ਪਾਕਿਸਤਾਨ ਨੇ ਸਰਬਜੀਤ ਦੇ ਕਤਲ ਦੇ ਮੁਲਜ਼ਮ ’ਤੇ ਹੋਏ ਜਾਨਲੇਵਾ ਹਮਲੇ ਬਾਰੇ ਕੀ ਇਲਜ਼ਾਮ ਲਾਏ

ਸਰਬਜੀਤ ਦੀ ਪਤਨੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਹ ਤਸਵੀਰ 2008 ਦੀ ਹੈ। ਜਦੋਂ ਸਰਬਜੀਤ ਸਿੰਘ ਦੀ ਪਤਨੀ ਸੁਖਪ੍ਰੀਤ ਕੌਰ ਸਰਬਜੀਤ ਦੀ ਫੋਟੋ ਸਮੇਤ ਆਪਣੇ ਪਤੀ ਦੀ ਰਿਹਾਈ ਦੀ ਮੰਗ ਕਰ ਰਹੀ ਸੀ।
    • ਲੇਖਕ, ਮੁਹੰਮਦ ਜ਼ੁਬੈਰ ਖ਼ਾਨ
    • ਰੋਲ, ਬੀਬੀਸੀ ਪੱਤਰਕਾਰ

ਪਾਕਿਸਤਾਨ ਵਿੱਚ ਭਾਰਤੀ ਨਾਗਰਿਕ ਸਰਬਜੀਤ ਸਿੰਘ ਦੇ ਕਤਲ ਮਾਮਲੇ ਵਿੱਚ ਮੁਲਜ਼ਮ ਰਹੇ ਵਿਅਕਤੀ ਉੱਤੇ ਲਾਹੌਰ ਵਿੱਚ ਜਾਨਲੇਵਾ ਹਮਲਾ ਹੋਇਆ ਹੈ।

ਇਹ ਹਮਲਾ 14 ਅਪ੍ਰੈਲ ਨੂੰ ਹੋਇਆ ਹੈ ਤੇ ਮੁਲਜ਼ਮ ਦਾ ਨਾਮ ਆਮਿਰ ਸਰਫ਼ਰਾਜ਼ ਹੈ। ਪਾਕਿਸਤਾਨ ਨੇ ਇਸ ਹਮਲੇ ਲਈ ਭਾਰਤ ਨੂੰ ਜ਼ਿੰਮੇਵਾਰ ਦੱਸਿਆ ਹੈ। ਆਮਿਰ ਸਰਫਰਾਜ਼ ਨੂੰ ਜ਼ਖਮੀ ਹਾਲਤ ’ਚ ਹਸਤਾਲ ’ਚ ਭਰਤੀ ਕਰਵਾਇਆ ਗਿਆ ਹੈ।

ਅਪ੍ਰੈਲ 2013 ’ਚ ਪਾਕਿਸਤਾਨ ਦੇ ਲਾਹੌਰ ਦੀ ਇੱਕ ਜੇਲ੍ਹ ’ਚ ਸਜ਼ਾਯਾਫ਼ਤਾ ਭਾਰਤੀ ਨਾਗਰਿਕ ਸਰਬਜੀਤ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ।

ਸਰਬਜੀਤ ਸਿੰਘ ਪਾਕਿਸਤਾਨ ’ਚ ਕਥਿਤ ਜਾਸੂਸੀ ਅਤੇ ਬੰਬ ਧਮਾਕੇ ਦੇ ਇਲਜ਼ਾਮਾਂ ਹੇਠ ਉੱਥੇ ਸਜ਼ਾ ਕੱਟ ਰਹੇ ਸਨ, ਜਦੋਂ ਜੇਲ੍ਹ ਦੇ ਅੰਦਰ ਦੋ ਕੈਦੀਆਂ ਨੇ ਉਨ੍ਹਾਂ ’ਤੇ ਜਾਨਲੇਵਾ ਹਮਲਾ ਕੀਤਾ ਸੀ। ਇਸ ਹਮਲੇ ਤੋਂ ਬਾਅਦ ਸਰਬਜੀਤ ਸਿੰਘ ਦੀ ਹਸਪਤਾਲ ’ਚ ਮੌਤ ਹੋ ਗਈ ਸੀ।

ਸਰਬਜੀਤ ਸਿੰਘ ’ਤੇ ਕਾਤਲਾਨਾ ਹਮਲਾ ਕਰਨ ਵਾਲੇ ਦੋ ਕੈਦੀਆਂ ਦੇ ਨਾਮ ਸਨ- ਆਮਿਰ ਸਰਫਰਾਜ਼ ਉਰਫ਼ ਤਾਂਬਾ ਅਤੇ ਮੁਦੱਸਿਰ ਮੁਨੀਰ।

ਬੀਬੀਸੀ

ਪਾਕਿਸਤਾਨ ਦੇ ਗ੍ਰਹਿ ਮੰਤਰੀ ਮੋਹਸਿਨ ਨਕਵੀ ਨੇ ਸੋਮਵਾਰ ਨੂੰ ਇੱਕ ਪ੍ਰੈਸ ਕਾਨਫਰੰਸ ’ਚ ਦਾਅਵਾ ਕੀਤਾ ਹੈ ਕਿ ਆਮਿਰ ਸਰਫਰਾਜ਼ ’ਤੇ ਹਮਲੇ ਦੇ ਮਾਮਲੇ ’ਚ ਮਿਲੇ ਸਬੂਤ ਭਾਰਤ ਦੇ ਇਸ ਘਟਨਾ ’ਚ ਸ਼ਾਮਲ ਹੋਣ ਵੱਲ ਇਸ਼ਾਰਾ ਕਰਦੇ ਹਨ।

ਮੋਹਸਿਨ ਨਕਵੀ ਨੇ ਕਿਹਾ, “ ਪਿਛਲੇ ਸਮੇਂ ’ਚ ਭਾਰਤ ਕਤਲ ਦੇ ਕੁਝ ਮਾਮਲਿਆਂ ’ਚ ਸਿੱਧੇ ਤੌਰ ’ਤੇ ਸ਼ਾਮਲ ਰਿਹਾ ਹੈ। ਸਾਨੂੰ ਸ਼ੱਕ ਹੈ ਕਿ ਇਸ ਹਮਲੇ ’ਚ ਵੀ ਭਾਰਤ ਦਾ ਹੱਥ ਸੀ।”

“ਫਿਲਹਾਲ ਜਾਂਚ ਜਾਰੀ ਹੈ ਅਤੇ ਹੁਣ ਤੱਕ ਮਿਲੇ ਸਬੂਤ ਇਸ ਗੱਲ ਵੱਲ ਹੀ ਸੰਕੇਤ ਕਰ ਰਹੇ ਹਨ, ਪਰ ਮੈਂ ਅੰਤਿਮ ਜਾਂਚ ਰਿਪੋਰਟ ਆਉਣ ਤੋਂ ਪਹਿਲਾਂ ਕੁਝ ਵੀ ਪੁਖਤਾ ਤੌਰ ’ਤੇ ਨਹੀਂ ਕਹਿ ਸਕਦਾ ਹਾਂ।”

ਭਾਰਤ ਸਰਹੱਦ ਪਾਰ ਅਤੀਤ 'ਚ ਹੋਏ ਅਜਿਹੇ ਕਤਲਾਂ ਦੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਦਾ ਰਿਹਾ ਹੈ।

ਆਮਿਰ ਸਰਫਰਾਜ਼ ਦੇ ਭਰਾ ਨੇ ਇਸ ਮਾਮਲੇ ’ਚ ਐਫਆਈਆਰ ਦਰਜ ਕਰਵਾਈ ਹੈ।

ਸਰਬਜੀਤ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਰਬਜੀਤ ਸਿੰਘ ਦੀ ਮੌਤ ਤੋਂ ਬਾਅਦ ਭਾਰਤ 'ਚ ਕਈ ਥਾਵਾਂ 'ਤੇ ਵਿਰੋਧ ਪ੍ਰਦਰਸ਼ਨ ਹੋਏ ਸਨ। ਇਹ ਤਸਵੀਰ ਹੈਦਰਾਬਾਦ ਦੀ ਹੈ।

1990 ਤੋਂ ਪਾਕਿਸਤਾਨ ਦੀ ਕੈਦ ’ਚ ਸਨ ਸਰਬਜੀਤ ਸਿੰਘ

ਸਰਬਜੀਤ ਸਿੰਘ ਸਾਲ 1990 ’ਚ ਪਾਕਿਸਤਾਨ ’ਚ ਕਥਿਤ ਜਾਸੂਸੀ ਅਤੇ ਬੰਬ ਧਮਾਕੇ ਦੇ ਮਾਮਲੇ ’ਚ ਹਿਰਾਸਤ ’ਚ ਲਏ ਗਏ ਸਨ। 1990 ਤੋਂ 2012 ਤੱਕ ਸਰਬਜੀਤ ਸਿੰਘ ਨੂੰ ਰਿਹਾਅ ਕਰਵਾਉਣ ਦੇ ਲਈ ਕਈ ਯਤਨ ਕੀਤੇ ਗਏ, ਪਰ ਇਹ ਕੋਸ਼ਿਸ਼ਾਂ ਸਫਲ ਨਾ ਹੋਈਆਂ।

ਸਰਬਜੀਤ ਸਿੰਘ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ।

ਅਪ੍ਰੈਲ 2013 ’ਚ ਲਾਹੌਰ ਦੀ ਕੋਟ ਲਖਪਤ ਜੇਲ੍ਹ ’ਚ ਸਰਬਜੀਤ ਸਿੰਘ ’ਤੇ ਇੱਟ ਅਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਗਿਆ ਸੀ।

ਇਸ ਹਮਲੇ ’ਚ ਸਰਬਜੀਤ ਸਿੰਘ ਗੰਭੀਰ ਜ਼ਖਮੀ ਹੋਏ ਅਤੇ ਉਹ ਕੋਮਾ ’ਚ ਚਲੇ ਗਏ। ਲਾਹੌਰ ਦੇ ਜਿਨਾਹ ਹਸਪਤਾਲ ’ਚ ਉਹ ਜ਼ੇਰੇ ਇਲਾਜ ਸਨ ਅਤੇ ਇਸ ਦੌਰਾਨ ਹੀ ਉਨ੍ਹਾਂ ਦਾ ਦੇਹਾਂਤ ਹੋ ਗਿਆ ਸੀ।

ਸਰਬਜੀਤ ਸਿੰਘ ਦੇ ਕਤਲ ਦਾ ਇਲਜ਼ਾਮ ਦੋ ਕੈਦੀਆਂ ਆਮਿਰ ਸਰਫਰਾਜ਼ ਅਤੇ ਉਨ੍ਹਾਂ ਦੇ ਸਾਥੀ ਮੁਦੱਸਿਰ ਮੁਨੀਰ ’ਤੇ ਲਗਾਇਆ ਗਿਆ ਸੀ। ਲਾਹੌਰ ਦੀ ਸਥਾਨਕ ਅਦਾਲਤ ਨੇ ਇਨ੍ਹਾਂ ਦੋਵਾਂ ਮੁਲਜ਼ਮਾਂ ਨੂੰ ਸਾਲ 2018 ’ਚ ਗਵਾਹੀ ਦੀ ਘਾਟ ਕਰਕੇ ਬਰੀ ਕਰ ਦਿੱਤਾ ਸੀ।

ਸਰਬਜੀਤ ਸਿੰਘ ਦੇ ਕਤਲ ਮਾਮਲੇ ਨੇ ਭਾਰਤ-ਪਾਕਿ ਦੁਵੱਲੇ ਸਬੰਧਾਂ ’ਚ ਤਣਾਅ ਹੋਰ ਵਧਾ ਦਿੱਤਾ ਸੀ।

ਆਮਿਰ ਸਰਫਰਾਜ਼ ਦੇ ਭਰਾ ਜੁਨੈਦ ਸਰਫਰਾਜ਼ ਵੱਲੋਂ ਦਰਜ ਕਰਵਾਈ ਗਈ ਐਫਆਈਆਰ ਮੁਤਾਬਕ, ਜਿਸ ਮੌਕੇ ਹਮਲਾ ਹੋਇਆ ਉਦੋਂ ਆਮਿਰ ਘਰ ’ਚ ਹੀ ਸਨ।

ਜੁਨੈਦ ਸਰਫਰਾਜ਼ ਨੇ ਦੱਸਿਆ, “ ਮੈਂ ਹੇਠਲੇ ਹਿੱਸੇ ’ਚ ਸੀ ਅਤੇ ਉਪਰਲੇ ਹਿੱਸੇ ਦਾ ਦਰਵਾਜ਼ਾਂ ਬਾਹਰੋਂ ਖੁੱਲ੍ਹਿਆ ਹਇਆ ਸੀ। ਦੋ ਅਣਪਛਾਤੇ ਮੋਟਰਸਾਈਕਲ ਸਵਾਰ ਆਏ। ਉਨ੍ਹਾਂ ’ਚੋਂ ਇੱਕ ਨੇ ਹੈਲਮੇਟ ਪਾਇਆ ਹੋਇਆ ਸੀ ਅਤੇ ਦੂਜੇ ਨੇ ਮਾਸਕ ਪਾਇਆ ਹੋਇਆ ਸੀ। ਦੋਵੇਂ ਉਪਰਲੇ ਹਿੱਸੇ ’ਚ ਗਏ ਅਤੇ ਆਮਿਰ ਸਰਫਰਾਜ਼ ’ਤੇ ਤਿੰਨ ਗੋਲੀਆਂ ਚਲਾਈਆਂ।”

ਮਾਮਲਾ ਦਰਜ ਕਰਨ ਵਾਲੇ ਪੁਲਿਸ ਅਧਿਕਾਰੀ ਸੱਜਾਦ ਹੁਸੈਨ ਨੇ ਬੀਬੀਸੀ ਨੂੰ ਫੋਨ ’ਤੇ ਦੱਸਿਆ ਹੈ ਕਿ ਉਹ ਮੌਕੇ ਵਾਲੀ ਥਾਂ ’ਤੇ ਮੌਜੂਦ ਨਹੀਂ ਸਨ, ਇਸ ਲਈ ਉਨ੍ਹਾਂ ਨੂੰ ਆਮਿਰ ਸਰਫਰਾਜ਼ ਦੀ ਸਥਿਤੀ ਦੇ ਬਾਰੇ ’ਚ ਜਾਣਕਾਰੀ ਨਹੀਂ ਹੈ।

ਥਾਣਾ ਇਸਲਾਮਪੁਰ ਦੇ ਇੱਕ ਹੋਰ ਅਧਿਕਾਰੀ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਨੂੰ ਇਸ ਸਬੰਧ ’ਚ ਹੋਰ ਜਾਣਕਾਰੀ ਨਹੀਂ ਹੈ।

ਰਾਜਨਾਥ ਸਿੰਘ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ

ਭਾਰਤ ’ਤੇ ਪਹਿਲਾਂ ਵੀ ਲੱਗ ਚੁੱਕੇ ਹਨ ਇਲਜ਼ਾਮ

ਇਹ ਪਹਿਲੀ ਵਾਰ ਨਹੀਂ ਹੈ ਕਿ ਜਦੋਂ ਪਾਕਿਸਤਾਨ ’ਚ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਪਿੱਛੇ ਭਾਰਤ ਦੀ ਸ਼ਮੂਲੀਅਤ ਦੀ ਗੱਲ ਕਹੀ ਗਈ ਹੋਵੇ।

ਪਿਛਲੇ ਦੋ ਸਾਲਾਂ ’ਚ ਅਜਿਹੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ’ਚ ਪਾਕਿਸਤਾਨ ’ਚ ਕੱਟੜਪੰਥੀਆਂ ਦਾ ਰਹੱਸਮਈ ਢੰਗ ਨਾਲ ਕਤਲ ਕੀਤਾ ਗਿਆ ਹੈ।

ਮਾਰੇ ਗਏ ਲੋਕ ਜਿਨ੍ਹਾਂ ਸੰਗਠਨਾਂ ਨਾਲ ਸਬੰਧ ਰੱਖਦੇ ਹਨ, ਉਨ੍ਹਾਂ ਦਾ ਇਲਜ਼ਾਮ ਹੈ ਕਿ ਇਸ ਪਿੱਛੇ ਭਾਰਤ ਦਾ ਹੱਥ ਹੈ।

ਬ੍ਰਿਟੇਨ ਦੇ ਅਖ਼ਬਾਰ ‘ਦ ਗਾਰਡੀਅਨ’ ਨੇ ਆਪਣੀ ਤਾਜ਼ਾ ਰਿਪੋਰਟ ’ਚ ਇਹ ਦਾਅਵਾ ਕੀਤਾ ਹੈ ਕਿ ਭਾਰਤ ‘ਵਿਦੇਸ਼ੀ ਧਰਤੀ ’ਤੇ ਰਹਿਣ ਵਾਲੇ ਦੇਸ਼ ਵਿਰੋਧੀ ਤੱਤਾਂ’ ਨੂੰ ਖ਼ਤਮ ਕਰਨ ਦੀ ਇੱਕ ਵਿਆਪਕ ਰਣਨੀਤੀ ’ਤੇ ਚੱਲ ਰਿਹਾ ਹੈ।

‘ਦ ਗਾਰਡੀਅਨ’ ਦੇ ਅਨੁਸਾਰ ਇਸ ਸਿਲਸਿਲੇ ’ਚ ਭਾਰਤ ਨੇ ਸਾਲ 2020 ਤੋਂ ਹੁਣ ਤੱਕ ਪਾਕਿਸਤਾਨ ’ਚ ਕਈ ਕਾਰਵਾਈਆਂ ਨੂੰ ਅੰਜਾਮ ਦਿੱਤਾ ਹੈ।

ਇਸ ਰਿਪੋਰਟ ਦੇ ਬਾਰੇ ’ਚ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਤੋਂ ਜਦੋਂ ਇੱਕ ਇੰਟਰਵਿਊ ਦੌਰਾਨ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਇਸ ਗੱਲ ਦੀ ਪੁਸ਼ਟੀ ਜਾਂ ਖੰਡਨ ਨਹੀਂ ਕੀਤਾ।

ਪਰ ਉਨ੍ਹਾਂ ਨੇ ਇਹ ਜ਼ਰੂਰ ਕਿਹਾ, “ ਜੇਕਰ ਕਿਸੇ ਗੁਆਂਢੀ ਮੁਲਕ ਦਾ ਕੋਈ ਅੱਤਵਾਦੀ ਭਾਰਤ ਨੂੰ ਪਰੇਸ਼ਾਨ ਕਰਨ ਜਾਂ ਇੱਥੇ ਅੱਤਵਾਦੀ ਕਾਰਵਾਈ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਢੁਕਵਾਂ ਜਵਾਬ ਦਿੱਤਾ ਜਾਵੇਗਾ।”

ਸਰਬਜੀਤ ਦੀ ਜ਼ਿੰਦਗੀ ਉੱਤੇ ਬਣੀ ਫ਼ਿਲਮ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਰਬਜੀਤ ਸਿੰਘ ਦੇ ਜੀਵਨ 'ਤੇ ਫਿਲਮ ਵੀ ਬਣੀ। ਇਸ ਫਿਲਮ 'ਚ ਰਣਦੀਪ ਹੁੱਡਾ, ਐਸ਼ਵਰਿਆ ਰਾਏ ਮੁੱਖ ਭੂਮਿਕਾਵਾਂ 'ਚ ਸਨ।

ਆਮਿਰ ਸਰਫਰਾਜ਼ ਉਰਫ਼ ਤਾਂਬਾ ਕੌਣ ਹੈ?

ਆਮਿਰ ਸਰਫਰਾਜ਼ ਦਾ ਨਾਮ ਉਸ ਸਮੇਂ ਪਾਕਿਸਤਾਨ ਮੀਡੀਆ ’ਚ ਆਇਆ ਸੀ, ਜਦੋਂ ਸਰਬਜੀਤ ਸਿੰਘ ਦਾ ਕਤਲ ਹੋਇਆ ਸੀ।

ਪਾਕਿਸਤਾਨ ਦੀਆਂ ਸਰਕਾਰੀ ਏਜੰਸੀਆਂ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਸਰਬਜੀਤ ਸਿੰਘ ਨੂੰ ਸਾਲ 1990 ’ਚ ਉਸ ਸਮੇਂ ਗ੍ਰਿਫਤਾਰ ਕੀਤਾ ਸੀ, ਜਦੋਂ ਉਹ ਲਾਹੌਰ ਅਤੇ ਹੋਰ ਇਲਾਕਿਆਂ ’ਚ ਬੰਬ ਧਮਾਕੇ ਕਰਨ ਤੋਂ ਬਾਅਦ ਵਾਹਗਾ ਬਾਰਡਰ ਰਾਹੀਂ ਭਾਰਤ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ।

ਪਾਕਿਸਤਾਨ ਦੇ ਅਧਿਕਾਰੀਆਂ ਦੇ ਅਨੁਸਾਰ ਪੁੱਛ-ਗਿੱਛ ਦੌਰਾਨ ਸਰਬਜੀਤ ਸਿੰਘ ਨੇ ਬੰਬ ਧਮਾਕੇ ਦੀ ਸਾਜਿਸ਼ ’ਚ ਸ਼ਾਮਲ ਹੋਣ ਦੀ ਗੱਲ ਕਬੂਲ ਕੀਤੀ ਸੀ, ਜਿਸ ਤੋਂ ਬਾਅਦ ਅੱਤਵਾਦ ਵਿਰੋਧੀ ਅਦਾਲਤ ਨੇ ਉਨ੍ਹਾਂ ਨੂੰ 1991 ’ਚ ਫਾਂਸੀ ਦੀ ਸਜ਼ਾ ਸੁਣਾਈ ਸੀ।

ਸਰਬਜੀਤ ਸਿੰਘ ਦਾ ਕਹਿਣਾ ਸੀ ਕਿ ਉਹ ਭਾਰਤ ਦੇ ਸੂਬੇ ਪੰਜਾਬ ਦੇ ਤਰਨਤਾਰਨ ਦੇ ਵਸਨੀਕ ਹਨ ਅਤੇ ਪੇਸ਼ੇ ਵੱਜੋਂ ਕਿਸਾਨ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਗਲਤੀ ਨਾਲ ਸਰਹੱਦ ਪਾਰ ਕਰਕੇ ਪਾਕਿਸਤਾਨ ਪਹੁੰਚ ਗਏ ਸਨ।

ਸਰਬਜੀਤ ਸਿੰਘ ਨੂੰ ਮੌਤ ਦੀ ਸਜ਼ਾ ਸੁਣਾਉਣ ਦੇ ਅਦਾਲਤੀ ਫੈਸਲੇ ਨੂੰ ਪਹਿਲਾਂ ਲਾਹੌਰ ਹਾਈ ਕੋਰਟ ਅਤੇ ਫਿਰ ਸੁਪਰੀਮ ਕੋਰਟ ਨੇ ਵੀ ਬਰਕਰਾਰ ਰੱਖਿਆ ਸੀ।

ਸਰਬਜੀਤ ਸਿੰਘ ਦੇ ਪਰਿਵਾਰ ਵਾਲਿਆਂ ਨੇ ਉਨ੍ਹਾਂ ਦੀ ਮੁਆਫ਼ੀ ਦੇ ਲਈ ਪਾਕਿਸਤਾਨ ਦੇ ਤਤਕਾਲੀ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਨੂੰ ਇੱਕ ਅਰਜ਼ੀ ਦਿੱਤੀ ਸੀ, ਜਿਸ ਨੂੰ ਕਿ ਉਨ੍ਹਾਂ ਨੇ ਰੱਦ ਕਰ ਦਿੱਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਮਈ 2008 ’ਚ ਫਾਂਸੀ ਦਿੱਤੀ ਜਾਣੀ ਸੀ, ਪਰ 3 ਮਈ ਨੂੰ ਪਾਕਿਸਤਾਨ ਸਰਕਾਰ ਨੇ ਉਸ ਫਾਂਸੀ ਨੂੰ ਅਸਥਾਈ ਤੌਰ ’ਤੇ ਰੋਕ ਦਿੱਤਾ ਸੀ।

ਪੱਤਰਕਾਰ ਮਾਜਿਦ ਨਿਜ਼ਾਮੀ ਦੇ ਅਨੁਸਾਰ, “ਉਸ ਸਮੇਂ ਆਮਿਰ ਸਰਫਰਾਜ਼ ਅਤੇ ਮੁਦੱਸਿਰ ਮੁਨੀਰ ਨੂੰ ਸਥਾਨਕ ਅਦਾਲਤ ਨੇ ਕਤਲ ਅਤੇ ਲੁੱਟ-ਖਸੁੱਟ ਦੇ ਮਾਮਲਿਆਂ ’ਚ ਮੌਤ ਦੀ ਸਜ਼ਾ ਸੁਣਾਈ ਸੀ। ਉਹ ਦੋਵੇਂ ਜੇਲ੍ਹ ’ਚ ਆਪਣੀ ਸਜ਼ਾ ਕੱਟ ਰਹੇ ਸਨ ਅਤੇ ਉਨ੍ਹਾਂ ਦਾ ਮਾਮਲਾ ਉੱਚ ਅਦਾਲਤ ’ਚ ਚੱਲ ਰਿਹਾ ਸੀ।”

ਮਾਜਿਦ ਨਿਜ਼ਾਮੀ ਨੇ ਦੱਸਿਆ, “ ਸਰਬਜੀਤ ਸਿੰਘ ਦੇ ਕਤਲ ਦੇ ਬਾਰੇ ’ਚ ਉਸ ਸਮੇਂ ਦੇ ਅਧਿਕਾਰੀਆਂ ਨੇ ਦੱਸਿਆ ਸੀ ਕਿ ਦੋ ਕੈਦੀਆਂ ਨੇ ਭੋਜਨ ਖਾਂਦੇ ਹੋਏ ਸਰਬਜੀਤ ਸਿੰਘ ’ਤੇ ਬਲੇਡ ਅਤੇ ਇੱਟਾਂ ਨਾਲ ਹਮਲਾ ਕੀਤਾ ਸੀ। ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਏ ਸਨ। ਇਸ ਹਮਲੇ ਤੋਂ ਬਾਅਦ ਸਰਬਜੀਤ ਸਿੰਘ ਨੂੰ ਹਸਪਤਾਲ ਲਿਜਾਇਆ ਗਿਆ ਪਰ ਉੱਥੇ ਉਨ੍ਹਾਂ ਨੇ ਦਮ ਤੋੜ ਦਿੱਤਾ ਸੀ।”

ਮਾਜਿਦ ਨਿਜ਼ਾਮੀ ਨੇ ਅੱਗੇ ਦੱਸਿਆ ਕਿ ਇਸ ਤੋਂ ਬਾਅਦ ਆਮਿਰ ਸਰਫਰਾਜ਼ ਅਤੇ ਮੁਦੱਸਿਰ ਮੁਨੀਰ ’ਤੇ ਮੁਕੱਦਮਾ ਚੱਲਿਆ, ਪਰ ਇਸ ਮਾਮਲੇ ’ਚ ਉਨ੍ਹਾਂ ਨੂੰ ਇਸ ਆਧਾਰ ’ਤੇ ਬਰੀ ਕਰ ਦਿੱਤਾ ਗਿਆ ਕਿ ਉਨ੍ਹਾਂ ਦੇ ਖਿਲਾਫ ਕੋਈ ਗਵਾਹ ਨਹੀਂ ਸੀ ਅਤੇ ਜਿਸ ਹਥਿਆਰ ਨਾਲ ਕਤਲ ਕੀਤਾ ਗਿਆ, ਉਹ ਵੀ ਨਹੀਂ ਨਹੀਂ ਮਿਲ ਸਕਿਆ।

2013 ਦੀ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 2013 ਦੀ ਤਸਵੀਰ ਜਦੋਂ ਸਰਬਜੀਤ ਦੀ ਦੇਹ ਭਾਰਤ ਲਿਆਈ ਗਈ ਸੀ

ਭਾਰਤੀ ਜੇਲ੍ਹ ’ਚ ਪਾਕਿਸਤਾਨ ਦੇ ਸਨਾਉੱਲ੍ਹਾ ਦਾ ਕਤਲ

ਮਾਜਿਦ ਨਿਜ਼ਾਮੀ ਦੇ ਅਨੁਸਾਰ, “ ਇਸ ਦੌਰਾਨ ਭਾਰਤੀ ਜੇਲ੍ਹ ’ਚ ਵੀ ਇੱਕ ਅਜਿਹੀ ਹੀ ਘਟਨਾ ਵਾਪਰੀ, ਜਿਸ ’ਚ ਇੱਕ ਪਾਕਿਸਤਾਨੀ ਨਾਗਰਿਕ ਸਨਾਉੱਲ੍ਹਾ ਦਾ ਜੇਲ੍ਹ ’ਚ ਕਤਲ ਕਰ ਦਿੱਤਾ ਗਿਆ ਸੀ ਅਤੇ ਬਾਅਦ ’ਚ ਇਸ ਕਤਲ ਦੇ ਮੁਲਜ਼ਮ ਨੂੰ ਬਰੀ ਕਰ ਦਿੱਤਾ ਗਿਆ ਸੀ।”

ਸਨਾਉੱਲ੍ਹਾ ਪਾਕਿਸਤਾਨ ਦੇ ਸਿਆਲਕੋਟ ਦੇ ਵਸਨੀਕ ਸਨ।

ਮਾਜਿਦ ਨਿਜ਼ਾਮੀ ਦਾ ਕਹਿਣਾ ਹੈ, “ ਇਸ ਦੌਰਾਨ ਆਮਿਰ ਸਰਫਰਾਜ਼ ’ਤੇ ਦੂਜੇ ਕਤਲ, ਡਕੈਤੀ ਅਤੇ ਨਸ਼ੀਲੇ ਪਦਾਰਥਾਂ ਸਬੰਧੀ ਮਾਮਲੇ ਜਾਰੀ ਰਹੇ। ਉਨ੍ਹਾਂ ਨੇ ਮੌਤ ਦੀ ਸਜ਼ਾ ਦੇ ਖਿਲਾਫ ਉੱਚ ਅਦਾਲਤ ’ਚ ਅਪੀਲ ਕੀਤੀ ਅਤੇ ਫੈਸਲਾ ਉਨ੍ਹਾਂ ਦੇ ਹੱਕ ’ਚ ਹੋ ਨਿਭੜਿਆ। ਉਹ ਕੁਝ ਹੀ ਸਮਾਂ ਪਹਿਲਾਂ ਰਿਹਾਅ ਹੋ ਕੇ ਜੇਲ੍ਹ ਤੋਂ ਬਾਹਰ ਆਏ ਸਨ।”

ਉਨ੍ਹਾਂ ਦਾ ਕਹਿਣਾ ਸੀ ਕਿ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਆਮਿਰ ਸਰਫਰਾਜ਼ ਨੂੰ ਇਲਾਕੇ ’ਚ ਜ਼ਿਆਦਾ ਮਜ਼ਬੂਤ ਅਤੇ ਪ੍ਰਭਾਵਸ਼ਾਲੀ ਮੰਨਿਆ ਜਾਣ ਲੱਗਿਆ।

ਬੀਬੀਸੀ ਨੂੰ ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ, ਰਿਹਾਈ ਤੋਂ ਬਾਅਦ ਉਨ੍ਹਾਂ ’ਤੇ ਚਾਰ ਵੱਖ-ਵੱਖ ਮੁਕੱਦਮੇ ਲਾਹੌਰ ਦੇ ਚਾਰ ਥਾਣਿਆਂ ’ਚ ਦਰਜ ਹੋਏ ਸਨ। ਇਹ ਮੁਕੱਦਮੇ ਕਤਲ ਦੀ ਕੋਸ਼ਿਸ਼, ਧਮਕੀਆਂ, ਪੁਲਿਸ ਨੂੰ ਧਮਕੀ ਅਤੇ ਹਿੰਸਾ ਦੇ ਸਨ।

ਸਰਬਜੀਤ ਦਾ ਪਰਿਵਾਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਰਬਜੀਤ ਦਾ ਪਰਿਵਾਰ ਉਸ ਦੀ ਤਸਵੀਰ ਨਾਲ

ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਆਮਿਰ ਸਰਫਰਾਜ਼

ਇੱਕ ਪੁਲਿਸ ਅਧਿਕਾਰੀ ਨੇ ਬੀਬੀਸੀ ਨੂੰ ਦੱਸਿਆ ਕਿ ਰਿਹਾਈ ਤੋਂ ਬਾਅਦ ਆਮਿਰ ਸਰਫਰਾਜ਼ ਨੂੰ ਸੰਭਾਲਣਾ ਮੁਸ਼ਕਲ ਹੋ ਗਿਆ ਸੀ। ਉਸ ’ਤੇ ਜੋ ਮਾਮਲੇ ਦਰਜ ਸਨ, ਉਹ ਉਨ੍ਹਾਂ ’ਚ ਗ੍ਰਿਫਤਾਰੀ ਤੋਂ ਬਾਅਦ ਜ਼ਮਾਨਤ ਲੈ ਲੈਂਦੇ ਸੀ।

ਪੱਤਰਕਾਰ ਫ਼ੈਜ਼ੁਲਲ੍ਹਾ ਦੇ ਅਨੁਸਾਰ, ਆਮਿਰ ਸਰਫਰਾਜ਼ ’ਤੇ ਹੋਣ ਵਾਲਾ ਹਮਲਾ ਪਿਛਲੇ ਹਮਲਿਆ ਤੋਂ ਵੱਖਰਾ ਸੀ, ਜਿਨ੍ਹਾਂ ’ਚ ਗੈਰ-ਕਾਨੂੰਨੀ ਕਰਾਰ ਦਿੱਤੇ ਗਏ ਸੰਗਠਨਾਂ ਦੇ ਮੈਂਬਰ ਮਾਰੇ ਗਏ ਸਨ।

ਉਨ੍ਹਾਂ ਕਿਹਾ ਕਿ ਉਨ੍ਹਾਂ ਹਮਲਿਆਂ ’ਚ ਵੇਖਿਆ ਗਿਆ ਕਿ ਉਹ ਕਤਲ ਸੁਰੱਖਿਅਤ ਢੰਗ ਨਾਲ ਕੀਤੇ ਗਏ ਸਨ, ਭਾਵ ਜ਼ਿਆਦਾਤਰ ਕਤਲ ਮਸਜਿਦਾਂ ’ਚ ਨਮਾਜ਼ ਅਦਾ ਕਰਦਿਆਂ ਜਾਂ ਘਰ ਦੇ ਬਾਹਰ ਸੁਰੱਖਿਅਤ ਤਰੀਕੇ ਨਾਲ।

ਉਨ੍ਹਾਂ ਦਾ ਕਹਿਣਾ ਸੀ ਕਿ ਆਮਿਰ ਸਰਫਰਾਜ਼ ’ਤੇ ਘਰ ’ਚ ਵੜ੍ਹ ਕੇ ਜਾਨਲੇਵਾ ਹਮਲਾ ਕੀਤਾ ਗਿਆ ਹੈ, ਜੋ ਕਿ ਇੱਕ ਵੱਡੀ ਵਾਰਦਾਤ ਹੈ।

“ ਇਸ ਵਾਰਦਾਤ ਦਾ ਤਰੀਕਾ ਗੈਂਗਵਾਰ ’ਚ ਹੋਣ ਵਾਲੀਆਂ ਵਾਰਦਾਤਾਂ ਵਰਗਾ ਹੈ, ਜਿਸ ’ਚ ਮੁਲਜ਼ਮ ਕਿਸੇ ਵੀ ਤਰ੍ਹਾਂ ਦੀ ਪਰਵਾਹ ਕੀਤੇ ਬਿਨ੍ਹਾਂ ਵਾਰਦਾਤ ਨੂੰ ਅੰਜਾਮ ਦਿੰਦੇ ਹਨ। ਅਜਿਹੇ ਮਾਮਲਿਆਂ ’ਚ ਅਜਿਹੀ ਥਾਂ ’ਤੇ ਹਮਲਾ ਕੀਤਾ ਜਾਂਦਾ ਹੈ ਜਿੱਥੇ ਉਹ ਖੁਦ ਨੂੰ ਬਹੁਤ ਹੀ ਸੁਰੱਖਿਅਤ ਮਹਿਸੂਸ ਕਰਦੇ ਹਨ।”

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)