You’re viewing a text-only version of this website that uses less data. View the main version of the website including all images and videos.
ਅਮਰੀਕਾ: ਕੈਲੀਫੋਰਨੀਆ ਦੇ ਸਕੂਲ 'ਚ ਗੋਲੀਬਾਰੀ 'ਅਸੀਂ ਕਲਾਸਰੂਮ ਅੰਦਰੋਂ ਬੰਦ ਕਰਕੇ ਕੁਰਸੀਆਂ ਲਗਾ ਕੇ ਆਪਣਾ ਬਚਾਅ ਕੀਤਾ'
ਅਧਿਕਾਰੀਆਂ ਮੁਤਾਬਕ ਅਮਰੀਕਾ ਦੇ ਕੈਲੀਫੋਰਨੀਆ ਵਿੱਚ ਇੱਕ ਸਕੂਲ ਵਿੱਚ ਹੋਈ ਫਾਇਰਿੰਗ ਕਾਰਨ ਦੋ ਵਿਦਿਆਰਥੀਆਂ ਦੀ ਮੌਤ ਹੋ ਗਈ ਅਤੇ ਘੱਟੋ-ਘੱਟ 3 ਲੋਕ ਜ਼ਖਮੀ ਹੋ ਗਏ ਹਨ।
ਉੱਤਰੀ ਲੌਸ ਏਂਜਲਸ ਸਥਿਤ ਸੈਂਟਾ ਕਲੈਰਿਟਾ ਦੇ ਸੌਜਸ ਹਾਈ ਸਕੂਲ ਵਿੱਚ ਇਹ ਘਟਨਾ ਸਕੂਲ ਲੱਗਣ ਤੋਂ ਪਹਿਲਾਂ ਵਾਪਰੀ।
ਪੁਲਿਸ ਨੇ 16 ਸਾਲ ਦੇ ਇੱਕ ਸ਼ੱਕੀ ਨੂੰ ਕਾਬੂ ਕੀਤਾ ਹੈ, ਉਹ ਵੀ ਇਸ ਘਟਨਾ ਵਿੱਚ ਜ਼ਖਮੀ ਹੋਇਆ ਹੈ। ਫਾਇਰਿੰਗ ਵਿੱਚ 16 ਸਾਲਾ ਕੁੜੀ ਅਤੇ 14 ਸਾਲਾ ਮੁੰਡੇ ਦੀ ਮੌਤ ਹੋ ਗਈ।
ਗੋਲੀਬਾਰੀ ਸਥਾਨਕ ਸਮੇਂ ਮੁਤਾਬਕ ਸਵੇਰੇ 7:38 ਵਜੇ ਹੋਈ। ਹਥਿਆਰਾਂ ਦੇ ਮਾਹਿਰ ਕੈਪਟਨ ਕੇਂਟ ਵੇਂਗਨਰ ਮੁਤਾਬਕ, ''ਕਾਬੂ ਕੀਤੇ ਗਏ ਸ਼ੱਕੀ ਮੁੰਡੇ ਦਾ ਜਨਮਦਿਨ ਸੀ। ਮੁੰਡੇ ਕੋਲੋਂ .45 ਕੈਲੀਬਰ ਦੀ ਸੈਮੀ-ਆਟੋਮੈਟਿਕ ਪਿਸਟਲ ਮਿਲੀ ਹੈ ।''
ਇਹ ਵੀ ਪੜ੍ਹੋ
ਅਮਰੀਕੀ ਮੀਡੀਆ ਮੁਤਾਬਕ ਮੁੰਡੇ ਦਾ ਨਾਂ ਨੈਥਾਨਿਅਲ ਬਰਹਾਓ ਹੈ।
ਐਨੀਬੀਸੀ ਨੂੰ ਇੱਕ ਵਿਦਿਆਰਥੀ ਨੇ ਦੱਸਿਆ ਕਿ ਉਹ ਆਪਣਾ ਹੋਮ ਵਰਕ ਕਰ ਰਹੀ ਸੀ ਕਿ ਅਚਾਨਕ ਲੋਕ ਭੱਜਣ ਦੌੜਨ ਲੱਗੇ। ਉਸਨੇ ਕਿਹਾ, ''ਮੈਂ ਇੰਨੀ ਜਰ ਗਈ ਸੀ ਕਿ ਕੰਬਣ ਲੱਗ ਗਈ।''
ਇੱਕ ਹੋਰ ਵਿਦਿਆਰਥਣ ਅਜ਼ਾਲੀਆ ਨੇ ਸੀਬੀਐਸ ਨੂੰ ਦੱਸਿਆ, ''ਮੈਂ ਅਤੇ ਮੇਰੇ ਸਾਥੀ ਵਿਦਿਆਰਥੀਆਂ ਨੇ ਕਲਾਸਰੂਮ ਦਾ ਦਰਵਾਜਾ ਬੰਦ ਕਰਕੇ ਕੁਰਸੀਆਂ ਲਾ ਦਿੱਤੀਆਂ। ਹਰ ਕੋਈ ਡਰ ਗਿਆ ਸੀ।''
ਵਾਸ਼ਿੰਗਟਨ ਪੋਸਟ ਮੁਤਾਬਕ 1999 ਵਿੱਚ ਕੋਲੰਬਾਈਨ ਸਕੂਲ ਵਿੱਚ ਕਤਲੇਆਮ ਤੋਂ ਲੈ ਕੇ ਹੁਣ ਅਮਰੀਕਾ ਵਿੱਚ 230, 000 ਬੱਚਿਆਂ ਨੇ ਬੰਦੂਕ ਸਬੰਧੀ ਹਿੰਸਾ ਦਾ ਸਾਹਮਣਾ ਕੀਤਾ ਹੈ।