ਚੇਅ ਗੁਵੇਰਾ ਨੂੰ ਨਹਿਰੂ ਦੀ ਕਿਹੜੀ ਸਲਾਹ ਪਸੰਦ ਆਈ ਸੀ

ਚੇਅ ਗਵੇਰਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਚੇਅ ਗਵੇਰਾ ਭਾਰਤ ਫੇਰੀ ਦੌਰਾਨ

14 ਜੂਨ, 1928 ਨੂੰ ਲਾਤਿਨੀ ਅਮਰੀਕੀ ਕ੍ਰਾਂਤੀਕਾਰੀ ਚੇਅ ਗੁਵੇਰਾ ਦਾ ਜਨਮ ਇੱਕ ਮੱਧ ਵਰਗੀ ਪਰਿਵਾਰ ਵਿੱਚ ਹੋਇਆ ਸੀ। ਚੇ ਗੁਵੇਰਾ ਉਹ ਸ਼ਖ਼ਸ ਸਨ ਜੋ ਪੇਸ਼ੇ ਤੋਂ ਡਾਕਟਰ ਸਨ, 33 ਸਾਲ ਦੀ ਉਮਰ ਵਿੱਚ ਕਿਊਬਾ ਦੇ ਉਦਯੋਗ ਮੰਤਰੀ ਬਣੇ ਪਰ ਫਿਰ ਲਾਤਿਨੀ ਅਮਰੀਕਾ 'ਚ ਕ੍ਰਾਂਤੀ ਦਾ ਸੰਦੇਸ਼ ਪਹੁੰਚਾਉਣ ਲਈ ਇਹ ਅਹੁਦਾ ਛੱਡ ਕੇ ਫਿਰ ਜੰਗਲਾਂ 'ਚ ਪਹੁੰਚ ਗਏ।

ਇੱਕ ਵੇਲੇ ਅਮਰੀਕਾ ਦਾ ਸਭ ਤੋਂ ਵੱਡਾ ਦੁਸ਼ਮਣ, ਅੱਜ ਕਈ ਲੋਕਾਂ ਦੀ ਨਜ਼ਰ ਵਿੱਚ ਮਹਾਨ ਕ੍ਰਾਂਤੀਕਾਰੀ ਹੈ।

ਅਮਰੀਕਾ ਦੀ ਵਧਦੀ ਤਾਕਤ ਨੂੰ 50ਵਿਆਂ ਅਤੇ 60ਵਿਆਂ ਵਿੱਚ ਚੁਣੌਤੀ ਦੇਣ ਵਾਲਾ ਇਹ ਨੌਜਵਾਨ- ਅਰਨੇਸਤੋ ਚੇਅ ਗੁਵੇਰਾ ਅਰਜ਼ਨਟੀਨਾ ਵਿੱਚ ਪੈਦਾ ਹੋਇਆ ਸੀ।

ਬੀਬੀਸੀ
ਤਸਵੀਰ ਕੈਪਸ਼ਨ, ਬੀਬੀਸੀ ਪੰਜਾਬੀ ਦੇ ਵੱਟਸਐਪ ਚੈਨਲ ਨਾਲ ਜੁੜਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਸੰਘਰਸ਼ ਦੀ ਰਾਹ

ਉਹ ਚਾਹੁੰਦੇ ਤਾਂ ਅਰਜ਼ਨਟੀਨਾ ਦੀ ਰਾਜਧਾਨੀ ਬਿਊਨਸ ਆਇਰਸ ਦੇ ਕਾਲਜ ਵਿੱਚ ਡਾਕਟਰ ਬਣਨ ਤੋਂ ਬਾਅਦ ਆਰਾਮ ਦੀ ਜ਼ਿੰਦਗੀ ਬਤੀਤ ਕਰ ਸਕਦੇ ਸਨ।

ਪਰ ਆਪਣੇ ਆਲੇ-ਦੁਆਲੇ ਗਰੀਬੀ ਅਤੇ ਸ਼ੋਸ਼ਣ ਦੇਖ ਕੇ ਨੌਜਵਾਨ ਚੇਅ ਦਾ ਝੁਕਾਅ ਮਾਰਕਸਵਾਦ ਵੱਲ ਹੋ ਗਿਆ ਅਤੇ ਬਹੁਤ ਛੇਤੀ ਹੀ ਇਸ ਵਿਚਾਰਸ਼ੀਲ ਨੌਜਵਾਨ ਨੂੰ ਲੱਗਿਆ ਕਿ ਦੱਖਣੀ ਅਮਰੀਕੀ ਮਹਾਦੀਪ ਦੀਆਂ ਸਮੱਸਿਆਵਾਂ ਦੇ ਹੱਲ ਲਈ ਸਸ਼ਤਰ ਅੰਦੋਲਨ ਹੀ ਇੱਕੋ-ਇੱਕ ਤਰੀਕਾ ਹੈ।

1955 ਵਿੱਚ ਯਾਨਿ 27 ਸਾਲ ਦੀ ਉਮਰ ਵਿੱਚ ਚੇਅ ਗੁਵੇਰਾ ਦੀ ਮੁਲਾਕਾਤ ਫਿਦੇਲ ਕਾਸਤਰੋ ਨਾਲ ਹੋਈ। ਛੇਤੀ ਹੀ ਕ੍ਰਾਂਤੀਕਾਰੀਆਂ ਨੇ ਹੀ ਨਹੀਂ ਬਲਕਿ ਲੋਕਾਂ ਵਿਚਾਲੇ ਵੀ 'ਚੇਅ' ਇੱਕ ਜਾਣਿਆ-ਪਛਾਣਿਆ ਨਾਮ ਬਣ ਗਿਆ।

ਕਿਊਬਾ ਨੇ ਫਿਦੇਲ ਕਾਸਤਰੋ ਦੇ ਕਰੀਬੀ ਨੌਜਵਾਨ ਕ੍ਰਾਂਤੀਕਾਰੀ ਵਜੋਂ ਚੇਅ ਨੂੰ ਹੱਥੋਂ-ਹੱਥ ਲਿਆ ਗਿਆ।

ਕ੍ਰਾਂਤੀ ਵਿੱਚ ਅਹਿਮ ਭੂਮਿਕਾ ਨਿਭਾਉਣ ਤੋਂ ਬਾਅਦ ਚੇ 31 ਸਾਲ ਦੀ ਉਮਰ ਵਿੱਚ ਕਿਊਬਾ ਦੇ ਰਾਸ਼ਟਰੀ ਬੈਂਕ ਦੇ ਮੁਖੀ ਅਤੇ ਬਾਅਦ ਵਿੱਚ ਕਿਊਬਾ ਦੇ ਉਦਯੋਗ ਮੰਤਰੀ ਬਣ ਗਏ।

1964 ਵਿੱਚ ਚੇਅ ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਕਿਊਬਾ ਵੱਲੋਂ ਹਿੱਸਾ ਲੈਣ ਪਹੁੰਚੇ। ਚੇਅ ਬੋਲੇ ਤਾਂ ਕਈ ਸੀਨੀਅਰ ਮੰਤਰੀ ਇਸ 36 ਸਾਲਾ ਨੇਤਾ ਨੂੰ ਸੁਣਨ ਲਈ ਉਤਸੁਕ ਸਨ।

ਚੇਅ ਗੁਵੇਰਾ ਤੇ ਫਿਦੇਲ ਕਾਸਤਰੋ

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ, ਚੇਅ ਗੁਵੇਰਾ ਤੇ ਫਿਦੇਲ ਕਾਸਤਰੋ

ਹਰਮਨ ਪਿਆਰਾ ਨਾਮ

ਅੱਜ ਕਿਊਬਾ ਦੇ ਬੱਚੇ ਵੀ ਚੇਅ ਗੁਵੇਰਾ ਨੂੰ ਪੂਜਦੇ ਹਨ ਅਤੇ ਕਿਊਬਾ ਹੀ ਕਿਉਂ ਪੂਰੀ ਦੁਨੀਆਂ 'ਚ ਚੇਅ ਗੁਵੇਰਾ ਆਸ ਜਗਾਉਣ ਵਾਲਾ ਇੱਕ ਨਾਮ ਹੈ।

ਦੁਨੀਆਂ ਦੇ ਕੋਨੇ-ਕੋਨੇ ਵਿੱਚ ਲੋਕ ਉਨ੍ਹਾਂ ਦਾ ਨਾਮ ਜਾਣਦੇ ਹਨ ਅਤੇ ਉਨ੍ਹਾਂ ਦੇ ਕੰਮਾਂ ਤੋਂ ਪ੍ਰੇਰਣਾ ਲੈਂਦੇ ਹਨ।

ਚੇਅ ਦੀ ਜੀਵਨੀ ਲਿਖਣ ਵਾਲੇ ਜੌਹਨ ਐਂਡਰਸਨ ਨੇ ਕਿਹਾ ਸੀ, "ਚੇਅ ਕਿਊਬਾ ਅਤੇ ਲਾਤਿਨੀ ਅਮਰੀਕਾ ਹੀ ਨਹੀਂ ਦੁਨੀਆਂ ਦੇ ਕਈ ਦੇਸਾਂ ਦੇ ਲੋਕਾਂ ਲਈ ਪ੍ਰੇਰਣਾ ਸਰੋਤ ਹਨ।"

ਉਨ੍ਹਾਂ ਮੁਤਾਬਕ, "ਮੈਂ ਚੇਅ ਦੀ ਤਸਵੀਰ ਨੂੰ ਪਾਕਿਸਤਾਨ ਵਿੱਚ ਟਰੱਕਾਂ, ਲਾਰੀਆਂ ਦੇ ਪਿੱਛੇ ਦੇਖਿਆ ਹੈ, ਜਾਪਾਨ ਵਿੱਚ ਬੱਚਿਆਂ ਦੇ, ਨੌਜਵਾਨਾਂ ਦੇ ਸਨੋ ਬੋਰਡਾਂ 'ਤੇ ਵੀ ਦੇਖਿਆ ਹੈ। ਚੇਅ ਨੇ ਕਿਊਬਾ ਨੂੰ ਸੋਵੀਅਤ ਸੰਘ ਦੇ ਨੇੜੇ ਲਿਆ ਕੇ ਖੜ੍ਹਾ ਕੀਤਾ।"

"ਕਿਊਬਾ ਉਸ ਰਸਤੇ 'ਤੇ ਕੋਈ ਦਹਾਕੇ ਤੋਂ ਚੱਲ ਰਿਹਾ ਹੈ। ਚੇਅ ਨੇ ਹੀ ਤਾਕਤਵਰ ਅਮਰੀਕਾ ਦੇ ਖ਼ਿਲਾਫ਼ ਇੱਕ-ਦੋ ਨਹੀਂ ਕਈ ਵੀਅਤਨਾਮ ਖੜ੍ਹੇ ਕਰਨ ਦਾ ਦਮ ਭਰਿਆ ਸੀ। ਚੇਅ ਇੱਕ ਪ੍ਰਤੀਕ ਹੈ ਵਿਵਸਥਾ ਦੇ ਖ਼ਿਲਾਫ਼ ਨੌਜਵਾਨਾਂ ਦੇ ਗੁੱਸੇ, ਉਸ ਦੇ ਆਦਰਸ਼ਾਂ ਦੀ ਲੜਾਈ ਦਾ।"

ਕਾਂਗੋ ਵਿੱਚ ਚੇਅ ਗੁਰੀਲਿਆਂ ਨਾਲ

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ, ਕਾਂਗੋ ਵਿੱਚ ਚੇਅ ਨੇ ਬਾਗੀਆਂ ਨੂੰ ਗੁਰੀਲਾ ਲੜਾਈ ਦੇ ਗੁਰ ਸਿਖਾਏ ਸਨ

ਚੇਅ ਦਾ ਬੋਲੀਵਿਆ 'ਚ ਕਤਲ

37 ਸਾਲ ਦੀ ਉਮਰ ਵਿੱਚ ਕਿਊਬਾ ਦੇ ਸਭ ਤੋਂ ਤਾਕਤਵਾਰ ਨੌਜਵਾਨ ਚੇਅ ਗੇਵਾਰਾ ਨੇ ਕ੍ਰਾਂਤੀ ਦਾ ਸੰਦੇਸ਼ ਅਫਰੀਕਾ ਅਤੇ ਦੱਖਣੀ ਅਮਰੀਕਾ ਵਿੱਚ ਫੈਲਾਉਣ ਦੀ ਜ਼ਿਦ ਫੜ ਲਈ।

ਕਾਂਗੋ ਵਿੱਚ ਚੇਅ ਨੇ ਬਾਗੀਆਂ ਨੂੰ ਗੁਰੀਲਾ ਲੜਾਈ ਦੇ ਗੁਰ ਸਿਖਾਏ। ਫਿਰ ਚੇਅ ਨੇ ਬੋਲੀਵੀਆ ਵਿੱਚ ਵਿਦਰੋਹੀਆਂ ਨੂੰ ਸਿਖਲਾਈ ਦੇਣੀ ਸ਼ੁਰੂ ਕੀਤੀ।

ਅਮਰੀਕੀ ਖ਼ੂਫ਼ੀਆ ਏਜੰਟ ਚੇਅ ਗਵੇਰਾ ਨੂੰ ਲੱਭਦੇ ਰਹੇ ਅਤੇ ਆਖ਼ਿਰਕਾਰ ਬੋਲੀਵੀਆ ਦੀ ਸੈਨਾ ਦੀ ਮਦਦ ਨਾਲ ਚੇਅ ਨੂੰ ਫੜ ਕੇ ਮਾਰ ਦਿੱਤਾ ਗਿਆ।

ਅਰਨੈਸਟੋ ਚੇਅ ਗੁਵੇਰਾ ਅੱਜ ਦਿੱਲੀ ਦੇ ਪਾਲਿਕਾ ਬਾਜ਼ਾਰ ਵਿੱਚ ਰਹੀਆਂ ਟੀ-ਸ਼ਰਟਾਂ 'ਤੇ ਮਿਲ ਜਾਣਗੇ, ਲੰਡਨ 'ਚ ਕਿਸੇ ਦੀ ਫੈਸ਼ਨੇਬਲ ਜੀਨ 'ਤੇ ਵੀ, ਪਰ ਚੇਅ ਕਿਊਬਾ ਅਤੇ ਦੱਖਣੀ ਅਮਰੀਕੀ ਦੇਸਾਂ ਦੇ ਕਰੋੜਾਂ ਲੋਕਾਂ ਲਈ ਅੱਜ ਵੀ ਕਿਸੇ ਦੇਵਤਾ ਤੋਂ ਘੱਟ ਨਹੀਂ ਹੈ।

ਅੱਜ ਜੇਕਰ ਚੇਅ ਗਵੇਰਾ ਜ਼ਿੰਦਾ ਹੁੰਦੇ ਤਾਂ 91 ਸਾਲ ਦੇ ਹੁੰਦੇ ਪਰ ਚੇ ਨੂੰ ਜਦੋਂ ਅਕਤੂਬਰ 1967 'ਚ ਮਾਰਿਆ ਗਿਆ ਤਾਂ ਉਨ੍ਹਾਂ ਉਮਰ ਮਹਿਜ਼ 39 ਸਾਲ ਸੀ।

ਚੇਅ ਗਵੇਰਾ

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ, ਚੇਅ ਗਵੇਰਾ ਨੂੰ 9 ਅਕਤੂਬਰ, 1967 ਨੂੰ ਬੋਲੀਵੀਆ ਵਿੱਚ ਮਾਰਿਆ ਗਿਆ ਸੀ

ਭਾਰਤ ਯਾਤਰਾ

ਇਹ ਘੱਟ ਹੀ ਲੋਕਾਂ ਦੀ ਜਾਣਕਾਰੀ ਵਿੱਚ ਹੈ ਕਿ ਚੇਅ ਗੁਵੇਰਾ ਨੇ ਭਾਰਤ ਦੀ ਵੀ ਯਾਤਰਾ ਕੀਤੀ ਸੀ। ਉਦੋਂ ਉਹ ਕਿਊਬਾ ਦੀ ਸਰਕਾਰ ਵਿੱਚ ਮੰਤਰੀ ਸਨ। ਚੇਅ ਨੇ ਭਾਰਤ ਦੀ ਯਾਤਰਾ ਤੋਂ ਬਾਅਦ 1959 ਵਿੱਚ ਭਾਰਤ ਰਿਪੋਰਟ ਲਿਖੀ ਸੀ ਜੋ ਫਿਦੇਲ ਕਾਸਤਰੋ ਨੂੰ ਸੌਂਪੀ ਸੀ।

ਇਸ ਰਿਪੋਰਟ ਵਿੱਚ ਉਨ੍ਹਾਂ ਨੇ ਲਿਖਿਆ ਸੀ, "ਕਾਹਿਰਾ ਤੋਂ ਅਸੀਂ ਭਾਰਤ ਲਈ ਸਿੱਧੀ ਉਡਾਣ ਭਰੀ। ਕੁੱਲ 39 ਕਰੋੜ ਦੀ ਆਬਾਦੀ ਅਤੇ 30 ਲੱਖ ਵਰਗ ਕਿਲੋਮੀਟਰ ਖੇਤਰਫਲ।”

“ਸਾਡੀ ਇਸ ਯਾਤਰਾ ਵਿੱਚ ਸਾਰੇ ਉੱਚ ਭਾਰਤੀ ਰਾਜ ਨੇਤਾਵਾਂ ਨਾਲ ਮੁਲਾਕਾਤਾਂ ਸ਼ਾਮਿਲ ਸਨ। ਨਹਿਰੂ ਨੇ ਨਾ ਸਿਰਫ਼ ਸਾਡਾ ਬਿਹਤਰੀਨ ਸਵਾਗਤ ਕੀਤਾ ਬਲਕਿ ਕਿਊਬਾ ਦੀ ਜਨਤਾ ਦੇ ਸਮਰਪਣ ਅਤੇ ਉਸ ਦੇ ਸੰਘਰਸ਼ 'ਚ ਵੀ ਆਪਣੀ ਪੂਰੀ ਦਿਲਚਸਪੀ ਦਿਖਾਈ।"

ਜਵਾਹਰ ਲਾਲ ਨਹਿਰੂ ਨਾਲ ਮੁਲਾਕਾਤ ਦੌਰਾਨ ਚੇਅ ਗਵੇਰਾ

ਤਸਵੀਰ ਸਰੋਤ, Photodivision.gov.in

ਤਸਵੀਰ ਕੈਪਸ਼ਨ, ਜਵਾਹਰ ਲਾਲ ਨਹਿਰੂ ਨਾਲ ਮੁਲਾਕਾਤ ਦੌਰਾਨ ਚੇਅ ਗਵੇਰਾ

ਚੇਅ ਨੇ ਆਪਣੀ ਰਿਪੋਰਟ ਵਿੱਚ ਲਿਖਿਆ, "ਸਾਨੂੰ ਨਹਿਰੂ ਨੇ ਬੇਸ਼ਕੀਮਤੀ ਸਲਾਹਾਂ ਦਿੱਤੀਆਂ ਅਤੇ ਸਾਡੇ ਉਦੇਸ਼ਾਂ ਦੀ ਪੂਰਤੀ ਲਈ ਬਿਨਾਂ ਕਿਸੇ ਸ਼ਰਤ ਆਪਣੀਆਂ ਚਿੰਤਾਵਾਂ ਦਾ ਪ੍ਰਦਰਸ਼ਨ ਵੀ ਕੀਤਾ। ਭਾਰਤ ਯਾਤਰਾ ਨਾਲ ਸਾਨੂੰ ਕਈ ਲਾਭਦਾਇਕ ਗੱਲਾਂ ਸਿੱਖਣ ਨੂੰ ਮਿਲੀਆਂ।”

“ਸਭ ਤੋਂ ਮਹੱਤਵਪੂਰਨ ਗੱਲ ਅਸੀਂ ਇਹ ਜਾਣੀ ਕਿ ਇੱਕ ਦੇਸ ਦਾ ਆਰਥਿਕ ਵਿਕਾਸ ਉਸ ਦੇ ਤਕਨੀਕੀ ਵਿਕਾਸ 'ਤੇ ਨਿਰਭਰ ਕਰਦਾ ਹੈ ਅਤੇ ਇਸ ਲਈ ਵਿਗਿਆਨਕ ਖੋਜ ਸੰਸਥਾਵਾਂ ਦਾ ਨਿਰਮਾਣ ਬਹੁਤ ਜ਼ਰੂਰੀ ਹੈ- ਮੁੱਖ ਤੌਰ 'ਤੇ ਦਵਾਈਆਂ, ਰਸਾਇਣ ਵਿਗਿਆਨ, ਭੌਤਿਕ ਵਿਗਿਆਨ ਅਤੇ ਖੇਤੀ ਦੇ ਖੇਤਰ ਵਿੱਚ।"

ਆਪਣੀ ਵਿਦਾਈ ਨੂੰ ਯਾਦ ਕਰਦਿਆਂ ਹੋਇਆ ਚੇ ਗੁਵੇਰਾ ਨੇ ਲਿਖਿਆ ਸੀ, "ਜਦੋਂ ਅਸੀਂ ਭਾਰਤ ਤੋਂ ਵਾਪਸ ਆ ਰਹ ਸਨ ਤਾਂ ਸਕੂਲੀ ਬੱਚਿਆਂ ਨੇ ਸਾਨੂੰ ਜਿਸ ਨਾਅਰੇ ਨਾਲ ਵਿਦਾਈ ਦਿੱਤੀ, ਉਸ ਦਾ ਤਰਜੁਮਾ ਕੁਝ ਇਸ ਤਰ੍ਹਾਂ ਹੈ- ਕਿਊਬਾ ਅਤੇ ਭਾਰਤ ਭਰਾ-ਭਰਾ। ਸੱਚਮੁੱਚ, ਕਿਊਬਾ ਅਤੇ ਭਾਰਤ ਭਰਾ-ਭਾਰ ਹੈ।"

ਇਹ ਵੀਡੀਓ ਪਹਿਲੀ ਵਾਰ ਅਗਸਤ 2019 ਵਿੱਚ ਛਪੀ ਸੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)