ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਗ੍ਰਿਫ਼ਤਾਰ

ਜਾਅਲੀ ਬੈਂਕ ਖ਼ਾਤਿਆਂ ਦੇ ਮਾਮਲੇ ਵਿਚ ਅਗਾਊਂ ਜਮਾਨਤ ਦੀ ਅਰਜ਼ੀ ਹਾਈ ਕੋਰਟ ਵਿਚ ਰੱਦ ਹੋਣ ਤੋਂ ਬਾਅਦ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਅਤੇ ਪਾਕਿਸਤਾਨ ਪੀਪਲਜ਼ ਪਾਰਟੀ ਦੇ ਕੋ-ਚੇਅਰਮੈਨ ਆਸਿਫ਼ ਅਲੀ ਜ਼ਰਦਾਰੀ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ।

ਆਸਿਫ਼ ਅਲੀ ਜ਼ਰਦਾਰੀ ਨੂੰ ਨੈਸ਼ਨਲ ਅਕਾਊਂਟੀਬਿਲਟੀ ਬਿਊਰੋ ਦੀ ਟੀਮ ਨੇ ਉਨ੍ਹਾਂ ਦੇ ਘਰੋਂ ਗ੍ਰਿਫ਼ਤਾਰ ਕੀਤਾ ਹੈ। ਜਿਸ ਤੋਂ ਬਾਅਦ ਪਾਕਿਸਤਾਨ ਵਿਚ ਰੋਸ ਪ੍ਰਦਰਸ਼ਨ ਸ਼ੁਰੂ ਹੋ ਗਏ।

ਇਸਲਾਮਾਬਾਦ ਹਾਈ ਕੋਰਟ ਨੇ ਜ਼ਰਦਾਰੀ ਦੀ ਭੈਣ ਫਰਾਇਲ ਤਾਲਪੁਰ ਵਲੋਂ ਦਾਇਰ ਕੀਤੀ ਅਗਾਊਂ ਜਮਾਨਤ ਦੀ ਅਰਜ਼ੀ ਰੱਦ ਕਰ ਦਿੱਤੀ ਸੀ।

ਜਸਟਿਸ ਆਮਿਰ ਫ਼ਾਰੂਕ ਅਤੇ ਜਸਟਿਸ ਮੋਹਸਿਨ ਅਖ਼ਤਰ ਕਿਆਨੀ ਦੀ ਬੈਂਚ ਨੇ ਜ਼ਮਾਨਤ ਅਰਜੀ ਰੱਦ ਕਰਨ ਤੋਂ ਬਾਅਦ ਉਨ੍ਹਾਂ ਦੀ ਗ੍ਰਿਫ਼ਤਾਰੀ ਦੇ ਹੁਕਮ ਦਿੱਤੇ।

ਜ਼ਰਦਾਰੀ ਅਤੇ ਉਨ੍ਹਾਂ ਦੀ ਭੈਣ ਮਨੀ ਲਾਂਡਰਿੰਗ ਕੇਸ ਵਿੱਚ ਮੁੱਖ ਮੁਲਜ਼ਮ ਹਨ। ਇਨ੍ਹਾਂ ਉੱਪਰ ਗੈਰ-ਕਾਨੰਨੀ ਬੈਂਕ ਖਾਤੇ ਰੱਖਣ ਅਤੇ ਦੇਸ਼ ਤੋਂ ਬਾਹਰ ਪੈਸੇ ਭੇਜਣ ਦੇ ਇਲਜ਼ਾਮ ਹਨ।

ਇਸਲਾਮਾਬਾਦ ਸਥਿਤ ਜ਼ਰਦਾਰੀ ਦੇ ਘਰ ਉੱਤੇ ਵੱਡੀ ਗਿਣਤੀ ਵਿੱਚ ਸੁਰੱਖਿਆ ਕਰਮੀ ਪਹੁੰਚੇ ਸਨ

ਇਹ ਵੀ ਪੜ੍ਹੋ:-

ਪਾਕਿਸਤਾਨ ਦੀਆਂ ਮੀਡੀਆ ਰਿਪੋਰਟਾਂ ਮੁਤਾਬਕ ਸ਼ੁਰੂ ਵਿੱਚ ਜ਼ਰਦਾਰੀ ਦੇ ਘਰ ਵਿੱਚ ਨੈਬ ਦੀ ਟੀਮ ਨੂੰ ਆਉਣ ਤੋਂ ਰੋਕ ਦਿੱਤਾ ਗਿਆ ਸੀ।

ਗ੍ਰਿਫ਼ਤਾਰੀ ਤੋਂ ਪਹਿਲਾਂ ਨੈਬ ਦੀ ਟੀਮ ਨੂੰ ਪਾਕਿਸਤਾਨ ਦੀ ਕੌਮੀ ਅਸੈਂਬਲੀ ਦੇ ਸਪੀਕਰ ਤੋਂ ਆਗਿਆ ਲੈਣੀ ਪਈ।

ਅਦਾਲਤ ਦਾ ਫ਼ੈਸਲਾ ਆਉਣ ਤੋਂ ਪਹਿਲਾਂ ਹੀ ਜ਼ਰਦਾਰੀ ਅਤੇ ਉਨ੍ਹਾਂ ਦੀ ਭੈਣ ਬਾਹਰ ਆ ਗਏ ਸਨ। ਜ਼ਰਦਾਰੀ ਕੋਲ ਇਸਲਾਮਾਬਾਦ ਹਾਈ ਕੋਰਟ ਦੇ ਫੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਜਾ ਸਕਦੀ ਹੈ।

ਜ਼ਰਦਾਰੀ ਅਤੇ ਉਨ੍ਹਾਂ ਦੀ ਭੈਣ ਉੱਪਰ ਜਾਅਲੀ ਬੈਂਕ ਖਾਤਿਆਂ ਰਾਹੀਂ 4.4 ਅਰਬ ਰੁਪਏ ਵਿਦੇਸ਼ ਭੇਜਣ ਦਾ ਇਲਜ਼ਾਮ ਹੈ।

ਆਸਿਫ਼ ਅਲੀ ਜ਼ਰਦਾਰੀ ਦੇ ਪੁੱਤਰ ਬਿਲਾਵਲ ਭੁੱਟੋ ਨੇ ਗ੍ਰਿਫ਼ਤਾਰੀ ਤੋਂ ਬਾਅਦ ਆਪਣੇ ਵਰਕਰਾਂ ਨੂੰ ਸ਼ਾਂਤੀ ਕਾਇਮ ਰੱਖਣ ਦੀ ਅਪੀਲ ਕੀਤੀ ਹੈ।

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆ ਸਕਦੇ ਹਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)