ਪਰਾਗ ਅਗਰਵਾਲ: ਟਵਿੱਟਰ ਦਾ ਭਾਰਤੀ ਸੀਈਓ, ਜਿਸ ਨੂੰ ਬਾਹਰ ਦਾ ਰਸਤਾ ਵਿਖਾਇਆ ਗਿਆ, ਕਿਵੇਂ ਪੁੱਜੇ ਸਨ ਇਸ ਮੁਕਾਮ 'ਤੇ

ਤਸਵੀਰ ਸਰੋਤ, Getty Images
ਟਵਿੱਟਰ ਦੀ ਡੀਲ ਪੂਰੀ ਕਰਨ ਲਈ ਤੈਅ ਆਖਰੀ ਤਰੀਕ 'ਤੇ ਇਲੋਨ ਮਸਕ ਨੇ ਆਪਣੇ ਟਵੀਟ ਨਾਲ ਸਾਫ਼ ਕਰ ਦਿੱਤਾ ਹੈ ਕਿ ਕੰਪਨੀ ਹੁਣ ਉਨ੍ਹਾਂ ਦੇ ਨਾਮ ਹੋ ਗਈ ਹੈ।
ਇਸ ਦੌਰਾਨ ਅਮਰੀਕੀ ਮੀਡੀਆ ਵਿੱਚ ਇਹ ਖ਼ਬਰਾਂ ਵੀ ਆ ਰਹੀਆਂ ਹਨ ਕਿ ਟਵਿੱਟਰ ਦੇ ਸੀਈਓ ਪਰਾਗ ਅਗਰਵਾਲ ਸਮੇਤ ਦੋ ਹੋਰ ਅਧਿਕਾਰੀਆਂ ਨੂੰ ਕੰਪਨੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ।
ਭਾਰਤ ਦੇ ਜੰਮਪਲ ਪਰਾਗ ਅਗਰਵਾਲ ਨੂੰ ਪਿਛਲੇ ਸਾਲ ਨਵੰਬਰ ਮਹੀਨੇ ਟਵਿੱਟਰ ਦੇ ਸੀਈਓ ਨਿਯੁਕਤ ਕੀਤਾ ਗਿਆ ਸੀ।
ਹਾਲਂਕਿ ਉਹ 2011 ਤੋਂ ਹੀ ਟਵਿੱਟਰ ਕੰਪਨੀ ਵਿੱਚ ਕੰਮ ਕਰ ਰਹੇ ਸਨ।
ਪਰਾਗ ਅਗਰਵਾਲ ਨੇ ਟਵਿੱਟਰ ਦੇ ਸਹਿ-ਸੰਸਥਪਾਕ ਅਤੇ ਸੀਈਓ ਰਹੇ ਜੈਕ ਡੋਰਸੀ ਦੀ ਥਾਂ ਲਈ ਸੀ।

ਤਸਵੀਰ ਸਰੋਤ, Getty Images
ਡੋਰਸੀ ਨੇ ਹੀ ਟਵਿੱਟਰ ਉੱਪਰ ਪਰਾਗ ਦੇ ਚੁਣੇ ਜਾਣ ਦੀ ਜਾਣਕਾਰੀ ਦਿੱਤੀ ਸੀ।
ਉਨ੍ਹਾਂ ਨੇ ਇਹ ਵੀ ਦੱਸਿਆ ਸੀ ਕਿ ਕਿਹੜੀਆਂ ਖੂਬੀਆਂ ਕਾਰਨ ਅਗਰਵਾਲ ਨੂੰ ਐਨੀ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਸੀ।
ਹਾਲਾਂਕਿ ਇਸ ਸਾਲ ਇਲੋਨ ਮਸਕ ਦੇ ਟਵਿੱਟਰ ਖ਼ਰੀਦਣ ਦੇ ਐਲਾਨ ਤੋਂ ਬਾਅਦ ਹੀ ਅਗਰਵਾਲ ਦੀ ਕੰਪਨੀ ਵਿੱਚ ਭੂਮਿਕਾ ਬਾਰੇ ਕਿਆਸਰੀਆਂ ਜਾਰੀ ਸਨ।
ਇਹ ਮੰਨਿਆ ਜਾ ਰਿਹਾ ਹੈ ਕਿ ਮਸਕ ਅਤੇ ਪਰਾਗ ਵਿਚਕਾਰ ਕਈ ਮੁੱਦਿਆਂ ਨੂੰ ਲੈ ਕੇ ਸਹਿਮਤੀ ਨਾ ਬਣਨ ਕਰਕੇ ਹੀ ਇਹ ਸਥਿਤੀ ਪੈਦਾ ਹੋਈ ਸੀ।

ਤਸਵੀਰ ਸਰੋਤ, Getty Images
ਭਾਰਤੀ ਗ੍ਰੈਜੂਏਟ ਨੇ ਅਮਰੀਕਾ ਵਿੱਚ ਨਾਮ ਕਮਾਇਆ
ਮੁੰਬਈ ਵਿੱਚ ਜਨਮੇ ਪਰਾਗ ਅਗਰਵਾਲ ਨੇ ਇੰਡੀਅਨ ਇੰਸਟੀਟਿਊਟ ਆਫ਼ ਟੈਕਨੌਲਜੀ (ਆਈਆਈਟੀ) ਬੰਬੇ ਤੋਂ ਕੰਪਿਊਟਰ ਸਾਇੰਸ ਵਿੱਚ ਗ੍ਰੈਜੂਏਸ਼ਨ ਕੀਤੀ ਸੀ।
ਇਸ ਤੋਂ ਬਾਅਦ ਸਾਲ 2005 ਵਿੱਚ ਅਗਰਵਾਲ ਅਮਰੀਕਾ ਚਲੇ ਗਏ ਅਤੇ ਉੱਥੇ ਸਟੈਨਫੋਰਡ ਯੂਨੀਵਰਸਿਟੀ ਤੋਂ ਕੰਪਿਊਟਰ ਸਾਇੰਸ ਵਿੱਚ ਪੀਐੱਚਡੀ ਕੀਤੀ।
ਪਰਾਗ ਅਗਰਵਾਲ ਦੀ ਮਾਂ ਰਿਟਾਇਰਡ ਸਕੂਲ ਟੀਚਰ ਹੈ। ਉਨ੍ਹਾਂ ਦੇ ਪਿਤਾ ਪ੍ਰਮਾਣੂ ਊਰਜਾ ਦੇ ਖੇਤਰ ਵਿੱਚ ਕੰਮ ਕਰਦੇ ਹਨ।
ਅਗਰਵਾਲ ਮੁੰਬਈ ਦੇ ਸੈਂਟਰਲ ਸਕੂਲ ਵਿੱਚ ਪੜ੍ਹੇ ਹਨ।
ਇੱਥੇ ਉਹ ਡੇਟਾਬੇਸ ਉੱਪਰ ਕੰਮ ਕਰਨ ਵਾਲੇ ਰਿਸਰਚ ਗਰੁੱਪ ਵਿੱਚ ਸ਼ਾਮਿਲ ਹੋ ਗਏ ਸਨ।

ਇਹ ਵੀ ਪੜ੍ਹੋ-

ਨਿਊਯਾਰਕ ਟਾਇਮਜ਼ ਨੇ ਪਰਾਗ ਅਗਰਵਾਲ ਦੇ ਥੀਸੀਸ ਵਿੱਚ ਮਦਦ ਕਰਨ ਵਾਲੇ ਰਿਸਰਚ ਲੈਬ ਚੀਫ਼ ਜੈਨੀਫ਼ਰ ਵਾਇਡਮ ਦੇ ਹਵਾਲੇ ਨਾਲ ਲਿਖੇ ਲੇਖ ਵਿੱਚ ਦੱਸਿਆ ਸੀ ਕਿ ਖ਼ੋਜ ਦੇ ਸਮੇਂ ਤੋਂ ਹੀ ਪਰਾਗ ਆਪਣੇ ਵਿਸ਼ੇ ਉੱਪਰ ਪਕੜ ਰੱਖਣ ਲਈ ਜਾਣੇ ਜਾਂਦੇ ਸਨ।
ਉਨ੍ਹਾਂ ਨੂੰ ਮੈਥ ਅਤੇ ਥਿਊਰੀ ਦੋਵਾਂ ਦੀ ਹੀ ਚੰਗੀ ਜਾਣਕਾਰੀ ਸੀ।
ਡੇਟਾਬੇਸ ਉੱਪਰ ਫੋਕਸ ਨੇ ਪਰਾਗ ਨੂੰ ਟਵਿੱਟਰ ਵਿੱਚ ਕੰਮ ਕਰਨ ਲਈ ਵੱਡਾ ਦਾਵੇਦਾਰ ਬਣਾ ਦਿੱਤਾ ਸੀ।
ਆਪਣੀ ਪੀਐੱਚਡੀ ਪੂਰੀ ਹੋਣ ਤੋਂ ਪਹਿਲਾਂ ਹੀ ਅਗਰਵਾਲ ਨੇ 2011 ਵਿੱਚ ਟਵਿੱਟਰ ਵਿੱਚ ਨੌਕਰੀ ਕਰ ਲਈ ਸੀ।
ਇੱਥੇ ਉਹ ਇੰਜੀਨੀਅਰਿੰਗ ਟੀਮ ਦਾ ਅਹਿਮ ਹਿੱਸਾ ਬਣ ਗਏ ਸਨ।
ਉਨ੍ਹਾਂ ਦਾ ਕੰਮ ਕੰਪਨੀ ਦੀ ਇਸ਼ਤਿਹਾਰਬਾਜ਼ੀ ਦੀ ਤਕਨੀਕ ਨੂੰ ਸੰਭਾਲਣਾ ਸੀ।
ਉਸ ਸਮੇਂ ਕੰਪਨੀ ਵਿੱਚ ਸਿਰਫ਼ 1000 ਕਰਮਚਾਰੀ ਸਨ।

- ਇਲੋਨ ਮਸਕ ਵੱਲੋਂ ਟਵਿੱਟਰ ਉੱਪਰ ਮਾਲਕੀ ਦਾ ਐਲਾਨ।
- ਕੰਪਨੀ ਦੇ ਸੀਈਓ ਪਰਾਗ ਅਗਰਵਾਲ ਤੇ ਲੀਗਲ ਮੁਖੀ ਵਿਜਯ ਗੜੇ ਦਾ ਜਾਣਾ ਤੈਅ ਮੰਨਿਆ ਜਾ ਰਿਹਾ ਹੈ।
- ਪਰਾਗ ਅਗਰਵਾਲ ਨੇ ਆਈਆਈਟੀ ਬੰਬੇ ਤੋਂ ਕੰਪਿਊਟਰ ਸਾਇੰਸ ਵਿੱਚ ਗ੍ਰੈਜੂਏਸ਼ਨ ਕੀਤੀ ਸੀ।
- ਵਿਜਯ ਗੜੇ ਸਿਲੀਕਾਨ ਵੈਲੀ ਦਾ ਜਾਣਿਆ ਪਛਾਣਿਆ ਨਾਮ ਹਨ।
- ਹੈਦਰਾਬਾਦ ਵਿੱਚ ਜਨਮੀ ਵਿਜਯ ਗੜੇ ਅਮਰੀਕਾ ਦੇ ਟੈਕਸਸ ਵਿੱਚ ਵੱਡੀ ਹੋਈ।

ਇਸ ਤੋਂ ਬਾਅਦ ਅਗਰਵਾਲ ਟਵਿੱਟਰ ਦੇ ਨਿਰਮਾਣ ਦੇ ਲਿਹਾਜ਼ ਨਾਲ ਸਭ ਤੋਂ ਅਹਿਮ ਮੰਨੇ ਜਾਂਦੇ ਇੱਕ ਸਮੂਹ ਦੇ ਮੈਂਬਰ ਬਣ ਗਏ।
ਇਹ ਕੰਪਨੀ ਦੇ ਉੱਚ ਇੰਜੀਨੀਅਰਾਂ ਦੀ ਟੀਮ ਸੀ ਜੋ ਟਵਿੱਟਰ ਦੇ ਆਉਣ ਵਾਲੇ ਪ੍ਰੋਜੈਕਟਾਂ ਦੀ ਸਮੀਖਿਆ ਅਤੇ ਸੁਧਾਰਾਂ ਉੱਪਰ ਕੰਮ ਕਰਦੀ ਸੀ।
ਮੋਢਿਆਂ ਉੱਪਰ ਅਹਿਮ ਜ਼ਿੰਮੇਵਾਰੀਆਂ ਦੇ ਬਾਵਜੂਦ ਪਰਾਗ ਅਗਰਵਾਲ ਹਮੇਸ਼ਾ ਖ਼ਬਰਾਂ ਤੋਂ ਦੂਰ ਰਹੇ ਸਨ।
ਸਾਲ 2017 ਵਿੱਚ ਉਨ੍ਹਾਂ ਨੂੰ ਕੰਪਨੀ ਦੇ ਚੀਫ਼ ਤਕਨੀਕੀ ਅਫ਼ਸਰ ਬਣਾਇਆ ਗਿਆ।
ਇਸ ਅਹੁਦੇ ਉੱਪਰ ਰਹਿੰਦੇ ਹੋਏ ਉਨ੍ਹਾਂ ਨੇ ਟਵਿੱਟਰ ਦੀ ਤਕਨੀਕੀ ਰਣਨੀਤੀ ਬਣਾਉਣ ਅਤੇ ਸਾਫ਼ਟਵੇਅਰ ਡਿਵੈਲਪਮੈਂਟ ਦਾ ਕੰਮ ਸੰਭਾਲਿਆ ਸੀ।
ਟਵਿੱਟਰ ਨਾਲ ਕੰਮ ਕਰਨ ਤੋਂ ਪਹਿਲਾਂ ਪਰਾਗ ਮਾਇਕਰੋਸਾਫ਼ਟ, ਯਾਹੂ ਅਤੇ ਯੂਐੱਸ ਵਿੱਚ ਟੈਲੀਕਾਮ ਦੇ ਖੇਤਰ ਵਿੱਚ ਦਿੱਗਜ ਕੰਪਨੀ ਏਟੀ ਐਂਡ ਟੀ ਵਿੱਚ ਵੀ ਕੰਮ ਕਰ ਚੁੱਕੇ ਹਨ।
ਜੈਕ ਡੋਰਸੀ ਨੇ ਪਿਛਲੇ ਸਾਲ ਟਵਿੱਟਰ ਦੇ ਸੀਈਓ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਦੱਸਿਆ ਸੀ ਕਿ ਕੰਪਨੀ ਦੇ ਅਹਿਮ ਫੈਸਲਿਆਂ ਪਿੱਛੇ ਪਰਾਗ ਅਗਰਵਾਲ ਰਹੇ ਹਨ। ਉਹ ਕਾਫ਼ੀ ਉਤਸੁਕ, ਖੋਜ ਕਰਨ ਵਾਲੇ, ਰਚਨਾਤਮਕ, ਜਾਗਰੂਕ ਅਤੇ ਨਰਮ ਸੁਭਾਅ ਵਾਲੇ ਹਨ।
ਉਨ੍ਹਾਂ ਨੇ ਲਿਖਿਆ, "ਉਹ ਦਿਲ ਅਤੇ ਆਤਮਾ ਤੋਂ ਟੀਮ ਦੀ ਅਗਵਾਈ ਕਰਦੇ ਹਨ। ਉਹ ਅਜਿਹੇ ਹਨ ਕਿ ਮੈਂ ਉਨ੍ਹਾਂ ਤੋਂ ਹਰ ਰੋਜ਼ ਕੁਝ ਸਿੱਖਦਾ ਹਾਂ। ਸੀਈਓ ਦੇ ਰੂਪ ਵਿੱਚ ਮੇਰਾ ਉਨ੍ਹਾਂ ਉੱਪਰ ਬਹੁਤ ਭਰੋਸਾ ਹੈ।"

ਤਸਵੀਰ ਸਰੋਤ, Getty Images
ਵਿਜਯ ਗੜੇ ਦੀ ਵੀ ਟਵਿੱਟਰ ਤੋਂ ਵਿਦਾਈ ਦੀ ਚਰਚਾ
ਅਮਰੀਕੀ ਮੀਡੀਆ ਵਿੱਚ ਆ ਰਹੀਆਂ ਖ਼ਬਰਾਂ ਮੁਤਾਬਕ ਟਵਿੱਟਰ ਦੇ ਸੀਈਓ ਪਰਾਗ ਅਗਰਵਾਲ ਸਮੇਤ ਦੋ ਸੀਨੀਅਰ ਮੈਨੇਜਰਾਂ ਨੂੰ ਵੀ ਨੌਕਰੀ ਤੋਂ ਹਟਾ ਦਿੱਤਾ ਗਿਆ ਹੈ।
ਇਨ੍ਹਾਂ ਵਿੱਚ ਕੰਪਨੀ ਦੀ ਲੀਗਲ ਮੁਖੀ ਵਿਜਯ ਗੜੇ ਵੀ ਸ਼ਾਮਿਲ ਹਨ।
47 ਸਾਲਾਂ ਵਿਜਯ ਗੜੇ ਸਿਲੀਕਾਨ ਵੈਲੀ ਦਾ ਮੰਨਿਆ-ਪ੍ਰਮੰਨਿਆ ਨਾਮ ਹਨ। ਇਹ ਵੀ ਕਿਹਾ ਜਾਂਦਾ ਹੈ ਕਿ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੌਨਲਡ ਟਰੰਪ ਦੇ ਟਵਿੱਟਰ ਉੱਪਰ ਰੋਕ ਲਗਾਉਣ ਪਿੱਛੇ ਵੀ ਗੜੇ ਦੀ ਅਹਿਮ ਭੂਮਿਕਾ ਸੀ।
ਹੈਦਰਾਬਾਦ ਵਿੱਚ ਜਨਮੀ ਵਿਜਯ ਗੜੇ ਅਮਰੀਕਾ ਦੇ ਟੈਕਸਸ ਵਿੱਚ ਵੱਡੀ ਹੋਈ।
ਉਨ੍ਹਾਂ ਨੇ ਕਾਰਨਲ ਯੂਨੀਵਰਸਿਟੀ ਅਤੇ ਨਿਊਯਾਰਕ ਸਕੂਲ ਆਫ਼ ਲਾਅ ਤੋਂ ਪੜ੍ਹਾਈ ਕੀਤੀ ਹੈ।
ਵਿਜਯ ਗੜੇ ਨੇ ਵੀ ਸਾਲ 2011 ਵਿੱਚ ਹੀ ਟਵਿੱਟਰ ਵਿੱਚ ਨੌਕਰੀ ਕੀਤੀ ਸੀ।
ਟਵਿੱਟਰ ਵਿੱਚ ਵਿਜਯ ਗੜੇ ਦਾ ਕੰਮ ਕੰਟੈਂਟ ਨੂੰ ਛੋਟਾ ਕਰਨਾ ਅਤੇ ਇਸ ਪਲੇਟਫ਼ਾਰਮ ਦੀ ਸੁਰੱਖਿਆ ਨੀਤੀ ਦੀ ਜ਼ਿੰਮੇਵਾਰੀ ਸੰਭਾਲਣਾ ਸੀ।
ਸਾਲ 2020 ਵਿੱਚ ਵਿਜਯ ਗੜੇ ਉਸ ਸਮੇਂ ਸੁਰਖੀਆਂ ਵਿੱਚ ਆਈ ਸੀ ਜਦੋਂ ਉਨ੍ਹਾਂ ਨੇ ਅਮਰੀਕੀ ਰਾਸ਼ਟਰਪਤੀ ਦੀ ਚੋਣ ਸਮੇਂ ਟਵਿੱਟਰ ਉੱਪਰ ਰਾਜਨੀਤਿਕ ਇਸ਼ਤਿਹਾਰਾਂ ਉੱਪਰ ਰੋਕ ਲਗਾ ਦਿੱਤੀ ਸੀ।
ਇਸ ਤੋਂ ਇਲਾਵਾ ਵਿਜਯ ਗੜੇ ਨੇ ਹੀ ਕਥਿਤ ਤੌਰ 'ਤੇ ਰਾਸ਼ਟਰਪਤੀ ਜੋਅ ਬਾਇਡਨ ਦੇ ਪੁੱਤਰ ਹੰਟਰ ਬਾਇਡਨ ਦੇ ਲੈਪਟਾਪ ਵਿੱਚੋਂ ਬਰਾਮਦ ਹੋਈਆਂ ਕੁਝ ਫ਼ਾਇਲਾਂ ਦੇ ਅਧਾਰ ਉੱਤੇ ਲਿਖੀ ਗਈ ਨਿਊਯਾਰਕ ਪੋਸਟ ਦੀ ਖ਼ਬਰ ਨੂੰ ਟਵਿੱਟਰ 'ਤੇ ਸ਼ੇਅਰ ਹੋਣ ਤੋਂ ਰੋਕਿਆ ਸੀ।
ਉਸ ਸਮੇਂ ਨਿਊਯਾਰਕ ਪੋਸਟ ਦਾ ਟਵਿੱਟਰ ਹੈਂਡਲ ਵੀ ਕਰੀਬ ਇੱਕ ਹਫ਼ਤੇ ਤੱਕ ਸਸਪੈਂਡ ਰਿਹਾ ਸੀ।
ਟਵਿੱਟਰ ਵਿੱਚ ਸਭ ਤੋਂ ਵੱਧ ਤਨਖਾਹ ਲੈਣ ਵਾਲਿਆਂ ਵਿੱਚੋਂ ਇੱਕ ਗੜੇ ਦਾ ਜਾਣਾ ਲਗਭਗ ਤੈਅ ਮੰਨਿਆ ਜਾ ਰਿਹਾ ਹੈ।
ਇਹ ਉਸ ਸਮੇਂ ਤੋਂ ਲੱਗ ਰਿਹਾ ਹੈ ਜਦੋਂ ਤੋਂ ਮਸਕ ਨੇ ਕੰਪਨੀ ਨੂੰ ਖਰੀਦਣ ਦਾ ਐਲਾਨ ਕੀਤਾ ਹੈ।

ਇਹ ਵੀ ਪੜ੍ਹੋ-













