ਮਹਾਰਾਣੀ ਐਲਿਜ਼ਾਬੈਥ II ਦੀ ਅੰਤਿਮ ਯਾਤਰਾ : ਪੂਰੇ ਦਿਨ ਵਿੱਚ ਕੀ ਕੁਝ ਹੋਵੇਗਾ

ਤਸਵੀਰ ਸਰੋਤ, Getty Images
- ਲੇਖਕ, ਦਿ ਵੀਜ਼ੂਅਲ ਜਰਨਲਿਜ਼ਮ ਟੀਮ
- ਰੋਲ, ਬੀਬੀਸੀ ਨਿਊਜ਼
ਸਰਕਾਰੀ ਸਨਮਾਨਾਂ ਨਾਲ ਕਈ ਦਿਨਾਂ ਤੋਂ ਰੱਖੀ ਮਹਾਰਾਣੀ ਐਲਿਜ਼ਾਬੈਥ II ਦੀ ਮ੍ਰਿਤਕ ਦੇਹ ਸੋਮਵਾਰ ਦੀ ਸਵੇਰੇ ਆਪਣੀ ਅੰਤਿਮ ਯਾਤਰਾ ਸ਼ੁਰੂ ਕਰੇਗੀ।
ਉਨ੍ਹਾਂ ਨੂੰ ਵੈਸਟਮਿੰਸਟਰ ਐਬੇ ਲੈ ਕੇ ਜਾਣਗੇ, ਜਿੱਥੇ ਹਜ਼ਾਰਾਂ ਲੋਕਾਂ ਦੇ ਇਕੱਠ ਸਾਹਮਣੇ ਇੱਕ ਧਾਰਮਿਕ ਸਮਾਗਮ ਹੋਵੇਗਾ।
ਫਿਰ ਉਨ੍ਹਾਂ ਵਿੰਡਸਰ ਕੈਸਲ ਲੈ ਕੇ ਜਾਣਗੇ ਅਤੇ ਜਿੱਥੇ ਉਨ੍ਹਾਂ ਨੂੰ ਦਫ਼ਨ ਕੀਤਾ ਜਾਵੇਗਾ। ਇਸ ਦੌਰਾਨ ਪਰਿਵਾਰ ਦੇ ਲੋਕ ਵੀ ਸ਼ਾਮਿਲ ਹੋਣਗੇ।
ਇਹ ਉਹ ਭਾਵਨਾ, ਰੌਣਕ ਅਤੇ ਰਸਮਾਂ ਵਾਲਾ ਦਿਨ ਹੋਵੇਗਾ, ਜਿਸ ਵਰਗਾ ਲਗਭਗ 60 ਸਾਲ ਪਹਿਲਾਂ ਵਿੰਸਟਨ ਚਰਚਿਲ ਦੇ ਅੰਤਿਮ ਸੰਸਕਾਰ ਤੋਂ ਬਾਅਦ ਨਹੀਂ ਦੇਖਿਆ ਗਿਆ ਸੀ।
ਬਕਿੰਘਮ ਪੈਲੇਸ ਨੇ ਕਿਹਾ ਹੈ ਕਿ ਮਹਾਰਾਣੀ ਨੇ ਆਪ ਇਨ੍ਹਾਂ ਯੋਜਨਾਵਾਂ ਵਿੱਚ ਕੁਝ ਨਿੱਜੀ ਵਾਧਾ ਕਰਵਾਇਆ ਸੀ।
ਆਓ 19 ਸਤੰਬਰ ਨੂੰ ਹੋਣ ਵਾਲੇ ਘਟਨਾਕ੍ਰਮ ਉੱਤੇ ਇੱਕ ਝਾਤ ਮਾਰਦੇ ਹਾਂ-

ਮਹਾਰਾਣੀ ਨੂੰ ਲੰਡਨ ਦੇ ਵੈਸਟਮਿੰਸਟਰ ਹਾਲ ਵਿੱਚ ਸਵੇਰੇ ਰੱਖਿਆ ਹੈ। ਸੋਮਵਾਰ ਸਵੇਰੇ 'ਲਾਂਈਗ-ਇਨ- ਸਟੇਟ' ਦਾ ਸਮਾਪਨ ਹੋਵੇਗਾ। ਹਜ਼ਾਰਾਂ ਲੋਕ ਕਤਾਰਾਂ ਲਗਾ ਕੇ ਉਨ੍ਹਾਂ ਨੂੰ ਆਖਰੀ ਵਾਰ ਦੇਖਣ ਲਈ ਖੜ੍ਹੇ ਹਨ।

ਥੋੜੀ ਦੂਰੀ 'ਤੇ, ਵੈਸਟਮਿੰਸਟਰ ਐਬੇ ਵਿਖੇ, 11:00 ਵਜੇ ਸੇਵਾ ਤੋਂ ਪਹਿਲਾਂ ਮਹਿਮਾਨਾਂ ਦੇ ਆਉਣ ਲਈ ਦਰਵਾਜ਼ੇ ਖੋਲ੍ਹ ਦਿੱਤੇ ਜਾਣਗੇ।
ਮਹਾਰਾਣੀ ਦੇ ਜੀਵਨ ਅਤੇ ਸੇਵਾ ਨੂੰ ਯਾਦ ਕਰਨ ਲਈ ਦੁਨੀਆ ਭਰ ਦੇ ਦੇਸ਼ਾਂ ਦੇ ਮੁਖੀ ਸ਼ਾਹੀ ਪਰਿਵਾਰ ਦੇ ਮੈਂਬਰਾਂ ਨੂੰ ਮਿਲਣਗੇ।
ਯੂਕੇ ਦੇ ਸੀਨੀਅਰ ਸਿਆਸਤਦਾਨ ਅਤੇ ਸਾਬਕਾ ਪ੍ਰਧਾਨ ਮੰਤਰੀ ਵੀ ਉੱਥੇ ਮੌਜੂਦ ਰਹਿਣਗੇ।
ਇਸ ਦੌਰਾਨ ਪੂਰੇ ਯੂਰਪ ਦੇ ਸ਼ਾਹੀ ਪਰਿਵਾਰਾਂ ਦੇ ਮੈਂਬਰ, ਜਿਨ੍ਹਾਂ ਵਿੱਚੋਂ ਕਈ ਮਹਾਰਾਣੀ ਦੇ ਪਰਿਵਾਰਕ ਮੈਂਬਰ ਹਨ, ਦੇ ਵੀ ਪਹੁੰਚਣ ਦੀ ਉਮੀਦ ਹੈ।
ਬੈਲਜ਼ੀਅਮ ਦੇ ਰਾਜਾ ਫਿਲਿਪ ਤੇ ਰਾਣੀ ਮਥਿਲਡੇ ਅਤੇ ਸਪੇਨ ਦੇ ਰਾਜਾ ਫਿਲਿਪੇ ਤੇ ਰਾਣੀ ਲੇਟੀਜ਼ੀਆ ਵੀ ਉੱਥੇ ਮੌਜੂਦ ਰਹਿਣਗੇ।

ਇਸ ਵੇਲੇ ਆਖ਼ਰੀ ਰਸਮਾਂ ਦਾ ਸਮਾਂ ਸ਼ੁਰੂ ਹੋ ਜਾਵੇਗਾ ਕਿਉਂਕਿ ਮਹਾਰਾਣੀ ਦੇ ਤਾਬੂਤ ਨੂੰ ਕੈਟਾਫਾਲਕ ਤੋਂ ਚੁੱਕ ਲਿਆ ਜਾਵੇਗਾ, ਜਿੱਥੇ ਇਹ ਬੁੱਧਵਾਰ ਦੁਪਹਿਰ ਤੋਂ ਉਨ੍ਹਾਂ ਨੂੰ ਰੱਖਿਆ ਗਿਆ ਸੀ ਅਤੇ ਉਨ੍ਹਾਂ ਦੀਆਂ ਅੰਤਿਮ-ਰਸਮਾਂ ਲਈ ਮਹਾਰਾਣੀ ਨੂੰ ਵੈਸਟਮਿੰਸਟਰ ਐਬੇ ਲੈ ਕੇ ਜਾਣਗੇ।
ਮਹਾਰਾਣੀ ਨੂੰ ਰੋਇਲ ਨੇਵੀ ਦੇ ਸਟੇਟ ਗੰਨ ਕੈਰਿਜ ਰਾਹੀਂ ਲੈ ਕੇ ਜਾਣਗੇ, ਜਿਸ ਨੂੰ 142 ਸੇਲਰ ਖਿੱਚ ਰਹੇ ਹੋਣਗੇ।
ਕੈਰਿਜ ਨੂੰ ਆਖ਼ਰੀ ਵਾਰ 1979 ਵਿੱਚ ਪ੍ਰਿੰਸ ਫਿਲਿਪ ਦੇ ਚਾਚਾ, ਲਾਰਡ ਮਾਊਂਟਬੈਟਨ ਦੇ ਅੰਤਿਮ ਸੰਸਕਾਰ ਲਈ ਦੇਖਿਆ ਗਿਆ ਸੀ ਅਤੇ 1952 ਵਿੱਚ ਮਹਾਰਾਣੀ ਦੇ ਪਿਤਾ ਜਾਰਜ VI ਲਈ ਵਰਤਿਆ ਗਿਆ ਸੀ।

ਨਵੇਂ ਰਾਜੇ, ਉਨ੍ਹਾਂ ਪੁੱਤਰ ਪ੍ਰਿੰਸ ਵਿਲੀਅਮ ਅਤੇ ਪ੍ਰਿੰਸ ਹੈਰੀ ਸਮੇਤ ਸ਼ਾਹੀ ਪਰਿਵਾਰ ਦੇ ਸੀਨੀਅਰ ਮੈਂਬਰ ਬੰਦੂਕ ਵਾਲੀ ਗੱਡੀ (ਕੈਰਿਜ) ਦੇ ਪਿੱਛੇ ਚੱਲਣਗੇ।
ਸਕਾਟਿਸ਼ ਅਤੇ ਆਇਰਿਸ਼ ਰੈਜੀਮੈਂਟਾਂ ਦੇ ਪਾਈਪ ਅਤੇ ਡਰੱਮ ਰਾਇਲ ਏਅਰ ਫੋਰਸ ਅਤੇ ਗੋਰਖਾ ਸੈਨਿਕਾਂ ਦੇ ਨਾਲ ਸਮਾਰੋਹ ਦੀ ਅਗਵਾਈ ਕਰਨਗੇ।
ਰੂਟ, ਰੋਇਲ ਨੇਵੀ ਅਤੇ ਰੋਇਲ ਮਰੀਨ ਵੱਲੋਂ ਕਤਾਰਬੱਧ ਕੀਤਾ ਜਾਵੇਗਾ ਅਤੇ ਇੱਕ ਰੋਇਲ ਮਰੀਨ ਬੈਂਡ ਦੇ ਨਾਲ, ਤਿੰਨੋਂ ਮਿਲਟਰੀ ਸੇਵਾਵਾਂ ਦੇ ਬਣੇ ਪਾਰਲੀਮੈਂਟ ਸਕੁਏਅਰ ਵਿੱਚ ਇੱਕ ਗਾਰਡ ਆਫ਼ ਆਨਰ ਹੋਵੇਗਾ।

ਵੈਸਟਮਿੰਸਟਰ ਹਾਲ ਐਬੇ ਵਿੱਚ ਸ਼ੁਰੂ ਹੋਣ ਵਾਲੇ ਮਹਾਰਾਣੀ ਦੀਆਂ ਅੰਤਿਮ ਰਸਮਾਂ ਵਿੱਚ ਕਰੀਬ 2 ਹਜ਼ਾਰ ਮਹਿਮਾਨਾਂ ਦੇ ਪਹੁੰਚਣ ਦੀ ਆਸ ਹੈ।
ਇਹ ਇੱਕ ਰਾਜਸੀ ਅੰਤਿਮ ਸੰਸਕਾਰ ਹੋਵੇਗਾ, ਇੱਕ ਸਮਾਗਮ ਜੋ ਆਮ ਤੌਰ 'ਤੇ ਰਾਜਿਆਂ ਜਾਂ ਰਾਣੀਆਂ ਲਈ ਕੀਤਾ ਜਾਂਦਾ ਹੈ।
ਇਹ ਪ੍ਰੋਟੋਕੋਲ ਦੇ ਸਖ਼ਤ ਨਿਯਮਾਂ ਦੀ ਪਾਲਣਾ ਕਰਦਾ ਹੈ, ਜਿਵੇਂ ਕਿ ਇੱਕ ਫੌਜੀ ਜਲੂਸ ਅਤੇ ਮ੍ਰਿਤਕ ਦੇਹ ਨੂੰ ਅੰਤਿਮ ਦਰਸ਼ਨਾਂ ਲਈ ਰੱਖਿਆ ਜਾਂਦਾ ਹੈ।
ਐਬੇ ਉਹ ਇਤਿਹਾਸਕ ਚਰਚ ਹੈ ਜਿੱਥੇ ਬ੍ਰਿਟੇਨ ਦੇ ਰਾਜਿਆਂ ਅਤੇ ਰਾਣੀਆਂ ਨੂੰ ਤਾਜ ਪਹਿਨਾਇਆ ਜਾਂਦਾ ਹੈ। ਇਸੇ ਥਾਂ 'ਤੇ 1953 ਵਿੱਚ ਮਹਾਰਾਣੀ ਦੀ ਤਾਜਪੋਸ਼ੀ ਹੋਈ ਸੀ ਅਤੇ ਇਸੇ ਥਾਂ ਉੱਤੇ ਉਨ੍ਹਾਂ ਦਾ 1947 ਵਿੱਚ ਪ੍ਰਿੰਸ ਫਿਲਿਪ ਨਾਲ ਵਿਆਹ ਹੋਇਆ ਸੀ।

18ਵੀਂ ਸਦੀ ਤੋਂ ਐਬੇ ਵਿੱਚ ਕਿਸੇ ਬਾਦਸ਼ਾਹ ਦਾ ਅੰਤਿਮ ਸਸਕਾਰ ਨਹੀਂ ਕੀਤਾ ਗਿਆ। ਹਾਲਾਂਕਿ ਇਥੇ ਮਹਾਰਾਣੀ ਦੀ ਮਾਂ ਦਾ ਅੰਤਿਮ ਸਸਕਾਰ 2002 ਵਿੱਚ ਕੀਤਾ ਗਿਆ ਸੀ।
ਮੁੱਖ ਸੇਵਾ ਸੰਭਾਵਤ ਤੌਰ 'ਤੇ ਵੈਸਟਮਿੰਸਟਰ ਦੇ ਡੀਨ ਡੇਵਿਡ ਹੋਇਲ ਵੱਲੋਂ ਕੀਤੀ ਜਾਵੇਗੀ ਜਦਕਿ ਕੈਂਟਰਬਰੀ ਦੇ ਆਰਚਬਿਸ਼ਪ ਜਸਟਿਨ ਵੈੱਲਬੀ ਉਪਦੇਸ਼ ਦੇਣਗੇ। ਪ੍ਰਧਾਨ ਮੰਤਰੀ ਲਿਜ਼ ਟ੍ਰਸ ਨੂੰ ਲੈਸਨ ਪੜ੍ਹਨ ਲਈ ਬੁਲਾਇਆ ਜਾਵੇਗਾ।

ਵੈਸਟਮਿੰਸਟਰ ਐਬੇ ਵਿੱਚ ਅੰਤਿਮ ਸੰਸਕਾਰ ਦੀ ਪ੍ਰਾਰਥਨਾ ਦੇ ਅੰਤ ਵਿੱਚ ਘੱਟ ਸਮੇਂ ਲਈ ਬਿਗੁਲ ਵਜਾਇਆ ਜਾਵੇਗਾ ਅਤੇ ਇਸ ਤੋਂ ਬਾਅਦ ਦੋ ਮਿੰਟ ਦਾ ਰਾਸ਼ਟਰੀ ਮੌਨ ਰੱਖਿਆ ਜਾਵੇਗਾ।
ਰਾਸ਼ਟਰੀ ਗੀਤ ਅਤੇ ਮਹਾਰਾਣੀ ਦੇ ਪਾਈਪਰ ਵੱਲੋਂ ਵਜਾਇਆ ਗਈ ਇੱਕ ਵਿਰਲਾਪਮਈ ਧੁਨ ਨਾਲ ਦੁਪਹਿਰ ਵੇਲੇ ਇਹ ਸਮਾਗਮ ਖ਼ਤਮ ਹੋ ਜਾਵੇਗਾ।

ਇਸ ਪ੍ਰਾਰਥਨਾ ਸਭਾ ਤੋਂ ਬਾਅਦ ਮਹਾਰਾਣੀ ਦੇ ਤਾਬੂਤ ਨੂੰ ਵੈਸਟਮਿੰਸਟਰ ਐਬੇ ਤੋਂ ਪੈਦਲ ਮਾਰਚ ਦੇ ਨਾਲ ਵੈਲਿੰਗਟਨ ਆਰਕ ਲਿਆਂਦਾ ਜਾਵੇਗਾ। ਇਹ ਲੰਡਨ ਦੇ ਹਾਇਡ ਪਾਰਕ ਵਿੱਚ ਸਥਿਤ ਹੈ।
ਰਾਜਧਾਨੀ ਲੰਡਨ ਦੀਆਂ ਸੜਕਾਂ ਤੋਂ ਅੰਤਿਮ ਯਾਤਰਾ ਹੌਲੀ ਗਤੀ ਨਾਲ ਲੰਘੇਗੀ। ਇਸ ਦੌਰਾਨ ਬਰਤਾਨਵੀ ਸੈਨਾਵਾਂ ਦੇ ਜਵਾਨ ਕਤਰਾਬੱਧ ਖੜ੍ਹੇ ਹੋਣਗੇ ਅਤੇ ਬਿਗ ਬੇਨ ਘੜੀ ਦੀ ਘੰਟੀ ਹਰ ਮਿੰਟ ਵਜਾਉਣਗੇ।
ਹਾਇਡ ਪਾਰਕ ਤੋਂ ਹਰੇਕ ਪੰਜ ਮਿੰਟ 'ਤੇ ਤੋਪਾਂ ਦੀ ਸਲਾਮੀ ਵੀ ਦਿੱਤੀ ਜਾਵੇਗੀ। ਇਸ ਰਸਤੇ 'ਤੇ ਆਮ ਲੋਕਾਂ ਦੇ ਦੇਖਣ ਲਈ ਥਾਵਾਂ ਵੀ ਬਣੀਆਂ ਹੋਣਗੀਆਂ।

ਰੋਇਲ ਕੈਨੇਡੀਅਨ ਮਾਉਂਟਿਡ ਪੁਲਿਸ ਦੀ ਅਗਵਾਈ ਵਿੱਚ ਅੰਤਿਮ ਯਾਤਰਾ ਸੱਤ ਸਮੂਹਾਂ ਵਿੱਚ ਵੰਡੀ ਹੋਵੇਗੀ। ਹਰੇਕ ਦਾ ਆਪਣਾ ਬੈਂਡ ਹੋਵੇਗਾ।
ਯੂਕੇ ਅਤੇ ਰਾਸ਼ਟਰਮੰਡਲ, ਪੁਲਿਸ ਅਤੇ ਐੱਨਐੱਚਐੱਸ ਤੋਂ ਹਥਿਆਰਬੰਦ ਸੇਵਾਵਾਂ ਦੇ ਮੈਂਬਰ ਵੀ ਸ਼ਾਮਲ ਹੋਣਗੇ।
ਇੱਕ ਵਾਰ ਫਇਰ ਕਿੰਗ ਮਹਾਰਾਣੀ ਦੇ ਤਾਬੂਤ ਦੇ ਪਿੱਛੇ ਤੁਰਦੇ ਹੋਏ ਸ਼ਾਹੀ ਪਰਿਵਾਰ ਦੇ ਮੈਂਬਰਾਂ ਦੀ ਅਗਵਾਈ ਕਰ ਰਹੇ ਹੋਣਗੇ।
ਰਾਣੀ ਕੰਸੋਰਟ ਕੈਮਿਲਾ, ਪ੍ਰਿਸੰਜ਼ ਆਫ ਵੇਲਜ਼, ਕਾਊਂਟੇਸ ਆਫ ਵੇਸੈਕਸ ਅਤੇ ਡਚੇਸ ਆਫ ਸਸੇਕਸ ਕਾਰਾਂ ਵਿੱਚ ਜਲੂਸ ਵਿੱਚ ਸ਼ਾਮਲ ਹੋਣਗੇ।
ਮਹਾਰਾਣੀ ਦਾ ਤਾਬੂਤ ਦੁਪਹਿਰ ਇੱਕ ਵਜੇ (ਸਥਾਨਕ ਸਮੇਂ ਮੁਤਾਬਕ) ਵਿੰਡਸਰ ਕੈਸਲ ਤੋਂ ਸੇਂਟ ਜਾਰਜ ਚੈਪਲ ਤੱਕ ਆਪਣੀ ਅੰਤਿਮ ਯਾਤਰਾ ਕਰੇਗਾ।
ਕਰੀਬ ਇੱਕ ਹਜ਼ਾਰ ਸਾਲਾਂ ਵਿੱਚ ਲਗਾਤਾਰ 40 ਰਾਜਿਆਂ ਵੱਲੋਂ ਵਸਾਇਆ ਹੋਇਆ ਇਹ ਮਹਿਲ, ਮਹਾਰਾਣੀ ਦੇ ਜੀਵਨ ਵਿੱਚ ਵਿਸ਼ੇਸ਼ ਮਹੱਤਵ ਰੱਖਦਾ ਸੀ।
ਇੱਕ ਨੌਜਵਾਨ ਵਜੋਂ ਉਨ੍ਹਾਂ ਨੂੰ ਯੁੱਧ ਦੇ ਸਾਲਾਂ ਦੌਰਾਨ ਮਹਿਲ ਵਿੱਚ ਭੇਜਿਆ ਗਿਆ ਸੀ ਕਿਉਂਕਿ ਉਸ ਵੇਲੇ ਲੰਡਨ ਨੂੰ ਬੰਬਾਰੀ ਦੇ ਖ਼ਤਰੇ ਦਾ ਸਾਹਮਣਾ ਕਰਨਾ ਪਿਆ ਸੀ।
ਇਸ ਤੋਂ ਇਲਾਵਾ ਹਾਲ ਹੀ ਵਿੱਚ ਉਨ੍ਹਾਂ ਨੇ ਕੋਰੋਨਵਾਇਰਸ ਮਹਾਮਾਰੀ ਦੇ ਦੌਰਾਨ ਵੀ ਇਸ ਮਹਿਲ ਨੂੰ ਆਪਣਾ ਸਥਾਈ ਘਰ ਬਣਾ ਲਿਆ ਸੀ।

ਵਿੰਡਸਰ ਕੈਸਲ ਵਿਖੇ ਤਾਬੂਤ ਵਾਲੀ ਗੱਡੀ ਪਹੁੰਚੇਗੀ, ਜਿੱਥੋਂ ਪੈਦਲ ਯਾਤਰਾ ਨਿਕਲੇਗੀ। 5 ਕਿਲੋਮੀਟਰ ਦਾ ਰਸਤਾ ਹਥਿਆਰਬੰਦ ਫੌਜੀਆਂ ਨਾਲ ਕਤਾਰਬੱਧ ਕੀਤਾ ਜਾਵੇਗਾ।
ਆਮ ਲੋਕਾਂ ਨੂੰ ਮਹਾਰਾਣੀ ਦੀ ਅੰਤਿਮ ਯਾਤਰਾ ਦੇਖਣ ਲਈ ਇਸ ਸੜਕ ਕੋਲ ਆਉਣ ਆਗਿਆ ਹੋਵੇਗੀ।
ਉਮੀਦ ਹੈ ਕਿ ਰਾਜਾ ਅਤੇ ਸ਼ਾਹੀ ਪਰਿਵਾਰ ਦੇ ਸੀਨੀਅਰ ਮੈਂਬਰ ਵਿੰਡਸਰ ਕੈਸਲ ਦੇ ਕਵਾਰਡਐਂਗਲ ਦੇ ਜਲੂਸ ਵਿੱਚ ਸ਼ਾਮਲ ਹੋਣਗੇ।
ਮਹਿਲ ਦੇ ਸੇਬਾਸਟੋਪੋਲ ਅਤੇ ਕਰਫਿਊ ਟਾਵਰ ਦੀਆਂ ਘੰਟੀਆਂ ਨੂੰ ਹਰ ਮਿੰਟ ਵਜਾਇਆ ਜਾਵੇਗਾ ਅਤੇ ਮਹਿਲ ਤੋਂ ਬੰਦੂਕਾਂ ਦੀ ਸਲਾਮੀ ਦਿੱਤੀ ਜਾਵੇਗੀ।

ਇਸ ਤੋਂ ਬਾਅਦ ਤਾਬੂਤ ਇੱਕ ਹੋਰ ਪ੍ਰਾਰਥਨਾ ਸਭਾ ਲਈ ਸੇਂਟ ਜਾਰਜ ਚੈਪਲ ਵਿੱਚ ਦਾਖ਼ਲ ਹੋਵੇਗਾ।
ਸੇਂਟ ਜਾਰਜ ਚੈਪਲ ਇੱਕ ਚਰਚ ਹੈ ਜੋ ਸ਼ਾਹੀ ਪਰਿਵਾਰ ਵੱਲੋਂ ਵਿਆਹਾਂ, ਨਾਮਕਰਨ ਅਤੇ ਅੰਤਮ ਸਸਕਾਰ ਲਈ ਚੁਣਿਆ ਜਾਂਦਾ ਹੈ।
ਇਹ ਉਹ ਥਾਂ ਹੈ ਜਿੱਥੇ ਸਸੇਕਸ ਦੇ ਡਿਊਕ ਅਤੇ ਡਚੇਸ, ਪ੍ਰਿੰਸ ਹੈਰੀ ਅਤੇ ਮੇਘਨ ਦਾ ਸਾਲ 2018 ਵਿੱਚ ਵਿਆਹ ਹੋਇਆ ਸੀ।
ਇਥੇ ਹੀ ਮਹਾਰਾਣੀ ਦੇ ਮਰਹੂਮ ਪਤੀ ਪ੍ਰਿੰਸ ਫਿਲਿਪ ਦੀਆਂ ਅੰਤਿਮ ਰਸਮਾਂ ਹੋਈਆਂ ਸਨ।

ਵਿੰਡਸਰ ਕੈਸਲ ਦੀ ਪ੍ਰਾਰਥਨਾ ਸਭਾ ਵਧੇਰੇ ਨਿੱਜੀ ਹੋਵੇਗੀ ਅਤੇ ਇਸ ਵਿੱਚ ਕਰੀਬ 800 ਮਹਿਮਾਨ ਹੋਣਗੇ। ਵਿੰਡਸਰ ਦੇ ਡੀਨ ਡੇਵਿਡ ਕਾਰਨਰ ਆਰਕਬਿਸ਼ਪ ਆਫ ਕੈਂਟਰਬਰੀ ਜਸਟਿਨ ਵੇਲਬੀ ਦੇ ਨਾਲ ਇਹ ਪ੍ਰਾਰਥਨਾ ਸਭਾ ਕਰਵਾਉਣਗੇ।
ਇਸ ਪ੍ਰਾਰਥਨਾ ਵਿੱਚ ਉਹ ਪਰੰਪਰਾਵਾਂ ਹੋਣਗੀਆਂ ਜੋ ਮਹਾਰਾਣੀ ਦੇ ਰਾਜਕਾਜ ਦੇ ਅੰਤ ਦੇ ਪ੍ਰਤੀਕ ਹੋਣਗੀਆਂ।
ਇੰਪੀਰੀਅਲ ਸਟੇਟ ਕ੍ਰਾਊਨ ਅਤੇ ਰਾਜਸੀ ਓਰਬ ਅਤੇ ਰਾਜਦੰਡ ਨੂੰ ਕ੍ਰਾਊਨ ਜਿਊਲਰ ਵੱਲੋਂ ਹਟਾ ਦਿੱਤਾ ਜਾਵੇਗਾ, ਇਸ ਦੇ ਨਾਲ ਹੀ ਮਹਾਰਾਣੀ ਅੰਤਿਮ ਵਾਰ ਤਾਜ ਤੋਂ ਵੱਖ ਹੋ ਜਾਵੇਗੀ।
ਆਖ਼ਰੀ ਭਜਨ ਦੇ ਅੰਤ ਵਿੱਚ, ਰਾਜਾ ਫਿਰ ਮਹਾਰਾਣੀ ਦੇ ਗ੍ਰੇਨੇਡੀਅਰ ਗਾਰਡਜ਼ ਦੇ ਕੰਪਨੀ ਕੈਂਪ ਕਲਰ ਜਾਂ ਝੰਡਾ, ਤਾਬੂਤ ਉੱਤੇ ਰੱਖਣਗੇ।
ਗ੍ਰੇਨੇਡੀਅਰ ਗਾਰਡਜ਼ ਸਮਰਾਟ ਲਈ ਰਸਮੀ ਡਿਊਟੀਆਂ ਨਿਭਾਉਣ ਵਾਲੇ ਸਭ ਤੋਂ ਬਜ਼ੁਰਗ ਪੈਦਲ ਗਾਰਡ ਹੁੰਦੇ ਹਨ।
ਉਸੇ ਸਮੇਂ, ਦਿ ਲਾਰਡ ਚੈਂਬਰਲੇਨ, ਸਾਬਕਾ ਐੱਮਆਈ-5 ਮੁਖੀ ਬੈਰਨ ਪਾਰਕਰ, ਆਪਣੇ ਦਫਤਰ ਦੀ ਛੜੀ ਨੂੰ "ਤੋੜ" ਦੇਵੇਗਾ ਅਤੇ ਇਸਨੂੰ ਤਾਬੂਤ 'ਤੇ ਰੱਖ ਦੇਵੇਗਾ।
ਇਸ ਚਿੱਟੀ ਛੜੀ ਦਾ ਟੁੱਟਣਾ ਸ਼ਾਹੀ ਘਰਾਣੇ ਦੇ ਸਭ ਤੋਂ ਸੀਨੀਅਰ ਅਧਿਕਾਰੀ ਵਜੋਂ ਉਨ੍ਹਾਂ ਦੀ ਸੇਵਾ ਦੇ ਅੰਤ ਦਾ ਵੀ ਸੰਕੇਤ ਹੈ।
ਇਸ ਤੋਂ ਬਾਅਦ ਮਹਾਰਾਣੀ ਦੇ ਤਾਬੂਤ ਨੂੰ ਸ਼ਾਹੀ ਵਾਲਟ ਵਿੱਚ ਉਤਾਰਿਆ ਜਾਵੇਗਾ। ਮਹਾਰਾਣੀ ਦੇ ਵਾਦਕ ਪ੍ਰਰਾਥਨਾ ਦੀ ਧੁਨ ਵਜਾਉਣਗੇ ਅਤੇ 'ਗੌਡ ਸੇਵ ਦਿ ਕਿੰਗ' ਗੀਤ ਗਾਇਆ ਜਾਵੇਗਾ।
ਬਘਿੰਕਮ ਪੈਲੇਸ ਮੁਤਾਬਕ ਵਿੰਡਸਰ ਕੈਸਲ ਵਿੱਚ ਵਾਦਕ ਦੀ ਪੇਸ਼ਕਸ਼ ਦੀ ਗੁਜ਼ਾਰਿਸ਼ ਮਹਾਰਾਣੀ ਨੇ ਆਪ ਕੀਤੀ ਸੀ।

ਇਸ ਦੇ ਨਾਲ ਹੀ ਅੰਤਿਮ ਰਸਮਾਂ ਦੀ ਸਭਾ ਸਮਾਪਤ ਹੋ ਜਾਵੇਗੀ ਅਤੇ ਕਿੰਗ ਅਤੇ ਸ਼ਾਹੀ ਪਰਿਵਾਰ ਦੇ ਹੋਰ ਮੈਂਬਰ ਚੈਪਲ ਤੋਂ ਚਲੇ ਜਾਣਗੇ।

ਇਸੇ ਸ਼ਾਮ, ਇੱਕ ਨਿੱਜੀ ਪਰਿਵਾਰਕ ਪ੍ਰਾਰਥਨਾ ਤੋਂ ਬਾਅਦ ਮਹਾਰਾਣੀ ਨੂੰ ਆਪਣੇ ਮਰਹੂਮ ਪਤੀ-ਡਿਊਕ ਆਫ ਐਡਿਨਬਰਾ ਕੋਲ, ਕਿੰਗ ਜਾਰਜ VI ਦੀ ਯਾਦਗਾਰ ਵਿੱਚ ਦਫ਼ਨ ਕੀਤਾ ਜਾਵੇਗਾ। ਇਹ ਸੈਂਟ ਜਾਰਜੈਜ਼ ਚੈਪਲ ਦੇ ਅੰਦਰ ਹੀ ਬਣਿਆ ਹੈ।
ਸੰਗਰਮਰਮਰ ਦੇ ਯਾਦਗਾਰ ਲੇਖ 'ਤੇ ਉਨ੍ਹਾਂ ਦਾ ਨਾਮ ਲਿਖਿਆ ਹੋਵੇਗਾ- ELIZABETH II 1926-2022.













