You’re viewing a text-only version of this website that uses less data. View the main version of the website including all images and videos.
ਗੁਜਰਾਤ꞉ ਮੋਦੀ ਦੇ ਕਿਲ੍ਹੇ ਤੋਂ ਭਾਜਪਾ ਨੂੰ ਚੁਣੌਤੀ ਦੇਣ ਵਾਲੀ ਕੁੜੀ ਕੌਣ?
ਜਦੋਂ ਨਰਿੰਦਰ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਸਨ ਉਸ ਵੇਲੇ ਤੋਂ ਹੀ ਇਹ ਸਵਾਲ ਉੱਠ ਰਿਹਾ ਸੀ ਕਿ ਕਾਂਗਰਸ ਦਾ ਮਣੀਨਗਰ ਵਿਧਾਨ ਸਭਾ ਸੀਟ ਤੋਂ ਚੋਣ ਉਮੀਦਵਾਰ ਕੌਣ ਹੋਵੇਗਾ?
ਹੁਣ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਹਨ ਤਾਂ ਇਸ ਸੀਟ ਨੂੰ ਕਾਂਗਰਸ ਲਈ ਜਿੱਤਣਾ ਅਤੇ ਭਾਜਪਾ ਲਈ ਬਚਾਈ ਰੱਖਣਾ ਅਣਖ਼ ਦਾ ਸਵਾਲ ਬਣ ਗਿਆ ਹੈ।
ਇਸ ਵਾਰ ਭਾਜਪਾ ਉਮੀਦਵਾਰ ਸੁਰੇਸ਼ ਪਟੇਲ ਦੇ ਸਾਹਮਣੇ, ਕਾਂਗਰਸ ਨੇ ਇੱਕ ਨਵੇਂ ਤੇ ਨੌਜਵਾਨ ਚਿਹਰੇ ਸ਼ਵੇਤਾ ਬ੍ਰਹਮਾਭੱਟ ਨੂੰ ਮੌਕਾ ਦਿੱਤਾ ਹੈ।
ਅਕਾਦਮਿਕ ਤੇ ਪੇਸ਼ੇਵਰ ਸਫ਼ਰ
34 ਸਾਲਾ ਸ਼ਵੇਤਾ ਅਹਿਮਦਾਬਾਦ ਤੋਂ ਬੀ.ਬੀ.ਏ. ਦੀ ਡਿਗਰੀ ਲੈ ਕੇ ਅੱਗੇ ਪੜ੍ਹਨ ਲਈ ਲੰਡਨ ਚਲੇ ਗਏ ਜਿੱਥੋਂ ਉਹ ਅੰਤਰਰਾਸ਼ਟਰੀ ਅਰਥ ਸ਼ਾਸਤਰ ਦੀਆਂ ਬਾਰੀਕੀਆਂ ਸਮਝ ਕੇ ਆਏ।
ਸ਼ਵੇਤਾ ਨੇ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਬੰਗਲੌਰ ਤੋਂ ਰਾਜਨੀਤਿਕ ਲੀਡਰਸ਼ਿਪ ਦਾ ਕੋਰਸ ਵੀ ਕੀਤਾ ਹੋਇਆ ਹੈ।
ਸ਼ਵੇਤਾ ਨੇ ਬੈਂਕਿੰਗ ਦੇ ਖੇਤਰ ਵਿੱਚ ਵੀ 10 ਸਾਲ ਕੰਮ ਕੀਤਾ ਪਰ ਹੁਣ ਉਹ ਰਾਜਨੀਤੀ ਰਾਹੀਂ ਸਮਾਜ ਲਈ ਕੁਝ ਕਰਨਾ ਚਾਹੁੰਦੇ ਹਨ।
ਪਰਿਵਾਰਕ ਪਿਛੋਕੜ ਤੇ ਸਵੈ ਪਛਾਣ ਦੀ ਤਲਾਸ਼
ਹਾਲਾਂਕਿ ਸ਼ਵੇਤਾ ਦਾ ਪਰਿਵਾਰ ਰਾਜਨੀਤੀ ਵਿੱਚ ਕਾਫ਼ੀ ਸਰਗਰਮ ਹੈ ਪਰ ਉਹ ਰਾਜਨੀਤੀ ਵਿੱਚ ਆਪਣੀ ਥਾਂ ਤੇ ਪਹਿਚਾਣ ਆਪਣੇ ਯਤਨਾਂ ਨਾਲ ਕਾਇਮ ਕਰਨਾ ਚਾਹੁੰਦੇ ਹਨ।
ਲੰਡਨ ਵਿੱਚ ਪੜ੍ਹਾਈ ਤੋਂ ਬਾਅਦ, ਉਨ੍ਹਾਂ ਨੂੰ ਉੱਥੋਂ ਦੀ ਨੈਸ਼ਨਲ ਹੈਲਥ ਸਰਵਿਸ (ਐੱਨ. ਐੱਚ. ਐੱਸ.) ਵਿੱਚ ਨੌਕਰੀ ਦੀ ਪੇਸ਼ਕਸ਼ ਹੋਈ ਪਰ ਉਨ੍ਹਾਂ ਨੇ ਭਾਰਤ ਵਾਪਸ ਪਰਤਣ ਨੂੰ ਪਹਿਲ ਦਿੱਤੀ।
ਰਾਜਨੀਤੀ ਸਮਾਜ ਸੇਵਾ ਦਾ ਜ਼ਰੀਆ
ਉਨ੍ਹਾਂ ਨੇ ਕਿਹਾ, "ਮੇਰਾ ਮੁੱਖ ਮੰਤਵ ਸਮਾਜ ਸੇਵਾ ਕਰਨਾ ਹੈ, ਰਾਜਨੀਤੀ ਇੱਕ ਜ਼ਰੀਆ ਹੈ। ਜੇ ਮੈਂ ਟਰੱਸਟ ਜਾਂ ਗੈਰ ਸਰਕਾਰੀ ਸੰਸਥਾ ਸ਼ੁਰੂ ਕਰਦੀ ਤਾਂ ਮੈਨੂੰ ਫੰਡ ਲਈ ਸਰਕਾਰ ਕੋਲ ਜਾਣਾ ਪੈਂਦਾ। ਇਸ ਨਾਲ ਮੈਂ ਸਿਰਫ ਸੀਮਿਤ ਲੋਕਾਂ ਤੱਕ ਪਹੁੰਚ ਸਕਦੀ ਸੀ। ਰਾਜਨੀਤੀ ਇੱਕ ਮੰਚ ਹੈ ਜਿਸ ਰਾਹੀਂ ਤੁਸੀਂ ਵੱਡੇ ਪੱਧਰ 'ਤੇ ਲੋਕਾਂ ਤੱਕ ਆਪਣੀ ਗੱਲ ਪਹੁੰਚਾ ਸਕਦੇ ਹੋ।"
ਮਣੀਨਗਰ ਤੋਂ ਆਪਣੀ ਉਮੀਦਵਾਰੀ 'ਤੇ ਸ਼ਵੇਤਾ ਨੇ ਕਿਹਾ, "ਮੇਰੀ ਉਮੀਦਵਾਰੀ ਨਾਲ ਲੋਕਾਂ ਨੂੰ ਇਹ ਸਮਝ ਆਵੇਗੀ ਕਿ ਇਹ ਕੁੜੀ ਕੁਝ ਕਰਨਾ ਚਾਹੁੰਦੀ ਹੈ।"
ਸ਼ਵੇਤਾ ਦਾ ਕਹਿਣਾ ਹੈ ਕਿ ਬੰਗਲੌਰ ਵਿੱਚ ਪੜ੍ਹਦਿਆਂ ਉਨ੍ਹਾਂ ਨੇ ਭਾਰਤੀ ਰਾਜਨੀਤੀ ਬਾਰੇ ਬਹੁਤ ਕੁੱਝ ਸਿੱਖਿਆ।
ਸ਼ਵੇਤਾ ਦਸਦੇ ਹਨ, "ਅਸੀਂ ਪਿੰਡ-ਪਿੰਡ ਘੁੰਮਦੇ ਸੀ। ਸਿੰਘਾਪੁਰ ਗਏ ਅਤੇ ਉੱਥੇ ਪ੍ਰਸ਼ਾਸਨ ਦੇ ਕੰਮ ਦਾ ਤਰੀਕਾ ਜਾਣਨ ਦੀ ਕੋਸ਼ਿਸ਼ ਕੀਤੀ।"
'ਲੋਨ ਲੈਣਾ ਚਾਹੁੰਦੇ ਸਨ ਪਰ ਮਿਲਿਆ ਨਹੀਂ'
ਇਕ ਕਾਰੋਬਾਰੀ ਔਰਤ ਵਜੋਂ ਆਪਣੇ ਤਜ਼ਰਬੇ ਬਾਰੇ ਸ਼ਵੇਤਾ ਨੇ ਕਿਹਾ, "ਮੈਂ ਸਾਨੰਦ ਵਿੱਚ ਇੱਕ ਮਹਿਲਾ ਉਦਯੋਗਿਕ ਪਾਰਕ 'ਤੇ ਇਕ ਪ੍ਰਾਜੈਕਟ ਕਰਨਾ ਚਾਹੁੰਦੀ ਸੀ। ਇਸ, ਲਈ ਮੈਂ ਕਰਜ਼ਾ ਲੈਣਾ ਚਾਹੁੰਦੀ ਸੀ ਅਤੇ ਅਰਜ਼ੀ ਵੀ ਦਿੱਤੀ ਸੀ।
ਮੈਨੂੰ ਉੱਥੇ ਇੱਕ ਪਲਾਟ ਮਿਲਿਆ ਤੇ ਮੁੱਖ ਮੰਤਰੀ ਵਿਜਯ ਰੂਪਾਣੀ ਨੇ ਮੈਨੂੰ ਸਨਮਾਨਿਤ ਵੀ ਕੀਤਾ। ਉਸ ਤੋਂ ਪਿੱਛੋਂ ਮੈਂ ਭਾਰਤ ਸਰਕਾਰ ਦੀ ਮੁਦਰਾ ਸਕੀਮ ਤਹਿਤ ਕਰਜ਼ੇ ਲਈ ਅਰਜ਼ੀ ਦਿੱਤੀ ਪਰ ਮੈਨੂੰ ਕਰਜ਼ਾ ਨਹੀਂ ਮਿਲਿਆ।"
ਸ਼ਵੇਤਾ ਨੇ ਕਿਹਾ, "ਇਸੇ ਵਜ੍ਹਾ ਕਰਕੇ ਇੱਕ ਵਾਰ ਆਈਆਈਐਮ ਅਹਿਮਦਾਬਾਦ ਵਿੱਚ ਇੱਕ ਪ੍ਰੋਗਰਾਮ ਦੌਰਾਨ ਮੈਂ ਇੱਕ ਸਾਂਸਦ ਨੂੰ ਵੀ ਪੁੱਛਿਆ ਕਿ ਜੇ ਉੱਚ ਸਿੱਖਿਆ ਲੈਣ ਤੋਂ ਬਾਅਦ ਵੀ ਲੋਕਾਂ ਨੂੰ ਲੋਨ ਲੈਣ ਵਿੱਚ ਦਿੱਕਤ ਆਉਂਦੀ ਹੈ ਤਾਂ ਲੋਕਾਂ ਤੱਕ ਇਹ ਸਕੀਮ ਕਿਵੇਂ ਪਹੁੰਚੇਗੀ? ਉਨ੍ਹਾਂ ਨੇ ਮੈਨੂੰ ਵਿੱਤ ਮੰਤਰਾਲੇ ਕੋਲ ਸ਼ਿਕਾਇਤ ਕਰਨ ਦਾ ਮਸ਼ਵਰਾ ਦਿੱਤਾ।"
'ਵਿਕਾਸ ਵਿੱਚੋਂ ਗਰੀਬ ਲਾਪਤਾ'
ਸ਼ਵੇਤਾ ਨੇ ਕਿਹਾ, "ਮੇਰੀ ਪੜ੍ਹਾਈ ਦੀ ਸਹਾਇਤਾ ਨਾਲ ਮੈਂ ਇਹ ਲੜਾਈ ਲੜ ਸਕੀ। ਜੇ ਮੈਨੂੰ ਅਜਿਹੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਜਿਹੜੀਆਂ ਔਰਤਾਂ ਕੋਲ ਸਿੱਖਿਆ ਨਹੀਂ ਹੈ, ਗੱਲਬਾਤ ਨਹੀਂ ਕਰ ਸਕਦੀਆ ਪਰ ਜਿਨ੍ਹਾਂ ਕੋਲ ਕੋਈ ਚੰਗਾ ਵਿਚਾਰ ਹੈ ਅਤੇ ਉਹ ਵਪਾਰ ਕਰਨਾ ਚਾਹੁੰਦੀਆਂ ਹਨ ਤਾਂ ਉਨ੍ਹਾਂ ਦੀ ਹਾਲਤ ਕੀ ਹੋਵੇਗੀ। ਇਨ੍ਹਾਂ ਸਾਰੇ ਪ੍ਰਸ਼ਨਾਂ ਨੇ ਹੀ ਮੈਨੂੰ ਸਿਆਸਤ ਵਿੱਚ ਆਉਣ ਲਈ ਪ੍ਰੇਰਿਆ।"
ਗੁਜਰਾਤ ਵਿੱਚ ਵਿਕਾਸ ਬਾਰੇ ਸ਼ਵੇਤਾ ਨੇ ਕਿਹਾ, "ਉਹ ਵਿਅਕਤੀ ਤਾਂ ਹੀ ਵਿਕਾਸਸ਼ੀਲ ਹੋ ਸਕਦਾ ਹੈ ਜੇ ਉਹ ਹਰ ਤਰੀਕੇ ਨਾਲ ਆਜ਼ਦ ਹੋਵੇ, ਵਿਕਾਸ ਦੀ ਵਿਆਖਿਆ ਵਿੱਚੋਂ ਅਸੀਂ ਗਰੀਬਾਂ ਨੂੰ ਹੀ ਹਟਾ ਦਿੱਤਾ ਹੈ। ਇਹ ਸਥਿਤੀ ਹੁਣ ਬਦਲਣ ਦੀ ਲੋੜ ਹੈ।"