ਅਮਰੀਕੀ ਫੌਜ ਦੀ ਉਹ ਤਕਨੀਕ ਜਿਸ ਨਾਲ ਸਿਰਫ਼ ਅਲ-ਜ਼ਵਾਹਿਰੀ ਦੀ ਮੌਤ ਹੋਈ, ਪਰਿਵਾਰ ਦੀ ਨਹੀਂ

ਅਲ ਜ਼ਵਾਹਿਰੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਦੱਸਿਆ ਜਾ ਰਿਹਾ ਹੈ ਇਹ ਉਹੀ ਘਰ ਹੈ ਜਿਸ ਦੀ ਬਾਲਕਨੀ ਵਿੱਚ ਅਲ ਜ਼ਵਾਹਿਰੀ ਨੂੰ ਮਾਰਿਆ ਗਿਆ
    • ਲੇਖਕ, ਬਰਨਡ ਡੇਬੂਸਮਾਨ, ਬੀਬੀਸੀ ਨਿਊਜ਼
    • ਰੋਲ, ਅਤੇ ਕ੍ਰਿਸ ਪੈਟ੍ਰਿਜ, ਬੀਬੀਸੀ ਵੇਪੰਸ ਐਕਸਪਰਟ

31 ਜੁਲਾਈ ਨੂੰ ਸੂਰਜ ਚੜੇ ਅਜੇ ਘੰਟਾ ਹੀ ਹੋਇਆ ਹੋਵੇਗਾ, ਜਦੋਂ ਅਲ-ਕਾਇਦਾ ਦੇ ਮੁਖੀ ਅਯਮਨ ਅਲ-ਜ਼ਵਾਹਿਰੀ ਟਹਿਲਦੇ ਹੋਏ ਬਾਲਕਨੀ 'ਚ ਆਏ।

ਦੱਸਦੇ ਹਨ ਕਿ ਕਾਬੁਲ ਦੇ ਇੱਕ ਮੁੱਖ ਇਲਾਕੇ ਵਿੱਚ ਸਥਿਤ ਇਸ ਘਰ ਵਿੱਚ ਰਹਿ ਰਹੇ ਮਿਸਰ ਦੇ ਇਸ ਨਾਮੀ ਜਿਹਾਦੀ ਦਾ ਇਹ ਪਸੰਦੀਦਾ ਕੰਮ ਸੀ। ਉਹ ਸਵੇਰ ਦੀ ਨਮਾਜ਼ ਤੋਂ ਬਾਅਦ ਅਕਸਰ ਬਾਲਕਨੀ ਵਿੱਚ ਆਉਂਦੇ ਸਨ।

ਪਰ ਪਿਛਲੇ ਐਤਵਾਰ ਨੂੰ ਇਹ ਉਨ੍ਹਾਂ ਦਾ ਆਖ਼ਰੀ ਕੰਮ ਹੋ ਨਿਬੜਿਆ। ਠੀਕ 6.18 ਵਜੇ (ਸਥਾਨਕ ਸਮੇਂ ਮੁਤਾਬਕ) ਦੋ ਮਿਸਾਇਲਾਂ ਬਾਲਕਨੀ 'ਤੇ ਆ ਡਿੱਗੀਆਂ, ਧਮਾਕਾ ਹੋਇਆ ਅਤੇ 71 ਸਾਲ ਦੇ ਜ਼ਵਾਹਿਰੀ ਦੀ ਮੌਤ ਹੋ ਗਈ।

ਪਰ ਅੰਦਰ ਮੌਜੂਦ ਜ਼ਵਾਹਿਰੀ ਦੀ ਪਤਨੀ ਅਤੇ ਬੇਟੀ ਨੂੰ ਖਰੋਚ ਤੱਕ ਨਹੀਂ ਆਈ।

ਅਜਿਹਾ ਲਗਦਾ ਹੈ ਕਿ ਹਮਲੇ ਨਾਲ ਜੋ ਵੀ ਟੁੱਟ-ਭੱਜ ਹੋਈ ਉਹ ਸਿਰਫ਼ ਬਾਲਕਨੀ ਵਿੱਚ ਹੋਈ।

ਤਾਂ ਇਹ ਹਮਲਾ ਅਜਿਹਾ ਸਟੀਕ ਕਿਵੇਂ ਹੋਇਆ? ਇਸ ਤੋਂ ਪਹਿਲਾਂ ਕਈ ਵਾਰ ਅਜਿਹਾ ਹੋਇਆ ਹੈ ਜਦੋਂ ਅਮਰੀਕਾ ਨੇ ਹਮਲੇ ਕੀਤੇ ਅਤੇ ਇਸ ਵਿੱਚ ਨਿਸ਼ਾਨੇ 'ਚ ਗੜਬੜ ਜਾਂ ਗ਼ਲਤੀ ਹੋਈ, ਜਿਸ ਨਾਲ ਆਮ ਲੋਕ ਮਾਰੇ ਗਏ ਅਤੇ ਫਿਰ ਉਨ੍ਹਾਂ ਨੂੰ ਲੈ ਕੇ ਹੰਗਾਮਾ ਹੋਇਆ।

ਅਯਮਨ ਅਲ ਜ਼ਵਾਹਿਰੀ

ਤਸਵੀਰ ਸਰੋਤ, Getty Images

ਪਰ ਜ਼ਵਾਹਿਰੀ 'ਤੇ ਹੋਏ ਹਮਲੇ ਦੇ ਮਾਮਲੇ ਵਿੱਚ, ਜਿਸ ਤਰ੍ਹਾਂ ਦੀ ਮਿਸਾਇਲ ਦੀ ਵਰਤੋਂ ਹੋਈ ਅਤੇ ਜਿਸ ਤਰ੍ਹਾਂ ਨਾਲ ਜ਼ਵਾਹਿਰੀ ਦੀਆਂ ਆਦਤਾਂ 'ਤੇ ਨੇੜਿਓਂ ਨਜ਼ਰ ਰੱਖੀ ਗਈ ਅਤੇ ਉਸ ਦਾ ਅਧਿਐਨ ਕੀਤਾ ਗਿਆ, ਉਸੇ ਕਾਰਨ ਅਜਿਹਾ ਸਟੀਕ ਹਮਲਾ ਹੋ ਸਕਿਆ ਤੇ ਆਉਣ ਵਾਲੇ ਦਿਨਾਂ ਵਿੱਚ ਅਜਿਹੇ ਹੋਰ ਵੀ ਹਮਲੇ ਹੋ ਸਕਦੇ ਹਨ।

ਲੇਜ਼ਰ ਤਕਨੀਕ

ਅਮਰੀਕਾ ਨੇ ਹਮਲੇ ਵਿੱਚ ਜਿਸ ਤਰ੍ਹਾਂ ਦੀ ਮਿਸਾਇਲ ਦੀ ਵਰਤੋਂ ਕੀਤੀ ਹੈ ਉਹ ਸਭ ਤੋਂ ਅਹਿਮ ਹੈ। ਅਮਰੀਕੀ ਅਧਿਕਾਰੀਆਂ ਮੁਤਾਬਕ ਇਹ ਹੈਲਫਾਇਰ ਮਿਸਾਇਲਾਂ ਸਨ, ਜਿਨ੍ਹਾਂ ਨੂੰ ਡਰੋਨ ਨਾਲ ਦਾਗ਼ਿਆ ਗਿਆ ਸੀ।

ਇਹ ਹਵਾ ਨਾਲ ਸਤਹਿ 'ਤੇ ਮਾਰ ਕਰਨ ਵਾਲੀਆਂ ਮਿਸਾਇਲਾਂ ਹਨ ਜੋ 11 ਸਤੰਬਰ 2001 ਦੇ ਹਮਲੇ ਤੋਂ ਬਾਅਦ ਦੇ ਦਹਾਕਿਆਂ ਵਿੱਚ ਵਿਦੇਸ਼ਾਂ 'ਚ ਅਮਰੀਕਾ ਦੇ ਅੱਤਵਾਦ-ਵਿਰੋਧੀ ਮੁਹਿੰਮਾਂ ਦਾ ਇੱਕ ਰੇਗੂਲਰ ਹਿੱਸਾ ਬਣ ਗਈਆਂ ਹਨ।

ਇਨ੍ਹਾਂ ਮਿਸਾਇਲਾਂ ਨੂੰ ਕਈ ਥਾਵਾਂ ਤੋਂ ਦਾਗਿਆਂ ਜਾ ਸਕਦਾ ਹੈ। ਕਦੇ ਹਵਾ ਵਿੱਚੋਂ ਹੈਲੀਕਾਪਟਰ ਜਾਂ ਹਵਾਈ ਜਹਾਜ਼ ਨਾਲ, ਤਾਂ ਕਦੇ ਜ਼ਮੀਨ 'ਤੇ ਕਿਸੇ ਵਾਹਨ ਨਾਲ, ਕਦੇ ਸਮੁੰਦਰ ਵਿੱਚ ਕਿਸੇ ਜਹਾਜ਼ ਨਾਲ ਜਾਂ ਫਿਰ ਜ਼ਵਾਹਿਰੀ ਦੇ ਮਾਮਲੇ ਵਿੱਚ ਕਿਸੇ ਮਾਨਵਰਹਿਤ ਡਰੋਨ ਨਾਲ।

ਵੀਡੀਓ ਕੈਪਸ਼ਨ, ਲਾਦੇਨ ਦੇ ਖ਼ਾਸ ਜਿਸ ਅਲ ਜ਼ਵਾਹਿਰੀ ਨੂੰ ਅਮਰੀਕਾ ਨੇ ਮਾਰਿਆ, ਉਹ ਕੌਣ ਸੀ

ਸਮਝਿਆ ਜਾਂਦਾ ਹੈ ਕਿ ਇਹ ਉਹੀ ਮਿਸਾਇਲ ਹੈ, ਜਿਸ ਨਾਲ ਉਸ ਨੇ 2000 ਵਿੱਚ ਬਗ਼ਦਾਦ ਵਿੱਚ ਇਰਾਨੀ ਸੈਨਾ ਦੇ ਜਨਰਲ ਕਾਸਿਮ ਸੁਲੇਮਾਨੀ ਨੂੰ ਮਾਰਿਆ ਸੀ।

2015 ਵਿੱਚ ਸੀਰੀਆ ਵਿੱਚ ਇਸਲਾਮਿਕ ਸਟੇਟ ਦੇ ਬ੍ਰਿਟੇਨ ਵਿੱਚ ਜੰਮੇ ਖ਼ਤਰਨਾਕ ਕੱਟੜਪੰਥੀ "ਜਿਹਾਦੀ ਜੌਨ" ਨੂੰ ਮਾਰਨ ਵਿੱਚ ਵੀ ਇਸੇ ਮਿਸਾਇਲ ਦੀ ਵਰਤੋਂ ਹੋਈ ਸੀ।

ਹੈਲਫਾਇਰ ਮਿਸਾਇਲਾਂ ਦੇ ਵਾਰ-ਵਾਰ ਇਸਤੇਮਾਲ ਕੀਤੇ ਜਾਣ ਦੇ ਪਿੱਛੇ ਮੁੱਖ ਕਾਰਨ ਇਸ ਦਾ ਸਟੀਕ ਹੋਣਾ ਯਾਨਿ ਇਹ ਬਿਲਕੁਲ ਨਿਸ਼ਾਨੇ 'ਤੇ ਮਾਰ ਕਰਦੀਆਂ ਹਨ।

ਜਦੋਂ ਕਿਸੇ ਮਿਸਾਇਲ ਨੂੰ ਡੋਰਨ ਨਾਲ ਦਾਗਿਆਂ ਜਾਂਦਾ ਹੈ ਤਾਂ ਕਈ ਵਾਰ ਉਸ ਨੂੰ ਚਲਾਉਣ ਵਾਲਾ ਆਪਰੇਟਰ ਕਿਤੇ ਦੂਰ ਕਿਸੇ ਅਜਿਹੇ ਕਮਰੇ ਵਿੱਚ ਬੈਠਾ ਹੁੰਦਾ ਹੈ, ਜੋ ਦੂਰ ਅਮਰੀਕਾ ਤੱਕ ਵਿੱਚ ਹੋ ਸਕਦਾ ਹੈ।

ਉਹ ਟੀਚੇ ਦਾ ਲਾਈਵ ਵੀਡੀਓ ਸਟ੍ਰੀਮ ਦੇਖਦਾ ਹੈ, ਜੋ ਡਰੋਨ 'ਤੇ ਲੱਗੇ ਕੈਮਰਿਆਂ ਵਿੱਚ ਲੱਗੇ ਸੈਂਸਰਸ ਸੈਟੇਲਾਈਟ ਰਾਹੀਂ ਨਾਲ ਭੇਜਦੇ ਰਹਿੰਦੇ ਹਨ।

ਕੈਮਰਾ, ਆਪਰੇਟਰ ਸਕਰੀਨ 'ਤੇ ਲੱਗੇ "ਟਾਰਗੇਟਿੰਗ ਬ੍ਰੈਕੇਟਸ" ਦੀ ਵਰਤੋਂ ਕਰ ਕੇ, ਟੀਚੇ ਨੂੰ "ਲੌਕ" ਕਰ ਦਿੰਦੇ ਹਨ ਅਤੇ ਫਿਰ ਉਸ ਵੱਲ ਇੱਕ ਲੇਜ਼ਰ ਕਿਰਨ ਸੁੱਟਦੇ ਹਨ।

ਇਸ ਤੋਂ ਬਾਅਦ ਜਿਵੇਂ ਹੀ ਮਿਸਾਇਲ ਦਾਗ਼ੀ ਜਾਂਦੀ ਹੈ, ਉਹ ਲੇਜ਼ਰ ਵਾਲੇ ਰਸਤਿਓਂ ਜਾਂਦੀ ਹੈ ਅਤੇ ਸਿੱਧੇ ਟੀਚੇ 'ਚੇ ਮਾਰ ਕਰਦੀ ਹੈ।

ਬੀਬੀਸੀ

ਇਹ ਵੀ ਪੜ੍ਹੋ:

ਬੀਬੀਸੀ

ਡਰੋਨ ਚਲਾਉਣ ਵਾਲੀ ਟੀਮ ਦੇ ਸਾਹਮਣੇ ਸਪੱਸ਼ਟ ਦਿਸ਼ਾ-ਨਿਰਦੇਸ਼ ਹੁੰਦੇ ਹਨ ਅਤੇ ਕੋਈ ਵੀ ਕਦਮ ਚੁੱਕਣ ਲਈ ਉਨ੍ਹਾਂ ਦਾ ਪਾਲਣ ਕਰਨਾ ਪੈਂਦਾ ਹੈ, ਤਾਂ ਜੋ ਇਸ ਵਿੱਚ ਆਮ ਲੋਕਾਂ ਦੀ ਜਾਨ ਨਾ ਜਾਵੇ।

ਇਸ ਤੋਂ ਪਹਿਲਾਂ ਅਮਰੀਕਾ ਅਤੇ ਸੀਆਈਏ ਨੇ ਜੋ ਵੀ ਹਮਲੇ ਕੀਤੇ ਹਨ, ਉਨ੍ਹਾਂ ਵਿੱਚ ਹਮਲੇ ਦਾ ਆਦੇਸ਼ ਦੇਣ ਤੋਂ ਪਹਿਲਾਂ ਸੈਨਾ ਦੇ ਵਕੀਲਾਂ ਨਾਲ ਸਲਾਹ ਕੀਤੀ ਜਾਂਦੀ ਰਹੀ ਹੈ।

ਇਸ ਤਰ੍ਹਾਂ ਦੀਆਂ ਮੁਹਿੰਮਾਂ ਦੇ ਮਾਹਿਰ ਅਤੇ ਸਾਇਰਾਕਿਊਸ ਯੂਨੀਵਰਸਿਟੀ ਇੰਸਟੀਚਿਊਟ ਫਾਰ ਸਿਕਿਓਰਿਟੀ ਪਾਲਿਸੀ ਐਂਡ ਲਾਅ ਦੇ ਸੰਸਥਾਪਕ ਪ੍ਰੋਫੈਸਰ ਵਿਲੀਅਮ ਬੈਂਕਸ ਦਾ ਕਹਿਣਾ ਹੈ ਕਿ ਅਧਿਕਾਰੀਆਂ ਨੂੰ ਆਮ ਲੋਕਾਂ ਦੇ ਮਾਰੇ ਜਾਣ ਦੇ ਜੋਖ਼ਮ ਅਤੇ ਜਿਸ ਨੂੰ ਨਿਸ਼ਾਨਾ ਬਣਾਇਆ ਜਾਣਾ ਹੈ, ਉਸ ਦੀ ਅਹਿਮੀਅਤ ਵਿਚਾਲੇ ਸੰਤੁਲਨ ਬਣਾਉਣਾ ਪੈਂਦਾ ਹੈ।

ਉਹ ਕਹਿੰਦੇ ਹਨ ਕਿ ਜ਼ਵਾਹਿਰੀ 'ਤੇ ਹੋਇਆ ਹਮਲਾ, ਇਸੇ ਪ੍ਰਕਿਰਿਆ ਦਾ ਇੱਕ "ਆਦਰਸ਼ ਇਸਤੇਮਾਲ" ਪ੍ਰਤੀਤ ਹੁੰਦਾ ਹੈ।

ਪ੍ਰੋਫੈਸਰ ਬੈਂਕਸ ਕਹਿੰਦੇ ਹਨ, "ਅਜਿਹਾ ਲਗਦਾ ਹੈ ਕਿ ਲੋਕ ਜ਼ਵਾਹਿਰੀ ਨੂੰ ਨਿਸ਼ਾਨਾ ਬਣਾਉਣ ਲਈ ਥਾਂ ਅਤੇ ਸਮੇਂ ਨੂੰ ਚੁਣਨ ਨੂੰ ਲੈ ਕੇ ਬਹੁਤ ਸਾਵਧਾਨ ਸਨ, ਕਿ ਕੇਵਲ ਉਸ ਨੂੰ ਹੀ ਨਿਸ਼ਾਨਾ ਬਣਾਇਆ ਜਾਵੇ, ਕਿਸੇ ਹੋਰ ਨੂੰ ਨੁਕਸਾਨ ਨਾ ਹੋਵੇ।"

ਡਰੋਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹੈਲਫਾਇਰ ਮਿਸਾਇਲ ਨੂੰ ਲੈ ਜਾਂਦਾ ਇੱਕ ਡਰੋਨ

ਜ਼ਵਾਹਿਰੀ 'ਤੇ ਹੋਏ ਹਮਲੇ ਬਾਰੇ ਇੱਕ ਹੋਰ ਗੱਲ ਆਖੀ ਜਾ ਰਹੀ ਹੈ, ਜਿਸ ਦੀ ਹਾਲਾਂਕਿ, ਪੁਸ਼ਟੀ ਨਹੀਂ ਹੋਈ ਹੈ, ਕਿ ਅਮਰੀਕਾ ਨੇ ਹੈਲਫਾਇਰ ਮਿਸਾਇਲ ਦੇ ਇੱਕ ਅਜਿਹੇ ਪ੍ਰਕਾਰ ਦੀ ਵਰਤੋਂ ਕੀਤੀ, ਜਿਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ।

ਆਰ ਨਾਇਨ ਐਕਸ (R9X) ਵਿੱਚ ਛੇ ਬਲੇਟ ਹੁੰਦੇ ਹਨ ਜੋ ਕਾਇਨੈਟਿਕ ਐਨਰਜੀ ਦੀ ਵਰਤੋਂ ਕਰਕੇ ਟੀਚੇ 'ਤੇ ਵਾਰ ਕਰਦੇ ਹਨ।

ਸਮਝਿਆ ਜਾਂਦਾ ਹੈ ਕਿ 2017 ਵਿੱਚ ਅਲ-ਕਾਇਦਾ ਦੇ ਇੱਕ ਹੋਰ ਨੇਤਾ ਅਤੇ ਜ਼ਵਾਹਿਰੀ ਦੇ ਅਧੀਨ ਕੰਮ ਕਰਨ ਵਾਲੇ ਇੱਕ ਸਹਿਯੋਗੀ ਅਬੂ-ਖ਼ੈਰ ਅਲ-ਮਸਰੀ ਨੂੰ ਸੀਰੀਆ ਵਿੱਚ R9X ਹੈਲਫਾਇਰ ਨਾਲ ਹੀ ਮਾਰਿਆ ਗਿਆ ਸੀ।

ਹਮਲੇ ਤੋਂ ਬਾਅਦ ਅਲ-ਸਮਰੀ ਦੇ ਵਾਹਨ ਦੀਆਂ ਲਈਆਂ ਗਈਆਂ ਤਸਵੀਰਾਂ ਤੋਂ ਪਤਾ ਲਗਦਾ ਹੈ ਕਿ ਮਿਸਾਇਲ ਨੇ ਗੱਡੀ ਦੀ ਛੱਤ ਵਿੱਚ ਇੱਕ ਸੁਰਾਖ਼ ਕੀਤਾ ਅਤੇ ਅੰਦਰ ਬੈਠੇ ਲੋਕਾਂ ਨੂੰ ਮਾਰ ਦਿੱਤਾ। ਪਰ ਨਾ ਤਾਂ ਧਮਾਕਾ ਹੋਇਆ ਅਤੇ ਨਾ ਹੀ ਗੱਡੀ ਨੂੰ ਕੋਈ ਨੁਕਸਾਨ ਪਹੁੰਚਿਆ।

ਜ਼ਵਾਹਿਰੀ ਦੀ ਬਾਲਕਨੀ ਵਿੱਚ ਜਾਣ ਦੀ ਆਦਤ 'ਤੇ ਅਮਰੀਕਾ ਨੇ ਨਜ਼ਰ ਰੱਖੀ ਸੀ।

ਕਾਬੁਲ ਵਿੱਚ ਹਮਲਾ ਕਰਨ ਤੋਂ ਪਹਿਲਾਂ ਅਮਰੀਕਾ ਨੇ ਕੀ ਕੁਝ ਖ਼ੁਫ਼ੀਆ ਜਾਣਕਾਰੀਆਂ ਇਕੱਠੀਆਂ ਕੀਤੀਆਂ ਸਨ, ਅਜੇ ਇਸ ਦਾ ਬਿਓਰਾ ਆ ਹੀ ਰਿਹਾ ਹੈ।

ਹਾਲਾਂਕਿ, ਹਮਲੇ ਤੋਂ ਬਾਅਦ ਅਮਰੀਕੀ ਅਧਿਕਾਰੀਆਂ ਨੇ ਕਿਹਾ ਹੈ ਕਿ ਉਨ੍ਹਾਂ ਕੋਲ ਉਸ ਘਰ ਵਿੱਚ ਜ਼ਵਾਹਿਰੀ ਦੀ ਜੀਵਨ ਸ਼ੈਲੀ ਨੂੰ ਲੈ ਕੇ ਲੋੜੀਂਦੀ ਜਾਣਕਾਰੀ ਸੀ, ਜਿਵੇਂ ਉਨ੍ਹਾਂ ਦੀ ਬਾਲਕਨੀ 'ਤੇ ਜਾਣ ਦੀ ਆਦਤ ਦੇ ਬਾਰੇ।

ਇਸ ਤੋਂ ਲਗਦਾ ਹੈ ਕਿ ਅਮਰੀਕੀ ਜਾਸੂਸ ਇਸ ਘਰ 'ਤੇ ਮਹੀਨਿਆਂ ਤੋਂ ਨਹੀਂ ਤਾਂ ਘੱਟੋ-ਘੱਟ ਕਈ ਹਫ਼ਤਿਆਂ ਤੋਂ ਨਜ਼ਰ ਰੱਖੀ ਸੀ।

ਉਸ ਘਰੋਂ ਨਿਕਲਦਾ ਧੂਆਂ, ਜਿੱਥੇ ਦੱਸਿਆ ਜਾ ਰਿਹਾ ਹੈ ਜ਼ਵਾਹਿਰੀ ਨੂੰ ਮਾਰਨ ਲਈ ਹਮਲਾ ਕੀਤਾ ਹੈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਉਸ ਘਰੋਂ ਨਿਕਲਦਾ ਧੂਆਂ, ਜਿੱਥੇ ਦੱਸਿਆ ਜਾ ਰਿਹਾ ਹੈ ਜ਼ਵਾਹਿਰੀ ਨੂੰ ਮਾਰਨ ਲਈ ਹਮਲਾ ਕੀਤਾ ਹੈ

ਸੀਆਈਏ ਦੇ ਇੱਕ ਸਾਬਕਾ ਸੀਨੀਅਰ ਅਧਿਕਾਰੀ ਮਾਰਕ ਪੌਲੀਮੇਰੋਪੀਲੋਸ ਨੇ ਬੀਬੀਸੀ ਨੂੰ ਕਿਹਾ ਕਿ ਬਹੁਤ ਸੰਭਵ ਹੈ ਕਿ ਹਮਲਿਆਂ ਤੋਂ ਪਹਲਾਂ ਕਈ ਤਰ੍ਹਾਂ ਦੇ ਖ਼ੁਫ਼ੀਆਂ ਤਰੀਕਿਆਂ ਦੀ ਵਰਤੋਂ ਕੀਤੀ ਗਈ, ਜਿਨ੍ਹਾਂ ਵਿੱਚ ਜ਼ਮੀਨ 'ਤੇ ਮੌਜੂਦ ਜਾਸੂਸਾਂ ਨਾਲ ਜਾਣਕਾਰੀਆਂ ਸ਼ਾਮਿਲ ਹਨ।

ਕੁਝ ਹੋਰ ਲੋਕਾਂ ਦਾ ਇਹ ਵੀ ਅੰਦਾਜ਼ਾ ਹੈ ਕਿ ਅਮਰੀਕੀ ਡਰੋਨਸ ਜਾਂ ਏਅਰਕ੍ਰਾਫਟਸ ਵਾਰੀ-ਵਾਰੀ ਹਫ਼ਤਿਆਂ ਜਾਂ ਮਹੀਨਿਆਂ ਤੱਕ ਉਸ ਥਾਂ ਦੀ ਨਿਗਰਾਨੀ ਕਰਦੇ ਰਹੇ ਹਨ, ਜਿਨ੍ਹਾਂ ਨੂੰ ਹੇਠਾਂ ਨਾ ਤਾਂ ਦੇਖਿਆ ਸਕਿਆ, ਨਾ ਸੁਣਿਆ ਜਾ ਸਕਿਆ।

ਮਾਰਕ ਪੌਲੀਮੇਰੋਪੀਲੋਸ ਨੇ ਕਿਹਾ, "ਤੁਹਾਨੂੰ ਅਜਿਹੀ ਜਾਣਕਾਰੀ ਚਾਹੀਦੀ ਹੈ ਜੋ ਬਿਲਕੁਲ ਪੁਖ਼ਤਾ ਹੋਵੇ, ਕਿ ਉਹੀ ਸ਼ਖ਼ਸ ਹੈ ਅਤੇ ਹਮਲਾ ਇਸ ਤਰ੍ਹਾਂ ਕਰਨਾ ਕਿ ਕੋਈ ਆਮ ਨਾਗਰਿਕ ਨਾ ਮਾਰਿਆ ਜਾਵੇ।"

"ਇਸ ਲਈ ਕਾਫੀ ਹੌਂਸਲਾ ਰੱਖਣ ਦੀ ਲੋੜ ਹੁੰਦੀ ਹੈ।"

ਉਹ ਇਸ ਦੇ ਨਾਲ ਹੀ ਧਿਆਨ ਦਿਵਾਉਂਦੇ ਹਨ ਕਿ ਜ਼ਵਾਹਿਰੀ 'ਤੇ ਹੋਏ ਹਮਲਿਆਂ ਵਿੱਚ ਅਮਰੀਕਾ ਦੀ ਖ਼ੁਫ਼ੀਆ ਬਿਰਾਦਰੀ ਨੂੰ ਦਹਾਕਿਆਂ ਦੇ ਆਪਣੇ ਉਸ ਤਜਰਬੇ ਦਾ ਲਾਭ ਹੋਇਆ ਜਦੋਂ ਉਨ੍ਹਾਂ ਨੇ ਅਲ-ਕਾਇਦਾ ਦੇ ਦੂਜੇ ਨੇਤਾਵਾਂ ਜਾਂ ਦੂਜੇ ਕੱਟੜਪੰਥੀਆਂ ਨੂੰ ਨਿਸ਼ਾਨਾ ਬਣਾਇਆ ਸੀ।

ਉਹ ਕਹਿੰਦੇ ਹੈ, "ਅਸੀਂ ਇਸ ਵਿੱਚ ਕਾਫੀ ਮਾਹਰ ਹਾਂ। ਇਹ ਅਜਿਹੀਆਂ ਚੀਜ਼ਾਂ ਹਨ, ਜਿਸ ਵਿੱਚ ਅਮਰੀਕਾ ਸਰਕਾਰ ਕਾਫੀ ਚੰਗੀ ਹੋ ਗਈ ਹੈ।"

ਅਮਰੀਕੀ ਸਰਕਾਰ ਵੱਲੋਂ ਉਨ੍ਹਾਂ ਉੱਪਰ ਢਾਈ ਕਰੋੜ ਡਾਲਰ ਦਾ ਇਨਾਮ ਰੱਖਿਆ ਗਿਆ ਸੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਮਰੀਕੀ ਸਰਕਾਰ ਵੱਲੋਂ ਅਲ- ਜ਼ਵਾਹਰੀ ਉੱਪਰ ਢਾਈ ਕਰੋੜ ਡਾਲਰ ਦਾ ਇਨਾਮ ਰੱਖਿਆ ਗਿਆ ਸੀ

ਹਾਲਾਂਕਿ, ਇਸ ਤਰ੍ਹਾਂ ਦੀਆਂ ਮੁਹਿੰਮਾਂ ਵਿੱਚ ਸਭ ਕੁਝ ਹਮੇਸ਼ਆ ਯੋਜਨਾ ਦੇ ਹਿਸਾਬ ਨਾਲ ਨਹੀਂ ਹੁੰਦਾ। 29 ਅਗਸਤ 2021 ਨੂੰ, ਕਾਬੁਲ ਹਵਾਈ ਅੱਡੇ ਕੋਲ ਇੱਕ ਡਰੋਨ ਹਮਲੇ ਵਿੱਚ, ਨਿਸ਼ਾਨਾ ਇਸਲਾਮਿਕ ਸਟੇਟ ਦੀ ਇੱਕ ਸਥਾਨਕ ਇਕਾਈ ਨੂੰ ਬਣਾਇਆ ਜਾਣਾ ਸੀ।

ਪਰ ਇਸ ਦੀ ਥਾਂ 10 ਬਗੁਨਾਹ ਲੋਕ ਮਾਰੇ ਗਏ। ਅਮਰੀਕੀ ਰੱਖਿਆ ਮੰਤਰਾਲੇ ਪੈਂਟਾਗਨ ਨੇ ਬਾਅਦ ਵਿੱਚ ਸਵੀਕਾਰ ਕੀਤਾ ਇੱਕ "ਵੱਡੀ ਗ਼ਲਤੀ" ਹੋ ਗਈ ਹੈ।

ਅਮਰੀਕਾ ਦੇ ਡਰੋਨ ਹਮਲਿਆਂ 'ਤੇ ਕਈ ਸਾਲਾਂ ਤੋਂ ਨਜ਼ਰ ਰੱਖ ਰਹੇ ਇੱਕ ਜਾਣਕਾਰ, ਫਾਊਂਡੇਸ਼ਨ ਫਾਰ ਡਿਫੈਂਸ ਆਫ ਡੇਮੋਕ੍ਰੇਟੀਜ਼ ਦੇ ਇੱਕ ਸੀਨੀਅਰ ਫੈਲੋ ਬਿਲ ਰੋਗੀਓ ਕਹਿੰਦੇ ਹਨ ਕਿ ਪਹਿਲਾਂ ਦੀਆਂ ਮੁਹਿੰਮਾਂ ਦੀਆਂ ਤੁਲਨਾ ਵਿੱਚ ਜ਼ਵਾਹਿਰੀ 'ਤੇ ਹੋਇਆ ਹਮਲਾ ਕਿਤੇ ਜ਼ਿਆਦਾ ਮੁਸ਼ਕਿਲ ਸੀ ਕਿਉਂਕਿ ਇਸ ਵਾਰ ਨਾ ਤਾਂ ਹਮਲੇ ਦੀ ਥਾਂ ਨੇੜੇ ਅਮਰੀਕਾ ਸੀ ਨਾ ਉਨ੍ਹਾਂ ਦੇ ਸਹਿਯੋਗੀ।

ਜਿਵੇਂ, ਪਹਿਲਾਂ ਕੋਈ ਅਜਿਹੇ ਡਰੋਨ ਹਮਲੇ ਹੋਏ ਉਹ ਪਾਕਿਸਤਾਨ ਵਿੱਚ ਹੋਏ ਅਤੇ ਉਨ੍ਹਾਂ ਨੂੰ ਆਫ਼ਗਾਨਿਸਤਾਨ ਤੋਂ ਦਾਗ਼ਿਆ ਗਿਆ।

ਬਿਲ ਰੋਗਿਓ ਕਹਿੰਦੇ ਹਨ, "ਉਨ੍ਹਾਂ ਥਾਵਾਂ 'ਤੇ, ਅਮਰੀਕਾ ਲਈ ਪਹੁੰਚਣਾ ਕਿਤੇ ਆਸਾਨ ਸੀ। ਜ਼ਮੀਨ 'ਤੇ ਉਨ੍ਹਾਂ ਦੇ ਲੋਕ ਸਨ। ਪਰ ਇਹ ਬਹੁਤ ਮੁਸ਼ਕਿਲ ਸੀ।"

"ਅਫ਼ਗਾਨਿਸਤਾਨ ਤੋਂ ਅਮਰੀਕਾ ਦੇ ਬਾਹਰ ਨਿਕਲਣ ਤੋਂ ਬਾਅਦ ਅਲ-ਕਾਇਦਾ ਜਾਂ ਇਸਲਾਮਿਕ ਸਟੇਟ 'ਤੇ ਕੀਤਾ ਗਿਆ ਇਹ ਪਹਿਲਾ ਹਮਲਾ ਸੀ। ਇਹ ਆਮ ਗੱਲ ਨਹੀਂ ਹੈ।"

ਕੀ ਇਹ ਮੁੜ ਹੋ ਸਕਦਾ ਹੈ?

ਬਿਲ ਰੋਗਿਓ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਹੈਰਾਨੀ ਨਹੀਂ ਹੋਵੇਗੀ, ਜੇਕਰ ਅਫ਼ਗਾਨਿਸਤਾਨ ਵਿੱਚ ਅਲ-ਕਾਇਦਾ ਦੇ ਖ਼ਿਲਾਫ਼ ਮੁੜ ਅਜਿਹੇ ਹਮਲੇ ਹੁੰਦੇ ਹਨ।

ਉਹ ਕਹਿੰਦੇ ਹਨ, "ਅਜਿਹੇ ਲੋਕਾਂ ਦੀ ਕਮੀ ਨਹੀਂ ਜਿਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਅਲ-ਕਾਇਦਾ ਦੇ ਅਗਲੇ ਸੰਭਾਵਿਤ ਨੇਤਾ ਜੇਕਰ ਅਫ਼ਗਾਨਿਸਤਾਨ ਵਿੱਚ ਪਹਿਲਾਂ ਤੋਂ ਹੀ ਮੌਜੂਦ ਨਹੀਂ ਹਨ ਤਾਂ ਉਹ ਉੱਥੇ ਜਾ ਸਕਦੇ ਹਨ।"

ਸਵਾਲ ਇਹ ਹੈ ਕਿ ਅਮਰੀਕਾ ਕੀ ਹੁਣ ਵੀ ਇਹ ਆਸਾਨੀ ਨਾਲ ਕਰ ਸਕਦਾ ਹੈ, ਜਾਂ ਇਹ ਇੱਕ ਮੁਸ਼ਕਿਲ ਕੰਮ ਹੋਵੇਗਾ।"

ਬੀਬੀਸੀ

ਇਹ ਵੀ ਪੜ੍ਹੋ-

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)