ਔਰਤ ਦੀ ਹੋਂਦ ਸਰੀਰ ਅਤੇ ਰੰਗ ਰੂਪ ਤੋਂ ਅੱਗੇ ਵੀ ਹੁੰਦੀ ਹੈ : ਬਲਾਗ

- ਲੇਖਕ, ਸ਼ੁਮਾਇਲਾ ਜਾਫ਼ਰੀ
- ਰੋਲ, ਬੀਬੀਸੀ ਪੱਤਰਕਾਰ, ਐਬਟਾਬਾਦ ਤੋਂ
ਦੁਨੀਆਂ ਵਿੱਚ ਬਹੁਤ ਸਾਰੇ ਲੋਕਾਂ ਲਈ ਐਬਟਾਬਾਦ ਦੀ ਪਛਾਣ ਉਸ ਥਾਂ ਵਜੋਂ ਹੈ, ਜਿੱਥੇ ਅਮਰੀਕੀ ਫੌਜੀਆਂ ਨੇ ਸਾਲ 2011 ਵਿੱਚ ਕੱਟੜਪੰਥੀ ਓਸਾਮਾ ਬਿਨ ਲਾਦੇਨ ਨੂੰ ਮਾਰਿਆ ਸੀ।
ਪਰ ਪਾਕਿਸਤਾਨ ਦੇ ਉੱਤਰ-ਪੱਛਮ ਵਿੱਚ ਸੂਬੇ ਖੈ਼ਬਰ ਪਖਤੂਨਖਵਾ 'ਚ ਹਰੀਆਂ ਪਹਾੜੀਆਂ ਵਿਚਾਲੇ ਸਥਿਤ ਐਬਟਾਬਾਦ ਪਾਕਿਸਤਾਨ ਦੇ ਲੋਕਾਂ ਲਈ ਸਭ ਤੋਂ ਵੱਧ ਪਸੰਦੀਦਾ ਥਾਂ ਹੈ।
ਪਾਕਿਸਤਾਨ ਦੀ ਰਾਸ਼ਟਰੀ ਸੈਨਿਕ ਅਕੈਡਮੀ ਵੀ ਐਬਟਾਬਾਦ ਵਿੱਚ ਹੀ ਹੈ। ਇੱਥੋਂ ਦੇ ਕਈ ਉੱਚ ਸਿੱਖਿਆ ਅਦਾਰੇ ਵੀ ਕਾਫੀ ਮਸ਼ਹੂਰ ਹਨ।
ਇਹ ਵੀ ਪੜ੍ਹੋ:
'ਯੂਨੀਵਰਸਿਟੀ ਆਫ ਸਾਇੰਸ ਐਂਡ ਟੈਕਨੋਲਜੀ' ਐਬਟਾਬਾਦ ਪਾਕਿਸਤਾਨ ਦੀ #BBCShe ਦੀ ਟੀਮ ਦੇ ਸਫ਼ਰ ਦਾ ਤੀਜਾ ਪੜਾਅ ਰਿਹਾ।
ਬਲੂਚਿਸਤਾਨ ਸੂਬੇ ਦੀ ਰਾਜਧਾਨੀ ਕੁਵੇਟਾ ਅਤੇ ਸਿੰਧ ਪ੍ਰਾਂਤ ਦੇ ਲਾੜਕਾਨਾ ਸ਼ਹਿਰ ਵਿੱਚ ਸਫ਼ਲ 'ਓਪਨ ਡਿਬੇਟ' ਕਰਵਉਣ ਤੋਂ ਬਾਅਦ ਸਾਡਾ ਮਕਸਦ ਸੀ ਕਿ ਪਸ਼ਤੂਨ ਬਹੁ ਗਿਣਤੀ ਖ਼ੈਬਰ ਪਖ਼ਤੂਨਖ਼ਵਾ ਪ੍ਰਾਂਤ ਦੀਆਂ ਔਰਤਾਂ ਦੀ ਆਵਾਜ਼ ਵੀ ਸੁਣੀ ਜਾਵੇ।
ਖ਼ੈਬਰ ਪਖ਼ਤੂਨਖ਼ਵਾ ਪ੍ਰਾਂਤ ਨੂੰ ਸਭ ਤੋਂ ਵਧੇਰੇ ਰੂੜੀਵਾਦੀ ਇਲਾਕਾ ਮੰਨਿਆ ਜਾਂਦਾ ਹੈ। ਇੱਥੇ ਇੱਕ ਆਬਾਦੀ ਉਨ੍ਹਾਂ ਕਬਾਇਲੀ ਲੋਕਾਂ ਦੀ ਹੈ ਜੋ ਅੱਜ ਵੀ ਆਪਣੇ ਸਦੀਆਂ ਪੁਰਾਣੇ ਰੀਤੀ-ਰਿਵਾਜ਼ਾਂ ਅਤੇ ਪਰੰਪਰਾਵਾਂ ਨਾਲ ਜੁੜੇ ਹੋਏ ਹਨ।
ਪਰ ਇੱਥੋਂ ਦੀਆਂ ਕੁੜੀਆਂ ਦੇ ਵਿਚਾਰਾਂ ਨੇ ਸਾਨੂੰ ਜ਼ਰਾ ਵੀ ਨਿਰਾਸ਼ ਨਹੀਂ ਕੀਤਾ। ਕਈ ਕੁੜੀਆਂ ਨੇ ਔਰਤਾਂ ਨੂੰ ਲੈ ਕੇ ਹੋਣ ਵਾਲੀ 'ਸਟੀਰੀਓਟਾਈਪਿੰਗ' 'ਤੇ ਔਰਤਾਂ ਨਾਲ ਜੁੜੇ ਹੋਰ ਮੁੱਦਿਆਂ 'ਤੇ ਖੁੱਲ੍ਹ ਕੇ ਗੱਲ ਕੀਤੀ।
ਔਰਤਾਂ ਦੇ ਲੇਬਲ
ਇਹ ਮੇਰਾ ਵਿਅਕਤੀਗਤ ਅੰਦਾਜ਼ਾ ਸੀ ਕਿ ਖ਼ੈਬਰ ਪਖ਼ਤੂਨਖ਼ਵਾ ਦੀਆਂ ਕੁੜੀਆਂ ਕੁਝ ਸਥਾਨਕ ਮੁੱਦਿਆਂ 'ਤੇ ਹੀ ਗੱਲ ਕਰਨਗੀਆਂ ਪਰ ਉਨ੍ਹਾਂ ਨੇ ਸਾਨੂੰ ਮਾਣ-ਸਨਮਾਨ ਬਾਰੇ ਆਪਣੀ ਰਾਇ ਦੱਸ ਕੇ ਹੈਰਾਨ ਕਰ ਦਿੱਤਾ।

ਇੱਕ ਕੁੜੀ ਨੇ ਕਿਹਾ ਸਮਾਜ ਪਹਿਲਾ ਤਾਂ ਔਰਤਾਂ 'ਤੇ ਲੇਬਲ ਲਗਾਉਂਦਾ ਹੈ ਅਤੇ ਫਿਰ ਉਸ ਮੁਤਾਬਕ ਹੀ ਔਰਤਾਂ ਨੂੰ ਪਰਖਦਾ ਹੈ।
ਉਸ ਕੁੜੀ ਨੇ ਕਿਹਾ, "ਜੇਕਰ ਕੋਈ ਔਰਤ ਤਲਾਕ ਲੈਂਦੀ ਹੈ ਤਾਂ ਲੋਕ ਸਿਰਫ਼ ਉਸ ਨੂੰ ਹੀ ਵਿਆਹ ਟੁੱਟਣ ਲਈ ਜ਼ਿੰਮੇਵਾਰ ਮੰਨਦੇ ਹਨ। ਲੋਕ ਉਨ੍ਹਾਂ ਨੂੰ ਖ਼ਰਾਬ ਔਰਤਾਂ ਵਜੋਂ ਦੇਖਦੇ ਹਨ।"
ਇੱਕ ਹੋਰ ਵਿਦਿਆਰਥਣ ਨੇ ਕਿਹਾ ਕਿ ਮੀਡੀਆ ਵੀ ਖ਼ਾਸ ਤਰ੍ਹਾਂ ਦੀਆਂ ਹੀ ਸਫ਼ਲ ਅਤੇ ਕਾਬਿਲ ਔਰਤਾਂ ਨੂੰ ਹੀ ਥਾਂ ਦਿੰਦਾ ਹੈ।
ਉਹ ਔਰਤਾਂ ਜੋ ਗੋਰੀਆਂ, ਪਤਲੀਆਂ ਅਤੇ ਦਿਖਣ ਵਿੱਚ ਸੋਹਣੀਆਂ ਹਨ। ਬਾਕੀ ਔਰਤਾਂ ਲਈ ਮੀਡੀਆ ਕੋਲ ਕੋਈ ਥਾਂ ਨਹੀਂ ਹੈ। ਉਹ ਨਾ ਤਾਂ ਚੰਗੀ ਨੌਕਰੀ ਪਾ ਰਹੀਆਂ ਹਨ ਅਤੇ ਨਾ ਹੀ ਹਮਸਫ਼ਰ।
ਉਸ ਵਿਦਿਆਰਥਣ ਦੀ ਰਾਇ ਸੀ ਕਿ ਇਸ ਹਾਲਾਤ ਨੇ ਕੁੜੀਆਂ 'ਤੇ ਇੱਕ ਵੱਖਰਾ ਹੀ ਦਬਾਅ ਬਣਾਇਆ ਹੋਇਆ ਹੈ।
ਇਹ ਹਾਲਾਤ ਕੁੜੀਆਂ ਵਿੱਚ ਹੀਣ ਭਾਵਨਾ ਪੈਦਾ ਕਰ ਰਹੇ ਹਨ ਅਤੇ ਬਹੁਤ ਸਾਰੀਆਂ ਕੁੜੀਆਂ ਦੇ ਜੀਵਨ ਨੂੰ ਇਸ ਨੇ ਨਫ਼ਰਤ ਭਰਿਆ ਬਣਾ ਦਿੱਤਾ ਹੈ।
ਉਸ ਨੇ ਕਿਹਾ, "ਸਰੀਰ ਅਤੇ ਰੰਗ ਰੂਪ ਨਾਲ ਅੱਗੇ ਵੀ ਔਰਤਾਂ ਦੀ ਹੋਂਦ ਹੁੰਦੀ ਹੈ।"

ਬਹੁਤ ਸਾਰੀਆਂ ਕੁੜੀਆਂ ਦੀ ਰਾਇ ਸੀ ਕਿ ਮੀਡੀਆ ਨੂੰ ਸਾਰੀਆਂ ਔਰਤਾਂ ਦੀਆਂ ਉਪਲੱਬਧੀਆਂ ਅਤੇ ਕਾਬੀਲੀਅਤ 'ਤੇ ਰੌਸ਼ਨੀ ਪਾਉਣੀ ਚਾਹੀਦੀ ਹੈ।
ਇੱਕ ਹੋਰ ਵਿਦਿਆਰਥਣ ਨੇ ਕਿਹਾ ਕਿ ਜਦੋਂ ਉਨ੍ਹਾਂ ਦਾ ਪਰਿਵਾਰ ਮੀਡੀਆ ਵਿੱਚ ਦਿੱਖ ਰਹੀਆਂ ਕੁੜੀਆਂ ਨੂੰ ਦੇਖਦਾ ਹੈ ਤਾਂ ਉਨ੍ਹਾਂ 'ਤੇ ਵੀ ਅਜਿਹਾ ਹੀ ਵਿਹਾਰ ਕਰਨ ਅਤੇ ਦਿਖਣ ਦੀ ਦਬਾਅ ਬਣਾਇਆ ਜਾਂਦਾ ਹੈ।
ਜ਼ਿੰਦਗੀ ਦੀ ਨਿਰਾਸ਼ਾ
ਐਬਟਾਬਾਦ ਦੀ ਓਪਨ ਡਿਬੇਟ ਵਿੱਚ ਇੱਕ ਹੋਰ ਵਿਦਿਆਰਥਣ ਨੇ ਕਿਹਾ ਕਿ ਉਨ੍ਹਾਂ ਦੇ ਸੂਬੇ ਵਿੱਚ ਬਹੁਤ ਸਾਰੀਆਂ ਔਰਤਾਂ ਆਪਣੀ ਵਿਆਹੁਤਾ ਜ਼ਿੰਦਗੀ ਤੋਂ ਨਿਰਾਸ਼ ਹਨ ਕਿਉਂਕਿ ਉਨ੍ਹਾਂ ਨੂੰ ਪਤਾ ਚੁਣਨ ਦਾ ਅਧਿਕਾਰ ਨਹੀਂ ਹੈ।
ਹਵਾਲੀਆ ਜ਼ਿਲ੍ਹੇ ਤੋਂ ਆਈ ਇੱਕ ਵਿਦਿਆਰਥਣ ਨੇ ਕਿਹਾ, "ਕੋਈ ਕੁੜੀ ਜੇਕਰ ਖ਼ੁਦ ਆਪਣੇ ਫ਼ੈਸਲੇ ਲੈਣ ਦੀ ਕੋਸ਼ਿਸ਼ ਕਰਦੀ ਹੈ ਤਾਂ ਉਸਦੀ ਤੁਲਨਾ 'ਕੰਦੀਲ ਬਲੋਚ' ਨਾਲ ਕੀਤੀ ਜਾਂਦੀ ਹੈ।"
ਕੰਦੀਲ ਬਲੋਚ ਪਾਕਿਸਤਾਨ ਦੀ ਸੋਸ਼ਲ ਮੀਡੀਆ ਸਟਾਰ ਸੀ। ਸਾਲ 2016 ਵਿੱਚ ਉਨ੍ਹਾਂ ਦੇ ਭਰਾ ਨੇ 'ਅਣਖ ਦੀ ਖਾਤਰ' ਆਪਣੀ ਭੈਣ ਕੰਦੀਲ ਦਾ ਕਤਲ ਕਰ ਦਿੱਤਾ ਸੀ।
ਇਹ ਵੀ ਪੜ੍ਹੋ:
ਓਪਨ ਡਿਬੇਟ ਸੈਸ਼ਨ ਵਿੱਚ ਬਹੁਤ ਸਾਰੀਆਂ ਕੁੜੀਆਂ ਨੇ ਆਨਰ ਕਿਲਿੰਗ ਦਾ ਮੁੱਦਾ ਵੀ ਚੁੱਕਿਆ। ਇੱਕ ਕੁੜੀ ਨੇ ਦੱਸਿਆ ਕਿ ਉਨ੍ਹਾਂ ਦੇ ਸੂਬੇ ਵਿੱਚ ਆਨਕ ਕਿਲਿੰਗ ਦੇ ਮਾਮਲਿਆਂ ਦੀ ਗਿਣਤੀ ਕਾਫ਼ੀ ਵੱਧ ਹੈ।
ਵਿਦਿਆਰਥਣਾ ਅਨੁਸਾਰ ਆਨਰ ਕਿਲਿੰਗ ਦੇ ਵਧੇਰੇ ਮਾਮਲਿਆਂ ਨੂੰ ਸਮਾਜ ਦੇ ਲੋਕ ਦਬਾਉਣ ਦੀ ਕੋਸ਼ਿਸ਼ ਕਰਦੇ ਹਨ।

ਕੁਝ ਵਿਦਿਆਰਥਣਾਂ ਨੇ ਸੈਕਸ ਐਜੂਕੇਸ਼ਨ ਨੂੰ ਵੀ ਸਿਲੇਬਸ ਵਿੱਚ ਸ਼ਾਮਲ ਕਰਨ ਦੀ ਵਕਾਲਤ ਕੀਤੀ ਅਤੇ ਕਿਹਾ ਕਿ ਸੈਕਸ ਐਜੂਕੇਸ਼ਨ ਨਾਲ ਰੇਪ ਅਤੇ ਸਰੀਰਕ ਸ਼ੋਸ਼ਣ ਦੇ ਮਾਮਲਿਆਂ ਦੀ ਗਿਣਤੀ ਘਟਾਈ ਜਾ ਸਕਦੀ ਹੈ।
ਐਬਟਾਬਾਦ ਦੀ ਯੂਨੀਵਰਸਿਟੀ ਆਫ਼ ਸਾਇੰਸ ਐਂਡ ਟੈਕਨੋਲਜੀ' ਦੇ ਵਿਦਿਆਰਥੀਆਂ ਨੇ ਡਰਾਮਾ, ਥਿਏਟਰ ਅਤੇ ਫ਼ਿਲਮਾਂ ਵਿੱਚ ਔਰਤਾਂ ਦੇ ਕਰੈਕਟਰ ਦੀ ਵੀ ਸ਼ਿਕਾਇਤ ਕੀਤੀ।
ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਵਿੱਚ ਅਕਸਰ ਪੜ੍ਹੀਆਂ-ਲਿਖੀਆਂ ਔਰਤਾਂ ਅਤੇ ਚੰਗੇ ਕਰੀਅਰ ਦੀ ਚਾਹ ਰੱਖਣ ਵਾਲੀਆਂ ਨੂੰ ਇੱਕ 'ਖ਼ਰਾਬ ਮਾਂ ' ਦੇ ਤੌਰ 'ਤੇ ਵਿਖਾਇਆ ਜਾਂਦਾ ਹੈ।
ਇਨ੍ਹਾਂ ਵਿਦਿਆਰਥਣਾਂ ਦਾ ਮੰਨਣਾ ਸੀ ਕਿ ਇਸ ਨਾਲ ਸਮਾਜ ਵਿੱਚ ਜੋ ਸੋਚ ਵਿਕਸਿਤ ਹੋ ਰਹੀ ਹੈ ਉਹ ਹਜ਼ਾਰਾਂ ਔਰਤਾਂ ਦੇ ਸੁਪਨਿਆਂ ਵਿੱਚ ਰੁਕਾਵਟ ਪੈਦਾ ਕਰ ਰਹੀ ਹੈ। ਖ਼ਾਸ ਕਰਕੇ ਉਨ੍ਹਾਂ ਔਰਤਾਂ ਦੇ, ਜੋ ਕੁਝ ਕਰਨਾ ਚਾਹੁੰਦੀਆਂ ਹਨ ਅਤੇ ਆਪਣੇ ਬਲਬੂਤੇ 'ਤੇ ਕਰੀਅਰ ਬਣਾਉਣਾ ਚਾਹੁੰਦੀਆਂ ਹਨ।

ਇੱਕ ਵਿਦਿਆਰਥਣ ਨੇ ਕਿਹਾ ਕਿ ਖ਼ੈਬਰ ਪਖ਼ਤੂਨਵਾ ਸੂਬੇ ਦੇ ਕੁਝ ਇਲਾਕਿਆਂ ਵਿੱਚ ਔਰਤਾਂ ਨੂੰ ਵੋਟ ਦਾ ਅਧਿਕਾਰ ਨਾ ਮਿਲਣ 'ਤੇ ਨਿਰਾਸ਼ ਹਨ। ਉਨ੍ਹਾਂ ਨੂੰ ਲਗਦਾ ਹੈ ਕਿ ਇਸ ਨਾਲ ਔਰਤਾਂ ਨੂੰ ਉਨ੍ਹਾਂ ਦੇ ਵਿਚਾਰ ਰੱਖਣ ਤੋਂ ਰੋਕਿਆ ਗਿਆ ਹੈ।
ਕਈ ਵਿਦਿਆਰਥਣਾਂ ਨੇ ਕਿਹਾ ਕਿ ਸੰਵਿਧਾਨ ਵਿੱਚ ਔਰਤਾਂ ਦੇ ਅਧਿਕਾਰਾਂ ਅਤੇ ਉਨ੍ਹਾਂ ਦੀ ਆਜ਼ਾਦੀ ਦੀ ਜਿਹੜੀ ਗੱਲ ਲਿਖੀ ਗਈ ਹੈ ਉਹ ਸਿਰਫ਼ ਕਾਗਜ਼ਾਂ ਤੱਕ ਹੀ ਸੀਮਤ ਰਹਿ ਗਈ ਹੈ ਅਤੇ ਦੇਸ ਵਿੱਚ ਮਰਦਾਂ ਨੇ ਔਰਤਾਂ ਲਈ ਆਪਣੇ ਹੀ ਨਿਯਮ ਬਣਾ ਕੇ ਸਮਾਜ 'ਤੇ ਥੋਪ ਦਿੱਤੇ ਹਨ।
ਇਸ ਓਪਨ ਡਿਬੇਟ ਸੈਸ਼ਨ ਨੇ ਮੈਨੂੰ ਕਾਫ਼ੀ ਪ੍ਰੇਰਿਤ ਕੀਤਾ। ਵਾਪਿਸ ਪਰਤਦੇ ਸਮੇਂ ਮੈਨੂੰ ਮਹਿਸੂਸ ਹੋਇਆ ਕਿ ਬੰਦ ਦਰਵਾਜ਼ਿਆਂ, ਰੂੜ੍ਹੀਵਾਦੀ ਸਮਾਜ, ਮੌਕਿਆਂ ਦੀ ਘਾਟ ਅਤੇ ਤਮਾਮ ਤਰ੍ਹਾਂ ਦੀਆਂ ਚੁਣੌਤੀਆਂ ਵਿਚਾਲੇ ਵੱਡੀਆਂ ਹੋਈਆਂ ਇਹ ਕੁੜੀਆਂ ਕਿੰਨੀਆਂ ਬਹਾਦੁਰ ਅਤੇ ਚੇਤਨਾ ਭਰਪੂਰ ਹਨ।

ਹੁਣ ਮੇਰਾ ਅਗਲਾ ਪੜ੍ਹਾਅ ਪਾਕਿਸਤਾਨ ਦਾ ਪੰਜਾਬ ਹੋਵੇਗਾ। ਦੇਸ ਦਾ ਸੱਭ ਤੋਂ ਵੱਡਾ ਅਤੇ ਸਭ ਤੋਂ ਵਿਕਸਿਤ ਇਲਾਕਾ। ਮੈਂ ਇੱਕ ਜੋਸ਼ ਦੇ ਨਾਲ ਪੰਜਾਬ ਵੱਲ ਵਧ ਰਹੀ ਹਾਂ।
ਹੁਣ ਦੇਖਦੇ ਹਾਂ ਕਿ ਉੱਥੋਂ ਦੀਆਂ ਕੁੜੀਆਂ ਕਿਸ ਤਰ੍ਹਾਂ ਦੀਆਂ ਕਹਾਣੀਆਂ ਅਤੇ ਚੁਣੌਤੀਆਂ ਨੂੰ ਸਾਡੇ ਸਾਹਮਣੇ ਲਿਆਉਂਦੀਆਂ ਹਨ।
ਇਹ ਵੀ ਪੜ੍ਹੋ:












