ਆਸਟ੍ਰੇਲੀਆ ਵਿੱਚ ਅੰਗਰੇਜ਼ੀ ਤੋਂ ਬਾਅਦ ਪੰਜਾਬੀ ਬਣੀ ਪੰਜਵੀਂ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ

    • ਲੇਖਕ, ਟਿਫਨੀ ਟਰਨਬੁਲ
    • ਰੋਲ, ਬੀਬੀਸੀ ਨਿਊਜ਼,ਸਿਡਨੀ

ਆਸਟ੍ਰੇਲੀਆ ਦੀ ਨਵੀਂ ਮਰਦਮਸ਼ੁਮਾਰੀ ਦੇ ਅੰਕੜਿਆਂ ਮੁਤਾਬਕ ਦੇਸ਼ ਵਿੱਚ ਪੰਜਾਬੀ ਭਾਸ਼ਾ ਬੋਲਣ ਵਾਲੇ ਲੋਕ ਤੇਜ਼ੀ ਨਾਲ ਵਧ ਰਹੇ ਹਨ।

ਦੇਸ਼ ਦੀ ਆਬਾਦੀ ਵਿੱਚ ਵੀ ਕੁਝ ਬਦਲਾਅ ਹੋ ਰਹੇ ਹਨ ਅਤੇ ਭਾਰਤ ਤੋਂ ਗਏ ਲੋਕਾਂ ਦੀ ਆਬਾਦੀ ਵੀ ਵਧੀ ਹੈ।

ਆਸਟ੍ਰੇਲੀਆ ਵਿੱਚ ਹਰ ਪੰਜ ਸਾਲਾਂ ਬਾਅਦ ਮਰਦਮਸ਼ੁਮਾਰੀ ਹੁੰਦੀ ਹੈ ਅਤੇ ਇਹ ਤਾਜ਼ਾ ਮਰਦਮਸ਼ੁਮਾਰੀ ਦੇ ਅੰਕੜੇ ਪਿਛਲੇ ਹਫ਼ਤੇ ਜਾਰੀ ਕੀਤੇ ਗਏ ਹਨ।

2016 ਵਿੱਚ ਦੇਸ਼ ਦੀ ਆਬਾਦੀ 2.3 ਕਰੋੜ ਸੀ ਜੋ ਕਿ ਹੁਣ ਵਧ ਕੇ 2.5 ਕਰੋੜ ਹੋ ਗਈ ਹੈ। ਦੇਸ਼ ਦੀ ਔਸਤਨ ਆਮਦਨ ਵਿੱਚ ਵੀ ਵਾਧੇ ਹੋਏ ਹਨ।

ਤੇਜ਼ੀ ਨਾਲ ਵਧ ਰਹੀ ਹੈ ਪੰਜਾਬੀ ਭਾਸ਼ਾ

2021 ਦੀ ਮਰਦਮਸ਼ੁਮਾਰੀ ਦੌਰਾਨ ਪੰਜਾਬੀ ਭਾਸ਼ਾ ਦੇਸ਼ ਦੀਆਂ ਪਹਿਲੀਆਂ ਪੰਜ ਸਭ ਤੋਂ ਵੱਧ ਬੋਲਣ ਵਾਲੀਆਂ ਭਾਸ਼ਾਵਾਂ ਵਿੱਚ ਸ਼ਾਮਲ ਹੋ ਗਈ ਹੈ।

ਇਹ ਅੰਕੜੇ ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ (ਏਬੀਐਸ) ਵੱਲੋਂ ਜਾਰੀ ਕੀਤੇ ਗਏ ਹਨ।

ਆਸਟ੍ਰੇਲੀਆ ਵਿੱਚ ਪੰਜਾਬੀ ਸਭ ਤੋਂ ਤੇਜ਼ੀ ਨਾਲ ਵਧਣ ਵਾਲੀ ਭਾਸ਼ਾ ਬਣ ਗਈ ਹੈ।

ਪਿਛਲੀ ਮਰਦਮਸ਼ੁਮਾਰੀ ਵਿੱਚ ਪੰਜਾਬੀ ਭਾਸ਼ਾ ਪਹਿਲੀਆਂ 10 ਸਭ ਤੋਂ ਵੱਧ ਬੋਲਣ ਵਾਲੀਆਂ ਭਾਸ਼ਾਵਾਂ ਵਿੱਚ ਸ਼ਾਮਲ ਸੀ।

ਆਸਟ੍ਰੇਲੀਆ ਦੇ ਵਿਕਟੋਰੀਆ ਵਿੱਚ 1.6 ਫ਼ੀਸਦ,ਆਸਟਰੇਲੀਅਨ ਕੈਪੀਟਲ ਟੈਰੀਟਰੀ ਵਿੱਚ 1.1 ਫ਼ੀਸਦ, ਕੁਈਨਜ਼ਲੈਂਡ ਵਿੱਚ 0.6 ਫ਼ੀਸਦ, ਦੱਖਣੀ ਆਸਟ੍ਰੇਲੀਆ ਵਿੱਚ 0.8 ਫ਼ੀਸਦ, ਤਸਮਾਨੀਆ ਵਿੱਚ 0.5 ਫ਼ੀਸਦ ਲੋਕ ਪੰਜਾਬੀ ਬੋਲਦੇ ਹਨ।

ਅੰਗਰੇਜ਼ੀ ਤੋਂ ਬਾਅਦ ਸਭ ਤੋਂ ਵੱਧ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਵਿੱਚ ਚੀਨੀ ਅਤੇ ਅਰਬੀ ਵੀ ਸ਼ਾਮਲ ਹਨ।

2021 ਦੀ ਮਰਦਮਸ਼ੁਮਾਰੀ ਮੁਤਾਬਕ 2.39 ਲੱਖ ਲੋਕ ਆਪਣੇ ਘਰਾਂ ਵਿੱਚ ਪੰਜਾਬੀ ਬੋਲਦੇ ਹਨ। 2016 ਦੌਰਾਨ ਇਹ ਸੰਖਿਆ 1.32 ਲੱਖ ਸੀ।

ਇਸਦੇ ਨਾਲ ਹੀ ਦੇਸ਼ ਵਿੱਚ ਈਸਾਈ ਧਰਮ ਤੋਂ ਬਾਅਦ ਇਸਲਾਮ, ਹਿੰਦੂ, ਬੁੱਧ ਅਤੇ ਸਿੱਖ ਧਰਮ ਸਭ ਤੋਂ ਉੱਪਰ ਹਨ।

ਹਿੰਦੂ ਅਤੇ ਇਸਲਾਮ ਧਰਮ ਵੀ ਤੇਜ਼ੀ ਨਾਲ ਵਧ ਰਿਹਾ ਹੈ। ਹਾਲਾਂਕਿ ਇਸ ਨੂੰ ਮੰਨਣ ਵਾਲੇ ਲੋਕਾਂ ਦੀ ਸੰਖਿਆ 3-3 ਫ਼ੀਸਦ ਹੀ ਹੈ।

2016 ਦੀ ਮਰਦਮਸ਼ੁਮਾਰੀ ਸਮੇਂ ਹਿੰਦੂ ਆਬਾਦੀ 1.9 ਫ਼ੀਸਦ ਸੀ ਅਤੇ ਮੁਸਲਿਮ ਆਬਾਦੀ 2.6 ਫ਼ੀਸਦ ਸੀ।

ਪਰਵਾਸ ਵਿੱਚ ਭਾਰਤੀਆਂ ਨੇ ਨਿਊਜ਼ੀਲੈਂਡ ਅਤੇ ਚੀਨ ਨੂੰ ਛੱਡਿਆ ਪਿੱਛੇ

ਕੋਰੋਨਾ ਮਹਾਂਮਾਰੀ ਦੌਰਾਨ ਪਰਵਾਸ ਦੀ ਦਰ ਘਟੀ ਹੈ ਪਰ ਪਿਛਲੇ ਪੰਜ ਸਾਲਾਂ ਦੌਰਾਨ ਦੇਸ਼ ਵਿੱਚ 10 ਲੱਖ ਤੋਂ ਵੱਧ ਲੋਕ ਦੂਜੇ ਦੇਸ਼ਾਂ ਤੋਂ ਆ ਕੇ ਵਸੇ ਹਨ। ਇਨ੍ਹਾਂ ਵਿੱਚੋਂ ਤਕਰੀਬਨ ਇੱਕ ਚੌਥਾਈ ਭਾਰਤੀ ਹਨ।

ਭਾਰਤ ਤੋਂ ਆਉਣ ਵਾਲੇ ਲੋਕਾਂ ਨੇ ਚੀਨ ਅਤੇ ਨਿਊਜ਼ੀਲੈਂਡ ਨੂੰ ਪਿੱਛੇ ਛੱਡ ਦਿੱਤਾ ਹੈ। ਆਧੁਨਿਕ ਆਸਟ੍ਰੇਲੀਆ ਵਿੱਚ ਜ਼ਿਆਦਾਤਰ ਲੋਕ ਦੂਜੇ ਦੇਸ਼ਾਂ ਤੋਂ ਹੀ ਆ ਕੇ ਵਸੇ ਹਨ।

ਅਜਿਹਾ ਪਹਿਲੀ ਵਾਰੀ ਹੋਇਆ ਹੈ ਕਿ ਦੇਸ਼ ਦੀ ਅੱਧੀ ਤੋਂ ਵੱਧ ਆਬਾਦੀ ਅਜਿਹੀ ਹੈ ਜੋ ਜਾਂ ਤਾਂ ਆਪ ਵਿਦੇਸ਼ਾਂ ਵਿੱਚ ਪੈਦਾ ਹੋਈ ਹੈ ਜਾਂ ਉਨ੍ਹਾਂ ਦੇ ਮਾਤਾ ਪਿਤਾ।

ਮੂਲ ਨਿਵਾਸੀਆਂ ਦੀ ਬਾਦੀ ਵਿੱਚ ਵਾਧਾ

ਆਸਟ੍ਰੇਲੀਆ ਵਿੱਚ ਖ਼ੁਦ ਨੂੰ ਦੇਸੀ ਜਾਂ ਮੂਲ ਨਿਵਾਸੀ (ਟੌਰੇਸ ਸਟਰੇਟ ਆਈਲੈਂਡ) ਆਖਣ ਵਾਲਿਆਂ ਦੀ ਜਨਸੰਖਿਆ ਵਿੱਚ ਵੀ ਵਾਧਾ ਹੋਇਆ ਹੈ।

ਆਸਟ੍ਰੇਲੀਅਨ ਬਿਊਰੋ ਸਟੈਟਿਸਟਿਕਸ ਮੁਤਾਬਕ ਪਿਛਲੀ ਮਰਦਮਸ਼ੁਮਾਰੀ ਦੇ ਮੁਕਾਬਲੇ ਇਹ ਇੱਕ ਚੌਥਾਈ ਵਾਧਾ ਹੈ।

ਏਬੀਐੱਸ ਮੁਤਾਬਕ ਇਸ ਦਾ ਕਾਰਨ ਨਾ ਸਿਰਫ਼ ਨਵੇਂ ਲੋਕਾ ਦਾ ਪੈਦਾ ਹੋਣਾ ਹੈ ਸਗੋਂ ਇਸ ਭਾਈਚਾਰੇ ਦੇ ਲੋਕ ਵੀ ਖ਼ੁਦ ਦੀ ਦੇਸੀ ਪਛਾਣ ਜ਼ਾਹਰ ਕਰਨ ਵਿੱਚ ਜ਼ਿਆਦਾ ਸਹਿਜ ਹੋ ਰਹੇ ਹਨ।

ਹੁਣ ਇਹ ਆਬਾਦੀ 8.1 ਲੱਖ ਹੋ ਗਈ ਹੈ ਜੋ ਕਿ ਦੇਸ਼ ਦੀ ਕੁੱਲ ਆਬਾਦੀ ਦਾ 3.2 ਫ਼ੀਸਦ ਹੈ।

ਇਹ ਵੀ ਪੜ੍ਹੋ:

1788 ਵਿੱਚ ਯੂਰਪੀ ਲੋਕਾਂ ਦੇ ਆਉਣ ਤੋਂ ਪਹਿਲਾਂ ਦੇਸ਼ ਦੇ ਮੂਲ ਨਿਵਾਸੀਆਂ ਦੀ ਜਨਸੰਖਿਆ 3-10 ਲੱਖ ਦੇ ਦਰਮਿਆਨ ਹੋਣ ਦਾ ਅੰਦਾਜ਼ਾ ਸੀ ਪਰ ਬਿਮਾਰੀ ਹਿੰਸਾ ਅਤੇ ਬੇਦਖਲ ਕੀਤੇ ਜਾਣ ਤੋਂ ਬਾਅਦ ਮੂਲ ਨਿਵਾਸੀਆਂ ਦੀ ਜਨਸੰਖਿਆ ਤੇਜ਼ੀ ਨਾਲ ਘੱਟ ਗਈ ਸੀ।

ਬਦਲ ਗਈ ਦੇਸ਼ ਦੀ ਪੀੜ੍ਹੀ

ਮਰਦਮਸ਼ੁਮਾਰੀ ਮੁਤਾਬਕ ਦੇਸ਼ ਦੀ ਪੀੜ੍ਹੀ ਵਿੱਚ ਵੱਡਾ ਬਦਲਾਅ ਆਇਆ ਹੈ।

ਹੁਣ ਤੱਕ ਦੇਸ਼ ਦੀ ਆਬਾਦੀ ਵਿੱਚ 1946 -65 ਦਰਮਿਆਨ ਪੈਦਾ ਹੋਏ ਲੋਕ ਸਭ ਤੋਂ ਵੱਡੀ ਸੰਖਿਆ ਵਿੱਚ ਸਨ। ਇਸ ਸਮੂਹ ਨੂੰ ਬੇਬੀ ਬੂਮਰਜ਼ ਆਖਿਆ ਜਾਂਦਾ ਹੈ।

ਤਾਜ਼ਾ ਮਰਦਮਸ਼ੁਮਾਰੀ ਦੇ ਅੰਕੜਿਆਂ ਮੁਤਾਬਕ 1981-95 ਦਰਮਿਆਨ ਪੈਦਾ ਹੋਏ ਲੋਕਾਂ ਦੀ ਆਬਾਦੀ ਵਿੱਚ ਥੋੜ੍ਹਾ ਵਾਧਾ ਹੋਇਆ ਹੈ। ਇਹ ਸਮੂਹ ਮਿਲੇਨੀਅਲ ਅਖਵਾਉਂਦਾ ਹੈ।

ਇਹ ਦੋਵੇਂ ਸਮੂਹ ਹੁਣ ਦੇਸ਼ ਦੀ ਆਬਾਦੀ ਦਾ 21.5 ਫ਼ੀਸਦ ਹਿੱਸਾ ਹਨ। ਮਾਹਰਾਂ ਮੁਤਾਬਕ ਸਰਕਾਰ ਨੂੰ ਹੁਣ ਬਜ਼ੁਰਗ ਲੋਕਾਂ ਦੇ ਰਹਿਣ ਅਤੇ ਸਾਂਭ ਸੰਭਾਲ ਦੀਆਂ ਸੁਵਿਧਾਵਾਂ ਉੱਤੇ ਜ਼ਿਆਦਾ ਧਿਆਨ ਦੇਣ ਦੀ ਲੋੜ ਪਵੇਗੀ।

ਘਰ ਖਰੀਦਣਾ ਹੋਇਆ ਔਖਾ

25 ਸਾਲ ਪਹਿਲਾਂ ਆਸਟ੍ਰੇਲੀਆ ਵਿੱਚ ਤਕਰੀਬਨ ਇੱਕ ਚੌਥਾਈ ਲੋਕ ਘਰ ਖਰੀਦਦੇ ਸਨ ਪਰ ਹੁਣ ਇੱਥੇ ਆਪਣਾ ਘਰ ਖਰੀਦਣਾ ਸੌਖਾ ਨਹੀਂ।

ਮਰਦਮਸ਼ੁਮਾਰੀ ਦੇ ਅੰਕੜਿਆਂ ਮੁਤਾਬਕ ਹੁਣ ਲੋਕ ਰਹਿਣ ਲਈ ਦੂਜੇ ਬਦਲਾਂ ਵੱਲ ਦੇਖ ਰਹੇ ਹਨ। ਦੇਸ਼ ਵਿੱਚ ਹਾਊਸਬੋਟ, ਕੈਰਾਵਨ ਤੇਜ਼ੀ ਨਾਲ ਵਧ ਰਹੇ ਹਨ।

ਹਾਊਸਬੋਟ ਤਕਰੀਬਨ 30 ਹਜ਼ਾਰ ਹੋ ਗਏ ਹਨ। ਦੇਸ਼ ਵਿੱਚ ਕੇਰਾਵੈਨ ਦੀ ਸੰਖਿਆ 60 ਹਜ਼ਾਰ ਹੋ ਗਈ ਹੈ ਅਤੇ ਇਹ 150 ਫ਼ੀਸਦ ਤੱਕ ਵਧਿਆ ਹੈ।

ਘਰ ਤੇਜ਼ੀ ਨਾਲ ਮਹਿੰਗੇ ਹੋਏ ਹਨ ਅਤੇ 1966 ਤੋਂ ਹੁਣ ਤੱਕ ਬੰਧਕ ਰੱਖੀ ਗਈ ਪ੍ਰਾਪਰਟੀ ਦਾ ਹਿੱਸਾ ਵਧ ਕੇ ਦੁੱਗਣਾ ਹੋ ਰਿਹਾ ਹੈ। 2022 ਦੀ ਇੱਕ ਰਿਪੋਰਟ ਮੁਤਾਬਕ ਘਰ ਖ਼ਰੀਦਣ ਦੇ ਲਿਹਾਜ਼ ਨਾਲ ਆਸਟ੍ਰੇਲੀਆ ਦੇ ਸ਼ਹਿਰ ਪੂਰੀ ਦੁਨੀਆ ਵਿੱਚ ਸਭ ਤੋਂ ਖਰਾਬ ਰੈਂਕਿੰਗ ਵਿੱਚ ਸ਼ਾਮਲ ਹਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)