ਪਾਕਿਸਤਾਨ ਵਿੱਚ ਇੱਕ ਸਿੱਖ ਬੱਚੇ ਨਾਲ ਜਿਨਸੀ ਛੇੜਛਾੜ ਦਾ ਪੂਰਾ ਮਾਮਲਾ ਕੀ ਹੈ

ਤਸਵੀਰ ਸਰੋਤ, Getty Images
- ਲੇਖਕ, ਸ਼ੁਮਾਇਲਾ ਜਾਫਰੀ
- ਰੋਲ, ਬੀਬੀਸੀ ਪੱਤਰਕਾਰ, ਪਾਕਿਸਤਾਨ
ਪਾਕਿਸਤਾਨ ਵਿੱਚ ਇੱਕ ਸਿੱਖ ਬੱਚੇ ਨਾਲ ਕਥਿਤ ਜਿਨਸੀ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਹੈ।
ਖ਼ਬਰ ਮੁਤਾਬਕ ਪਾਕਿਸਤਾਨ ਦੇ ਦੱਖਣੀ ਸਿੰਧ ਸੂਬੇ ਦੇ ਜੈਕਬਾਬਾਦ ਇਲਾਕੇ ਵਿੱਚ ਇੱਕ ਚੌਦਾਂ ਸਾਲਾ ਸਿੱਖ ਮੁੰਡੇ ਨਾਲ ਦੋ ਮੁਸਲਮਾਨ ਵਿਅਕਤੀਆਂ ਵੱਲੋਂ ਕਥਿਤ ਤੌਰ 'ਤੇ ਜਿਨਸੀ ਛੇੜਛਾੜ ਕੀਤੀ ਗਈ।
ਪਰਿਵਾਰ ਦਾ ਕਹਿਣਾ ਹੈ ਪੀੜਤ ਨੂੰ ਉਨ੍ਹਾਂ ਵਿਅਕਤੀਆਂ ਨੇ ਪੁਰਾਣਾ ਮੋਟਰਸਾਈਕਲ ਦੇਣ ਦਾ ਵਾਅਦਾ ਕਰ ਕੇ ਵਰਗਲਾਇਆ ਸੀ।
ਪੀੜਤ ਦੇ ਪਿਤਾ ਨੇ ਬੀਬੀਸੀ ਨੂੰ ਦੱਸਿਆ ਕਿ ਇਹ ਘਟਨਾ 10 ਅਕਤੂਬਰ ਦੇ ਦਿਨ ਵਾਪਰੀ। ਘਟਨਾ ਨੂੰ ਅੰਜ਼ਾਮ ਦਿਨ-ਦਿਹਾੜੇ ਦਿੱਤਾ ਗਿਆ ਸੀ।
ਉਨ੍ਹਾਂ ਮੁਤਾਬਕ ਘਟਨਾ ਦਾ ਮੁੱਖ ਮੁਲਜ਼ਮ ਸਥਾਨਕ ਮੋਟਰਸਾਈਕਲ ਰਿਪੇਅਰ ਦੀ ਦੁਕਾਨ 'ਤੇ ਮਕੈਨਿਕ ਵਜੋਂ ਕੰਮ ਕਰਦਾ ਸੀ ਅਤੇ ਉਹ ਪੂਰੇ ਪਰਿਵਾਰ ਨੂੰ ਜਾਣਦਾ ਸੀ।
ਪੀੜਤ ਦੇ ਪਿਤਾ ਮੁਤਾਬਕ ਮੁੰਡਾ ਦਿਵਾਲੀ ਦੇ ਤਿਉਹਾਰ ਮੌਕੇ ਪੁਰਾਣਾ ਮੋਟਰਸਾਈਕਲ ਲੈਣਾ ਚਾਹੁੰਦਾ ਸੀ।
ਕਰੀਬ ਤਿੰਨ ਵਜੇ ਪੀੜਤ ਨੂੰ ਮੁੱਖ ਮੁਲਜ਼ਮ ਦਾ ਫੋਨ ਆਇਆ ਸੀ। ਜਿਸ ਨੇ ਉਸ ਨੂੰ ਮੋਟਰਸਾਈਕਲ ਦੇਖਣ ਲਈ ਨੇੜੇ ਦੀ ਖਾਲੀ ਇਮਾਰਤ 'ਤੇ ਆਉਣ ਲਈ ਕਿਹਾ ਸੀ।

- ਪਾਕਿਸਤਾਨ ਵਿੱਚ ਇੱਕ ਸਿੱਖ ਬੱਚੇ ਨਾਲ ਕਥਿਤ ਜਿਨਸੀ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਹੈ।
- ਇਹ ਘਟਨਾ 10 ਅਕਤੂਬਰ ਵਾਲੇ ਦਿਨ ਵਾਪਰੀ।
- ਪਿਤਾ ਮੁਤਾਬਕ ਬੱਚੇ ਨੂੰ ਪੁਰਾਣਾ ਮੋਟਰਸਾਈਕਲ ਦੇਣ ਦਾ ਵਾਅਦਾ ਕਰ ਕੇ ਵਰਗਲਾਇਆ ਗਿਆ ਸੀ।
- ਪੀੜਤ ਦੇ ਪਿਤਾ ਮੁਤਾਬਕ ਮੁੰਡਾ ਦਿਵਾਲੀ ਦੇ ਤਿਉਹਾਰ ਮੌਕੇ ਪੁਰਾਣਾ ਮੋਟਰਸਾਈਕਲ ਲੈਣਾ ਚਾਹੁੰਦਾ ਸੀ।
- ਜੈਕਬਾਬਾਦ ਦੇ ਐੱਸਐੱਸਪੀ ਸੁਮੈਰ ਨੂਰ ਚੰਨਾ ਦੇ ਇਸ ਘਟਨਾ ਬਾਰੇ ਬੀਬੀਸੀ ਨੂੰ ਪੁਸ਼ਟੀ ਕੀਤੀ ਹੈ।

ਹਾਲਾਂਕਿ, ਪੀੜਤਾ ਦੇ ਪਿਤਾ ਨੇ ਦਾਅਵਾ ਕੀਤਾ ਕਿ ਜਦੋਂ ਲੜਕਾ ਇਮਾਰਤ ਵਿੱਚ ਗਿਆ ਤਾਂ ਸਥਾਨਕ ਮਕੈਨਿਕ ਅਤੇ ਹਵਾਈ ਅੱਡੇ 'ਤੇ ਕੰਮ ਕਰਨ ਵਾਲਾ ਇੱਕ ਹੋਰ ਵਿਅਕਤੀ, ਉਸ ਨੂੰ ਅੰਦਰ ਲੈ ਗਏ।
ਉਨ੍ਹਾਂ ਨੇ ਅੰਦਰ ਜਾ ਕੇ ਦਰਵਾਜ਼ਾ ਬੰਦ ਕਰ ਦਿੱਤਾ ਅਤੇ ਉਸ ਨਾਲ ਬਲਾਤਕਾਰ ਕੀਤਾ।
ਪੀੜਤ ਦੇ ਪਿਤਾ ਨਾ ਦੱਸਿਆ ਕਿ ਉਨ੍ਹਾਂ ਨੂੰ ਇਸ ਘਟਨਾ ਬਾਰੇ ਉਦੋਂ ਪਤਾ ਲੱਗਾ, ਜਦੋਂ ਉਹ ਸ਼ਾਮ ਨੂੰ ਆਪਣੀ ਦੁਕਾਨ ਤੋਂ ਘਰ ਪਰਤੇ ਸਨ।
ਉਨ੍ਹਾਂ ਘਟਨਾ ਦੀ ਜਾਣਕਾਰੀ ਮਿਲਦੇ ਹੀ ਇਸ ਦੀ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਵਾਈ।
ਪੀੜਤ ਦੇ ਪਿਤਾ ਮੁਤਾਬਕ ਜੈਕਬਾਬਾਦ ਵਿੱਚ ਵੰਡ ਤੋਂ ਪਹਿਲਾਂ ਦੇ ਕਰੀਬ 400 ਸਿੱਖ ਪਰਿਵਾਰ ਰਹਿ ਰਹੇ ਹਨ ਪਰ ਇਸ ਤਰ੍ਹਾਂ ਦੀ ਘਟਨਾ ਪਹਿਲਾ ਕਦੇ ਨਹੀਂ ਵਾਪਰੀ।

ਤਸਵੀਰ ਸਰੋਤ, Getty Images
ਪੁਲਿਸ ਨੇ ਕੀਤੀ ਪੁਸ਼ਟੀ
ਜੈਕਬਾਬਾਦ ਦੇ ਐੱਸਐੱਸਪੀ ਸੁਮੈਰ ਨੂਰ ਚੰਨਾ ਦੇ ਇਸ ਘਟਨਾ ਬਾਰੇ ਬੀਬੀਸੀ ਨੂੰ ਪੁਸ਼ਟੀ ਕੀਤੀ ਹੈ।
ਉਨ੍ਹਾਂ ਨੇ ਤਸਦੀਕ ਕੀਤੀ ਹੈ ਕਿ ਇਸ ਸਬੰਧੀ ਇੱਕ ਐੱਫਆਈਆਰ ਦਰਜ ਹੋਈ ਹੈ ਅਤੇ ਪੁਲਿਸ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕਰ ਰਹੀ ਹੈ।
ਉਨ੍ਹਾਂ ਨੇ ਅੱਗੇ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਡੀਐੱਨਏ ਟੈਸਟ ਕੀਤਾ ਗਿਆ ਹੈ ਅਤੇ ਰਿਪੋਰਟ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ।
ਹਾਲਾਂਕਿ, ਪੀੜਤ ਅਤੇ ਐੱਸਐੱਸਪੀ ਦੋਵੇਂ ਇਸ ਗੱਲ ਤੋਂ ਇਨਕਾਰ ਕਰ ਰਹੇ ਹਨ ਕਿ ਮੁਲਜ਼ਮ ਨੇ ਪਰਿਵਾਰ ਨੂੰ ਬਲੈਕਮੇਲ ਕਰਨ ਲਈ ਬੱਚੇ ਨਾਲ ਛੇੜਛਾੜ ਦਾ ਵੀਡੀਓ ਬਣਾਇਆ ਹੈ।

ਇਹ ਵੀ ਪੜ੍ਹੋ-

ਪਾਕਿਸਤਾਨ ਵਿੱਚ ਘੱਟ ਗਿਣਤੀਆਂ ਸਬੰਧੀ ਹੋਰ ਘਟਨਾਵਾਂ
ਇਸ ਤੋਂ ਪਹਿਲਾਂ ਅਗਸਤ 2022 ਵਿੱਚ ਪਾਕਿਸਤਾਨ ਦੇ ਵਿੱਚ ਇੱਕ ਸਿੱਖ ਭਾਈਚਾਰੇ ਦੀ ਕੁੜੀ ਦਾ ਜ਼ਬਰਦਸਤੀ ਇਸਲਾਮ 'ਚ ਧਰਮ ਪਰਿਵਰਤਨ ਅਤੇ ਵਿਆਹ ਕਰਵਾਏ ਜਾਣ ਦਾ ਮਾਮਲਾ ਸਾਹਮਣਾ ਆਇਆ ਸੀ।
ਇਹ ਘਟਨਾ ਪਾਕਿਸਤਾਨ ਦੇ ਖ਼ੈਬਰ ਪਖਤੂਖਵਾ ਦੇ ਬੁਨੇਰ ਜ਼ਿਲ੍ਹੇ ਦੀ ਸੀ।
ਉਸ ਵੇਲੇ ਮੁਜ਼ਾਹਰਾ ਕਰਨ ਵਾਲੇ ਲੋਕਾਂ ਦਾ ਕਹਿਣਾ ਸੀ ਕਿ ਭਾਈਚਾਰੇ ਦੀ ਇੱਕ ਕੁੜੀ ਬੀਨਾ ਕੁਮਾਰੀ ਨੂੰ ਅਗਵਾ ਕਰਕੇ ਉਸ ਨਾਲ ਬਲਾਤਕਾਰ ਕੀਤਾ ਗਿਆ ਅਤੇ ਫਿਰ ਉਸ ਦਾ ਜ਼ਬਰਦਸਤੀ ਧਰਮ ਪਰਿਵਰਤਨ ਕਰਵਾਇਆ ਗਿਆ।
ਉਸ ਤੋਂ ਬਾਅਦ ਉਸ ਔਰਤ ਦਾ ਵਿਆਹ ਮੁਸਲਮਾਨ ਵਿਅਕਤੀ ਨਾਲ ਕਰਵਾ ਦਿੱਤਾ ਗਿਆ ਸੀ।
ਹਾਲਾਂਕਿ, ਬਾਅਦ ਵਿੱਚ ਜਿਸ ਦੇ ਅਗਵਾ ਹੋਣ ਦੀ ਗੱਲ ਆਖੀ ਜਾ ਰਹੀ ਸੀ ਉਸ ਕੁੜੀ ਨੇ ਇੱਕ ਵੀਡੀਓ ਬਿਆਨ ਜਾਰੀ ਕਰਕੇ ਕਿਹਾ ਸੀ ਕਿ ਉਸ ਨੇ ਵਿਆਹ ਆਪਣੀ ਮਰਜ਼ੀ ਨਾਲ ਕਰਵਾਇਆ ਹੈ।
ਸਾਲ 2020 ਵਿੱਚ ਅਜਿਹੀ ਹੀ ਇੱਕ ਘਟਨਾ ਨਨਕਾਣਾ ਸਾਹਿਬ ਵਿਖੇ ਵੀ ਵਾਪਰੀ ਸੀ। ਉਦੋਂ ਸਿੱਖ ਭਾਈਚਾਰੇ ਨੇ ਇਲਜ਼ਾਮ ਲਗਾਇਆ ਸੀ ਕਿ ਇੱਕ ਗ੍ਰੰਥੀ ਦੀ ਧੀ ਨੂੰ ਅਗਵਾ ਕਰਕੇ ਜ਼ਬਰਦਸਤੀ ਉਸ ਦਾ ਧਰਮ ਪਰਿਵਰਤਨ ਕਰਵਾਇਆ ਗਿਆ ਸੀ।
ਉਸ ਸਮੇਂ ਵੀ ਪ੍ਰਦਰਸ਼ਨ ਹੋਏ ਸਨ, ਕਈ ਮਹੀਨਿਆਂ ਤੱਕ ਮਾਮਲਾ ਅਦਾਲਤ 'ਚ ਰਿਹਾ ਅਤੇ ਕੁੜੀ ਨੇ ਬਿਆਨ ਦਿੱਤੇ ਕਿ ਉਸ ਨੇ ਆਪਣੀ ਮਰਜ਼ੀ ਨਾਲ ਵਿਆਹ ਕਰਵਾਇਆ ਸੀ।
ਜ਼ਬਰਦਸਤੀ ਧਰਮ ਪਰਿਵਰਤਨ ਦੇ ਅਜਿਹੇ ਮਾਮਲੇ ਦੱਖਣੀ ਸਿੰਧ ਸੂਬੇ ਤੋਂ ਵੀ ਸਾਹਮਣੇ ਆਏ ਹਨ। ਇੱਥੇ ਬਹੁਤ ਵਾਰ ਹਿੰਦੂ ਭਾਈਚਾਰੇ ਵੱਲੋਂ ਅਜਿਹੇ ਦਾਅਵੇ ਕੀਤੇ ਗਏ ਹਨ ਕਿ ਉਨ੍ਹਾਂ ਦੀਆਂ ਕੁੜੀਆਂ ਨੂੰ ਬਹਿਲਾ-ਫੁਸਲਾ ਕੇ ਮੁਸਲਮਾਨ ਪੁਰਸ਼ਾਂ ਨਾਲ ਉਨ੍ਹਾਂ ਦੇ ਵਿਆਹ ਕਰਵਾ ਦਿੱਤੇ ਗਏ।

ਇਹ ਵੀ ਪੜ੍ਹੋ-












