ਪ੍ਰਿੰਸ ਫਿਲਿਪ: ਡਿਊਕ ਆਫ ਐਡਿਨਬਰਾ ਦੀਆਂ ਅੰਤਿਮ ਰਸਮਾਂ ਸ਼ਨੀਵਾਰ ਨੂੰ ਕੀਤੀਆਂ ਜਾਣਗੀਆਂ

ਡਿਊਕ ਆਫ ਐਡਿਨਬਰਾ ਦੀਆਂ ਆਖਰੀ ਰਸਮਾਂ ਵਿੰਡਸਰ ਵਿੱਚ ਅਗਲੇ ਸ਼ਨੀਵਾਰ ਨੂੰ ਹੋਣਗੀਆਂ। ਇਸ ਬਾਰੇ ਜਾਣਕਾਰੀ ਬਕਿੰਘਮ ਪੈਲੇਸ ਨੇ ਦਿੱਤੀ ਹੈ।
ਪ੍ਰਿੰਸ ਫਿਲਿਪ, ਮਹਾਰਾਣੀ ਐਲਿਜ਼ਾਬੇਥ II ਦੇ ਪਤੀ, ਦਾ ਸ਼ੁੱਕਰਵਾਰ ਨੂੰ ਦੇਹਾਂਤ ਹੋ ਗਿਆ। 73 ਸਾਲ ਪਹਿਲਾਂ ਦੋਹਾਂ ਦਾ ਵਿਆਹ ਹੋਇਆ ਸੀ।
ਪ੍ਰਿੰਸ ਫਿਲਿਪ ਦਾ ਦੇਹਾਂਤ 99 ਸਾਲਾਂ ਦੀ ਉਮਰ ਵਿੱਚ ਹੋਇਆ ਹੈ। ਉਹ ਬ੍ਰਿਟਿਸ਼ ਇਤਿਹਾਸ ਵਿੱਚ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਕਰਨ ਵਾਲੇ ਸ਼ਾਹੀ ਮੈਂਬਰ ਸਨ।
ਇਹ ਵੀ ਪੜ੍ਹੋ
ਡਿਊਕ ਆਫ ਐਡਿਨਬਰਾ ਦੀਆਂ ਆਖਰੀ ਰਸਮਾਂ ਵਿੰਡਸਰ ਵਿੱਚ ਅਗਲੇ ਸ਼ਨੀਵਾਰ ਨੂੰ ਹੋਣਗੀਆਂ। ਇਸ ਬਾਰੇ ਜਾਣਕਾਰੀ ਬਕਿੰਘਮ ਪੈਲੇਸ ਨੇ ਦਿੱਤੀ ਹੈ।
ਪੈਲੇਸ ਦੇ ਬੁਲਾਰੇ ਨੇ ਕਿਹਾ, "ਇਹ ਅੰਤਿਮ ਸਮਾਗਮ ਇੱਕ 'ਰਵਾਇਤੀ ਸ਼ਾਹੀ ਸਮਾਗਮ' ਵਾਂਗ ਹੋਵੇਗਾ ਪਰ ਇੱਕ ਸਰਕਾਰੀ ਸਮਾਗਮ ਵਾਂਗ ਨਹੀਂ ਹੋਵੇਗਾ। ਜੋ ਪ੍ਰਿੰਸ ਫਿਲਿਪ ਦੀ ਇੱਛਾ ਮੁਤਾਬਿਕ ਵੀ ਹੈ।"
ਇਹ ਸਮਾਗਮ ਭਾਰਤੀ ਸਮੇਂ ਅਨੁਸਾਰ ਰਾਤ 8.30 ਵਜੇ ਹੋਵੇਗਾ ਤੇ ਇਸ ਦਾ ਟੀਵੀ 'ਤੇ ਪ੍ਰਸਾਰਣ ਵੀ ਕੀਤਾ ਜਾਵੇਗਾ।
ਪੈਲੇਸ ਅਨੁਸਾਰ ਇਸ ਪੂਰੇ ਸਮਾਗਮ ਲਈ ਕੋਰੋਨਾਵਾਇਰਸ ਦੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇਗੀ।
ਪ੍ਰਿੰਸ ਫਿਲਿਪ ਨੂੰ ਤੋਪਾਂ ਦੀ ਸਲਾਮੀ ਦਿੱਤੀ ਗਈ
ਡਿਊਕ ਆਫ਼ ਐਡਿਨਬਰਾ ਦੇ ਦੇਹਾਂਤ ਨੂੰ ਦਰਸਾਉਣ ਲਈ ਯੂਕੇ ਭਰ ਵਿੱਚ ਤੋਪਾਂ ਦੀ ਸਲਾਮੀ ਦਿੱਤੀ ਗਈ ਹੈ। ਇਹ ਸਲਾਮੀ ਜਿਬਰਾਲਟਰ ਅਤੇ ਸਮੁੰਦਰੀ ਜੰਗੀ ਜਹਾਜ਼ਾਂ ਤੋਂ ਦਿੱਤੀ ਗਈ ਹੈ।
ਪੂਰੇ ਯੂਕੇ ਵਿੱਚ ਡਿਊਕ ਆਫ ਐਡਿਨਬਰਾ ਨੂੰ ਤੋਪਾਂ ਦੀ ਸਲਾਮੀ ਦਿੱਤੀ ਗਈ ਹੈ। ਵੂਲਵਿਚ ਦੇ ਬੈਰਕਸ ਤੋਂ ਇਹ ਤੋਪਾਂ ਚਲਾਈਆਂ ਗਈਆਂ ਹਨ।
ਬਰਤਾਨਵੀਂ ਫੌਜ ਪਹਿਲੀ ਵਿਸ਼ਵ ਜੰਗ ਵੇਲੇ ਦੀ ਕਿਊਐੱਫ 13 ਪਾਊਂਡਰ ਫੀਲਡ ਗਨਸ ਦਾ ਇਸਤੇਮਾਲ ਕਰ ਰਹੀ ਹੈ। ਇਹੀ ਤੋਪਾਂ ਮਹਾਰਾਣੀ ਤੇ ਪ੍ਰਿੰਸ ਫਿਲਿਪ ਦੇ ਵਿਆਹ ਵੇਲੇ ਵੀ ਇਸਤੇਮਾਲ ਕੀਤੀਆਂ ਗਈਆਂ ਸਨ।
ਸਲਾਮੀ ਦੇਣ ਦੀ ਰਸਮ ਆਨਲਾਈਨ ਅਤੇ ਟੀਵੀ 'ਤੇ ਪ੍ਰਸਾਰਿਤ ਕੀਤੀ ਗਈ ਹੈ ਅਤੇ ਜਨਤਾ ਨੂੰ ਘਰ ਤੋਂ ਹੀ ਇਸ ਨੂੰ ਵੇਖਣ ਲਈ ਉਤਸ਼ਾਹਿਤ ਕੀਤਾ ਗਿਆ ਹੈ।
ਸ਼ੁੱਕਰਵਾਰ ਨੂੰ ਡਿਊਕ ਦੇ ਦੇਹਾਂਤ ਦਾ ਐਲਾਨ ਕਰਦਿਆਂ ਬਕਿੰਘਮ ਪੈਲੇਸ ਨੇ ਕਿਹਾ, "ਇਹ ਬਹੁਤ ਦੁੱਖ ਦੀ ਗੱਲ ਹੈ ਕਿ ਮਹਾਰਾਣੀ ਆਪਣੇ ਪਤੀ ਦੇ ਦੇਹਾਂਤ ਦਾ ਐਲਾਨ ਕਰਦੇ ਹਨ।"
"ਸ਼ਾਹੀ ਪਰਿਵਾਰ ਉਨ੍ਹਾਂ ਦੇ ਜਾਣ ਦੇ ਸੋਗ ਵਿੱਚ ਦੁਨੀਆਂ ਭਰ ਦੇ ਲੋਕਾਂ ਨੂੰ ਸ਼ਾਮਲ ਕਰਦਾ ਹੈ।"
ਬੀਬੀਸੀ ਦੇ ਇੱਕ ਪ੍ਰੋਗਰਾਮ ਵਿੱਚ ਪ੍ਰਿੰਸ ਫਿਲਿਪ ਦੇ ਜੀਵਨ ਬਾਰੇ ਦੱਸਦਿਆਂ ਪ੍ਰਿੰਸ ਆਫ਼ ਵੇਲਜ਼ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਦੀ ਜ਼ਿੰਦਗੀ ਹੈਰਾਨ ਕਰਨ ਵਾਲੀਆਂ ਪ੍ਰਾਪਤੀਆਂ ਨਾਲ ਭਰਪੂਰ ਸੀ।
ਚੀਫ ਡਿਫੈਂਸ ਸਟਾਫ ਦੇ ਮੁਖੀ ਜਨਰਲ ਸਰ ਨਿਕ ਕਾਰਟਰ ਨੇ ਕਿਹਾ ਕਿ ਡਿਊਕ ਸੁਰੱਖਿਆ ਬਲਾਂ ਲਈ ਇੱਕ "ਮਹਾਨ ਮਿੱਤਰ, ਪ੍ਰੇਰਣਾਸਰੋਤ ਅਤੇ ਰੋਲ ਮਾਡਲ" ਸੀ।
1901 ਵਿੱਚ ਮਹਾਰਾਣੀ ਵਿਕਟੋਰੀਆ ਅਤੇ 1965 ਵਿੱਚ ਵਿੰਸਟਨ ਚਰਚਿਲ ਦੀ ਮੌਤ ਦੇ ਮੌਕੇ 'ਤੇ ਵੀ ਇਸੇ ਤਰ੍ਹਾਂ ਦੀ ਸਲਾਮੀ ਦਿੱਤੀ ਗਈ ਸੀ।
ਡਿਊਕ ਦੇ ਅੰਤਮ ਸੰਸਕਾਰ ਦੇ ਅੰਤਮ ਵੇਰਵੇ ਵੀ ਇਸ ਹਫ਼ਤੇ ਦੇ ਅੰਤ ਤੱਕ ਜਾਰੀ ਹੋਣ ਦੀ ਉਮੀਦ ਹੈ।
ਕਾਲਜ ਆਫ਼ ਆਰਮਜ਼ ਨੇ ਇੱਕ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਅੰਤਿਮ ਸੰਸਕਾਰ ਵਿੰਡਸਰ ਵਿੱਚ ਸੇਂਟ ਜਾਰਜ ਦੇ ਚੈਪਲ ਵਿਖੇ ਹੋਏਗਾ, ਪਰ ਕੋਰੋਨਾਵਾਇਰਸ ਮਹਾਂਮਾਰੀ ਕਾਰਨ ਪ੍ਰਬੰਧਾਂ ਵਿੱਚ ਸੋਧ ਕੀਤੀ ਗਈ ਹੈ।
ਇਸ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਦੀ ਮਰਜ਼ੀ ਅਨੁਸਾਰ, ਡਿਊਕ ਦਾ ਰਾਜਸੀ ਅੰਤਿਮ ਸੰਸਕਾਰ (state funeral) ਨਹੀਂ ਹੋਵੇਗਾ।
ਜਨਤਾ ਨੂੰ "ਅਫ਼ਸੋਸ ਨਾਲ" ਮਹਾਂਮਾਰੀ ਦੇ ਕਾਰਨ ਸ਼ਾਮਲ ਨਾ ਹੋਣ ਦੀ ਬੇਨਤੀ ਕੀਤੀ ਜਾਂਦੀ ਹੈ, ਅਤੇ ਇਹ ਸਮਝਿਆ ਜਾ ਰਿਹਾ ਹੈ ਕਿ ਮਹਾਰਾਣੀ ਸੰਸਕਾਰ ਅਤੇ ਰਸਮੀ ਪ੍ਰਬੰਧਾਂ ਬਾਰੇ ਵਿਚਾਰ ਕਰ ਰਹੇ ਹਨ।
ਯੂਕੇ ਦੀਆਂ ਸਾਰੀਆਂ ਸਰਕਾਰੀ ਇਮਾਰਤਾਂ ਨੂੰ ਕਿਹਾ ਗਿਆ ਹੈ ਕਿ ਉਹ ਡਿਊਕ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਡਿਊਕ ਦੇ ਅੰਤਮ ਸੰਸਕਾਰ ਤੋਂ ਅਗਲੇ ਦਿਨ, ਸਵੇਰੇ 08:00 ਵਜੇ (ਬੀਐਸਟੀ) ਤੱਕ ਅੱਧੀ-ਮਸਤਕ 'ਤੇ ਅਧਿਕਾਰਤ ਝੰਡੇ ਉਤਾਰਨਗੇ।
ਵੈਸਟਮਿੰਸਟਰ ਐਬੇ ਨੇ ਸ਼ੁੱਕਰਵਾਰ ਨੂੰ 18:00 ਬੀਐਸਟੀ ਤੋਂ ਡਿਊਕ ਦੀ ਜ਼ਿੰਦਗੀ ਦੇ ਹਰ ਸਾਲ ਦਾ ਸਨਮਾਨ ਕਰਨ ਲਈ ਹਰ 60 ਸਕਿੰਟ ਵਿੱਚ ਇੱਕ ਵਾਰ ਇਸ ਦੇ ਟੈਨਰ ਦੀ ਘੰਟੀ ਵਜਾਈ ਜਾਵੇਗੀ।
ਗ੍ਰੈਂਡ ਨੈਸ਼ਨਲ ਤੋਂ ਪਹਿਲਾਂ, ਐਂਟਰੀ ਰੇਸਕੋਰਸ ਵਿਖੇ ਡਿਊਕ ਦੀ ਯਾਦ ਵਿੱਚ ਦੋ ਮਿੰਟ ਦਾ ਮੌਨ ਰੱਖਿਆ ਜਾਵੇਗਾ ਕਿਉਂਕਿ ਡਿਊਕ ਜੋਕੀ ਕਲੱਬ ਦੇ ਆਨਰੇਰੀ ਮੈਂਬਰ ਵੀ ਸਨ।
ਇਹ ਵੀ ਪੜ੍ਹੋ
ਵਿਸ਼ਲੇਸ਼ਣ
ਜੌਨੀ ਡਾਇਮੰਡ, ਸ਼ਾਹੀ ਪੱਤਰਕਾਰ
ਧਰਤੀ ਉੱਤੇ, ਸਮੁੰਦਰ 'ਤੇ, ਚਾਰ ਦੇਸ਼ਾਂ ਦੀ ਰਾਜਧਾਨੀ ਵਿੱਚ ਅਤੇ ਰੌਇਲ ਨੇਵੀ ਬੇਸਾਂ 'ਤੇ, ਦੁਪਹਿਰ ਬਾਅਦ ਐਡਿਨਬਰਾ ਦੇ ਡਿਊਕ ਨੂੰ ਯਾਦ ਕਰਨ ਲਈ ਤੋਪਾਂ ਦੀ ਸਲਾਮੀ ਦਿੱਤੀ ਜਾਵੇਗੀ।
ਇਸ ਮੌਕੇ 'ਤੇ ਪ੍ਰਿੰਸ ਫਿਲਿਪ ਦੀ ਮਿਲਟਰੀ ਸਰਵਿਸ, ਦੂਜੇ ਵਿਸ਼ਵ ਯੁੱਧ ਵਿੱਚ ਸਰਗਰਮ ਸੇਵਾ ਅਤੇ ਇਸ ਦੇ ਬਾਅਦ ਕਈ ਦਹਾਕਿਆਂ ਲਈ ਆਨਰੇਰੀ ਸਰਵਸਿਜ਼ ਨੂੰ ਯਾਦ ਕਰਨ ਦਾ ਇਹ ਇੱਕ ਅਹਿਮ ਪਲ ਹੋਵੇਗਾ।
ਬਾਅਦ ਵਿੱਚ ਆਉਣ ਵਾਲੇ ਦਿਨਾਂ ਦੇ ਪ੍ਰੋਗਰਾਮਾਂ ਅਤੇ ਡਿਊਕ ਦੇ ਅੰਤਮ ਸੰਸਕਾਰ ਬਾਰੇ ਵੇਰਵਾ ਜਾਰੀ ਕੀਤੇ ਜਾਣ ਦੀ ਉਮੀਦ ਹੈ।
ਉਨ੍ਹਾਂ ਦਾ ਰਾਜਸੀ ਰਸਮਾਂ ਨਾਲ ਸੰਸਕਾਰ ਨਹੀਂ ਕੀਤਾ ਜਾਵੇਗਾ।
ਕੋਵਿਡ ਪਾਬੰਦੀਆਂ ਕਰਕੇ ਬਹੁਤ ਘੱਟ ਜਾਂ ਕੋਈ ਜਨਤਕ ਸ਼ਮੂਲੀਅਤ ਨਹੀਂ ਹੋਵੇਗੀ, ਲੋਕਾਂ ਨੂੰ ਪੈਲੇਸ ਦੇ ਬਾਹਰ ਇਕੱਠ ਕਰਨ ਜਾਂ ਫੁੱਲ ਰੱਖਣ ਤੋਂ ਬਚਣ ਲਈ ਕਿਹਾ ਗਿਆ ਹੈ।

ਤਸਵੀਰ ਸਰੋਤ, Reuters
ਪ੍ਰਿੰਸ ਚਾਰਲਸ ਨੇ ਪਿਤਾ ਦੀ ਮੌਤ ’ਤੇ ਕੀ ਕਿਹਾ
ਸ਼ੁੱਕਰਵਾਰ ਰਾਤ ਨੂੰ ਪ੍ਰਸਾਰਿਤ ਕੀਤੇ ਗਏ ਇੱਕ ਬੀਬੀਸੀ ਪ੍ਰੋਗਰਾਮ ਵਿੱਚ, ਫਿਲਿਪ ਦੇ ਬੱਚਿਆਂ ਨੇ ਆਪਣੇ ਪਿਤਾ ਦੇ ਜੀਵਨ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਪ੍ਰਿੰਸ ਆਫ਼ ਵੇਲਜ਼ ਨੇ ਉਨ੍ਹਾਂ ਦੀ ਵਿਰਾਸਤ ਨੂੰ ਇੱਕ ਹੈਰਾਨ ਕਰ ਦੇਣ ਵਾਲੀ ਪ੍ਰਾਪਤੀ ਦੱਸਿਆ।
ਪ੍ਰਿੰਸ ਚਾਰਲਸ ਨੇ ਕਿਹਾ: "ਮੇਰੀ ਮਾਂ ਦਾ ਸਾਥ ਦੇਣ ਵਿੱਚ ਉਨ੍ਹਾਂ ਦੀ ਊਰਜਾ ਹੈਰਾਨ ਕਰ ਦੇਣ ਵਾਲੀ ਸੀ - ਅਤੇ ਇੰਨੇ ਲੰਬੇ ਸਮੇਂ ਤੋਂ ਉਹ ਅਜਿਹਾ ਕਰ ਰਹੇ ਸੀ।
"ਮੇਰੇ ਖ਼ਿਆਲ ਵਿੱਚ ਉਨ੍ਹਾਂ ਨੇ ਜੋ ਆਪਣੇ ਜੀਵਨ 'ਚ ਕੀਤਾ ਉਸ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।"
ਪ੍ਰਿੰਸੇਸ ਐਨੇ ਨੇ ਕਿਹਾ ਕਿ ਡਿਊਕ "ਹਰੇਕ ਨਾਲ ਇਕ ਆਮ ਵਿਅਕਤੀ ਵਜੋਂ ਪੇਸ਼ ਆਉਂਦੇ ਸੀ ਅਤੇ ਉਨ੍ਹਾਂ ਨੂੰ ਉਹ ਸਤਿਕਾਰ ਦਿੰਦੇ ਸੀ।"
ਪ੍ਰਿੰਸ ਚਾਰਲਸ ਸ਼ੁੱਕਰਵਾਰ ਦੁਪਹਿਰ ਨੂੰ ਆਪਣੀ ਮਾਂ ਨੂੰ ਮਿਲਣ ਵਿੰਡਸਰ ਕਾਸਲ ਗਏ ਸਨ।

ਤਸਵੀਰ ਸਰੋਤ, Reuters
ਦੁਨੀਆਂ ਭਰ ਦੇ ਰਾਜਨੇਤਾ ਦੇ ਰਹੇ ਸ਼ਰਧਾਂਜਲੀ
ਯੂਕੇ ਦੇ ਰਾਜਨੇਤਾਵਾਂ ਨੇ ਵੀ ਡਿਊਕ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ ਅਤੇ ਪਾਰਟੀਆਂ ਨੇ 6 ਮਈ ਦੇ ਚੋਣਾਂ ਲਈ ਆਪਣਾ ਪ੍ਰਚਾਰ ਮੁਅੱਤਲ ਕਰ ਦਿੱਤਾ ਹੈ।
ਸੰਸਦ ਸੋਮਵਾਰ ਨੂੰ ਡਿਊਕ ਦਾ ਸਨਮਾਨ ਕਰਨ ਲਈ ਹਾਊਸ ਆਫ਼ ਕਾਮਨਜ਼ 14:30 ਵਜੇ ਬੈਠਕ ਦੌਰਾਨ ਸ਼ਰਧਾਂਜਲੀ ਦੇਵੇਗਾ।
ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਕਿਹਾ ਕਿ ਡਿਊਕ ਨੇ "ਯੂਨਾਈਟਿਡ ਕਿੰਗਡਮ, ਰਾਸ਼ਟਰਮੰਡਲ ਅਤੇ ਦੁਨੀਆਂ ਭਰ ਵਿੱਚ ਕਈ ਪੀੜ੍ਹੀਆਂ ਦਾ ਪਿਆਰ ਹਾਸਲ ਕੀਤਾ ਹੈ।"
ਇਸ ਦੌਰਾਨ ਲੇਬਰ ਆਗੂ ਸਰ ਕੀਰ ਸਟਾਰਮਰ ਨੇ ਕਿਹਾ ਕਿ ਯੂਕੇ ਨੇ "ਇੱਕ ਮਹਾਨ ਸ਼ਖ਼ਸੀਅਤ ਨੂੰ ਗੁਆ ਦਿੱਤਾ ਹੈ।"
ਸਕਾਟਲੈਂਡ ਦੇ ਪਹਿਲੇ ਮੰਤਰੀ ਨਿਕੋਲਾ ਸਟਰਜਨ ਨੇ ਕਿਹਾ ਕਿ ਸਕਾਟਲੈਂਡ ਵਿੱਚ ਜਨਤਕ ਜੀਵਨ 'ਚ ਉਨ੍ਹਾਂ ਦਾ ਲੰਬਾ ਯੋਗਦਾਨ ਇੱਥੇ ਦੇ ਲੋਕਾਂ ਉੱਤੇ ਡੂੰਘਾ ਪ੍ਰਭਾਵ ਛੱਡੇਗਾ।
ਅੰਤਰਰਾਸ਼ਟਰੀ ਆਗੂਆਂ ਨੇ ਵੀ ਪ੍ਰਿੰਸ ਫਿਲਿਪ ਨੂੰ ਯਾਦ ਕੀਤਾ ਅਤੇ ਮਹਾਰਾਣੀ ਨੂੰ ਆਪਣੀ ਸੰਵੇਦਨਾਵਾਂ ਭੇਜੀਆਂ।
ਯੂਐਸ ਦੇ ਰਾਸ਼ਟਰਪਤੀ ਜੋਅ ਬਾਇਡਨ ਅਤੇ ਫਸਟ ਲੇਡੀ ਜਿਲ ਬਾਇਡਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਡਿਊਕ ਨੇ "ਖ਼ੁਸ਼ੀ ਨਾਲ ਆਪਣੇ ਆਪ ਨੂੰ ਯੂਕੇ, ਰਾਸ਼ਟਰਮੰਡਲ ਅਤੇ ਆਪਣੇ ਪਰਿਵਾਰ ਨੂੰ ਸਮਰਪਿਤ ਕੀਤਾ ਹੈ।"
ਇਸ ਐਲਾਨ ਤੋਂ ਬਾਅਦ ਆਮ ਜਨਤਾ ਬਕਿੰਘਮ ਪੈਲੇਸ ਅਤੇ ਵਿੰਡਸਰ ਕਾਸਲ ਦੇ ਬਾਹਰ ਇਕੱਠੇ ਹੋਏ ਅਤੇ ਉਨ੍ਹਾਂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ।
ਰੌਇਲ ਪਰਿਵਾਰ ਨੇ ਲੋਕਾਂ ਨੂੰ ਕਿਹਾ ਹੈ ਕਿ ਉਹ ਡਿਊਕ ਦੀ ਯਾਦ ਵਿੱਚ ਫੁੱਲ ਭੇਜਣ ਦੀ ਬਜਾਏ ਦਾਨ ਕਰਨ ਬਾਰੇ ਵਿਚਾਰ ਕਰਨ। ਸੰਦੇਸ਼ ਭੇਜਣ ਦੇ ਇੱਛੁਕ ਲੋਕਾਂ ਲਈ ਸਰਕਾਰੀ ਸ਼ਾਹੀ ਵੈਬਸਾਈਟ 'ਤੇ ਇੱਕ ਸ਼ਰਧਾਂਜਲੀਆਂ ਦੀ ਆਨਲਾਈਨ ਕਿਤਾਬ ਲਾਂਚ ਕੀਤੀ ਗਈ ਹੈ।
ਸਸੈਕਸ ਦੀ ਗੈਰ-ਮੁਨਾਫਾ ਸੰਗਠਨ ਅਰਚੇਵੈਲ ਦੇ ਡਿਊਕ ਅਤੇ ਡੱਚੇਸ ਦੀ ਵੈਬਸਾਈਟ 'ਤੇ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ: "ਤੁਹਾਡੀ ਸੇਵਾ ਲਈ ਧੰਨਵਾਦ ... ਤੁਹਾਨੂੰ ਬਹੁਤ ਯਾਦ ਕੀਤਾ ਜਾਵੇਗਾ।"

ਤਸਵੀਰ ਸਰੋਤ, TIM GRAHAM/PA
ਪ੍ਰਿੰਸ ਫਿਲਿਪ ਅਤੇ ਮਹਾਰਾਣੀ ਦੇ ਚਾਰ ਬੱਚੇ, ਅੱਠ ਪੋਤੇ-ਪੋਤੀਆਂ ਅਤੇ 10 ਪੜਪੋਤੇ-ਪੜਪੋਤੀਆਂ ਹਨ।
ਉਨ੍ਹਾਂ ਦੇ ਪਹਿਲੇ ਪੁੱਤਰ, ਪ੍ਰਿੰਸ ਆਫ ਵੇਲਜ਼, ਪ੍ਰਿੰਸ ਚਾਰਲਸ ਦਾ ਜਨਮ 1948 ਵਿੱਚ ਹੋਇਆ ਸੀ।
ਉਸ ਤੋਂ ਬਾਅਦ ਉਨ੍ਹਾਂ ਦੀ ਭੈਣ, ਪ੍ਰਿੰਸੈਸ ਰਾਇਲ, ਪ੍ਰਿੰਸੈਸ ਐਨੇ ਦਾ ਜਨਮ 1950 ਵਿੱਚ ਹੋਇਆ ਸੀ।
ਡਿਊਕ ਆਫ਼ ਯਾਰਕ, ਪ੍ਰਿੰਸ ਐਂਡਰਿਊ ਦਾ ਜਨਮ 1960 ਵਿੱਚ ਅਤੇ ਅਰਲ ਆਫ਼ ਵੇਸੈਕਸ, ਪ੍ਰਿੰਸ ਐਡਵਰਡ ਦਾ ਜਨਮ 1964 ਵਿੱਚ ਹੋਇਆ।
ਉਨ੍ਹਾਂ ਦੇ ਪਿਤਾ ਗ੍ਰੀਸ ਅਤੇ ਡੈਨਮਾਰਕ ਦੇ ਪ੍ਰਿੰਸ ਐਂਡਰਿਊ ਸਨ ਜੋ ਕਿ ਕਿੰਗ ਜੌਰਜ1 ਦੇ ਛੋਟੇ ਪੁੱਤਰ ਸਨ।
ਉਨ੍ਹਾਂ ਦੀ ਮਾਂ ਰਾਜਕੁਮਾਰੀ ਐਲੀਸ, ਬੈਟਨਬਰਗ ਦੇ ਪ੍ਰਿੰਸ ਲੂਈਸ ਦੀ ਧੀ ਅਤੇ ਮਹਾਰਾਣੀ ਵਿਕਟੋਰੀਆ ਦੀ ਪੜਪੋਤੀ ਸੀ।














