You’re viewing a text-only version of this website that uses less data. View the main version of the website including all images and videos.
ਪਾਕਿਸਤਾਨ ’ਚ ਸਿੱਖ ਮਹਿਲਾ ਦਾ ‘ਜਬਰੀ ਧਰਮ ਪਰਿਵਰਤਨ ਤੇ ਵਿਆਹ ਕਰਵਾਉਣ’ ਦੇ ਦਾਅਵੇ ਬਾਰੇ ਹੁਣ ਤੱਕ ਕੀ-ਕੀ ਪਤਾ
- ਲੇਖਕ, ਸਿਰਾਜ ਖ਼ਾਨ
- ਰੋਲ, ਬੀਬੀਸੀ ਸਹਿਯੋਗੀ
ਪਾਕਿਸਤਾਨ ਦੇ ਖ਼ੈਬਰ ਪਖਤੂਖਵਾ ਦੇ ਬੁਨੇਰ ਜ਼ਿਲ੍ਹੇ ਵਿੱਚ ਲੰਘੇ ਦੋ ਦਿਨਾਂ ਤੋਂ ਸਿੱਖ ਭਾਈਚਾਰੇ ਦੇ ਲੋਕ ਪ੍ਰਦਰਸ਼ਨ ਕਰ ਰਹੇ ਹਨ। ਇਨ੍ਹਾਂ ਲੋਕਾਂ ਦਾ ਇਲਜ਼ਾਮ ਹੈ ਕਿ ਸਿੱਖ ਭਾਈਚਾਰੇ ਦੀ ਇੱਕ ਮਹਿਲਾ ਦਾ ਜ਼ਬਰਦਸਤੀ ਇਸਲਾਮ 'ਚ ਧਰਮ ਪਰਿਵਰਤਨ ਅਤੇ ਵਿਆਹ ਕਰਵਾਇਆ ਗਿਆ ਹੈ।
ਪ੍ਰਦਰਸ਼ਨ ਕਰਨ ਵਾਲਿਆਂ ਮੁਤਾਬਿਕ, ਭਾਈਚਾਰੇ ਦੀ ਇੱਕ ਮਹਿਲਾ ਬੀਨਾ ਕੁਮਾਰੀ ਨੂੰ ਅਗਵਾ ਕਰਕੇ ਉਸ ਨਾਲ ਬਲਾਤਕਾਰ ਕੀਤਾ ਗਿਆ ਅਤੇ ਫਿਰ ਉਸ ਦਾ ਜ਼ਬਰਦਸਤੀ ਧਰਮ ਪਰਿਵਰਤਨ ਕਰਵਾਇਆ ਗਿਆ। ਇਸ ਤੋਂ ਬਾਅਦ ਉਸ ਮਹਿਲਾ ਦਾ ਵਿਆਹ ਮੁਸਲਿਮ ਵਿਅਕਤੀ ਨਾਲ ਕਰਵਾ ਦਿੱਤਾ ਗਿਆ।
ਹਾਲਾਂਕਿ ਕੁੜੀ ਨੇ ਇੱਕ ਵੀਡੀਓ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਉਸ ਨੇ ਵਿਆਹ ਆਪਣੀ ਮਰਜ਼ੀ ਨਾਲ ਕਰਵਾਇਆ ਹੈ।
ਪਰਿਵਾਰ ਦਾ ਇਲਜਾਮ- ਜ਼ਬਰਦਸਤੀ ਹੋਇਆ ਧਰਮ ਪਰਿਵਰਤਨ
ਮਹਿਲਾ ਦੇ ਇੱਕ ਕਰੀਬੀ ਰਿਸ਼ਤੇਦਾਰ ਸਨਤ ਸਿੰਘ ਨੇ ਦੱਸਿਆ ਕਿ ''25 ਸਾਲਾ ਸਿੱਖ ਮਹਿਲਾ ਇੱਕ ਸਰਕਾਰੀ ਅਧਿਆਪਕਾ ਹੈ। ਸ਼ਨੀਵਾਰ ਨੂੰ ਉਹ ਡਿਊਟੀ 'ਤੇ ਗਈ ਅਤੇ ਫਿਰ ਵਾਪਸ ਨਹੀਂ ਪਰਤੀ।''
ਰਿਸ਼ਤੇਦਾਰ ਮੁਤਾਬਕ, ਪਰਿਵਾਰ ਨੇ ਉਸ ਦੀ ਭਾਲ਼ ਸ਼ੁਰੂ ਕੀਤੀ ਪਰ ਕੁਝ ਹਾਸਿਲ ਨਹੀਂ ਹੋਇਆ।
ਸਨਤ ਸਿੰਘ ਨੇ ਦੱਸਿਆ ਕਿ ਕੁਮਾਰੀ ਦੇ ਪਰਿਵਾਰ ਅਤੇ ਭਾਈਚਾਰੇ ਦੇ ਹੋਰ ਲੋਕ ਸ਼ਨੀਵਾਰ ਨੂੰ ਪੀਰ ਬਾਬਾ ਪੁਲਿਸ ਥਾਣੇ ਬਾਹਰ ਇਕੱਠੇ ਹੋਏ ਅਤੇ ਪੁਲਿਸ ਨੂੰ ਇੱਕ ਐੱਫਆਈਆਰ ਦਰਜ ਕਰਨ ਲਈ ਕਿਹਾ ਪਰ ਪੁਲਿਸ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ।
ਉਨ੍ਹਾਂ ਅੱਗੇ ਦੱਸਿਆ, ''ਜਦੋਂ ਪੁਲਿਸ ਨੇ ਐੱਫਆਈਆਰ ਦਰਜ ਕਰਨ ਵਿੱਚ ਟਾਲਮਟੋਲ ਕੀਤੀ ਤਾਂ ਪਰਿਵਾਰ ਨੇ ਪੁਲਿਸ ਥਾਣੇ ਦੇ ਬਾਹਰ ਪ੍ਰਦਰਸ਼ਨ ਕੀਤਾ।'' ਇਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਨੂੰ ਭਰੋਸਾ ਦਵਾਇਆ ਕਿ ਉਹ ਲਾਪਤਾ ਕੁਮਾਰੀ ਨੂੰ ਭਾਲ਼ ਲੈਣਗੇ।
ਪੁਲਿਸ ਦੁਆਰਾ ਇਹ ਜਾਣਕਾਰੀ ਦੇਣ 'ਤੇ ਕਿ ਉਨ੍ਹਾਂ ਨੇ ਕੁਮਾਰੀ ਨੂੰ ਲੱਭ ਲਿਆ ਹੈ, ਮਹਿਲਾ ਦਾ ਪਰਿਵਾਰ ਐਤਵਾਰ ਨੂੰ ਦੁਬਾਰਾ ਥਾਣੇ ਪਹੁੰਚਿਆ। ਪੁਲਿਸ ਨੇ ਦੱਸਿਆ ਕਿ ਮਹਿਲਾ ਨੇ ਆਪਣੇ ਗੁਆਂਢ ਦੇ ਇੱਕ ਮੁਸਲਮਾਨ ਵਿਅਕਤੀ ਨਾਲ ਅਦਾਲਤ 'ਚ ਵਿਆਹ ਕਰਵਾ ਲਿਆ ਹੈ।
ਸਨਤ ਸਿੰਘ ਨੇ ਇਲਜ਼ਾਮ ਲਗਾਇਆ ਕਿ ਮਹਿਲਾ ਦਾ ਜ਼ਬਰਦਸਤੀ ਧਰਮ ਪਰਿਵਰਤਨ ਅਤੇ ਵਿਆਹ ਕਰਵਾਇਆ ਗਿਆ ਹੈ।
ਉਨ੍ਹਾਂ ਮੁਤਾਬਿਕ, ''ਮਹਿਲਾ ਦੀ ਮੰਗਣੀ ਹੋ ਚੁੱਕੀ ਸੀ ਅਤੇ ਉਸ ਦਾ ਵਿਆਹ ਅਗਲੇ ਮਹੀਨੇ ਹੋਣਾ ਤੈਅ ਸੀ।''
ਸਿੱਖ ਭਾਈਚਾਰੇ ਦੇ ਇੱਕ ਹੋਰ ਆਗੂ ਰਾਦਾਸ਼ ਸਿੰਘ ਟੋਨੀ ਨੇ ਦਾਅਵਾ ਕੀਤਾ ਕਿ ਮਹਿਲਾ ਨੂੰ ਅਗਵਾ ਕੀਤਾ ਗਿਆ, ਉਸ ਦਾ ਜ਼ਬਰੀ ਧਰਮ ਪਰਿਵਰਤਨ ਕਰਵਾਇਆ ਗਿਆ ਅਤੇ ਵਿਆਹ ਕਰਵਾ ਦਿੱਤਾ ਗਿਆ ਪਰ ਪੁਲਿਸ ਸਿਰਫ਼ ''ਮੂਕ ਦਰਸ਼ਕ'' ਬਣੀ ਰਹੀ।
ਟੋਨੀ ਨੇ ਕਿਹਾ, “ਜਦੋਂ ਸ਼ਨੀਵਾਰ ਨੂੰ ਭਾਈਚਾਰੇ ਦੇ ਲੋਕਾਂ ਨੇ ਜ਼ਿਲ੍ਹੇ ਦੇ ਪੁਲਿਸ ਅਧਿਕਾਰੀ ਨਾਲ ਮੁਲਾਕਾਤ ਕੀਤੀ, ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਕੁਮਾਰੀ ਨੂੰ ਪਰਿਵਾਰ ਨੂੰ ਸੌਂਪਿਆ ਜਾਵੇਗਾ, ਪਰ ਐਤਵਾਰ ਨੂੰ ਪੁਲਿਸ ਨੇ ਪਰਿਵਾਰ ਵਾਲਿਆਂ ਨਾਲ ਬਦਸਲੂਕੀ ਕੀਤੀ।”
“ਪੁਲਿਸ ਨੇ ਨਾ ਤਾਂ ਕੁਮਾਰੀ ਨੂੰ ਪਰਿਵਾਰ ਨੂੰ ਸੌਂਪਿਆ ਅਤੇ ਨਾ ਹੀ ਪਰਿਵਾਰ ਦੇ ਕਹਿਣ 'ਤੇ ਐੱਫਆਈਆਰ ਦਰਜ ਕੀਤੀ।”
ਟੋਨੀ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਕਿ ਉਹ ਕੁਮਾਰੀ ਨੂੰ ਉਸ ਦੇ ਪਰਿਵਾਰ ਨਾਲ ਮਿਲਾ ਦੇਵੇ।
ਇਹ ਵੀ ਪੜ੍ਹੋ-
ਪੁਲਿਸ ਦੱਸ ਰਹੀ ਹੋਰ ਕਹਾਣੀ
ਇਸ ਦੌਰਾਨ, ਬੁਨੇਰ ਜ਼ਿਲ੍ਹੇ ਦੇ ਪੁਲਿਸ ਅਧਿਕਾਰੀ ਅਬਦੁਰ ਰਾਸ਼ੀਦ ਨੇ ਪਰਿਵਾਰ ਦੇ ਸਾਰੇ ਇਲਜ਼ਾਮਾਂ ਦਾ ਖੰਡਨ ਕੀਤਾ ਹੈ ਅਤੇ ਕਿਹਾ ਹੈ ਕਿ ਪੁਲਿਸ ਨੇ ਮਹਿਲਾ ਨੂੰ ਲੱਭ ਕੇ ਸਥਾਨਕ ਅਦਾਲਤ ਵਿੱਚ ਉਸ ਨੂੰ ਜੱਜ ਦੇ ਸਾਹਮਣੇ ਪੇਸ਼ ਕੀਤਾ।
ਅਧਿਕਾਰੀ ਮੁਤਾਬਕ, “ਮਹਿਲਾ ਨੇ ਅਦਾਲਤ ਵਿੱਚ ਦਿੱਤੇ ਆਪਣੇ ਬਿਆਨ ਵਿੱਚ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਉਸ ਨੇ ਆਪਣੀ ਮਰਜ਼ੀ ਨਾਲ ਧਰਮ ਪਰਿਵਰਤਨ ਕਰਕੇ ਇਸਲਾਮ ਅਪਣਾਇਆ ਹੈ ਅਤੇ ਵਿਆਹ ਕਰਵਾਇਆ ਹੈ। ਉਸ ਨੇ ਇਸ ਸਬੰਧੀ ਜਾਇਜ਼ ਦਸਤਾਵੇਜ਼ ਵੀ ਜਮ੍ਹਾਂ ਕਰਵਾਏ ਹਨ।”
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅਦਾਲਤ ਨੇ ਪੁਲਿਸ ਨੂੰ ਆਦੇਸ਼ ਦਿੱਤੇ ਹਨ ਕਿ ਉਹ ਮਹਿਲਾ ਨੇ ਦਾਰੁਲ ਅਮਨ (ਜਿਸ ਨਾਲ ਮਹਿਲਾ ਨੇ ਵਿਆਹ ਕਰਵਾਇਆ ਹੈ) ਨਾਲ ਭੇਜ ਦੇਣ ਅਤੇ ਉਸ ਨੂੰ ਸੁਰੱਖਿਆ ਵੀ ਪ੍ਰਦਾਨ ਕੀਤੀ ਜਾਵੇ।
ਉਨ੍ਹਾਂ ਕਿਹਾ, ''ਇਹ ਮਾਮਲਾ ਅਦਾਲਤ ਵਿੱਚ ਹੈ। ਜੇਕਰ ਅਦਾਲਤ ਐੱਫਆਈਆਰ ਦਰਜ ਕਰਨ ਦੇ ਹੁਕਮ ਦਿੰਦੀ ਹੈ ਤਾਂ ਪੁਲਿਸ ਉਸ ਦੀ ਪਾਲਣਾ ਕਰੇਗੀ।''
ਮਹਿਲਾ ਨੇ ਕੀ ਕਿਹਾ
ਬੀਨਾ ਕੁਮਾਰੀ ਨਾਮ ਦੀ ਇਸ ਮਹਿਲਾ ਦਾ ਵੀ ਕਹਿਣਾ ਹੈ ਕਿ ਉਸ ਨੇ ਇਹ ਵਿਆਹ ਆਪਣੀ ਮਰਜ਼ੀ ਨਾਲ ਕਰਵਾਇਆ ਹੈ।
ਇੱਕ ਵੀਡੀਓ ਵਿੱਚ ਕੁਮਾਰੀ ਨੇ ਕਿਹਾ, ''ਅੱਜ ਮੈਂ ਆਪਣੀ ਮਰਜ਼ੀ ਨਾਲ ਵਿਆਹ ਕਰਵਾਇਆ ਹੈ, ਇੱਕ ਮੁਸਲਮਾਨ ਮੁੰਡੇ ਨਾਲ। ਮੈਂ ਇਸਲਾਮ ਬਾਰੇ ਸਿੱਖਿਆ ਲਈ, ਇਸ ਲਈ ਮੈਂ ਇਸਲਾਮ ਕਬੂਲ ਕੀਤਾ।''
ਉਨ੍ਹਾਂ ਅੱਗੇ ਕਿਹਾ, ਹੁਣ ਮੇਰੇ ਖਾਨਦਾਨ ਵਾਲੇ ਚਾਹੁੰਦੇ ਹਨ ਕਿ ਮੈਂ ਉਨ੍ਹਾਂ ਕੋਲ ਜਾਵਾਂ ਪਰ ਮੈਂ ਨਹੀਂ ਜਾਣਾ ਚਾਹੁੰਦੀ, ਜਿੱਥੇ ਮੇਰੇ ਪਤੀ ਜਾਣਗੇ ਮੈਂ ਉੱਥੇ ਹੀ ਜਾਵਾਂਗੀ।”
ਫਿਲਹਾਲ ਕੁਮਾਰੀ ਨੂੰ ਸ਼ੈਲਟਰ ਹੋਮ ਵਿੱਚ ਭੇਜ ਦਿੱਤਾ ਗਿਆ ਹੈ ਪਰ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਜੇ ਤੱਕ ਉਨ੍ਹਾਂ ਦੀ ਧੀ ਨਾਲ ਨਹੀਂ ਮਿਲਵਾਇਆ ਗਿਆ ਹੈ।
ਬੁਨੇਰ ਦੇ ਸਿੱਖ ਪਰਿਵਾਰ
ਪੇਸ਼ਾਵਰ ਦੇ ਪੱਤਰਕਾਰ ਅਨਵਰ ਜ਼ੈਬ, ਜੋ ਕਿ ਆਪ ਵੀ ਬੁਨੇਰ ਜ਼ਿਲ੍ਹੇ ਦਾ ਪਿਛੋਕੜ ਰੱਖਦੇ ਹਨ, ਦੇ ਮੁਤਾਬਿਕ ਇਸ ਇਲਾਕੇ ਵਿੱਚ ਧਾਰਮਿਕ ਸਦਭਾਵਨਾ ਰਹੀ ਹੈ ਪਰ ਇਸ ਘਟਨਾ ਨੇ ਇੱਥੋਂ ਦੇ ਸਿੱਖ ਲੋਕਾਂ ਦੇ ਵਿਸ਼ਵਾਸ ਨੂੰ ਹਿਲਾ ਕੇ ਰੱਖ ਦਿੱਤਾ ਹੈ।
ਫਿਲਹਾਲ ਇਲਾਕੇ ਵਿੱਚ ਸਥਿਤੀ ਨਾਜ਼ੁਕ ਬਣੀ ਹੋਈ ਹੈ ਅਤੇ ਹਾਲਾਤ ਬਦ ਤੋਂ ਬਦਤਰ ਹੋ ਸਕਦੇ ਹਨ।
ਬੁਨੇਰ ਵਿੱਚ ਲਗਭਗ 100 ਸਿੱਖ ਪਰਿਵਾਰ ਰਹਿੰਦੇ ਹਨ ਅਤੇ ਇੱਕ ਅਨੁਮਾਨ ਅਨੁਸਾਰ ਉਨ੍ਹਾਂ ਦੀ ਜਨ ਸੰਖਿਆ ਦਸ ਹਜ਼ਾਰ ਤੋਂ ਘੱਟ ਹੈ।
ਇਨ੍ਹਾਂ ਸਿੱਖ ਪਰਿਵਾਰਾਂ ਵਿੱਚੋਂ ਜ਼ਿਆਦਾਤਰ ਵਪਾਰ ਕਰਦੇ ਹਨ ਅਤੇ ਉਨ੍ਹਾਂ ਦੀ ਵਿੱਤੀ ਹਾਲਤ ਵੀ ਚੰਗੀ ਹੈ।
ਇਹ ਪਹਿਲੀ ਘਟਨਾ ਨਹੀਂ
ਸਾਲ 2020 ਵਿੱਚ ਅਜਿਹੀ ਹੀ ਇੱਕ ਘਟਨਾ ਨਨਕਾਣਾ ਸਾਹਿਬ ਵਿਖੇ ਵੀ ਵਾਪਰੀ ਸੀ। ਉਦੋਂ ਸਿੱਖ ਭਾਈਚਾਰੇ ਨੇ ਇਲਜ਼ਾਮ ਲਗਾਇਆ ਸੀ ਕਿ ਇੱਕ ਗ੍ਰੰਥੀ ਦੀ ਧੀ ਨੂੰ ਅਗਵਾ ਕਰਕੇ ਜ਼ਬਰਦਸਤੀ ਉਸ ਦਾ ਧਰਮ ਪਰਿਵਰਤਨ ਕਰਵਾਇਆ ਗਿਆ ਸੀ।
ਉਸ ਸਮੇਂ ਵੀ ਪ੍ਰਦਰਸ਼ਨ ਹੋਏ ਸਨ, ਕਈ ਮਹੀਨਿਆਂ ਤੱਕ ਮਾਮਲਾ ਅਦਾਲਤ 'ਚ ਰਿਹਾ ਅਤੇ ਕੁੜੀ ਨੇ ਬਿਆਨ ਦਿੱਤੇ ਕਿ ਉਸ ਨੇ ਆਪਣੀ ਮਰਜ਼ੀ ਨਾਲ ਵਿਆਹ ਕਰਵਾਇਆ ਸੀ।
ਜ਼ਬਰਦਸਤੀ ਧਰਮ ਪਰਿਵਰਤਨ ਦੇ ਅਜਿਹੇ ਮਾਮਲੇ ਦੱਖਣੀ ਸਿੰਧ ਸੂਬੇ ਤੋਂ ਵੀ ਸਾਹਮਣੇ ਆਏ ਹਨ। ਇੱਥੇ ਬਹੁਤ ਵਾਰ ਹਿੰਦੂ ਭਾਈਚਾਰੇ ਵੱਲੋਂ ਅਜਿਹੇ ਦਾਅਵੇ ਕੀਤੇ ਗਏ ਹਨ ਕਿ ਉਨ੍ਹਾਂ ਦੀਆਂ ਕੁੜੀਆਂ ਨੂੰ ਬਹਿਲਾ-ਫੁਸਲਾ ਕੇ ਮੁਸਲਮਾਨ ਪੁਰਸ਼ਾਂ ਨਾਲ ਉਨ੍ਹਾਂ ਦੇ ਵਿਆਹ ਕਰਵਾ ਦਿੱਤੇ ਗਏ।
ਹਾਲਾਂਕਿ, ਜ਼ਬਰਦਸਤੀ ਧਰਮ ਪਰਿਵਰਤਨ ਸਬੰਧੀ ਕੋਈ ਭਰੋਸੇਯੋਗ ਅੰਕੜੇ ਉਪਲੱਬਧ ਨਹੀਂ ਹਨ।