ਵਿਟਾਮਿਨ ਦੀਆਂ ਗੋਲੀਆਂ ਖਾਣ ਵਾਲੇ ਪਹਿਲਾਂ ਇਹ ਪੜ੍ਹਨ

ਪਿਛਲੇ ਮਹੀਨੇ ਚੀਨ ਦੀ ਇੱਕ 51 ਸਾਲਾ ਔਰਤ ਮਰਦਿਆਂ-ਮਰਦਿਆਂ ਬਚੀ। ਉਸ ਨੇ 20 ਫਲਾਂ ਨੂੰ ਮਿਲਾ ਕੇ ਇੱਕ ਘਰੇਲੂ 'ਗੁਲੂਕੋਜ਼' ਤਿਆਰ ਕੀਤਾ ਅਤੇ ਨਸ ਵਿੱਚ ਲਾ ਲਿਆ।

ਉਸ ਨੂੰ ਲੱਗਿਆ ਕਿ ਤਾਜ਼ਾ ਫਲਾਂ ਦੇ ਵਿਟਾਮਿਨ ਉਸ ਦੀ ਸਿਹਤ ਵਿੱਚ ਸੁਧਾਰ ਕਰਨਗੇ। ਉਸ ਨੂੰ ਖਾਜ, ਬੁਖ਼ਾਰ ਅਤੇ ਅੰਦਰੂਨੀ ਅੰਗਾਂ ਨੂੰ ਪਹੁੰਚੇ ਨੁਕਸਾਨ ਕਾਰਨ ਹਸਪਤਾਲ ਲਿਜਾਣਾ ਪਿਆ। ਇਲਾਜ ਅਤੇ ਬਹੁਤ ਸਾਰੇ ਐਂਟੀਬਾਇਓਟਿਕਾਂ ਤੋਂ ਬਾਅਦ ਹੁਣ ਉਹ ਮੁੜ ਸਿਹਤਯਾਬ ਹੋਈ ਹੈ।

ਇਹ ਤਾਂ ਇੱਕ ਖਾਸ ਦੀ ਮਿਸਾਲ ਹੈ ਪਰ ਹੋ ਸਕਦਾ ਹੈ ਕਿ ਇਸ ਮਹਿਲਾ ਨੂੰ ਅੱਜ-ਕੱਲ੍ਹ ਟੀਕਿਆਂ ਅਤੇ ਡਰਿੱਪ ਦੇ ਰੂਪ ਵਿੱਚ ਖੂਨ ਵਿੱਚ ਸਿੱਧੇ ਪਹੁੰਚਾਏ ਜਾ ਰਹੇ ਵਿਟਾਮਿਨਾਂ ਦੇ ਰੁਝਾਨ ਨੇ ਇਸ ਕੰਮ ਲਈ ਉਤਸ਼ਾਹਿਤ ਕੀਤਾ ਹੋਵੇ।

ਇਹ ਏਸ਼ੀਆਏ ਦੇਸ਼ਾਂ ਵਿੱਚ ਇੱਕ ਆਮ ਗੱਲ ਹੈ,ਜਿੱਥੇ ਡਰਿੱਪ ਬਿਊਟੀ ਪਾਰਲਰਾਂ ਵਿੱਚ ਝੋਲਾ ਛਾਪ ਲੋਕਾਂ ਵੱਲੋਂ ਵੀ ਲਾਏ ਜਾਂਦੇ ਹਨ।

ਪਿਛਲੇ ਕੁਝ ਸਮੇਂ ਤੋਂ ਵਿਟਾਮਿਨਾਂ ਦੇ ਟੀਕੇ ਜਾਂ ਬੋਤਲਾਂ ਲਾਉਣ ਦਾ ਰੁਝਾਨ ਵਧਿਆ ਹੈ ਪਰ ਇਸ ਦੇ ਖ਼ਤਰੇ ਕੀ ਹੋ ਸਕਦੇ ਹਨ ਅਤੇ ਕੀ ਇਹ ਵਾਕਈ ਕਾਰਗਰ ਹਨ?

ਵਿਟਾਮਿਨਾਂ ਦੇ ਟੀਕੇ ਲਾਉਣ ਵਾਲਿਆਂ ਦਾ ਦਾਅਵਾ ਹੈ ਕਿ ਇਨ੍ਹਾਂ ਟੀਕਿਆਂ ਨਾਲ ਊਰਜਾ ਵਿੱਚ ਵਾਧਾ ਹੁੰਦਾ ਹੈ, ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਵਿੱਚ ਵਾਧਾ ਹੁੰਦਾ ਹੈ।

ਸ਼ਰਾਬ ਦੇ ਮਾੜੇ ਪ੍ਰਭਾਵਾਂ ਵਿੱਚ ਕਮੀ ਆਉਂਦੀ ਹੈ, ਜੈਟ ਲੈਗ ਤੋਂ ਰਾਹਤ ਮਿਲਦੀ ਹੈ ਅਤੇ ਹੋਰ ਵੀ ਛੋਟੀਆਂ-ਮੋਟੀਆਂ ਬਿਮਾਰੀਆਂ ਠੀਕ ਹੋ ਜਾਂਦੀਆਂ ਹਨ।

ਅਮਰੀਕਾ ਵਿੱਚ ਤਾਂ ਇੱਕ ਬੱਸ ਤੁਹਾਡੇ ਘਰੇ ਆ ਕੇ ਤੁਹਾਨੂੰ ਰਾਤ ਨੂੰ ਪੀਤੀ ਸ਼ਰਾਬ ਦੇ ਹੈਂਗਓਵਰ ਚੋਂ ਕੱਢਣ ਲਈ ਤੁਹਾਨੂੰ ਅਜਿਹੀਆਂ ਡਰਿੱਪ ਲਾ ਦਿੰਦੀ ਹੈ।

ਹੈਂਗਓਵਰ ਦੇ ਇਲਾਜ ਬਹੁਤ ਮਹਿੰਗੇ ਵੀ ਹੋ ਸਕਦੇ ਹਨ। ਇਸ ਰੁਝਾਨ ਨੂੰ ਹਵਾ ਦੇਣ ਵਿੱਚ ਕੁਝ ਸੋਸ਼ਲ ਮੀਡੀਆ ਹਸਤੀਆਂ ਦਾ ਵੀ ਯੋਗਦਾਨ ਹੈ, ਜੋ ਖ਼ੁਦ ਅਜਿਹੀਆਂ ਡਰਿੱਪ ਲਵਾਉਂਦਿਆਂ ਦੀਆਂ ਤਸਵੀਰਾਂ ਸੋਸ਼ਲ-ਮੀਡੀਆ 'ਤੇ ਪਾਉਂਦੇ ਹਨ।

ਬ੍ਰਿਟਿਸ਼ ਡਾਇਟੈਟਿਕ ਐਸੋਸੀਏਸ਼ਨ ਦੀ, ਮਾਰਸਿਲਾ ਫਿਊਜ਼ਾ ਮੁਤਾਬਕ, "ਖ਼ਾਸ ਕਰਕੇ ਹੈਂਗਓਵਰ ਲਾਹੁਣ ਲਈ ਅਜਿਹੇ 'ਇਲਾਜ'ਕਰਵਾਉਣ ਵਾਲਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਹਾਲਾਂ ਕਿ ਸਿਹਤ ਨੂੰ ਇਨ੍ਹਾਂ ਤੋਂ ਹੋਲ ਵਾਲੇ ਫਾਇਦਿਆਂ ਦਾ ਕੋਈ ਸਬੂਤ ਨਹੀਂ ਹੈ ਅਤੇ ਕਈ ਹਾਲਤਾਂ ਵਿੱਚ ਨੁਕਸਾਨਦੇਹ ਵੀ ਹੋ ਸਕਦੇ ਹਨ। "

ਇਨਫੈਕਸ਼ਨ ਹੈ ਫੌਰੀ ਖ਼ਤਰਾ

ਨਸਾਂ ਰਾਹੀਂ ਦਿੱਤੀ ਜਾਣ ਵਾਲੀ ਖ਼ੁਰਾਕ ਦੀ ਮਾਹਰ ਤੇ ਡਾਈਟੀਸ਼ੀਅਨ ਸੋਫ਼ੀ ਮੈਡਲਿਨ ਨੇ ਦੱਸਿਆ, "ਜਦੋਂ ਕਦੇ ਵੀ ਤੁਸੀਂ ਆਪਣੇ ਸਰੀਰ ਵਿੱਚ ਨਸਾਂ ਰਾਹੀਂ ਕੁਝ ਪਹੁੰਚਾਉਂਦੇ ਹੋ ਤਾਂ ਤੁਹਾਨੂੰ ਇਨਫੈਕਸ਼ਨ ਦਾ ਖ਼ਤਰਾ ਰਹਿੰਦਾ ਹੈ।"

ਮੈਡਲਿਨ ਨੇ ਦੱਸਿਆ, "ਡਾਕਟਰੀ ਲਿਹਾਜ ਤੋਂ ਜਦੋਂ ਤੱਕ ਕਿ ਬਹੁਤ ਜ਼ਿਆਦਾ ਲੋੜ ਨਾ ਪਵੇ, ਅਸੀਂ ਕਦੇ ਵੀ ਨਸਾਂ ਰਾਹੀਂ ਕੁਝ ਨਹੀਂ ਦੇਵਾਂਗੇ। ਆਂਦਰਾਂ ਨਾਕਾਮ ਹੋ ਜਾਣ ਤੋਂ ਸਿਵਾ ਕਿਸੇ ਵੀ ਹੋਰ ਹਾਲਤ ਵਿੱਚ ਨਸਾਂ ਰਾਹੀਂ ਪੋਸ਼ਕ ਤੱਤ ਦੇਣ ਲਈ ਕੋਈ ਤਰਕ ਨਹੀਂ ਹੋ ਸਕਦਾ।"

ਕਿਸੇ ਵੀ ਮਰੀਜ਼ ਨੂੰ ਜਦੋਂ ਨਸਾਂ ਰਾਹੀਂ ਕੁਝ ਦਿੱਤਾ ਜਾਂਦਾ ਹੈ ਤਾਂ ਉਸ ਦਾ ਪੂਰਾ ਡਾਕਟਰੀ ਇਤਿਹਾਸ ਧਿਆਨ ਵਿੱਚ ਰੱਖਿਆ ਜਾਂਦਾ ਹੈ। ਨਸਾਂ ਰਾਹੀਂ ਵਿਟਾਮਿਨ ਭੇਜਣ ਨਾਲ ਲਿਵਰ ਅਤੇ ਗੁਰਦਿਆਂ 'ਤੇ ਦਬਾਅ ਪੈਂਦਾ ਹੈ।

ਨਸਾਂ ਰਾਹੀਂ ਦਿੱਤੇ ਜਾਣ ਵਾਲੀ ਸਮੱਗਰੀ ਦੁਨੀਆਂ ਭਰ ਵੱਚ ਵੱਖੋ-ਵੱਖਰੀ ਹੋ ਸਕਦੀ ਹੈ। ਤੇਪਈ ਵਿੱਚ ਕੋਈ ਦਿੱਤੇ ਵਿਕਲਪਾਂ ਵਿੱਚੋਂ ਚੁਣ ਸਕਦਾ ਹੈ ਕਿ ਉਸ ਨੇ ਕਿਹੜੇ ਵਿਟਾਮਿਨਾਂ ਨਸਾਂ ਰਾਹੀਂ ਲੈਣੇ ਹਨ।

ਦਿੱਲੀ ਵਿੱਚ ਤੁਸੀਂ ਡੀਹਾਈਡਰੇਸ਼ਨ ਲਈ "ਬੁਨਿਆਦੀ" ਅਤੇ "ਪਿਆਸੀ" ਦੋ ਵਿਕਲਪਾਂ ਵਿੱਚੋਂ ਚੋਣ ਕਰ ਸਕਦੇ ਹੋ ਅਤੇ ਚਮੜੀ ਲਈ ਤੁਸੀਂ "ਵੋਕ" ਜਾਂ "ਲਿਟ" ਵਿੱਚੋਂ ਕੋਈ ਚੁਣ ਸਕਦੇ ਹੋ।

ਮੇਘਨਾ ਮਾਰਕਲ ਦੇ ਨਾਂ ਤੇ ਮਸ਼ਹੂਰ ਮੈਜਿਕ ਮਾਰਕਲ ਨਾਮ ਦੀ ਡਰਿੱਪ ਵੀ ਮਾਰਕੀਟ ਵਿੱਚ ਮਿਲ ਜਾਂਦੀ ਹੈ। ਲੰਡਨ ਵਿੱਚ ਇੱਕ ਥਾਵੇਂ ਸੁਹਪੱਣ ਵਧਾਉਣ ਵਾਲੀਆਂ ਡਰਿੱਪ ਦੇ ਨਾਲ ਹੀ ਮੂਡ ਠੀਕ ਕਰਨ ਵਾਲੀਆਂ ਡਰਿੱਪ ਵੀ ਮਿਲ ਜਾਂਦੀਆਂ ਹਨ।

ਚੀਨ ਵਿੱਚ ਵਿਦਿਆਰਥੀਆਂ ਦੀ ਪੇਪਰਾਂ ਦੇ ਦਿਨਾਂ ਵਿੱਚ ਅਜਿਹੀਆਂ ਡਰਿੱਪ ਲਗਵਾਉਂਦਿਆਂ ਦੀ ਤਸਵੀਰ ਵਾਇਰਲ ਹੋ ਗਈ ਸੀ। ਸਕੂਲ ਨੇ ਬਾਅਦ ਵਿੱਚ ਸਫ਼ਾਈ ਦਿੱਤੀ ਕਿ ਵਿਦਿਆਰਥੀਆਂ ਨੇ ਆਪਣੀ ਮਰਜ਼ੀ ਨਾਲ ਇਹ ਡਰਿੱਪ ਲਗਵਾਈਆਂ ਸਨ।

ਸਕੂਲ ਵਿੱਚ ਇਨ੍ਹਾਂ ਡਰਿੱਪਾਂ ਦੀ ਮੰਗ ਇੰਨੀ ਵਧ ਗਈ ਕਿ ਵਿਦਿਆਰਥੀ ਬੋਤਲ ਨਾਲ ਲੈ ਕੇ ਜਮਾਤਾਂ ਵਿੱਚ ਜਾ ਕੇ ਬੈਠਣ ਲੱਗ ਪਏ ਤਾਂ ਜੋ ਉਹ ਪੜ੍ਹਾਈ ਜਾਰੀ ਰੱਖ ਸਕਣ।

ਮੈਡਲਿਨ ਨੂੰ ਇਸ ਬਾਰੇ ਸੁਣ ਕੇ ਬੜੀ ਹੈਰਾਨੀ ਹੋਈ ਉਨ੍ਹਾਂ ਕਿਹਾ ਕਿ ਸੁਰੱਖਿਅਤ ਥਾਂ ਤੋਂ ਬਾਹਰ ਡਰਿੱਪ ਕਦੇ ਵੀ ਨਹੀਂ ਲਾਈ ਜਾਣੀ ਚਾਹੀਦੀ।

ਜਦੋਂ ਸਾਨੂੰ ਪਤਾ ਹੈ ਕਿ ਅਜਿਹੀ ਡਰਿੱਪ ਨਾਲ ਸਾਨੂੰ ਇਨਫੈਕਸ਼ਨ ਹੋ ਸਕਦੀ ਹੈ ਤਾਂ ਅਜਿਹਾ ਕੀ ਹੈ ਕਿ ਅਸੀਂ ਮੰਨ ਲੈਂਦੇ ਹਾਂ ਕਿ ਇਨ੍ਹਾਂ ਨਾਲ ਸਾਨੂੰ ਲਾਭ ਹੋਵੇਗਾ?

ਫੁਜ਼ੀਆ ਮੁਤਾਬਕ, "ਬਹੁਗਿਣਤੀ ਲੋਕਾਂ ਲਈ ਸੰਤੁਲਿਤ ਖ਼ੁਰਾਕ (ਅਤੇ ਕੁਝ ਮਾਮਲਿਆਂ ਵਿੱਚ ਵਿਟਾਮਿਨ ਦੀਆਂ ਗੋਲੀਆਂ) ਹੀ ਵਿਟਾਮਿਨਾਂ ਦੀ ਘਾਟ ਪੂਰੀ ਕਰਨ ਲਈ ਕਾਫ਼ੀ ਹਨ।"

ਉਨ੍ਹਾਂ ਸੁਚੇਤ ਕੀਤਾ, "ਨਸਾਂ ਰਾਹੀਂ ਸਾਨੂੰ ਪੋਸ਼ਕਾਂ ਦੀ ਜ਼ਿਆਦਾ ਮਾਤਰਾ ਮਿਲ ਸਕਦੀ ਹੈ ਜਿਸ ਨਾਲ ਸਿਹਤ ਦੀਆਂ ਸਮੱਸਿਆਵਾਂ ਖੜ੍ਹੀਆਂ ਹੋ ਸਕਦੀਆਂ ਹਨ। ਖ਼ਾਸ ਕਰਕੇ ਜਿਨ੍ਹਾਂ ਨੂੰ ਪਹਿਲਾਂ ਤੋਂ ਹੀ ਅਜਿਹੀਆਂ ਗਿਆਤ ਜਾਂ ਅਗਿਆਤ ਦਿੱਕਤਾਂ ਰਹੀਆਂ ਹੋਣ।"

ਵਾਧੂ ਵਿਟਾਮਿਨਾਂ ਦੀ ਕਿਨ੍ਹਾਂ ਨੂੰ ਲੋੜ ਹੁੰਦੀ ਹੈ?

•ਸਾਰੀਆਂ ਗਰਭਵਤੀ ਅਤੇ ਦੁਧ ਚੁੰਘਾਉਣ ਵਾਲੀਆਂ ਮਾਵਾਂ ਨੂੰ ਵਿਟਾਮਿਨ-ਡੀ ਦੇ ਪੂਰਕ ਲੈਣੇ ਚਾਹੀਦੇ ਹਨ।

•ਗਰਭਵਤੀ ਹੋਣ ਦੀ ਕੋਸ਼ਿਸ਼ ਕਰ ਰਹੀਆਂ ਔਰਤਾਂ ਨੂੰ ਗਰਭ ਦੇ ਪਹਿਲੇ 12 ਹਫ਼ਤੇ ਫੌਲਿਕ ਐਸਿਡ ਦੇ ਪੂਰਕ ਲੈਣੇ ਚਾਹੀਦੇ ਹਨ। ਇਸ ਨਾਲ ਬੱਚਿਆਂ ਵਿੱਚ ਸਪਾਈਨਾ ਬਾਈਫਾਈਡਾ ਦੇ ਖ਼ਤਰੇ ਨੂੰ ਘਟਾਇਆ ਜਾ ਸਕਦਾ ਹੈ।

•65 ਸਾਲ ਤੋਂ ਵੱਡੇ ਬਜ਼ੁਰਗਾਂ ਨੂੰ ਵਿਟਾਮਿਨ-ਡੀ ਦੇ ਪੂਰਕ ਲੈਣੇ ਚਾਹੀਦੇ ਹਨ।

•ਕਾਲੀ ਚਮੜੀ ਵਾਲਿਆਂ ਨੂੰ ਤੇ ਧੁੱਪ ਤੋਂ ਵਾਂਝੇ ਰਹਿਣ ਵਾਲਿਆਂ ਨੂੰ ਵਿਟਾਮਿਨ-ਡੀ ਦੇ ਪੂਰਕ ਲੈਣੇ ਚਾਹੀਦੇ ਹਨ।

•ਛੇ ਮਹੀਨੇ ਤੋਂ ਪੰਜ ਸਾਲ ਤੱਕ ਦੀ ਉਮਰ ਦੇ ਸਾਰੇ ਬੱਚਿਆਂ ਨੂੰ ਵਿਟਾਮਿਨ-ਏ, ਸੀ ਅਤੇ ਡੀ ਦੇ ਪੂਰਕ ਦਿੱਤੇ ਜਾਣੇ ਚਾਹੀਦੇ ਹਨ।

•ਕਿਸੇ ਸਿਹਤ ਨਾਲ ਜੁੜੀ ਗੜਬੜੀ ਦੀ ਹਾਲਤ ਵਿੱਚ ਵੀ ਡਾਕਟਰ ਖ਼ਾਸ਼ ਕਿਸਮ ਦੇ ਪੂਰਕਾਂ ਦੀ ਸਿਫਾਰਸ਼ ਕਰ ਸਕਦੇ ਹਨ।

•ਜੇ ਤੁਸੀਂ ਇਨ੍ਹਾਂ ਵਿੱਚੋਂ ਕਿਸੇ ਵੀ ਗਰੁੱਪ ਵਿੱਚ ਨਹੀਂ ਹੋ ਪਰ ਤੁਸੀਂ ਵਿਟਾਮਿਨਾਂ ਦੀਆਂ ਗੋਲੀਆਂ ਖ਼ਰੀਦਦੇ ਹੋ ਤਾਂ ਪੂਰੀ ਸੰਭਵਨਾ ਹੈ ਕਿ ਤੁਸੀਂ ਆਪਣਾ ਪੈਸਾ ਉਨ੍ਹਾਂ ਪੋਸ਼ਕਾਂ ਤੇ ਖ਼ਰਚ ਕਰ ਰਹੇ ਹੋ ਜੋ ਸ਼ਾਇਦ ਤੁਹਾਨੂੰ ਪਹਿਲਾਂ ਹੀ ਖ਼ੁਰਾਕ ਵਿੱਚੋਂ ਮਿਲ ਚੁੱਕੇ ਹੋਣ।

ਵਿਸ਼ਵ ਸਿਹਤ ਸੰਗਠਨ ਨਾਲ ਜੁੜੀ ਹੋਈ ਲੀਜ਼ਾ ਰੌਜਰਜ਼ ਦਾ ਮੰਨਣਾ ਹੈ ਕਿ ਲੋਕਾਂ ਨੂੰ ਵਾਧੂ ਵਿਟਾਮਿਨ ਖਾਣ ਦਾ ਚਾਅ ਹੀ ਚੜ੍ਹਿਆ ਰਹਿੰਦਾ ਹੈ।

ਉਨ੍ਹਾਂ ਕਿਹਾ, "ਉਨ੍ਹਾਂ ਨੂੰ ਲਗਦਾ ਹੈ ਕਿ ਇਸ ਨਾਲ ਉਨ੍ਹਾਂ ਨੂੰ ਕੋਈ ਲਾਭ ਪਹੁੰਚੇਗਾ। ਸਾਨੂੰ ਬਹੁਤ ਥੋੜ੍ਹੀ ਮਾਤਰਾ ਵਿੱਚ ਵਿਟਾਮਿਨਾਂ ਦੀ ਲੋੜ ਹੁੰਦੀ ਹੈ। ਸਿਰਫ ਕਮੀ ਦੀ ਸੂਰਤ ਵਿੱਚ ਹੀ ਵਿਟਾਮਿਨਾਂ ਦੇ ਪੂਰਕ ਲੈਣ ਦੀ ਕੋਈ ਤੁਕ ਬਣਦੀ ਹੈ।"

ਮੈਡਲਿਨ ਦਾ ਕਹਿਣਾ ਹੈ ਕਿ ਨਸਾਂ ਰਾਹੀਂ ਧੱਕੇ ਨਾਲ ਵਿਟਾਮਿਨ ਲੈਣ ਨਾਲ ਵੀ ਓਵਰਡ਼ੋਜ਼ ਦਾ ਡਰ ਰਹਿੰਦਾ ਹੈ।

ਉਨ੍ਹਾਂ ਅੱਗੇ ਦੱਸਿਆ, "ਡਰਿੱਪ ਸਾਡੇ ਖੂਨ ਵਿੱਚ ਧੱਕੇ ਨਾਲ ਵਿਟਾਮਿਨ ਭੇਜਦੇ ਹਨ। ਸਾਡਾ ਸਰੀਰ ਇਨ੍ਹਾਂ ਵਿੱਚੋਂ ਘੱਟੋ-ਘੱਟ 90 ਫੀਸਦੀ ਨੂੰ ਬਾਹਰ ਕੱਢ ਦੇਵੇਗਾ। ਕੁਲ ਮਿਲਾ ਕੇ ਲਾਭ ਜੇ ਕੋਈ ਨਹੀਂ ਵੀ ਤਾਂ ਬਹੁਤ ਘੱਟ ਹਨ ਅਤੇ ਖ਼ਤਰੇ ਬਹੁਤ ਜ਼ਿਆਦਾ ਹਨ।

ਮੈਡਲਿਨ ਨੇ ਕਿਹਾ, "ਜੇ ਸਿਹਤ 'ਤੇ ਕੋਈ ਬੁਰਾ ਅਸਰ ਨਾ ਵੀ ਪਵੇ ਤਾਂ ਵੀ ਤੁਸੀਂ ਬਹੁਤ ਮਹਿੰਗਾ ਪੇਸ਼ਾਬ ਕਰ ਰਹੇ ਹੋ। ਇਹ ਇਵੇਂ ਹੀ ਹੈ ਜਿਵੇਂ ਤੁਸੀਂ ਪੈਸੇ ਬਹਾ ਰਹੇ ਹੋਵੋਂ।"

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)