You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ: ਬੇ-ਲੱਛਣੇ ਕੋਰੋਨਾ ਮਰੀਜ਼ਾਂ 'ਚ ਕਿੰਨਾ ਹੁੰਦਾ ਹੈ ਵਾਇਰਸ ਤੇ ਇਨ੍ਹਾਂ ਤੋਂ ਰੋਗ ਫ਼ੈਲਣ ਦਾ ਕਿੰਨਾ ਖ਼ਤਰਾ
- ਲੇਖਕ, ਰੈਸ਼ਲ ਸ਼ੈਰਅਰ
- ਰੋਲ, ਸਿਹਤ ਪੱਤਰਕਾਰ
ਦੱਖਣੀ ਕੋਰੀਆ ਵਿੱਚ ਕੀਤੇ ਗਏ ਇੱਕ ਅਧਿਐਨ ਮੁਤਾਬਕ ਬਿਨਾਂ ਲੱਛਣਾਂ ਵਾਲੇ ਕੋਵਿਡ ਮਰੀਜਾਂ ਵਿੱਚ ਵੀ ਉਨੇਂ ਹੀ ਵਾਇਰਸ ਹੋ ਸਕਦੇ ਹਨ ਜਿੰਨੇ ਕਿ ਲੱਛਣਾਂ ਵਾਲੇ ਮਰੀਜ਼ਾਂ ਵਿੱਚ ਹੁੰਦੇ ਹਨ।
ਦੱਖਣੀ ਕੋਰੀਆ ਆਪਣੀ ਵਿਆਪਕ ਟੈਸਟਿੰਗ ਰਾਹੀਂ ਮਾਰਚ ਦੇ ਸ਼ੁਰੂ ਵਿੱਚ ਹੀ ਬਿਨਾਂ ਲੱਛਣਾਂ ਵਾਲੇ ਮਰੀਜ਼ਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਆਈਸੋਲੇਟ ਕਰਨ ਵਿੱਚ ਸਫ਼ਲ ਹੋ ਗਿਆ ਸੀ।
ਇਸ ਗੱਲ ਦੇ ਕਾਫ਼ੀ ਸਬੂਤ ਹਨ ਕਿ ਕੋਰੋਨਾਵਾਇਰਸ ਦੇ ਬਹੁਗਿਣਤੀ ਮਰੀਜ਼ਾਂ ਵਿੱਚ ਕੋਈ ਲੱਛਣ ਦਿਖਾਈ ਨਹੀਂ ਦਿੰਦੇ। ਹਾਲਾਂਕਿ ਵਿਗਿਆਨੀ ਇਹ ਪਤਾ ਨਹੀਂ ਲਾ ਸਕੇ ਕਿ ਬਿਨਾਂ ਲੱਛਣਾਂ ਵਾਲੇ ਇਹ ਮਰੀਜ਼ ਕਿੰਨੀ ਲਾਗ ਫੈਲਾਅ ਸਕਦੇ ਹਨ।
ਇਹ ਵੀ ਪੜ੍ਹੋ:-
ਅਧਿਐਨ ਲਈ ਕੋਰੋਨਾ ਪੌਜ਼ਿਟਿਵ ਮਰੀਜ਼ਾਂ ਦੀ ਇੱਕ ਕਮਿਊਨਿਟੀ ਟਰੀਟਮੈਂਟ ਸੈਂਟਰ ਵਿੱਚ ਨਿਗਰਾਨੀ ਕੀਤੀ ਗਈ। ਅਧਿਐਨ ਤੋਂ ਸਾਇੰਸਦਾਨ ਇਹ ਪਤਾ ਕਰ ਸਕੇ ਕਿ ਇਨ੍ਹਾਂ ਮਰੀਜ਼ਾਂ ਦੇ ਨੱਕ ਜਾਂ ਮੂੰਹ ਦੇ ਨਮੂਨਿਆਂ ਵਿੱਚ ਵਾਇਰਸ ਦਿਖਾਈ ਦੇਣ ਵਿੱਚ ਕਿੰਨਾ ਸਮਾਂ ਲੱਗਿਆ।
ਉਨ੍ਹਾਂ ਦੇ ਨਿਯਮਤ ਟੈਸਟ ਕੀਤੇ ਗਏ ਅਤੇ ਅਤੇ ਸਿਰਫ਼ ਨੈਗਿਟਿਵ ਹੋਣ ਮਗਰੋਂ ਹੀ ਹਸਪਤਾਲ ਤੋਂ ਛੁੱਟੀ ਦਿੱਤੀ ਗਈ।
ਇਸ ਅਧਿਐਨ ਲਈ 1886 ਟੈਸਟ ਕੀਤੇ ਗਏ। ਇਨ੍ਹਾਂ ਵਿੱਚ ਉਹ ਮਰੀਜ਼ ਵੀ ਸ਼ਾਮਲ ਸਨ ਜਿਨ੍ਹਾਂ ਨੇ ਕਦੇ ਲੱਛਣ ਨਹੀਂ ਦਿਖਾਈ ਦਿੱਤੇ। ਦੇਖਿਆ ਗਿਆ ਕਿ ਵਾਇਰਸ ਲੱਛਣਾਂ ਵਾਲੇ ਅਤੇ ਬਿਨਾਂ ਲੱਛਣਾਂ ਵਾਲੇ ਦੋਹਾਂ ਤਰ੍ਹਾਂ ਦੇ ਮਰੀਜ਼ਾਂ ਵਿੱਚ ਇੱਕੋ ਜਿੰਨਾ ਮੌਜੂਦ ਸੀ।
ਬਿਨਾਂ ਲੱਛਣਾਂ ਵਾਲੇ ਠੀਕ ਤਾਂ ਜਲਦੀ ਹੋ ਜਾਂਦੇ ਹਨ ਪਰ...
ਅਧਿਐਨ ਨੇ ਇਹ ਵੀ ਦਿਖਾਇਆ ਕਿ ਬਿਨਾਂ ਲੱਛਣਾਂ ਵਾਲੇ ਮਰੀਜ਼ਾਂ ਦੇ ਲੱਛਣ ਭਾਵੇਂ ਠੀਕ ਵੀ ਹੋ ਜਾਣ ਪਰ ਉਨ੍ਹਾਂ ਵਿੱਚ ਵਾਇਰਸ ਕਾਫ਼ੀ ਸਮੇਂ ਤੱਕ ਦੇਖਿਆ ਜਾ ਸਕਦਾ ਹੈ। ਹਾਲਾਂਕਿ ਉਹ ਲੱਛਣਾਂ ਵਾਲੇ ਮਰੀਜ਼ਾਂ ਤੋਂ ਜਲਦੀ ਠੀਕ ਹੋ ਜਾਂਦੇ ਹਨ।
ਦੇਖਿਆ ਗਿਆ ਕਿ ਲੱਛਣਾਂ ਵਾਲੇ ਮਰੀਜ਼ਾਂ ਦਾ ਨਤੀਜਾ ਨੈਗਿਟਿਵ ਆਉਣ ਵਿੱਚ 19.7 ਦਿਨ ਦਾ ਸਮਾਂ ਲੱਗਿਆ ਜਦਕਿ ਬਿਨਾਂ ਲੱਛਣਾਂ ਵਾਲੇ ਮਰੀਜ਼ 17 ਦਿਨਾਂ ਵਿੱਚ ਹੀ ਠੀਕ ਹੋ ਗਏ।
ਆਈਸੋਲੇਸ਼ਨ ਸੈਂਟਰ ਵਿੱਚ ਕੋਵਿਡ ਦੇ ਗੰਭੀਰ ਮਰੀਜ਼ ਨਹੀਂ ਰੱਖੇ ਗਏ ਸਨ। ਜਿਸ ਕਾਰਨ ਉਹ ਇਸ ਅਧਿਐਨ ਵਿੱਚ ਵੀ ਗੰਭੀਰ ਮਰੀਜ਼ ਸ਼ਾਮਲ ਨਹੀਂ ਕੀਤੇ ਜਾ ਸਕੇ। ਇਸ ਤੋਂ ਇਲਾਵਾ ਇਹ ਮਰੀਜ਼ ਜਵਾਨ ਅਤੇ ਔਸਤ ਤੌਰ 'ਤੇ ਸਿਹਤਮੰਦ ਸਨ।
ਜ਼ਿਆਦਾਤਰ ਕੋਰੋਨਾਵਇਰਸ ਟੈਸਟਿੰਗ, ਲੱਛਣਾਂ ਵਾਲੇ ਮਰੀਜ਼ਾਂ ਦੀ ਕੀਤੀ ਗਈ ਹੈ। ਜਿਸ ਕਾਰਨ ਬਿਨਾਂ ਲੱਛਣਾਂ ਵਾਲੇ ਮਰੀਜ਼ਾਂ ਬਾਰੇ ਵਧੇਰੇ ਜਾਣਕਾਰੀ ਉਪਲੱਬਧ ਨਹੀਂ ਹੈ।
ਇਹ ਅਧਿਐਨ ਸਾਨੂੰ ਸਰੀਰ ਦੇ ਅੰਦਰ ਦੇ ਹਾਲ ਦੀ ਜਾਣਕਾਰੀ ਦਿੰਦਾ ਹੈ।
ਸਾਇੰਸਦਾਨਾਂ ਨੇ ਮੰਨਿਆ ਕਿ ਉਨ੍ਹਾਂ ਦਾ ਅਧਿਐਨ ਬਿਨਾਂ ਲੱਛਣਾਂ ਵਾਲੇ ਵਾਲੇ ਮਰੀਜ਼ਾਂ ਦੀ ਲਾਗ ਫੈਲਾਉਣ ਵਿੱਚ "ਭੂਮਿਕਾ ਨਿਰਧਾਰਿਤ" ਨਹੀਂ ਕਰ ਸਕਿਆ ਹੈ।
ਸਿਧਾਂਤ ਪੱਖੋਂ ਜੇ ਤੁਹਾਡੇ ਵਿੱਚ ਇੱਕੋ ਜਿੰਨਾ ਵਾਇਰਸ ਹੈ ਤਾਂ ਤੁਸੀਂ ਵੀ ਲੱਛਣਾਂ ਵਾਲੇ ਮਰੀਜ਼ ਜਿੰਨਾ ਵਾਇਰਸ ਹੀ ਫੈਲਾਅ ਸਕਦੇ ਹੋ।
ਹਾਲਾਂਕਿ ਬਿਨਾਂ ਲੱਛਣਾਂ ਵਾਲੇ ਮਰੀਜ਼ਾਂ ਨੂੰ ਖੰਘ ਲੱਗਣ ਦੀ ਸੰਭਾਵਨਾ ਘੱਟ ਹੁੰਦੀ ਹੈ ਜਿਸ ਕਾਰਨ ਉਹ ਹਵਾ ਵਿੱਚ ਵਾਇਰਸ ਦਾ ਛਿੜਕਾਅ ਨਹੀਂ ਕਰਦੇ।
ਯੂਨੀਵਰਸਿਟੀ ਆਫ਼ ਰੀਡਿੰਗ ਦੇ ਮਾਈਕ੍ਰੋ-ਬਾਇਔਲੋਜਿਸਟ ਡਾ਼ ਸਾਈਮਨ ਕਲਾਰਕ ਨੇ ਦੱਸਿਆ, "ਇਨ੍ਹਾਂ ਦੇ ਰੇਸ਼ੇ ਵਿੱਚ ਵੀ ਉਨਾਂ ਹੀ ਵਾਇਰਸ ਹੁੰਦਾ ਹੈ ਜਿੰਨਾ ਕਿ ਮਰੀਜ਼ਾਂ ਦੇ ਰੇਸ਼ੇ ਵਿੱਚ ਹੁੰਦਾ ਹੈ।"
ਪਰ "ਇਸ ਦਾ ਮਤਲਬ ਇਹ ਨਹੀਂ ਕਿ ਉਹ ਇਸ ਦਾ ਵਾਤਾਵਰਣ ਵਿੱਚ ਛਿੜਕਾਅ ਕਰ ਰਹੇ ਹਨ।"
ਹਾਲਾਂਕਿ ਬਿਨਾਂ ਲੱਛਣਾਂ ਵਾਲਿਆਂ ਤੋਂ ਵੀ ਲਾਗ ਲੱਗਣ ਦਾ ਖ਼ਤਰਾ ਰਹਿੰਦਾ ਹੈ ਪਰ "ਖੰਘ ਰਾਹੀਂ ਵਾਇਰਸ ਦਾ ਛਿੜਕਾਅ ਕਰਨ" ਵਾਲੇ ਤੋਂ ਲਾਗ ਦਾ ਖ਼ਤਰਾ ਵਧੇਰੇ ਹੈ।
ਯੂਨੀਵਰਸਿਟੀ ਆਫ਼ ਬਾਥ ਦੇ ਇਨਫੈਕਸ਼ਨ ਬਾਇਔਲੋਜਿਸਟ ਡ਼ਾ ਐਂਡਰਿਊ ਪ੍ਰੈਸਟਨ ਦਾ ਕਹਿਣਾ ਹੈ ਕਿ ਲਾਗ ਦਾ ਲੱਗਣਾ ਕਈ ਕਾਰਕਾਂ ਉੱਪਰ ਨਿਰਭਰ ਕਰਦਾ ਹੈ।
ਉਨ੍ਹਾਂ ਨੇ ਦੱਸਿਆ ਕਿ ਇਸ ਵਿੱਚ ਵਿੱਚ ਇਹ ਗੱਲ ਵੀ ਸ਼ਾਮਲ ਹੈ ਕਿ ਮਰੀਜ਼ ਕਿੰਨੇ ਗਹਿਰੇ ਸਾਹ ਲੈ ਰਿਹਾ ਸੀ ਤੇ ਕਿੰਨੀ ਤੇਜ਼ੀ ਨਾਲ ਸਾਹ ਲੈ ਰਿਹਾ ਸੀ। ਤੁਸੀਂ ਉਨ੍ਹਾਂ ਤੋਂ ਕਿੰਨੀ ਦੂਰ ਸੀ ਜਾਂ ਕਿੰਨੀ ਦੂਰ ਸੀ। ਇਸ ਤੋਂ ਇਲਾਵਾ ਤੁਸੀਂ ਕਿਸੇ ਬੰਦ ਥਾਂ 'ਤੇ ਸੀ ਜਾਂ ਖੁੱਲ੍ਹੀ ਥਾਂ 'ਤੇ।
ਇਹ ਵੀ ਪੜ੍ਹੋ: