ਦੱਖਣੀ ਅਫ਼ਰੀਕਾ: ਝੂਠੀ ਨਿਕਲੀ ਦਸ ਬੱਚਿਆਂ ਨੂੰ ਇਕੱਠੇ ਜਨਮ ਦੇਣ ਵਾਲ਼ੀ ਖ਼ਬਰ

ਦੱਖਣੀ ਅਫ਼ਰੀਕਾ ਵਿੱਚ ਅਧਿਕਾਰੀਆਂ ਨੇ ਕਿਹਾ ਹੈ ਕਿ ਖ਼ੁਸਿਯਾਮੀ ਸਿਟੋਲੇ ਨਾਂਅ ਦੀ ਇੱਕ ਔਰਤ ਵੱਲੋਂ ਦਸ ਬੱਚਿਆਂ ਨੂੰ ਇਕੱਠਿਆਂ ਜਨਮ ਦੇਣ ਦਾ ਕੀਤਾ ਗਿਆ ਦਾਅਵਾ ਝੂਠਾ ਹੈ।

ਗੌਤਾਂਗ ਸੂਬੇ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਸੂਬੇ ਦੇ ਕਿਸੇ ਵੀ ਹਸਪਤਾਲ ਵਿੱਚ ਦਸ ਬੱਚਿਆਂ ਦੇ ਇਕੱਠੇ ਜਨਮ ਲੈਣ ਦਾ ਕੋਈ ਰਿਕਾਰਡ ਨਹੀਂ ਹੈ।

ਅਧਿਕਾਰੀਆਂ ਨੇ ਇੱਥੋਂ ਤੱਕ ਕਿਹਾ ਕਿ ਖ਼ੁਸਿਆਮੀ ਸਿਟੋਲੇ ਹਾਲ-ਫ਼ਲਿਹਾਲ ਵਿੱਚ ਗਰਭਵਤੀ ਵੀ ਨਹੀਂ ਸਨ। ਹੁਣ ਇਸ ਔਰਤ ਦੀ ਮਾਨਸਿਕ ਸਿਹਤ ਐਕਟ ਦੇ ਤਹਿਤ ਸਾਂਭ-ਸੰਭਾਲ ਕੀਤੀ ਜਾ ਰਹੀ ਹੈ ਅਤੇ ਉਸ ਨੂੰ ਹਰ ਸੰਭਵ ਮਦਦ ਮੁਹਈਆ ਕਰਵਾਈ ਜਾਏਗੀ।

ਇਹ ਵੀ ਪੜ੍ਹੋ:

ਅਧਿਕਾਰਿਤਕ ਬਿਆਨ ਵਿੱਚ ਬੱਚਿਆਂ ਦੇ ਜਨਮ ਦੀ ਝੂਠੀ ਕਹਾਣੀ ਬੁਣਨ ਮਗਰਲੇ ਕਾਰਨਾਂ ਦੀ ਜਾਣਕਾਰੀ ਨਹੀਂ ਦਿੱਤੀ ਗਈ ਹੈ।

ਹਾਲਾਂਕਿ ਇਸ ਖ਼ਬਰ ਨੂੰ ਸਭ ਤੋਂ ਪਹਿਲਾਂ ਛਾਪਣ ਵਾਲੇ ਪ੍ਰਿਟੋਰੀਆ ਨਿਊਜ਼ ਦੀ ਮਾਲਕ ਕੰਪਨੀ ਇੰਡੀਪੈਂਡੈਂਟ ਆਨਲਾਈਨ ਨੇ ਕਿਹਾ ਹੈ ਕਿ ਉਹ ਆਪਣੀ ਕਹਾਣੀ 'ਤੇ ਕਾਇਮ ਹਨ।

ਕੰਪਨੀ ਨੇ ਇਲਜ਼ਾਮ ਲਾਇਆ ਹੈ ਕਿ ਖ਼ੁਸਿਆਮੀ ਸਿਟੋਲੇ ਨੇ ਰਾਜਧਾਨੀ ਪ੍ਰਿਟੋਰਿਆ ਦੇ ਸਟੀਵ ਬਿਕੋ ਅਕੈਡਿਮਿਕ ਹਸਪਤਾਲ ਵਿੱਚ ਸੱਤ ਜੂਨ ਨੂੰ ਦਸ ਬੱਚਿਆਂ ਨੂੰ ਜਨਮ ਦਿੱਤਾ ਪਰ ਹਸਤਾਲ ਨੇ ਦੇ ਕੋਲ ਇੰਨੇ ਬੱਚਿਆਂ ਦੀ ਇਕੱਠਿਆਂ ਡਲਿਵਰੀ ਕਰਵਾਉਣ ਦੀ ਤਿਆਰੀ ਨਹੀਂ ਸੀ।

ਹੁਣ ਪ੍ਰਿਟੋਰੀਆ ਨਿਊਜ਼ ਨੇ ਇਲਜ਼ਾਮ ਲਾਇਆ ਹੈ ਕਿ ਸੂਬਾਈ ਸਿਹਤ ਅਫ਼ਸਰ ਮੈਡੀਕਲ ਲਾਪ੍ਰਵਾਹੀ ਉੱਪਰ ਮਿੱਟੀ ਪਾ ਰਹੇ ਹਨ।

ਲੇਕਲ ਸਰਕਾਰੀ ਅਧਿਕਾਰੀ ਇਸ ਦਾ ਖੰਡਨ ਕਰ ਰਹੇ ਹਨ।

ਉਨ੍ਹਾਂ ਨੇ ਇੱਕ ਬਿਆਨ ਜਾਰੀ ਕਰ ਕੇ ਕਿਹਾ ਹੈ,"ਲਾਪ੍ਰਵਾਹੀ ਦੇ ਇਲਜ਼ਾਮ ਝੂਠੇ ਅਤੇ ਬੇਬੁਨਿਆਦ ਹਨ। ਇਹ ਸਟੀਵ ਬਿਕੋ ਹਸਪਤਾਲ ਅਤੇ ਸੂਬਾਈ ਸਰਕਾਰ ਦੀ ਸਾਖ਼ ਨੂੰ ਧੱਬਾ ਲਾਉਣ ਦੀ ਕੋਸ਼ਿਸ਼ ਹਨ।"

ਬਿਆਨ ਵਿੱਚ ਕਿਹਾ ਗਿਆ ਹੈ ਕਿ ਪ੍ਰਿਟੋਰੀਆ ਨਿਊਜ਼ ਅਤੇ ਇਸ ਦੇ ਪ੍ਰਧਾਨ ਸੰਪਾਦਕ ਪੀਟ ਰਾਂਪੋਰੀ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਖ਼ਬਰ ਕਿਵੇਂ ਫ਼ੈਲੀ

ਖ਼ੁਸਿਆਮੀ ਸਿਟੋਲੇ ਅਤੇ ਉਨ੍ਹਾਂ ਦੇ ਪਤੀ ਤਸੋਤੇਤਸੀ ਗੌਤੇਂਗ ਸੂਬੇ ਦੇ ਥੇਂਬੀਆ ਕਸਬੇ ਵਿੱਚ ਰਹਿੰਦੇ ਹਨ। ਇਹ ਇਲਾਕਾ ਜੌਹਨਸਬਰਗ ਦੇ ਨਜ਼ਦੀਕੀ ਹੈ।

ਉਨ੍ਹਾਂ ਦੇ ਛੇ ਸਾਲ ਦੇ ਜੁੜਵੇਂ ਬੱਚੇ ਵੀ ਹਨ।

ਖ਼ਬਰ ਛਾਪਣ ਵਾਲੀ ਕੰਪਨੀ ਇੰਡੀਪੈਂਡੈਂਟ ਆਨਲਾਈਨ ਮੁਤਾਬਕ ਉਨ੍ਹਾਂ ਦਾ ਰਿਪੋਰਟਰ ਅਤੇ ਰਾਂਪੇੜੀ ਇੱਕ ਹੀ ਗਿਰਜੇ ਵਿੱਚ ਜਾਂਦੇ ਸਨ ਅਤੇ ਉੱਥੇ ਹੀ ਦੋਵਾਂ ਦੀ ਮੁਲਾਕਾਤ ਹੋਈ।

ਇਲਜ਼ਾਮ ਹੈ ਕਿ ਮਈ ਮਹੀਨੇ ਵਿੱਚ ਇਸ ਰਿਪੋਰਟਰ ਨੇ ਜੋੜੇ ਦਾ ਇੰਟਰਵਿਊ ਲਿਆ ਅਤੇ ਉਨ੍ਹਾਂ ਨੂੰ ਕਿਹਾ ਕਿ ਉਹ ਇਕੱਠੇ ਅੱਠ ਬੱਚਿਆਂ ਦੇ ਜਨਮ ਦੀ ਕਹਾਣੀ ਦੀ ਉਮੀਦ ਕਰ ਰਹੇ ਹਨ। ਇਲਜ਼ਾਮ ਹੈ ਕਿ ਇਸ ਇੰਟਰਵਿਊ ਦੇ ਦੌਰਾਨ ਸਿਟੋਲੇ ਦਾ ਫੋਟੋਸ਼ੂਟ ਵੀ ਕੀਤਾ ਗਿਆ ਜਿਸ ਵਿੱਚ ਉਨ੍ਹਾਂ ਨੂੰ ਗਰਭਵਤੀ ਦਿਖਾਇਆ ਗਿਆ।

ਪ੍ਰਿਟੋਰੀਆ ਨਿਊਜ਼ ਨੇ ਦਸ ਬੱਚਿਆਂ ਦੇ ਜਨਮ ਦੀ ਕਹਾਣੀ 8 ਜੂਨ ਨੂੰ ਛਾਪੀ ਸੀ।

ਖ਼ਬਰ ਸਿਟੋਲੇ ਦੇ ਪਤੀ ਤਸੋਤੇਤਸੀ ਦੇ ਹਵਾਲੇ ਨਾਲ ਛਾਪੀ ਗਈ ਸੀ। ਤਸੋਤੇਤਸੀ ਨੇ ਬਾਅਦ ਵਿੱਚ ਕਿਹਾ ਕਿ ਕੋਰੋਨਾ ਵਾਇਰਸ ਦੇ ਕਾਰਨ ਉਹ ਹਸਪਤਾਲ ਨਹੀਂ ਗਏ ਸਨ ਪਰ ਉਨ੍ਹਾਂ ਨੂੰ ਇਸ ਬਾਰੇ ਉਨ੍ਹਾਂ ਦੀ ਪਤਨੀ ਨੇ ਮੈਸਜ ਭੇਜਿਆ ਸੀ।

ਪ੍ਰਿਟੋਰੀਆ ਨਿਊਜ਼ ਨੇ ਇੱਕ ਵਟਸਐਪ ਮੈਸਜ ਤੇ ਭਰੋਸਾ ਕੀਤਾ ਪਰ ਹਸਤਾਲ ਨੇ ਇਸ ਖ਼ਬਰ ਦੀ ਪੁਸ਼ਟੀ ਨਹੀਂ ਕੀਤੀ।

ਕਸਬੇ ਦੇ ਮੇਅਰ ਨੇ ਵੀ ਇਸ ਖ਼ਬਰ ਦੀ ਪੁਸ਼ਟੀ ਕੀਤੀ ਸੀ। ਇਹੀ ਕਾਰਨ ਹੈ ਕਿ ਬੀਬੀਸੀ ਸਮੇਤ ਕਈ ਮੀਡੀਆ ਅਦਾਰਿਆਂ ਨੇ ਇਸ ਖ਼ਬਰ ਨੂੰ ਨਸ਼ਰ ਕੀਤਾ।

ਜਦਕਿ ਹੁਣ ਸਰਕਾਰੀ ਬੁਲਾਰੇ ਦਾ ਕਹਿਣਾ ਹੈ ਕਿ ਲੋਕਾਂ ਨੇ ਦਸ ਬੱਚਿਆਂ ਦੇ ਜਨਮ ਬਾਰੇ ਸੁਣਿਆ ਭਰ ਹੈ, ਕਿਸੇ ਨੇ ਉਨ੍ਹਾਂ ਨੂੰ ਦੇਖਿਆ ਤੱਕ ਨਹੀਂ ਹੈ।

ਲੱਖਾਂ ਦੀ ਫੰਡਿੰਗ

ਖ਼ਬਰ ਨਸ਼ਰ ਹੋਣ ਤੋਂ ਬਾਅਦ ਇਹ ਬੱਚੇ ਥੇਂਬਿਸਾ-10 ਦੇ ਨਾਂਅ ਨਾਲ ਮਸ਼ਹੂਰ ਹੋ ਗਏ ਅਤੇ ਲੋਕ ਇਨ੍ਹਾਂ ਲਈ ਫੰਡ ਇਕੱਠਾ ਕਰਨ ਲੱਗੇ।

ਇੰਡੀਪੈਂਡੈਂਟ ਆਨਲਾਈਨ ਦੇ ਚੇਅਰਮੈਨ ਇਕਬਾਲ ਸੁਰਵੇ ਨੇ ਖ਼ੁਦ ਇਨ੍ਹਾਂ ਬੱਚਿਆਂ ਲਈ ਕਰੀਬ 50 ਲੱਖ ਰੁਪਏ ਦਾਨ ਕੀਤੇ।

ਹਾਲਾਂਕਿ ਕਹਾਣੀ ਉੱਪਰ ਉਸ ਸਮੇਂ ਸ਼ੱਕ ਹੋਇਆ ਜਦੋਂ ਪ੍ਰਿਟੋਰੀਆ ਨਿਊਜ਼, ਹਸਪਤਾਲ ਦਾ ਨਾਂਅ ਦੱਸਣ ਵਿੱਚ ਨਾਕਾਮ ਰਿਹਾ।

ਇਸ ਦੇ ਨਾਲ ਹੀ ਸ਼ਹਿਰ ਦੇ ਕਈ ਹਸਪਤਾਲਾਂ ਨੇ ਅਜਿਹੇ ਕਿਸੇ ਜਣੇਪੇ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰਨ ਬਾਰੇ ਬਿਆਨ ਜਾਰੀ ਕੀਤੇ।

ਇਸ ਤੋਂ ਕੋਈ ਦਸ ਦਿਨ ਬਾਅਦ ਇੰਡੀਪੈਂਡੈਂਟ ਆਨਲਾਈਨ ਨੇ ਸਟੀਵ ਬਿਕੋ ਹਸਪਤਾਲ ਉੱਪਰ ਇਲਜ਼ਾਮ ਲਗਾਏ।

ਪ੍ਰਿਟੋਰੀਆ ਨਿਊਜ਼ ਨੇ ਖ਼ਬਰ ਛਾਪੀ ਕਿ ਜਨਮ ਤੋਂ ਬਾਅਦ ਦੰਪਤੀ ਵਿਚਕਾਰ ਲੜਾਈ ਹੋ ਗਈ ਅਤੇ ਦੋ ਹਫ਼ਤੇ ਬਾਅਦ ਪਤੀ ਨੇ ਕਿਹਾ ਕਿ ਪਤਨੀ ਗੁਆਚ ਗਈ ਹੈ ਅਤੇ ਇਸ ਲਈ ਲੋਕ ਦਾਨ ਦੇਣਾ ਬੰਦ ਕਰ ਦੇਣ। ਲਿਕਨ ਪਤਨੀ ਨੇ ਕਿਹਾ ਕਿ ਪਤੀ ਬੱਚਿਆਂ ਦੇ ਪੈਸੇ ਹੜੱਪਣੇ ਚਾਹੁੰਦਾ ਹੈ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸੇ ਦੌਰਾਨ ਸਮਾਜਿਕ ਕਾਰਕੁਨਾਂ ਨੇ ਸਿਟੋਲੇ ਨੂੰ ਲੱਭ ਲਿਆ ਅਤੇ ਉਨ੍ਹਾਂ ਨੇ ਪਿੱਛਲੇ ਸ਼ੁੱਕਰਵਾਰ ਨੂੰ ਟੇਸਟਾਂ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ।

ਦੱਖਣੀ ਅਫ਼ਰੀਕਾ ਦੇ ਇੱਕ ਹੋਰ ਮੀਡੀਆ ਅਦਾਰੇ ਨਿਊਜ਼-24 ਨੇ ਦਾਅਵਾ ਕੀਤਾ ਹੈ ਕਿ ਪ੍ਰਿਟੋਰੀਆ ਨਿਊਜ਼ ਦੇ ਮੁੱਖ ਸੰਪਾਦਕ ਰਾਂਪੋੜੀ ਨੇ ਇੰਡੀਪੈਂਡੈਂਟ ਆਨਲਾਈਨ ਨਾਲ ਮਿਲ ਕੇ 'ਸਾਖ਼ ਨੂੰ ਪਹੁੰਚੇ ਨੁਕਸਾਨ" ਲਈ ਹਰਜਾਨਾ ਮੰਗਿਆ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)