸ਼ਾਂ ਵਿੱਚ ਅਲਟ੍ਰਾ-ਪ੍ਰੋਸੈਸਡ ਭੋਜਨਾਂ 'ਤੇ ਕੀਤੇ ਗਏ ਇੱਕ ਅਧਿਐਨ ਵਿੱਚ ਦੇਖਿਆ ਗਿਆ ਕਿ ਜਿੱਥੇ ਅਲਟ੍ਰਾ-ਪ੍ਰੋਸੈਸਡ ਭੋਜਨਾਂ ਦੀ ਵਰਤੋਂ ਘੱਟ ਹੈ, ਉੱਥੇ ਸਮੇਂ ਤੋਂ ਪਹਿਲਾਂ ਮੌਤਾਂ ਦੀ ਦਰ ਚਾਰ ਫੀਸਦ ਸੀ।

ਪਰ ਬ੍ਰਿਟੇਨ ਅਤੇ ਅਮਰੀਕਾ ਵਰਗੇ ਦੇਸ਼ਾਂ ਵਿੱਚ, ਜਿੱਥੇ ਅਜਿਹਾ ਭੋਜਨ ਖਾਧਾ ਜਾਂਦਾ ਹੈ, ਸਮੇਂ ਤੋਂ ਪਹਿਲਾਂ ਮੌਤਾਂ ਦੀ ਦਰ 14 ਫੀਸਦ ਸੀ।

ਇਹ ਗਣਨਾਵਾਂ ਇਸ ਆਧਾਰ 'ਤੇ ਕੀਤੀਆਂ ਗਈਆਂ ਸਨ ਕਿ ਬ੍ਰਿਟੇਨ ਵਿੱਚ ਇੱਕ ਬਾਲਗ਼ ਆਪਣੀ ਊਰਜਾ ਦੀਆਂ 53 ਫੀਸਦ ਜ਼ਰੂਰਤਾਂ ਨੂੰ ਅਲਟ੍ਰਾ-ਪ੍ਰੋਸੈਸਡ ਭੋਜਨ ਤੋਂ ਪੂਰਾ ਕਰਦਾ ਹੈ।

ਖੋਜਕਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਮਾਡਲ ਦੇ ਆਧਾਰ 'ਤੇ, 2018-19 ਦੌਰਾਨ ਬ੍ਰਿਟੇਨ ਵਿੱਚ 17,781 ਮੌਤਾਂ ਨੂੰ ਅਲਟ੍ਰਾ-ਪ੍ਰੋਸੈਸਡ ਭੋਜਨ ਨਾਲ ਜੋੜਿਆ ਜਾ ਸਕਦਾ ਹੈ।

'ਅਲਟ੍ਰਾ ਪ੍ਰੋਸੈਸਡ ਭੋਜਨ ਦੇ ਦੋਹਰੇ ਨੁਕਸਾਨ ਹਨ'

ਲੰਡਨ ਦੇ ਕਿੰਗਜ਼ ਯੂਨੀਵਰਸਿਟੀ ਪੋਸ਼ਣ ਵਿਭਾਗ ਦੀ ਖੋਜ ਫੈਲੋ ਡਾ. ਮੇਗਨ ਰੋਸੀ ਕਹਿੰਦੀ ਹੈ, "ਇਹ ਗਿਣਤੀ ਵੱਧਦੀ ਜਾ ਰਹੀ ਹੈ। ਅਲਟ੍ਰਾ-ਪ੍ਰੋਸੈਸਡ ਭੋਜਨ ਨਾਲ ਜੁੜੀਆਂ ਮੌਤਾਂ ਹੁਣ ਮੈਨੂੰ ਬਹੁਤੀਆਂ ਹੈਰਾਨ ਨਹੀਂ ਕਰਦੀਆਂ।"

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਅਸੀਂ ਲੰਬੇ ਸਮੇਂ ਤੋਂ ਜਾਣਦੇ ਹਾਂ ਕਿ ਕੁਝ ਭੋਜਨਾਂ ਵਿੱਚ ਫਾਈਟੋਕੈਮੀਕਲਸ ਅਤੇ ਫਾਈਬਰ ਹੁੰਦੇ ਹਨ ਜੋ ਸਾਡੇ ਸੈੱਲਾਂ ਨੂੰ ਆਕਸੀਕਰਨ ਅਤੇ ਸੋਜ਼ਿਸ਼ ਤੋਂ ਬਚਾਉਂਦੇ ਹਨ। ਇਹ ਭੋਜਨ ਸਾਡੇ ਸਰੀਰ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਮਹੱਤਵਪੂਰਨ ਹਨ ਅਤੇ ਇਹ ਵਧ-ਚੜ੍ਹ ਕੇ ਇਹ ਕੰਮ ਕਰਦੇ ਹਨ।"

ਆਕਸੀਕਰਨ ਸਰੀਰ ਵਿੱਚ ਇੱਕ ਕੁਦਰਤੀ ਰਸਾਇਣਕ ਪ੍ਰਕਿਰਿਆ ਹੈ ਜਿਸ ਵਿੱਚ ਸਰੀਰ ਦੇ ਅਣੂ ਆਕਸੀਜਨ ਨਾਲ ਪ੍ਰਤੀਕਿਰਿਆ ਕਰ ਕੇ ਫ੍ਰੀ-ਰੈਡੀਕਲ ਬਣਾਉਂਦੇ ਹਨ। ਕੁਝ ਫ੍ਰੀ-ਰੈਡੀਕਲ ਸਰੀਰ ਨੂੰ ਆਮ ਤੌਰ 'ਤੇ ਕੰਮ ਕਰਨ ਵਿੱਚ ਮਦਦ ਕਰਦੇ ਹਨ।

ਸੋਜਿਸ਼ ਸਰੀਰ ਦੀ ਇਮਿਊਨ ਸਿਸਟਮ ਨੂੰ ਸੱਟ, ਇਨਫੈਕਸ਼ਨ ਜਾਂ ਹੋਰ ਕਾਰਨਾਂ ਕਰ ਕੇ ਹੋਣ ਵਾਲੇ ਨੁਕਸਾਨ ਤੋਂ ਬਚਾਉਣ ਲਈ ਸਰਗਰਮ ਕਰਦੀ ਹੈ।

ਡਾ. ਰੌਸੀ ਕਹਿੰਦੇ ਹਨ ਕਿ ਅਲਟ੍ਰਾ-ਪ੍ਰੋਸੈਸਡ ਦੇ ਦੋਹਰੇ ਨੁਕਸਾਨ ਹਨ। ਜੇਕਰ ਤੁਸੀਂ ਇਸ ਤਰ੍ਹਾਂ ਦਾ ਭੋਜਨ ਖਾਂਦੇ ਹੋ ਤਾਂ ਇਸ ਦਾ ਮਤਲਬ ਹੈ ਕਿ ਤੁਸੀਂ ਫ਼ਲ ਅਤੇ ਸਬਜ਼ੀਆਂ ਵਰਗੀਆਂ ਐਂਟੀ-ਆਕਸੀਡੈਂਟ ਚੀਜ਼ਾਂ ਨਹੀਂ ਲੈ ਰਹੇ ਹੋ।

ਦੂਜਾ ਨੁਕਸਾਨ ਇਹ ਹੈ ਕਿ ਅਲਟ੍ਰਾ-ਪ੍ਰੋਸੈਸਡ ਭੋਜਨ ਪਹਿਲਾਂ ਤੋਂ ਹੀ ਪਚ ਜਾਂਦੇ ਹਨ। ਪ੍ਰੋਸੈਸਿੰਗ ਰਾਹੀਂ, ਇਹ ਚੀਜ਼ਾਂ ਤੁਰੰਤ ਖਾਣ ਯੋਗ ਬਣ ਜਾਂਦੀਆਂ ਹਨ।

ਪਰ ਇਨ੍ਹਾਂ ਨੂੰ ਖਾਣ ਤੋਂ ਬਾਅਦ, ਤੁਹਾਨੂੰ ਜਲਦੀ ਹੀ ਦੁਬਾਰਾ ਭੁੱਖ ਲੱਗਦੀ ਹੈ ਅਤੇ ਤੁਸੀਂ ਇਨ੍ਹਾਂ ਨੂੰ ਦੁਬਾਰਾ ਖਾਣਾ ਸ਼ੁਰੂ ਕਰ ਦਿੰਦੇ ਹੋ।

ਅਲਟ੍ਰਾ-ਪ੍ਰੋਸੈਸਡ ਭੋਜਨ ਨਾਲ ਸਿਹਤ ਨੂੰ ਨੁਕਸਾਨ ਦਾ ਦਾਅਵਾ ਕਿੰਨਾ ਸਹੀ?

ਵਿਗਿਆਨੀਆਂ ਦਾ ਮੰਨਣਾ ਹੈ ਕਿ ਤੁਹਾਡੇ ਸਰੀਰ ਵਿੱਚ ਇਕੱਠਾ ਹੋਣ ਵਾਲਾ ਅਲਟ੍ਰਾ-ਪ੍ਰੋਸੈਸਡ ਭੋਜਨ ਤੁਹਾਡੀ ਸਿਹਤ ਲਈ ਹਾਨੀਕਾਰਕ ਹੈ।

ਵਿਗਿਆਨੀਆਂ ਲਈ ਇਹ ਸਾਬਤ ਕਰਨਾ ਇੱਕ ਵੱਡੀ ਚੁਣੌਤੀ ਹੈ ਕਿ ਇਹ ਦਾਅਵਾ 100 ਫੀਸਦ ਸਹੀ ਹੈ ਜਾਂ ਨਹੀਂ।

ਅਜਿਹੇ ਕਈ ਅਧਿਐਨਾਂ ਨੇ ਦੇਖਿਆ ਗਿਆ ਹੈ ਕਿ ਅਲਟ੍ਰਾ-ਪ੍ਰੋਸੈਸਡ ਭੋਜਨ ਅਤੇ ਮਾੜੀ ਸਿਹਤ ਵਿਚਕਾਰ ਇੱਕ ਸਬੰਧ ਹੈ। ਪਰ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਉਹ ਇੱਕ ਦੂਜੇ ਦਾ ਕਾਰਨ ਬਣਦੇ ਹਨ ਕਿਉਂਕਿ ਅਜੇ ਤੱਕ ਕੋਈ ਪੱਕਾ ਸਬੂਤ ਨਹੀਂ ਮਿਲਿਆ ਹੈ।

ਹਾਲਾਂਕਿ, ਖੋਜਕਾਰਾਂ ਨੇ ਅਲਟ੍ਰਾ-ਪ੍ਰੋਸੈਸਡ ਭੋਜਨਾਂ ਅਤੇ ਕਈ ਤਰ੍ਹਾਂ ਦੀਆਂ ਸਿਹਤ ਸਥਿਤੀਆਂ ਵਿਚਕਾਰ ਇੱਕ ਇਕਸਾਰ ਸਬੰਧ ਪਾਇਆ ਹੈ।

ਪਿਛਲੇ ਸਾਲ, ਬ੍ਰਿਟਿਸ਼ ਮੈਡੀਕਲ ਜਰਨਲ ਵਿੱਚ ਲਗਭਗ ਇੱਕ ਕਰੋੜ ਲੋਕਾਂ ਨਾਲ ਜੁੜਿਆ ਇੱਕ ਅਧਿਐਨ ਪ੍ਰਕਾਸ਼ਿਤ ਹੋਇਆ ਸੀ ਜਿਨ੍ਹਾਂ ਨੇ ਅਲਟ੍ਰਾ-ਪ੍ਰੋਸੈਸਡ ਭੋਜਨ ਖਾਧਾ ਸੀ। ਇਨ੍ਹਾਂ ਲੋਕਾਂ ਨੂੰ ਦਿਲ ਦੀਆਂ ਬਿਮਾਰੀਆਂ, ਮੋਟਾਪਾ, ਟਾਈਪ 2 ਸ਼ੂਗਰ, ਚਿੰਤਾ ਅਤੇ ਡਿਪਰੈਸ਼ਨ ਦਾ ਖ਼ਤਰਾ ਵਧੇਰੇ ਸੀ।

ਹਾਲਾਂਕਿ, ਇਸ ਅਧਿਐਨ ਦੇ ਬਾਵਜੂਦ, ਇਹ ਨਿਰਧਾਰਤ ਕਰਨਾ ਮੁਸ਼ਕਲ ਹੈ ਕਿ ਕੀ ਬਿਮਾਰੀਆਂ ਫੂਡ ਪ੍ਰੋਸੈਸਿੰਗ ਕਾਰਨ ਹੋਈਆਂ ਸਨ ਜਾਂ ਕੀ ਇਨ੍ਹਾਂ ਭੋਜਨਾਂ ਨੂੰ ਬਣਾਉਣ ਵਾਲੇ ਭੋਜਨ ਸਮੱਗਰੀ ਵਿੱਚ ਖੰਡ, ਚਰਬੀ ਜਾਂ ਨਮਕ ਦੀ ਮਾਤਰਾ ਜ਼ਿਆਦਾ ਸੀ।

ਹਾਲਾਂਕਿ, ਕੁਝ ਪੋਸ਼ਣ ਵਿਗਿਆਨੀ ਕਹਿੰਦੇ ਹਨ ਕਿ ਡਾ. ਨੀਲਸਨ ਦੀ ਖੋਜ ਦੀਆਂ ਕੁਝ ਸੀਮਾਵਾਂ ਹਨ।

ਕੈਂਬਰਿਜ ਯੂਨੀਵਰਸਿਟੀ ਦੇ ਐੱਮਆਰਸੀ ਬਾਇਓਸਟੈਟਿਸਟਿਕਸ ਯੂਨਿਟ ਦੇ ਅੰਕੜਾ ਵਿਗਿਆਨੀ ਸਟੀਫਨ ਬਰਗੇਸ ਨੇ ਕਿਹਾ ਕਿ ਇਹ ਅਧਿਐਨ ਇੱਕ ਤਰ੍ਹਾਂ ਦਾ ਸਰਵੇਖਣ ਸੀ ਅਤੇ ਇਹ ਸਾਬਤ ਨਹੀਂ ਕਰਦਾ ਕਿ ਅਲਟਰਾ-ਪ੍ਰੋਸੈਸਡ ਭੋਜਨ ਸਮੇਂ ਤੋਂ ਪਹਿਲਾਂ ਮੌਤਾਂ ਦਾ ਕਾਰਨ ਬਣ ਸਕਦਾ ਹੈ।

ਉਹ ਕਹਿੰਦੇ ਹਨ, "ਇਸ ਤਰ੍ਹਾਂ ਦੀ ਖੋਜ ਇਹ ਸਾਬਤ ਨਹੀਂ ਕਰ ਸਕਦੀ ਕਿ ਅਲਟ੍ਰਾ-ਪ੍ਰੋਸੈਸਡ ਭੋਜਨ ਨੁਕਸਾਨਦੇਹ ਹੈ। ਪਰ ਉਹ ਅਲਟ੍ਰਾ-ਪ੍ਰੋਸੈਸਡ ਭੋਜਨ ਦੀ ਖਪਤ ਅਤੇ ਮਾੜੇ ਸਿਹਤ ਨਤੀਜਿਆਂ ਵਿਚਕਾਰ ਸਬੰਧ ਦਾ ਸਬੂਤ ਪ੍ਰਦਾਨ ਕਰ ਸਕਦੇ ਹਨ।"

ਸਟੀਫਨ ਬਰਗੇਸ ਕਹਿੰਦੇ ਹਨ, "ਹੋ ਸਕਦਾ ਹੈ ਕਿ ਅਲਟ੍ਰਾ-ਪ੍ਰੋਸੈਸਡ ਭੋਜਨ ਸਿਹਤ ਜੋਖ਼ਮਾਂ ਦਾ ਕੋਈ ਕਾਰਨ ਨਾਲ ਹੋਣ। ਮਾੜੀ ਸਰੀਰਕ ਤੰਦਰੁਸਤੀ ਕਾਰਨ ਬਿਮਾਰੀਆਂ ਹੋ ਸਕਦੀਆਂ ਹਨ ਅਤੇ ਪ੍ਰੋਸੈਸਡ ਭੋਜਨ ਨੂੰ ਇਸ ਦਾ ਕਾਰਨ ਮੰਨਿਆ ਜਾਂਦਾ ਹੈ।"

"ਪਰ ਜਦੋਂ ਅਸੀਂ ਵੱਖ-ਵੱਖ ਦੇਸ਼ਾਂ ਅਤੇ ਸੱਭਿਆਚਾਰਾਂ ਵਿੱਚ ਅਲਟ੍ਰਾ-ਪ੍ਰੋਸੈਸਡ ਭੋਜਨ ਦੀ ਵੱਧ ਰਹੀ ਵਰਤੋਂ 'ਤੇ ਨਜ਼ਰ ਮਾਰਦੇ ਹਾਂ, ਤਾਂ ਅਸੀਂ ਦੇਖਦੇ ਹਾਂ ਕਿ ਇਸ ਨੂੰ ਮਾੜੀ ਸਿਹਤ ਦੇ ਕਾਰਨ ਵਜੋਂ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।

ਕਿਵੇਂ ਪਤਾ ਲੱਗੇ ਕਿ ਤੁਸੀਂ ਅਲਟ੍ਰਾ-ਪ੍ਰੋਸੈਸਡ ਭੋਜਨ ਖਾ ਰਹੇ ਹੋ

ਪਿਛਲੇ 50 ਸਾਲਾਂ ਦੌਰਾਨ ਅਨਾਜ ਉਤਪਾਦਨ ਵਿੱਚ ਬਹੁਤ ਜ਼ਿਆਦਾ ਬਦਲਾਅ ਆਏ ਹਨ।

ਕੋਈ ਭੋਜਨ ਅਲਟ੍ਰਾ-ਪ੍ਰੋਸੈਸਡ ਹੈ ਜਾਂ ਨਹੀਂ, ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਇਹ ਪੈਕੇਜਿੰਗ ਤੋਂ ਲੈ ਕੇ ਪੈਕੇਜਿੰਗ ਤੱਕ ਕਿੰਨੀਆਂ ਉਦਯੋਗਿਕ ਪ੍ਰਕਿਰਿਆਵਾਂ ਵਿੱਚੋਂ ਲੰਘਿਆ ਹੈ।

ਆਮ ਤੌਰ 'ਤੇ, ਉਨ੍ਹਾਂ ਵਿੱਚ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਹਨ ਜਿਨ੍ਹਾਂ ਦਾ ਤੁਸੀਂ ਉਚਾਰਨ ਵੀ ਨਹੀਂ ਕਰ ਸਕਦੇ।

ਆਮ ਤੌਰ 'ਤੇ, ਅਲਟ੍ਰਾ-ਪ੍ਰੋਸੈਸਡ ਭੋਜਨ ਚਰਬੀ, ਖੰਡ ਅਤੇ ਨਮਕ ਨਾਲ ਭਰੇ ਹੁੰਦੇ ਹਨ। ਤੁਸੀਂ ਇਨ੍ਹਾਂ ਨੂੰ ਫਾਸਟ ਫੂਡ ਕਹਿ ਸਕਦੇ ਹੋ।

ਫ਼ਲ ਅਤੇ ਸਬਜ਼ੀਆਂ ਪ੍ਰੋਸੈਸ ਨਹੀਂ ਕੀਤੀਆਂ ਹੁੰਦੀਆਂ ਜਦਕਿ ਪ੍ਰੋਸੈਸਡ ਭੋਜਨ ਲੰਬੇ ਸਮੇਂ ਤੱਕ ਚੱਲਣ ਅਤੇ ਸੁਆਦ ਨੂੰ ਬਿਹਤਰ ਬਣਾਉਣ ਲਈ ਹੁੰਦੇ ਹਨ। ਇਸ ਲਈ, ਇਸ ਵਿੱਚ ਨਮਕ, ਤੇਲ, ਖੰਡ ਮਿਲਾਈ ਜਾਂਦੀ ਹੈ ਅਤੇ ਫਿਰ ਫਰਮੈਂਟੇਸ਼ਨ ਕੀਤੀ ਜਾਂਦੀ ਹੈ।

ਆਈਸ ਕਰੀਮ, ਪ੍ਰੋਸੈਸਡ ਮੀਟ, ਕਰਿਸਪਸ, ਵੱਡੇ ਪੱਧਰ 'ਤੇ ਤਿਆਰ ਕੀਤੀ ਜਾਣ ਵਾਲੀ ਬਰੈੱਡ, ਕੁਝ ਨਾਸ਼ਤੇ ਦੇ ਅਨਾਜ, ਬਿਸਕੁਟ ਅਤੇ ਫਿਜ਼-ਉਤਪਾਦਕ ਪੀਣ ਵਾਲੇ ਪਦਾਰਥ ਅਲਟ੍ਰਾ-ਪ੍ਰੋਸੈਸਡ ਭੋਜਨਾਂ ਦੀ ਸ਼੍ਰੇਣੀ ਵਿੱਚ ਆਉਂਦੇ ਹਨ।

ਡਾ. ਰੌਸੀ ਕਹਿੰਦੇ ਹਨ ਕਿ ਜੋ ਲੋਕ ਜ਼ਿਆਦਾ ਪ੍ਰੋਸੈਸਡ ਭੋਜਨ ਖਾਂਦੇ ਹਨ, ਉਹ ਸਿਗਰਟਨੋਸ਼ੀ ਵਰਗੀਆਂ ਬੁਰੀਆਂ ਆਦਤਾਂ ਦੇ ਜਾਲ ਵਿੱਚ ਵੀ ਫਸ ਜਾਂਦੇ ਹਨ।

ਇਨ੍ਹਾਂ ਨੂੰ ਚੇਤਾਵਨੀ ਸਮਝੋ

  • ਖਾਣ ਵਾਲੀਆਂ ਚੀਜ਼ਾਂ ਜਿਨ੍ਹਾਂ ਦਾ ਤੁਸੀਂ ਉਚਾਰਨ ਨਹੀਂ ਕਰ ਸਕਦੇ
  • ਇੱਕ ਭੋਜਨ ਪੈਕੇਟ ਵਿੱਚ ਦੱਸੀਆਂ ਗਈਆਂ ਪੰਜ ਤੋਂ ਵੱਧ ਸਮੱਗਰੀਆਂ ਦਾ ਜ਼ਿਕਰ
  • ਕੋਈ ਅਜਿਹੀ ਚੀਜ਼ ਜਿਸ ਨੂੰ ਤੁਹਾਡੀ ਦਾਦੀ ਜਾਂ ਨਾਨੀ ਭੋਜਨ ਨਹੀਂ ਮੰਨਦੀ

ਇਨ੍ਹਾਂ ਚੀਜ਼ਾਂ ਤੋਂ ਮਿਲ ਸਕਦਾ ਹੈ ਸੰਕੇਤ

  • ਭੋਜਨ ਨੂੰ ਗਾੜ੍ਹਾ ਕਰਨ ਵਾਲਾ ਸਟਾਰਚ
  • ਗੋਂਦ (ਜਿਵੇਂ ਜ਼ੈਨਥਨ ਗਮ, ਗੁਆਰ ਗਮ)
  • ਇਮਲਸੀਫਾਇਰ (ਸੋਇਆ ਲੇਸੀਥਿਨ ਅਤੇ ਕਾਰਾਜੀਨੇਨ)
  • ਸ਼ੂਗਰ ਬਦਲੇ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਜਿਵੇਂ ਕਿ ਐਸਪਾਰਟੇਮ ਅਤੇ ਸਟੀਵੀਆ
  • ਸਿੰਥੈਟਿਕ ਫੂਡ ਕਲਰ
  • ਨਕਲੀ ਸੁਆਦ ਜਾਂ ਚੀਜ਼ਾਂ ਜੋ ਤੁਹਾਨੂੰ ਘਰ ਦੀਆਂ ਰਸੋਈਆਂ ਜਾਂ ਸੁਪਰਮਾਰਕੀਟਾਂ ਵਿੱਚ ਨਹੀਂ ਦਿਖਾਈ ਦਿੰਦੀਆਂ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)