ਕਿਵੇਂ ਇੱਕ ਕਿਸਾਨ ਨੇ ਬਦਲੀ ਫਰਾਂਸ ਅਤੇ ਬੈਲਜੀਅਮ ਦੀ ਸਰਹੱਦ

ਬੈਲਜੀਅਮ ਦੇ ਇੱਕ ਕਿਸਾਨ ਨੇ ਅਣਜਾਣੇ ਵਿੱਚ ਫਰਾਂਸ ਦੇ ਨਾਲ ਆਪਣੇ ਦੇਸ਼ ਦੀ ਸਰਹੱਦ ਨੂੰ ਬਦਲ ਕੇ ਬਵਾਲ ਮਚਾ ਦਿੱਤਾ।

ਜੰਗਲ ਤੋਂ ਗੁਜ਼ਰ ਰਹੇ ਇੱਕ ਇਤਿਹਾਸਕਾਰ ਨੇ ਵੇਖਿਆ ਕਿ ਦੋਵਾਂ ਦੇਸ਼ਾਂ ਦੀ ਸਰਹੱਦ ਨੂੰ ਦਰਸਾਉਂਦਾ ਪੱਥਰ 2.29 ਮੀਟਰ (7.5 ਫੁੱਟ) ਖਿਸਕ ਗਿਆ ਸੀ।

ਇਹ ਦੱਸਿਆ ਜਾ ਰਿਹਾ ਹੈ ਕਿ ਬੈਲਜੀਅਮ ਦਾ ਇਹ ਕਿਸਾਨ ਆਪਣੇ ਟਰੈਕਟਰ ਦੇ ਰਸਤੇ ਵਿੱਚ ਆ ਰਹੇ ਇਸ ਪੱਥਰ ਤੋਂ ਬਹੁਤ ਗੁੱਸੇ 'ਚ ਸੀ ਅਤੇ ਬਾਅਦ ਵਿੱਚ ਉਸਨੇ ਇਸ ਪੱਥਰ ਨੂੰ ਫਰਾਂਸ ਦੇ ਖੇਤਰ ਵੱਲ ਖ਼ਿਸਕਾ ਦਿੱਤਾ।

ਪਰ ਦਿਲਚਸਪ ਗੱਲ ਇਹ ਹੈ ਕਿ ਅੰਤਰਰਾਸ਼ਟਰੀ ਪੱਧਰ 'ਤੇ ਬਵਾਲ ਮੱਚਣ ਦੀ ਬਜਾਏ, ਇਸ ਘਟਨਾ ਨੇ ਸਰਹੱਦ ਦੇ ਦੋਵਾਂ ਪਾਸਿਆਂ 'ਤੇ ਮੁਸਕੁਰਾਹਟ ਲਿਆ ਦਿੱਤੀ।

ਇਹ ਵੀ ਪੜ੍ਹੋ

ਬੈਲਜੀਅਮ ਨੂੰ ਵੱਡਾ ਅਤੇ ਫਰਾਂਸ ਨੂੰ ਛੋਟਾ ਬਣਾ ਦਿੱਤਾ

ਬੈਲਜੀਅਮ ਦੇ ਅਰਕੁਲੀਨਜ਼ ਪਿੰਡ ਦੇ ਮੇਅਰ, ਡੇਵਿਡ ਲਾਵੋਕਸ ਨੇ ਫ੍ਰੈਂਚ ਟੀਵੀ ਚੈਨਲ ਟੀਐਫ 1 ਨਾਲ ਗੱਲਬਾਤ ਕਰਦਿਆਂ ਕਿਹਾ, "ਉਸ ਕਿਸਾਨ ਨੇ ਬੈਲਜੀਅਮ ਨੂੰ ਵੱਡਾ ਅਤੇ ਫਰਾਂਸ ਨੂੰ ਛੋਟਾ ਬਣਾ ਦਿੱਤਾ, ਇਹ ਚੰਗਾ ਵਿਚਾਰ ਨਹੀਂ ਹੈ।"

ਉਨ੍ਹਾਂ ਨੇ ਦੱਸਿਆ ਕਿ ਅਜਿਹਾ ਕਦਮ ਜ਼ਮੀਨੀ ਮਾਲਕਾਂ ਦਰਮਿਆਨ ਵਿਵਾਦ ਪੈਦਾ ਕਰ ਸਕਦਾ ਸੀ, ਇਹ ਗੁਆਂਢੀ ਦੇਸ਼ਾਂ ਲਈ ਵੀ ਸਿਰਦਰਦੀ ਦਾ ਮਾਮਲਾ ਸੀ।

ਫਰਾਂਸ ਅਤੇ ਬੈਲਜੀਅਮ ਵਿੱਚ 620 ਕਿਲੋਮੀਟਰ ਦੀ ਸਰਹੱਦ ਹੈ। ਇਹ ਸੀਮਾ ਵਾਟਰਲੂ ਵਿਖੇ ਨੈਪੋਲੀਅਨ ਦੀ ਹਾਰ ਤੋਂ ਪੰਜ ਸਾਲ ਬਾਅਦ, 1820 ਵਿੱਚ ਕੋਰਟ੍ਰਿਕ ਸੰਧੀ ਤੋਂ ਬਾਅਦ ਨਿਰਧਾਰਤ ਕੀਤੀ ਗਈ ਸੀ।

ਬੈਲਜੀਅਮ ਦੇ ਕਿਸਾਨ ਵੱਲੋਂ ਆਪਣੇ ਰਸਤੇ ਤੋਂ ਹਟਾਇਆ ਗਿਆ ਇਹ ਪੱਥਰ ਸੀਮਾ ਨਿਰਧਾਰਤ ਕਰਨ ਲਈ 1819 ਵਿੱਚ ਲਾਇਆ ਗਿਆ ਸੀ।

ਬੈਲਜੀਅਮ ਦੇ ਮੇਅਰ ਨੇ ਹੱਸਦਿਆਂ ਕਿਹਾ, "ਮੈਂ ਖੁਸ਼ ਸੀ ਕਿਉਂਕਿ ਮੇਰਾ ਸ਼ਹਿਰ ਵੱਡਾ ਹੋ ਗਿਆ ਸੀ, ਪਰ ਫ੍ਰੈਂਚ ਮੇਅਰ ਸਹਿਮਤ ਨਹੀਂ ਹੋਏ।"

ਫਰਾਂਸੀਸੀ ਪਿੰਡ ਦੇ ਮੇਅਰ ਔਰੇਲਿਆ ਵੇਲੌਂਕ ਨੇ ਹੱਸਦਿਆਂ ਕਿਹਾ, "ਅਸੀਂ ਨਵੀਂ ਸਰਹੱਦੀ ਜੰਗ ਤੋਂ ਬਚ ਗਏ।"

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਪੁਰਾਣੀ ਜਗ੍ਹਾ ’ਤੇ ਰੱਖਿਆ ਜਾਵੇਗਾ ਪੱਥਰ

ਬੈਲਜੀਅਮ ਦੇ ਸਥਾਨਕ ਅਧਿਕਾਰੀਆਂ ਦੀ ਯੋਜਨਾ ਇਹ ਹੈ ਕਿ ਉਹ ਕਿਸਾਨ ਨੂੰ ਉਸ ਪੱਥਰ ਨੂੰ ਆਪਣੀ ਪੁਰਾਣੀ ਜਗ੍ਹਾ 'ਤੇ ਰੱਖਣ ਲਈ ਕਹਿਣਗੇ।

ਅਤੇ ਜੇ ਅਜਿਹਾ ਨਹੀਂ ਹੁੰਦਾ ਹੈ, ਤਾਂ ਇਹ ਮਾਮਲਾ ਬੈਲਜੀਅਮ ਦੇ ਵਿਦੇਸ਼ ਮੰਤਰਾਲੇ ਕੋਲ ਜਾ ਸਕਦਾ ਹੈ, ਜਿਸ ਨੂੰ ਫ੍ਰੈਂਚ-ਬੈਲਜਿਅਮ ਬਾਰਡਰ ਕਮਿਸ਼ਨ ਨੂੰ ਸੱਦਣਾ ਪਵੇਗਾ।

ਬੈਲਜੀਅਮ ਦੇ ਮੇਅਰ ਲਾਵੋਕਸ ਦਾ ਕਹਿਣਾ ਹੈ ਕਿ ਜੇ ਕਿਸਾਨ ਨੇ ਗੱਲ ਨਾ ਮੰਨੀ, ਤਾਂ ਉਸ ਵਿਰੁੱਧ ਅਪਰਾਧਿਕ ਕੇਸ ਦਾਇਰ ਕੀਤਾ ਜਾ ਸਕਦਾ ਹੈ।

ਉਨ੍ਹਾਂ ਨੇ ਕਿਹਾ, "ਜੇ ਉਹ ਚੰਗੀਆਂ ਭਾਵਨਾਵਾਂ ਦਿਖਾਉਂਦੇ ਹਨ ਤਾਂ ਕੋਈ ਸਮੱਸਿਆ ਨਹੀਂ ਹੋਏਗੀ ਅਤੇ ਅਸੀਂ ਇਸ ਮੁੱਦੇ ਨੂੰ ਪਿਆਰ ਨਾਲ ਹੀ ਹੱਲ ਕਰ ਲਵਾਂਗੇ।"

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)