You’re viewing a text-only version of this website that uses less data. View the main version of the website including all images and videos.
ਅਮਰੀਕਾ ਨੇ ਕਿਹਾ, ਸੀਰੀਆ ਕੈਮੀਕਲ ਹਮਲੇ ਦੀ ਤਿਆਰੀ ਵਿੱਚ
ਅਮਰੀਕਾ ਨੇ ਖਦਸ਼ਾ ਜ਼ਾਹਿਰ ਕੀਤਾ ਹੈ ਕਿ ਸੀਰੀਆ ਦੀ ਸਰਕਾਰ ਬਾਗੀਆਂ ਦੇ ਕਬਜ਼ੇ ਵਾਲੇ ਇਦਲਿਬ ਪ੍ਰਾਂਤ ਵਿੱਚ ਰਸਾਇਣਿਕ ਹਮਲੇ ਦੀ ਤਿਆਰੀ ਕਰ ਰਿਹਾ ਹੈ।
ਸੀਰੀਆ ਵਿੱਚ ਅਮਰੀਕਾ ਦੇ ਨਵੇਂ ਰਾਜਦੂਤ ਜਿਮ ਜੈਫਰੀ ਨੇ ਹਮਲੇ ਦੀ ਤਿਆਰੀ ਦੇ ਕਈ ਸਬੂਤ ਹੋਣ ਦਾ ਦਾਅਵਾ ਕੀਤਾ ਹੈ।
ਇਦਲਿਬ ਸੀਰੀਆ ਵਿੱਚ ਜਿਹਾਦੀ ਗੁਟਾਂ ਦਾ ਆਖਰੀ ਗੜ੍ਹ ਹੈ ਜਿਸ ਨੂੰ ਸੀਰੀਆ ਦੀ ਬਸ਼ਰ-ਅਲ-ਅਸਦ ਸਰਕਾਰ ਕਾਬੂ ਵਿੱਚ ਕਰਨਾ ਚਾਹੁੰਦੀ ਹੈ।
ਹਾਲਾਂਕਿ ਸੀਰੀਆ ਦੀ ਸਰਕਾਰ ਕੈਮੀਕਲ ਹਥਿਆਰਾਂ ਦੇ ਇਸਤੇਮਾਲ ਤੋਂ ਲਗਾਤਾਰ ਇਨਕਾਰ ਕਰਦੀ ਆਈ ਹੈ।
ਇਹ ਵੀ ਪੜ੍ਹੋ:
ਮੰਗਲਵਾਰ ਨੂੰ ਰੂਸੀ ਜਹਾਜ਼ਾਂ ਨੇ ਇਦਲਿਬ ਦੇ ਮੁਹਮਬਲ ਅਤੇ ਜਦਰਾਇਆ ਇਲਾਕਿਆਂ ਵਿੱਚ ਹਵਾਈ ਹਮਲੇ ਕੀਤੇ ਸਨ ਜਿਸ ਵਿੱਚ ਬੱਚਿਆਂ ਸਮੇਤ ਕਈ ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ।
ਸੰਯੁਕਤ ਰਾਸ਼ਟਰ ਨੇ ਚਿਤਾਵਨੀ ਦਿੱਤੀ ਹੈ ਕਿ ਇਦਲਿਬ 'ਤੇ ਹਮਲੇ ਨਾਲ ਮਨੁੱਖੀ ਸੰਕਟ ਪੈਦਾ ਹੋ ਸਕਦਾ ਹੈ। ਦੂਜੀ ਤਰਫ ਤੁਰਕੀ ਨੂੰ ਡਰ ਹੈ ਕਿ ਜੰਗ ਤੋਂ ਬਾਅਦ ਇਦਲਿਬ ਦੇ ਲੋਕ ਤੁਰਕੀ ਵਿੱਚ ਵੜ ਜਾਣਗੇ।
ਰਾਜਦੂਤ ਨੇ ਆਪਣੇ ਪਹਿਲੀ ਇੰਟਰਵਿਊ ਵਿੱਚ ਦੱਸਿਆ, ''ਸਾਡੇ ਕੋਲ ਰਸਾਇਣਿਕ ਹਮਲੇ ਦੇ ਕਈ ਸਬੂਤ ਹਨ। ਇਸੇ ਲਈ ਅਸੀਂ ਚਿਤਾਵਨੀ ਜਾਰੀ ਕੀਤੀ ਹੈ। ਜੇ ਹਮਲਾ ਹੁੰਦਾ ਹੈ ਤਾਂ ਨਤੀਜਾ ਘਾਤਕ ਹੋਵੇਗਾ।''
ਹਾਲਾਂਕਿ ਜੈਫਰੀ ਕੋਲ੍ਹ ਕੀ ਸਬੂਤ ਹਨ, ਇਹ ਨਹੀਂ ਦੱਸਿਆ ਗਿਆ।
ਤਿੰਨ ਦੇਸਾਂ ਦੀ ਮੀਟਿੰਗ
ਅਮਰੀਕਾ ਦੀ ਰੱਖਿਆ ਮੰਤਰੀ ਨੇ ਸੋਮਵਾਰ ਨੂੰ ਚਿਤਾਵਨੀ ਦਿੱਤੀ ਕਿ ਜੇ ਸੀਰੀਆ ਦੀ ਸਰਕਾਰ ਕੈਮੀਕਲ ਹਮਲਾ ਕਰਦੀ ਹੈ ਤਾਂ ਅਮਰੀਕਾ ਇਸਦਾ ਜਵਾਬ ਦੇਵੇਗਾ। ਫਿਲਹਾਲ, ਇਰਾਨ, ਰੂਸ ਅਤੇ ਤੁਰਕੀ ਦੇ ਰਾਸ਼ਟਰਪਤੀ ਤੇਹਰਾਨ ਵਿੱਚ ਮੀਟਿੰਗ ਕਰ ਰਹੇ ਹਨ ਤਾਂ ਜੋ ਸੀਰੀਆ ਦਾ ਭਵਿੱਖ ਤੈਅ ਹੋ ਸਕੇ।
ਰੂਸ ਤੇ ਇਰਾਨ ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ ਅਸਦ ਦਾ ਸਮਰਥਨ ਕਰਦੇ ਹਨ ਜਦਕਿ ਤੁਰਕੀ ਇਦਲਿਬ ਦੇ ਬਾਗੀਆਂ ਨਾਲ ਹੈ।
ਸੰਯੁਕਤ ਰਾਸ਼ਟਰ ਦੇ ਜੈਨ ਈਗਲੈਂਡ ਨੇ ਬੀਬੀਸੀ ਨੂੰ ਦੱਸਿਆ ਕਿ ਤਿੰਨੇ ਦੇਸਾਂ ਨੂੰ ਅਜਿਹਾ ਸਮਝੌਤਾ ਕਰਨਾ ਹੋਵੇਗਾ ਕਿ ਮਸਲਾ ਗੱਲਬਾਤ ਨਾਲ ਸੁਲਝੇ ਨਾ ਕਿ ਖੂਨ-ਖਰਾਬੇ ਨਾਲ।
ਅਪ੍ਰੈਲ 2017 ਵਿੱਚ ਵੀ ਇਦਲਿਬ 'ਚ ਰਸਾਇਣਿਕ ਹਮਲਾ ਕੀਤਾ ਗਿਆ ਸੀ, ਜਿਸ ਵਿੱਚ 80 ਤੋਂ ਵੱਧ ਲੋਕ ਮਰ ਗਏ ਸਨ। ਮੰਨਿਆ ਜਾਂਦਾ ਹੈ ਕਿ ਇਦਲਿਬ ਵਿੱਚ 30 ਹਜ਼ਾਰ ਤੋਂ ਵੱਧ ਬਾਗੀ ਤੇ ਜਿਹਾਦੀ ਲੜਾਕੇ ਮੌਜੂਦ ਹਨ।
ਸੰਯੁਕਤ ਰਾਸ਼ਟਰ ਦੇ ਅਧਿਕਾਰੀਆਂ ਮੁਤਾਬਕ ਇਦਲਿਬ 'ਤੇ ਹਮਲੇ ਕਾਰਨ ਅੱਠ ਲੱਖ ਲੋਕਾਂ ਨੂੰ ਹਿਜ਼ਰਤ ਕਰਨੀ ਪੈ ਸਕਦੀ ਹੈ।
ਅਪ੍ਰੈਲ 2018 ਵਿੱਚ ਡੋਮਾ ਸ਼ਹਿਰ ਵਿੱਚ ਵੀ ਜ਼ਹਿਰੀਲੀ ਗੈਸ ਦੇ ਹਮਲੇ ਵਿੱਚ ਘੱਟੋ-ਘੱਟ 70 ਲੋਕਾਂ ਦੀ ਮੌਤ ਹੋ ਗਈ ਸੀ।