ਅਮਰੀਕਾ ਕੱਦੂ ਦੀ ਸੁਪਰ ਪਾਵਰ ਹੈ-ਬਲਾਗ

ਤਸਵੀਰ ਸਰੋਤ, Reuters
- ਲੇਖਕ, ਵੁਸਤੁੱਲਾਹ ਖ਼ਾਨ
- ਰੋਲ, ਪਾਕਿਸਤਾਨ ਤੋਂ ਬੀਬੀਸੀ ਪੰਜਾਬੀ ਲਈ
ਅਬਦੁੱਲਾ ਪਾਨ ਵੇਚਣ ਵਾਲੇ ਬਾਰੇ ਮੈਂ ਸ਼ਾਇਦ ਤੁਹਾਨੂੰ ਪਹਿਲਾਂ ਵੀ ਦੋ-ਤਿੰਨ ਵਾਰੀ ਦੱਸ ਚੁੱਕਿਆ ਹਾਂ ਕਿ ਮੁਹੱਲੇ 'ਚ ਉਹ ਹੀ ਮੇਰਾ ਸਭ ਤੋਂ ਚੰਗਾ ਦੋਸਤ ਹੈ।
ਅਖ਼ਬਾਰ ਪਹਿਲਾਂ ਖ਼ੁਦ ਪੜ੍ਹਦਾ ਹੈ ਅਤੇ ਫ਼ਿਰ ਟਿੱਪਣੀ ਵੀ ਕਰਦਾ ਹੈ ਅਤੇ ਫ਼ਿਰ ਪੂਰੀ ਦੀ ਪੂਰੀ ਟਿੱਪਣੀ ਮੇਰੇ ਕੰਨਾਂ 'ਚ ਵੀ ਕਹਿ ਦਿੰਦਾ ਹੈ।
ਕੱਲ ਤੋਂ ਅਬਦੁੱਲਾ ਪਾਨ ਵਾਲਾ ਮੁੜ ਗੁੱਸੇ ਵਿੱਚ ਹੈ।
ਉਸਨੂੰ ਇਹ ਗੱਲ ਬਿਲਕੁਲ ਚੰਗੀ ਨਹੀਂ ਲੱਗੀ ਕਿ ਅਮਰੀਕਾ ਨੇ ਪਾਕਿਸਤਾਨ ਦੇ ਉਹ 30 ਕਰੋੜ ਡਾਲਰ ਵੀ ਰੋਕ ਲਏ ਜੋ ਉਸ ਤਨਖ਼ਾਹ 'ਚ ਸ਼ਾਮਿਲ ਹਨ ਜੋ ਅਮਰੀਕਾ ਪਾਕਿਸਤਾਨ ਨੂੰ 9/11 ਤੋਂ ਬਾਅਦ ਅੱਤਵਾਦ ਨਾਲ ਨਜਿੱਠਣ ਲਈ ਆਪਣੀ ਮਦਦ ਦੇ ਨਾਂ 'ਤੇ ਦਿੰਦਾ ਆ ਰਿਹਾ ਹੈ।
ਇਹ ਵੀ ਪੜ੍ਹੋ:-
ਮੇਰੇ ਵੀਰ ਇਸ ਤਰ੍ਹਾਂ ਤਾਂ ਓਮ ਪੁਰੀ ਵੀ ਬਾਲੀਵੁੱਡ ਫ਼ਿਲਮਾਂ 'ਚ ਆਪਣੇ ਖ਼ੇਤ ਮਜ਼ਦੂਰਾਂ ਅਤੇ ਕਿਸਾਨਾਂ ਨਾਲ ਨਹੀਂ ਕਰਦਾ ਸੀ।
ਵਸੂਲ ਕੇ ਦਿਖਾਓ
ਕੱਦੂ ਦੀ ਸੁਪਰ ਪਾਵਰ ਹੈ ਇਹ ਅਮਰੀਕਾ।
ਭਾਈ ਸਾਬ੍ਹ ਇੰਨੀ ਹੋਛੀ ਸੁਪਰ ਪਾਵਰ ਤੁਸੀਂ ਕਦੇ ਦੇਖੀ ਹੈ ਜੋ ਉਸ ਸਮੇਂ ਪੈਸੇ ਰੋਕੇ ਜਦੋਂ ਸਾਨੂੰ ਪਾਈ-ਪਾਈ ਦੀ ਲੋੜ ਹੋਵੇ।
30 ਕਰੋੜ ਡਾਲਰ। ਕੀ ਔਕਾਤ ਹੈ 30 ਕਰੋੜ ਡਾਲਰਾਂ ਦੀ, ਪਰ ਅਮਰੀਕਾ ਵਰਗਾ ਬੰਦਾ ਘਟੀਆ ਹਰਕਤ 'ਤੇ ਉੱਤਰ ਆਵੇ ਤਾਂ 30 ਡਾਲਰ ਵੀ ਜਾਤ ਦਿਖਾਉਣ ਦੇ ਲਈ ਬਹੁਤ ਹਨ।

ਤਸਵੀਰ ਸਰੋਤ, AFP
ਅਤੇ ਭਾਈ ਸਾਬ੍ਹ ਇਹ ਜੋ ਟਰੰਪ ਵਾਰ-ਵਾਰ ਜਤਾਉਂਦਾ ਹੈ ਕਿ ਅਮਰੀਕਾ ਨੇ ਪਾਕਿਸਤਾਨ ਨੂੰ ਪਿਛਲੇ 15 ਸਾਲ 'ਚ 33 ਅਰਬ ਡਾਲਰ ਦਿੱਤੇ ਪਰ ਪਾਕਿਸਤਾਨ ਨੇ ਸਾਨੂੰ ਬੇਵਕੂਫ਼ ਬਣਾਇਆ, ਇਹ ਦੱਸੋ ਭਾਈ ਸਾਬ੍ਹ ਕਿ ਜੋ ਦੇਸ਼ 30 ਕਰੋੜ ਡਾਲਰ ਦੀ ਤਨਖ਼ਾਹ ਬਦਮਾਸ਼ੀ ਨਾਲ ਰੋਕ ਲਵੇ ਉਸ ਨੇ ਸਾਨੂੰ 33 ਅਰਬ ਡਾਲਰ ਕਦੋਂ ਦਿੱਤੇ ਪਤਾ ਹੀ ਨਹੀਂ ਚੱਲਿਆ।
ਚੰਗਾ ਤੂੰ ਦਿੱਤੇ 33 ਹਜ਼ਾਰ ਕਰੋੜ ਡਾਲਰ ਹੁਣ ਤੂੰ ਸਾਡੇ ਤੋਂ ਵਸੂਲ ਕਰ ਕੇ ਦਿਖਾ।
ਓ ਭਰਾਵਾ ਅਸੀਂ ਤਾਂ ਉਹ ਲੋਕ ਹਾਂ ਜੋ ਨਹਾਉਂਦੇ ਸਮੇਂ ਸਾਬਣ ਦੇ ਆਖ਼ਰੀ ਟੁਕੜੇ ਨੂੰ ਨਵੇਂ ਸਾਬਣ ਨਾਲ ਜੋੜ ਕੇ ਇਸ ਲਈ ਸਰੀਰ 'ਤੇ ਲਗਾ ਲੈਂਦੇ ਹਾਂ ਕਿ ਕਿਤੇ ਵਿਅਰਥ ਨਾ ਹੋ ਜਾਵੇ।
ਸ਼ੈਂਪੂ ਦੀ ਖਾਲੀ ਬੋਤਲ 'ਚ ਪਾਣੀ ਪਾ ਕੇ ਆਖ਼ਰੀ ਝੱਗ ਤੱਕ ਕੱਢ ਲੈਂਦੇ ਹਾਂ। ਸਟੀਲ ਦੇ 100 ਰੁਪਏ ਦੇ ਗਿਲਾਸ ਨੂੰ ਰੇਲਵੇ ਸਟੇਸ਼ਨ ਦੇ ਕੂਲਰ ਨਾਲ 500 ਰੁਪਏ ਦੀ ਜੰਜ਼ੀਰ ਨਾਲ ਇਸ ਲਈ ਬੰਨ੍ਹ ਦਿੰਦੇ ਹਾਂ ਕਿ ਕੋਈ ਚੋਰੀ ਨਾ ਕਰ ਲਵੇ।
ਤੂੰ ਸਾਡੇ ਤੋਂ ਕਢਵਾਏਂਗਾ 33 ਅਰਬ ਡਾਲਰ।
ਭਾਈ ਸਾਬ੍ਹ ਇਹ ਜਿਹੜਾ ਪਰਸੋਂ ਇਸਲਾਮਾਬਾਦ ਆ ਰਿਹਾ ਹੈ ਨਾ ਅਮਰੀਕਾ ਦਾ ਵਿਦੇਸ਼ ਮੰਤਰੀ ਮਾਈਕ ਪੰਪੂ...
ਇਹ ਵੀ ਪੜ੍ਹੋ:-

ਤਸਵੀਰ ਸਰੋਤ, Facebook/Imran Khan
ਅਬਦੁੱਲਾ, ਉਸ ਦਾ ਨਾਂ ਪੰਪੂ ਨਹੀਂ ਮਾਈਕ ਪੋਂਪਿਓ ਹੈ।
ਜੋ ਵੀ ਹੈ ਪੰਪੂ, ਚੰਪੂ ਆਪਣੇ ਇਮਰਾਨ ਖ਼ਾਨ 'ਚ ਜੇ ਜ਼ਰਾ ਵੀ ਗ਼ੈਰਤ ਹੈ ਤਾਂ ਇਸ ਪੰਪੂ ਨੂੰ ਮੂੰਹ 'ਤੇ ਕਹਿ ਦੇਵੇ ਕਿ ਜਾ ਆਪਣੇ 30 ਕਰੋੜ ਡਾਲਰ ਦੀ ਬੱਤੀ ਬਣਾ ਕੇ ਜੇਬ 'ਚ ਪਾ ਲੈ।
ਬਣਾ ਲੈ ਇਸ ਪਾਸੇ ਨਾਲ ਇੱਕ ਅਤੇ ਐਂਪਾਇਰ ਸਟੇਟ ਬਿਲਡਿੰਗ, ਨਹੀਂ ਚਾਹੀਦਾ ਸਾਨੂੰ ਇਹ ਪੈਸਾ।
ਓਏ ਕੰਗਾਲੀ ਸੁਪਰ ਪਾਵਰ ਇੱਕ ਗ਼ਰੀਬ ਦੇਸ ਦੀ ਮਜ਼ਦੂਰੀ ਖਾਂਦਾ ਹੈ। ਤੇਰੇ ਢਿੱਡ ਮਰੋੜ ਉੱਠਣਗੇ। ਤੂੰ ਕਿਤੇ ਦਾ ਨਹੀਂ ਰਹੇਂਗਾ।
ਅਬਦੁੱਲਾ ਤੂੰ ਇੰਝ ਗੁੱਸਾ ਦਿਖਾ ਰਿਹਾ ਹੈਂ ਜਿਵੇਂ ਅਮਰੀਕਾ ਨੇ ਤੇਰੇ ਪੈਸੇ ਦੱਬ ਲਏ ਹੋਣ। ਤੂੰ ਤਾਂ ਅਜਿਹਾ ਨਹੀਂ ਸੀ।
ਭਾਈ ਸਾਬ੍ਹ ਬੁਰਾ ਨਾ ਮੰਨਿਓ, ਖ਼ੁਦਾ ਨਾ ਕਰੇ ਤੁਹਾਡੇ ਪੁੱਤਰ ਦਾ ਅਮਰੀਕਾ ਦਾ ਵੀਜ਼ਾ ਕਦੇ ਰਿਜੈਕਟ ਹੋ ਜਾਵੇ ਤਾਂ ਪੁੱਛਾਂਗਾ ਕਿ ਅਬਦੁੱਲਾ ਪਾਨ ਵਾਲੇ ਨੂੰ ਇੰਨਾ ਗੁੱਸਾ ਕਿਉਂ ਆਉਂਦਾ ਹੈ।












