ਏਅਰ ਫਰਾਇਅਰ 'ਚ ਭੋਜਨ ਪਕਾਉਣਾ ਵਧੇਰੇ ਸਿਹਤਮੰਦ ਹੈ ਜਾਂ ਫਿਰ ਓਵਨ 'ਚ

ਤਸਵੀਰ ਸਰੋਤ, Getty Images
ਸਾਲ 2021 ਵਿੱਚ ਯੂਕੇ 'ਚ ਏਅਰ ਫਰਾਇਅਰ ਦੀ ਖਰੀਦ 'ਚ 400 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ।
ਏਅਰ ਫਰਾਇਅਰ 'ਚ ਬਹੁਤ ਘੱਟ ਤੇਲ ਜਾਂ ਫਿਰ ਨਾ ਦੇ ਬਰਾਬਰ ਤੇਲ ਦੀ ਵਰਤੋਂ ਹੁੰਦੀ ਹੈ, ਤਾਂ ਫਿਰ ਕੀ ਇਹ ਮੰਨਿਆ ਜਾ ਸਕਦਾ ਹੈ ਕਿ ਖਾਣਾ ਪਕਾਉਣ ਦੇ ਹੋਰ ਵਿਕਲਪਾਂ ਦੇ ਮੁਕਾਬਲੇ ਇਹ ਵਧੇਰੇ ਸਿਹਤਮੰਦ ਵਿਕਲਪ ਹੈ?
ਉਹ ਵੀ ਅਜਿਹੇ ਸਮੇਂ 'ਚ ਜਦੋਂ ਸਾਡਾ ਰਹਿਣ-ਸਹਿਣ ਦਾ ਖ਼ਰਚਾ ਲਗਾਤਾਰ ਵੱਧ ਰਿਹਾ ਹੈ ਅਤੇ ਅਜਿਹੀ ਸਥਿਤੀ 'ਚ ਇਹ ਸਵਾਲ ਪੁੱਛਣਾ ਵੀ ਬਣਦਾ ਹੈ ਕਿ ਏਅਰ ਫ੍ਰਾਈਅਰ ਕਿਸ ਤਰ੍ਹਾਂ ਨਾਲ ਬਿਜਲੀ ਜਾਂ ਊਰਜਾ ਦੀ ਖਪਤ ਨੂੰ ਵਧਾ ਰਿਹਾ ਹੈ ਅਤੇ ਜੇਬ 'ਤੇ ਇਸ ਦਾ ਕੀ ਅਸਰ ਪੈਂਦਾ ਹੈ।
ਗ੍ਰੇਗ ਫੁੱਟ, ਬੀਬੀਸੀ ਰੇਡਿਓ 4 ਦੇ 'ਸਲਾਈਸਡ- ਬ੍ਰੇਡ' ਪ੍ਰੋਗਰਾਮ ਦੇ ਮੇਜ਼ਬਾਨ ਹਨ। ਉਨ੍ਹਾਂ ਨੇ ਇਸ ਸਬੰਧ 'ਚ ਦੋ ਮਾਹਰਾਂ ਨਾਲ ਗੱਲਬਾਤ ਕੀਤੀ ਅਤੇ ਏਅਰ ਫਰਾਇਅਰ ਦੀਆਂ ਖੂਬੀਆਂ ਅਤੇ ਸੀਮਾਵਾਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ।
ਉਸ ਗੱਲਬਾਤ ਤੋਂ ਇਹ ਨੁਕਤੇ ਸਾਹਮਣੇ ਆਉਂਦੇ ਹਨ, ਤੁਹਾਡੇ ਲਈ ਪੇਸ਼ ਹਨ-
1. ਏਅਰ ਫਰਾਇਅਰ ਗਰਮ ਹਵਾ ਨਾਲ ਖਾਣਾ ਪਕਾਉਂਦਾ ਹੈ
ਏਅਰ ਫਰਾਇਅਰ ਲਗਭਗ ਇੱਕ ਬਰੈੱਡ ਮਸ਼ੀਨ ਦੇ ਆਕਾਰ ਦਾ ਹੁੰਦਾ ਹੈ ਅਤੇ ਰਸੋਈ ਦੀ ਸਲੇਬ 'ਤੇ ਚੰਗੀ ਤਰ੍ਹਾਂ ਰੱਖਿਆ ਜਾ ਸਕਦਾ ਹੈ। ਇਹ ਆਪਣੇ ਅੰਦਰ ਰੱਖੇ ਭੋਜਨ ਦੇ ਆਲੇ-ਦੁਆਲੇ ਬਹੁਤ ਹੀ ਜ਼ਿਆਦਾ ਗਰਮ ਹਵਾ ਨੂੰ ਤੇਜ਼ ਰਫ਼ਤਾਰ ਨਾਲ ਲੰਘਾਉਂਦਾ ਹੈ।

ਤਸਵੀਰ ਸਰੋਤ, Getty Images
ਜੈਕਬ ਰੈਡਜ਼ੀਕੋਵਸਕੀ, ਇੰਪੀਰੀਅਲ ਕਾਲਜ ਲੰਡਨ 'ਚ ਇੱਕ ਕੁਲੀਨਰੀ /ਰਸੋਈ ਸਿੱਖਿਆ ਡਿਜ਼ਾਈਨਰ ਹਨ। ਉਨ੍ਹਾਂ ਦਾ ਕਹਿਣਾ ਹੈ, " ਇਹ ਮੂਲ ਰੂਪ 'ਚ ਬਹੁਤ ਹੀ ਤੇਜ਼ ਅਤੇ ਬਹੁਤ ਗਰਮ ਹਵਾ ਹੁੰਦੀ ਹੈ। ਤੁਸੀਂ ਇਸ ਨੂੰ ਹੇਅਰ-ਡਰਾਇਅਰ ਦੀ ਤਰ੍ਹਾਂ ਸਮਝ ਸਕਦੇ ਹੋ।"
"ਇਹ ਅਸਲ 'ਚ ਫ਼ੈਨ ਓਵਨ ਵਰਗਾ ਹੁੰਦਾ ਹੈ, ਪਰ ਇਹ ਉਸ ਤੋਂ ਛੋਟਾ ਹੁੰਦਾ ਹੈ ਅਤੇ ਇਸ ਦੇ ਅੰਦਰ ਮੌਜੂਦ ਪੱਖਾ ਬਹੁਤ ਤੇਜ਼ ਹੁੰਦਾ ਹੈ।"
2. ਏਅਰ ਫਰਾਇਅਰ, ਰਵਾਇਤੀ ਓਵਨ ਨਾਲੋਂ ਤੇਜ਼ੀ ਨਾਲ ਭੋਜਨ ਪਕਾਉਂਦਾ ਹੈ
ਜੈਕਬ ਦਾ ਕਹਿਣਾ ਹੈ ਕਿ ਏਅਰ ਫਰਾਇਅਰ ਦਾ ਪੱਖਾ ਬਹੁਤ ਹੀ ਤਾਕਤਵਰ ਹੁੰਦਾ ਹੈ ਅਤੇ ਇਸ ਦਾ ਕੰਪਾਰਟਮੈਂਟ ਬਹੁਤ ਹੀ ਛੋਟਾ ਹੁੰਦਾ ਹੈ ਅਤੇ ਇਹ ਪੂਰਾ ਉਪਕਰਣ ਬਹੁਤ ਹੀ ਕਾਰਗਰ ਹੈ।
ਉਨ੍ਹਾਂ ਦਾ ਕਹਿਣਾ ਹੈ, " ਏਅਰ ਫਰਾਇਅਰ ਵਿੱਚ ਮੈਂ ਮੁਰਗੇ ਦੀ ਟੰਗ ਨੂੰ ਸ਼ਾਇਦ 20 ਮਿੰਟਾਂ 'ਚ ਪਕਾ ਸਕਦਾ ਹਾਂ। ਉੱਥੇ ਹੀ ਓਵਨ 'ਚ ਇਸ ਨੂੰ ਪਕਾਉਣ 'ਚ ਕੁਝ ਵਧੇਰੇ ਸਮਾਂ ਲੱਗੇਗਾ।"
ਇਸ ਦੇ ਨਾਲ ਹੀ ਜੇਕਰ ਇਸ ਨੂੰ ਕਿਸੇ ਇੱਕ ਵੱਡੇ ਰਵਾਇਤੀ ਓਵਨ 'ਚ ਪਕਾਇਆ ਜਾਵੇ ਤਾਂ ਇਸ ਨੂੰ ਪ੍ਰੀ-ਹੀਟ ਕਰਨ 'ਚ ਹੀ ਕਾਫ਼ੀ ਸਮਾਂ ਲੱਗਦਾ ਹੈ।

ਤਸਵੀਰ ਸਰੋਤ, Getty Images
ਪਰ ਜਿਸ ਥਾਂ 'ਤੇ ਭੋਜਨ ਨੂੰ ਰੱਖ ਕੇ ਪਕਾਇਆ ਜਾਂਦਾ ਹੈ , ਉਹ ਬਹੁਤ ਹੀ ਘੱਟ ਹੁੰਦੀ ਹੈ ਅਤੇ ਇਕ ਸਮੇਂ 'ਚ ਬਹੁਤ ਘੱਟ ਮਾਤਰਾ 'ਚ ਖਾਣਾ ਤਿਆਰ ਹੁੰਦਾ ਹੈ।
ਫੂਡ ਸਾਇੰਟਿਸਟ/ ਖੁਰਾਕ ਵਿਗਿਆਨੀ ਅਨੁਸਾਰ, "ਜੇਕਰ ਤੁਸੀਂ 4 ਜਾਂ 6 ਲੋਕਾਂ ਲਈ ਭੋਜਨ ਤਿਆਰ ਕਰ ਰਹੇ ਹੋ ਤਾਂ ਇਹ ਤੁਹਾਡਾ ਸਮਾਂ ਬਚਾਉਣ 'ਚ ਕਾਰਗਰ ਸਾਬਤ ਨਹੀਂ ਹੋਵੇਗਾ ਕਿਉਂਕਿ ਤੁਹਾਨੂੰ ਏਅਰ ਫਰਾਇਅਰ 'ਚ ਕਈ ਵਾਰ ਥੋੜ੍ਹੀ-ਥੋੜ੍ਹੀ ਮਾਤਰਾ 'ਚ ਖਾਣਾ ਪਕਾਉਣਾ ਪਵੇਗਾ।"
3. ਕੁਰਕੁਰੀਆਂ ਚੀਜ਼ਾਂ ਬਣਾਉਣ ਲਈ ਉਪਯੋਗੀ ਹੈ ਏਅਰ ਫਰਾਇਅਰ
ਏਅਰ ਫਰਾਇਅਰ ਦੇ ਜੋ ਇਸ਼ਤਿਹਾਰ ਅਸੀਂ ਆਮ ਤੌਰ 'ਤੇ ਵੇਖਦੇ ਹਾਂ, ਉਨ੍ਹਾਂ 'ਚ ਜ਼ਿਆਦਾਤਰ ਮਾਡਲ ਚਿਕਨ ਜਾਂ ਫਰਾਈਜ਼ ਬਣਾਉਂਦੇ ਹੋਏ ਵਿਖਾਈ ਦਿੰਦੇ ਹਨ, ਕਿਉਂਕਿ ਇਹ ਉਪਕਰਣ ਉਸ ਸਮੇਂ ਤੁਹਾਡੇ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ ਜਦੋਂ ਤੁਸੀਂ ਕੁਝ ਕਰਿਸਪੀ ਖਾਣਾ ਚਾਹੁੰਦੇ ਹੋ।
ਜੈਕਬ ਦਾ ਕਹਿਣਾ ਹੈ ਕਿ ਇਹ ਉਪਕਰਣ ਭੋਜਨ ਨੂੰ ਕਰਿਸਪੀ ਅਤੇ ਕੁਰਕੁਰਾ ਬਣਾਉਂਦਾ ਹੈ। ਇਸ ਲਈ ਜੇਕਰ ਤੁਹਾਡਾ ਮਨ ਬਹੁਤ ਕਰਿਸਪੀ ਖਾਣ ਨੂੰ ਕਰਦਾ ਹੈ ਤਾਂ ਇਹ ਉਪਕਰਣ ਤੁਹਾਡੇ ਖਾਣੇ ਨੂੰ ਉਸੇ ਤਰ੍ਹਾਂ ਦਾ ਹੀ ਬਣਾਉਂਦਾ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ਉੱਤੇ ਇੰਝ ਲੈ ਕੇ ਆਓ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
4. ਕੀ ਇਹ ਸਿਹਤ ਪੱਖੋਂ ਚੰਗਾ ਹੈ ?
ਜੈਕਬ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਬਹੁਤ ਸਾਰੇ ਗਰਮ ਤੇਲ 'ਚ ਡੀਪ ਫਰਾਈ ਕਰਕੇ ਪਕਾਉਣ ਦੀ ਤੁਲਨਾ ਏਅਰ ਫਰਾਇਅਰ 'ਚ ਖਾਣਾ ਪਕਾਉਣ ਨਾਲ ਕਰਦੇ ਹੋ ਤਾਂ ਇਹ ਯਕੀਨੀ ਤੌਰ 'ਤੇ ਇੱਕ ਸਿਹਤਮੰਦ ਵਿਕਲਪ ਹੈ।
ਪਰ ਇਹ ਇੱਕ ਰਵਾਇਤੀ ਓਵਨ 'ਚ ਖਾਣਾ ਬਣਾਉਣ ਨਾਲੋਂ ਵੀ ਸਿਹਤਮੰਦ ਹੋ ਸਕਦਾ ਹੈ। ਜੇਕਰ ਆਲੂਆਂ 'ਤੇ ਤੇਲ ਛਿੜਕ ਕੇ ਉਨ੍ਹਾਂ ਨੂੰ ਪਕਾਇਆ ਜਾਂਦਾ ਹੈ ਤਾਂ ਜਿਵੇਂ ਹੀ ਉਨ੍ਹਾਂ ਨੂੰ ਭੁੰਨਿਆ ਜਾਂਦਾ ਹੈ ਤਾਂ ਆਲੂ ਉਸ ਤੇਲ ਨੂੰ ਆਪਣੇ ਅੰਦਰ ਸੋਖ ਲੈਂਦੇ ਹਨ। ਪਰ ਜਦੋਂ ਗੱਲ ਏਅਰ ਫਰਾਇਅਰ ਦੀ ਆਉਂਦੀ ਹੈ ਤਾਂ ਸਭ ਕੁਝ ਪ੍ਰਫੈਕਟਿਡ ਟੋਕਰੀ 'ਚ ਡਿੱਗ ਜਾਂਦਾ ਹੈ।
"ਜੇਕਰ ਏਅਰ ਫਰਾਇਅਰ 'ਚ ਬਹੁਤ ਜ਼ਿਆਦਾ ਤੇਲ ਹੈ , ਤਾਂ ਇਹ ਆਪਣੇ ਆਪ ਫਿਲਟਰ ਹੋ ਕੇ ਹੇਠਾਂ ਆ ਜਾਂਦਾ ਹੈ ਅਤੇ ਫਿਰ ਉਹ ਤੇਲ ਤੁਹਾਡੇ ਖਾਣੇ 'ਚ ਨਹੀਂ ਆਉਂਦਾ ਹੈ।"
ਪਰ ਇਹ ਖਾਣਾ ਪਕਾਉਣ ਦਾ ਸਭ ਤੋਂ ਸਿਹਤਮੰਦ ਤਰੀਕਾ ਹੈ, ਅਜਿਹਾ ਨਹੀਂ ਹੈ। ਜੇਕਰ ਤੁਸੀਂ ਸਿਹਤਮੰਦ ਭੋਜਨ ਖਾਣ ਦੇ ਸ਼ੌਕੀਨ ਹੋ, ਤਾਂ ਉਬਾਲਿਆ ਭਾਵ ਸਟੀਮਡ ਭੋਜਨ ਸਭ ਤੋਂ ਵੱਧ ਫਾਇਦੇਮੰਦ ਹੋ ਸਕਦਾ ਹੈ।
ਬੀਬੀਸੀ ਦੀ ਗੁੱਡ ਫੂਡ ਮੈਗਜ਼ੀਨ ਦੀ ਸੰਪਾਦਕ ਆਨਿਆ ਗਿਲਬਰਟ ਦਾ ਕਹਿਣਾ ਹੈ ਕਿ ਏਅਰ ਫਰਾਇਅਰ ਦੇ ਜੋ ਕੁਝ ਨਵੇਂ ਮਾਡਲ ਆਏ ਹਨ, ਉਨ੍ਹਾਂ 'ਚੋਂ ਕੁਝ 'ਚ 15 ਵੱਖ-ਵੱਖ ਤਰ੍ਹਾਂ ਦੇ ਫੰਕਸ਼ਨ ਹਨ। ਜੋ ਕਿ ਇਸ ਉਪਕਰਣ ਨੂੰ ਹੋਰ ਵੀ ਵਧੀਆ ਬਣਾਉਂਦੇ ਹਨ।
5. ਓਵਨ ਦੀ ਤੁਲਨਾ 'ਚ ਘੱਟ ਬਿਜਲੀ ਦੀ ਖਪਤ
ਇਸ ਸਿੱਟੇ ਤੱਕ ਪਹੁੰਚਣ ਲਈ, ਸਿਮੋਨ ਹੋਬੈਨ ਜੋ ਕਿ ਬੀਬੀਸੀ ਦੇ ਸਲਾਇਸਡ ਬ੍ਰੈੱਡ ਪ੍ਰੋਗਰਾਮ ਦੇ ਪ੍ਰੋਡਿਊਸਰ ਹਨ, ਨੇ ਇੱਕ ਵਿਅਕਤੀ ਲਈ ਮੁਰਗੇ ਦੀ ਟੰਗ ਅਤੇ ਫਰਾਈਜ਼ ਨੂੰ ਪਕਾ ਕੇ ਵੇਖਿਆ।
ਉਨ੍ਹਾਂ ਨੇ ਪਹਿਲਾਂ ਓਵਨ ਅਤੇ ਫਿਰ ਉਨ੍ਹੀ ਹੀ ਮਾਤਰਾ ਏਅਰ ਫਰਾਇਅਰ 'ਚ ਪਕਾਈ। ਉਨ੍ਹਾਂ ਨੇ ਖਾਣਾ ਪਕਾਉਂਦੇ ਸਮੇਂ ਇਹ ਵੀ ਯਕੀਨੀ ਬਣਾਇਆ ਕਿ ਇੰਨ੍ਹਾਂ ਉਪਕਰਨਾਂ ਤੋਂ ਇਲਾਵਾ ਬਿਜਲੀ ਨਾਲ ਚੱਲਣ ਵਾਲੇ ਦੂਜੇ ਸਾਰੇ ਉਪਕਰਣ ਬੰਦ ਰਹਿਣ।
ਇਸ ਤੋਂ ਬਾਅਦ ਉਨ੍ਹਾਂ ਨੇ ਬਿਜਲੀ ਦੇ ਮੀਟਰ ਦੀ ਜਾਂਚ ਕੀਤੀ ਕਿ ਇੰਨ੍ਹਾਂ ਦੋ ਵੱਖ-ਵੱਖ ਉਪਕਰਨਾਂ 'ਚ ਖਾਣਾ ਪਕਾਉਣ ਸਮੇਂ ਕਿੰਨੀ ਬਿਜਲੀ ਦੀ ਖਪਤ ਹੋਈ ਹੈ।
"ਓਵਨ 'ਚ ਚਿਕਨ ਪਕਾਉਣ 'ਚ ਲਗਭਗ 35 ਮਿੰਟ ਦਾ ਸਮਾਂ ਲੱਗਿਆ ਅਤੇ ਮੀਟਰ ਵੇਖਣ 'ਤੇ ਪਤਾ ਲੱਗਿਆ ਕਿ ਓਵਨ 'ਚ ਖਾਣਾ ਪਕਾਉਣ 'ਚ 1.05 ਕਿਲੋਵਾਟ ਪ੍ਰਤੀ ਘੰਟਾ ਬਿਜਲੀ ਦੀ ਵਰਤੋਂ ਹੋਈ ਹੈ। ਦੂਜੇ ਪਾਸੇ ਜਦੋਂ ਏਅਰ ਫਰਾਇਅਰ 'ਚ ਉਸੇ ਚਿਕਨ ਨੂੰ ਪਕਾਉਣ 'ਚ 20 ਮਿੰਟ ਦਾ ਸਮਾਂ ਲੱਗਿਆ ਅਤੇ ਮੀਟਰ ਵੇਖਣ 'ਤੇ ਪਤਾ ਲੱਗਿਆ ਕਿ 0.43 ਕਿਲੋਵਾਟ-ਘੰਟੇ ਦੀ ਬਿਜਲੀ ਦੀ ਖਪਤ ਹੋਈ ਹੈ।"

ਤਸਵੀਰ ਸਰੋਤ, Getty Images
ਇਸ ਤੋਂ ਇਲਾਵਾ ਜਦੋਂ ਫਰਾਈਜ਼ ਨੂੰ ਪਕਾਇਆ ਗਿਆ ਤਾਂ ਓਵਨ 'ਚ ਫਰਾਈਜ਼ ਨੂੰ ਚੰਗੀ ਤਰ੍ਹਾਂ ਪੱਕਣ 'ਚ ਲਗਭਗ ਇੱਕ ਘੰਟਾ ਲੱਗਿਆ ਅਤੇ 1.31 ਕਿਲੋਵਾਟ ਪ੍ਰਤੀ ਘੰਟਾ ਦੀ ਬਿਜਲੀ ਦੀ ਖਪਤ ਹੋਈ। ਉੱਥੇ ਹੀ ਏਅਰ ਫਰਾਇਅਰ 'ਚ ਬਹੁਤ ਹੀ ਘੱਟ ਸਮੇਂ 'ਚ ਫ੍ਰਾਈਜ਼ ਪੱਕ ਕੇ ਤਿਆਰ ਹੋ ਗਈਆਂ ।
ਸਿਮੋਨ ਅਨੁਸਾਰ, "ਇਸ 'ਚ 35 ਮਿੰਟ 'ਚ ਹੀ ਫਰਾਈਜ਼ ਤਿਆਰ ਹੋ ਗਈਆਂ ਅਤੇ 0.55 ਕਿਲੋਵਾਟ-ਘੰਟੇ ਦੇ ਹਿਸਾਬ ਨਾਲ ਬਿਜਲੀ ਦੀ ਖਪਤ ਹੋਈ।"
ਗ੍ਰੇਗ ਇਸ ਨਤੀਜੇ 'ਤੇ ਪਹੁੰਚਦੇ ਹਨ ਕਿ ਓਵਨ ਦੇ ਮੁਕਾਬਲੇ ਏਅਰ ਫਰਾਇਅਰ 'ਚ ਖਾਣਾ ਪਕਾਉਣ ਨਾਲ ਅੱਧੇ ਤੋਂ ਵੀ ਘੱਟ ਬਿਜਲੀ ਦੀ ਖਪਤ ਹੁੰਦੀ ਹੈ।
6. ਓਵਨ ਦਾ ਬਦਲ ਤਾਂ ਨਹੀਂ ਹੈ, ਪਰ ਕਾਰਗਰ ਜ਼ਰੂਰ
ਜੈਕਬ, ਹਾਂਲਾਕਿ ਅਜਿਹਾ ਨਹੀਂ ਮੰਨਦੇ ਹਨ ਕਿ ਏਅਰ ਫਰਾਇਅਰ ਪੂਰੀ ਤਰ੍ਹਾਂ ਨਾਲ ਓਵਨ ਦਾ ਬਦਲ ਹੋ ਸਕਦਾ ਹੈ।
ਉਨ੍ਹਾਂ ਦਾ ਕਹਿਣਾ ਹੈ, " ਬੇਸ਼ੱਕ… ਤੁਸੀਂ ਏਅਰ ਫਰਾਇਅਰ 'ਚ ਇੱਕ ਪੂਰਾ ਚਿਕਨ ਜਾਂ ਫਿਰ ਇੱਕ ਪੂਰਾ ਟਰਕੀ ਤਾਂ ਨਹੀਂ ਭੁੰਨ ਸਕਦੇ ਹੋ। ਬਿਲਕੁਲ ਵੀ ਨਹੀਂ।"
"ਮੈਨੂੰ ਲੱਗਦਾ ਹੈ ਕਿ ਇਹ ਇੱਕ ਬਹੁਤ ਵਧੀਆ ਖੋਜ ਹੈ। ਮੇਰੇ ਕੋਲ ਵੀ ਇੱਕ ਹੈ, ਮੈਂ ਉਸ ਦੀ ਬਹੁਤ ਵਰਤੋਂ ਕਰਦ ਹਾਂ। ਮੈਨੂੰ ਲੱਗਦਾ ਹੈ ਕਿ ਜਿੰਨ੍ਹਾਂ ਕੋਲ ਓਵਨ ਨਹੀਂ ਹੈ, ਇਹ ਉਨ੍ਹਾਂ ਲਈ ਇੱਕ ਬਹੁਤ ਹੀ ਲਾਭਦਾਇਕ ਉਪਕਰਨ ਹੈ।"
ਇਹ ਵੀ ਪੜ੍ਹੋ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2













